Share on Facebook

Main News Page

ਸਰਕਾਰੀ ਦਹਿਸ਼ਤਗਰਦੀ” ਨੂੰ ਉਤਸ਼ਾਹਿਤ ਕਰਨ ਹਿੱਤ ਹੀ, ਬਾਦਲਾਂ ਨੂੰ ਜਾਨ ਦੇ ਖਤਰੇ ਦੀਆਂ ਕਹਾਣੀਆਂ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਹਨ: ਸਿਮਰਨਜੀਤ ਸਿੰਘ ਮਾਨ

* ਲੋਕਪਾਲ ਬਿੱਲ ਦੇ ਦਾਇਰੇ ਵਿੱਚ ਪ੍ਰਧਾਨ ਮੰਤਰੀ, ਵਜ਼ੀਰਾਂ ਤੋ ਇਲਾਵਾ ਸਮੁੱਚੇ ਸਿਆਸਤਦਾਨ, ਜੱਜ, ਅਫਸਰਸ਼ਾਹੀ ਆਦਿ ਸਭ ਨੂੰ ਲਿਆਂਦਾ ਜਾਵੇ: ਟਿਵਾਣਾ
* ਵਿਸਾਖੀ 'ਤੇ ਦਮਦਮਾ ਸਾਹਿਬ ਦੀ ਹਦੂਦ ਤੋਂ ਬਾਹਰ ਹੋਣਗੀਆਂ ਸਿਆਸੀ ਕਾਨਫਰੰਸਾਂ

ਫਤਿਹਗੜ੍ਹ ਸਾਹਿਬ, (7 ਅਪ੍ਰੈਲ, ਪੀ.ਐਸ.ਐਨ) "ਪੰਜਾਬ ਦੇ ਅਮਨਮਈ ਮਾਹੌਲ ਵਿੱਚ ਕਿਸੇ ਵੀ ਆਗੂ ਨੂੰ ਕਿਸੇ ਤਰ੍ਹਾ ਦਾ ਵੀ ਕੋਈ ਰਤੀ ਭਰ ਵੀ ਖਤਰਾ ਨਹੀਂ ਹੈ। ਜੋ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਜਾਨਾਂ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਤੋ ਖਤਰਾ ਦੱਸ ਕੇ, ਪੰਜਾਬ ਵਿੱਚ ਇੱਥੋ ਦੇ ਇੰਗਲਿਸ਼ ਪੇਪਰਾਂ ਵਿੱਚ ਖਬਰਾਂ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਹਨ। ਇਹ ਹਿੰਦ ਹਕੂਮਤ ਉੱਤੇ ਬੈਠੇ ਮੁਤੱਸਵੀ ਸੋਚ ਦੇ ਮਾਲਿਕ ਹੁਕਮਰਾਨਾਂ, ਹਿੰਦ ਦੀ ਖੁਫੀਆ ਏਜੰਸੀ ਆਈ.ਬੀ. ਅਤੇ ਉਨ੍ਹਾਂ ਦੀ ਸੋਚ ਵਿੱਚ ਅਮਲ ਕਰਨ ਵਾਲੇ ਇੰਗਲਿਸ਼ ਪੇਪਰਾਂ ਦੀ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਫਿਰ ਤੋ ਨਿਸ਼ਾਨਾ ਬਣਾ ਕੇ "ਸਰਕਾਰੀ ਦਹਿਸ਼ਤਗਰਦੀ" ਨੂੰ ਉਤਸ਼ਾਹਿਤ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਮੰਦਭਾਵਨਾ ਭਰੀ ਯੋਜਨਾ ਹੈ। ਤਾਂ ਕਿ ਕੌਮਾਂਤਰੀ ਪੱਧਰ ਉੱਤੇ ਸਿੱਖ ਕੌਮ ਨੂੰ ਭੰਡ ਕੇ ਪੂਰੇ ਮੁਲਕ ਅਤੇ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਬਹੁਗਿਣਤੀ ਦੀਆਂ ਵੋਟਾਂ ਬਟੋਰੀਆਂ ਜਾ ਸਕਣ। ਜ਼ੈਡ ਸੁਰੱਖਿਆ ਦੀ ਲੋੜ ਉਨ੍ਹਾਂ ਆਗੂਆਂ ਨੂੰ ਹੁੰਦੀ ਹੈ, ਜੋ ਆਪਣੇ ਲੋਕਾ ਉੱਤੇ ਜ਼ਬਰ ਜੁਲਮ ਕਰਦੇ ਹਨ। ਜਿਸਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਹੁੰਦਾ ਹੈ, ਉਨ੍ਹਾਂ ਨੂੰ ਅਜਿਹੀਆਂ ਮਹਿੰਗੀਆਂ ਸੁਰੱਖਿਆਵਾ ਦੀ ਕਦੀ ਲੋੜ ਨਹੀਂ ਹੁੰਦੀ। ਅਜਿਹੇ ਆਗੂਆਂ ਦੀ ਸੁਰੱਖਿਆ ਖੁਦ ਜਨਤਾ ਕਰਦੀ ਹੈ।"

ਸਿਮਰਨਜੀਤ ਸਿੰਘ ਮਾਨ

ਇਕਬਾਲ ਸਿੰਘ ਟਿਵਾਣਾ

ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਅਤੇ ਪੰਜਾਬ ਦੀਆਂ ਹਕੂਮਤਾਂ ਵੱਲੋ ਸਰਕਾਰੀ ਦਹਿਸ਼ਤਗਰਦੀ ਨੂੰ ਫਿਰ ਤੋ ਹਵਾ ਦੇਣ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ, ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੀਤੇ ਦੋ ਹਫਤੇ ਪਹਿਲੇ 65 ਸਾਲਾਂ ਦੇ ਇੱਕ ਬਜ਼ੁਰਗ ਸ: ਸੋਹਣ ਸਿੰਘ ਨੂੰ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਵਿੱਚ 10-12 ਦਿਨ ਗੈਰ ਕਾਨੂੰਨੀ ਤਰੀਕੇ ਬੰਦੀ ਬਣਾ ਕੇ ਤਸ਼ੱਦਦ ਕਰਦੇ ਹੋਏ, ਖਤਮ ਕਰਨ ਦੀ ਕਾਰਵਾਈ ਸਰਕਾਰੀ ਦਹਿਸ਼ਤਗਰਦੀ ਦੇ ਪ੍ਰਤੱਖ ਨੂੰ ਖੁਦ ਪ੍ਰਗਟਾਉਦੀ ਹੈ। ਉਨ੍ਹਾਂ ਕਿਹਾ ਕਿ ਖਾੜਕੂ ਜਥੇਬੰਦੀਆਂ ਵੱਲੋ ਆਰ ਡੀ ਐਕਸ ਵਿਸਫੋਟ ਨਾਲ ਬਾਦਲਾਂ ਨੂੰ ਮਾਰਨ ਦੀ ਝੂਠੀ ਕਹਾਣੀ ਬਣਾਈ ਗਈ ਹੈ। ਕਿਉਂਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੀ ਸੁਖਬੀਰ ਸਿੰਘ ਬਾਦਲ ਰੋਜ਼ਾਨਾ ਹੀ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦੇ ਹਨ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਤਰ ਹੁੰਦੇ ਹਨ। ਅਜਿਹੇ ਸਥਾਨਾਂ ਉੱਤੇ ਕੋਈ ਵੀ ਸਿੱਖ ਜਾਂ ਸਿੱਖ ਜਥੇਬੰਦੀ ਕਤਈ ਵਿਸਫੋਟ ਨਹੀਂ ਕਰ ਸਕਦੀ ਕਿਉਕਿ ਸਿੱਖ ਧਰਮ ਅਤੇ ਸਿੱਖ ਸੋਚ ਸਾਨੂੰ ਕਿਸੇ ਇੱਕ ਵੀ ਬੇਗੁਨਾਹ ਨੂੰ ਮਾਰਨ ਦੀ ਬਿਲਕੁੱਲ ਇਜ਼ਾਜਤ ਨਹੀਂ ਦਿੰਦਾ ਤੇ ਨਾ ਹੀ ਸਿੱਖ ਕੌਮ ਜਾਂ ਖਾੜਕੂ ਜਥੇਬੰਦੀਆਂ ਅਜਿਹੀ ਮਨੁੱਖਤਾ ਵਿਰੋਧੀ ਸੋਚ ਵਿੱਚ ਵਿਸ਼ਵਾਸ ਰੱਖਦੀਆਂ ਹਨ। ਦੂਸਰਾ ਅਜਿਹੀ ਕਾਰਵਾਈ ਕੌਮਾਂਤਰੀ ਕਾਨੂੰਨ ਜਨੇਵਾ ਕਨਵੈਨਸ਼ਨ ਆਫ਼ ਵਾਰ ਦੇ ਨਿਯਮਾਂ ਦੀ ਘੋਰ ਉਲੰਘਣਾ ਕਰਨ ਦੇ ਤੁੱਲ ਹੋਵੇਗੀ। ਉਨ੍ਹਾਂ ਕਿਹਾ ਕਿ ਬੇਗੁਨਾਹਾਂ ਦੇ ਖੂਨ ਨਾਲ ਇੱਥੋ ਦੀ ਹਿੰਦੂਤਵ ਹਕੂਮਤ ਦੇ ਹੱਥ ਰੰਗੇ ਹੋਏ ਹਨ ਜਦੋ ਕਿ ਸਿੱਖ ਕੌਮ ਦਾ ਇਤਿਹਾਸ, ਜੁਲਮ ਦਾ ਸ਼ਿਕਾਰ ਹੋਏ, ਸਮਾਜ ਦੇ ਲਤਾੜੇ ਹੋਏ ਵਰਗ, ਲੋੜਵੰਦਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਵੱਲ ਸਪੱਸ਼ਟ ਸੰਕੇਤ ਦਿੰਦਾ ਹੈ।

ਉਨ੍ਹਾਂ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਇੱਥੋ ਦੀਆਂ ਅਖਬਾਰਾਂ ਵੱਲੋ ਬੰਬ ਵਿਸਫੋਟ ਹੋਣ ਦੀਆਂ ਕੀਤੀਆਂ ਜਾ ਰਹੀਆਂ ਭਵਿੱਖਬਾਣੀਆਂ, ਕੇਵਲ ਪੰਜਾਬ ਸੂਬੇ ਅਤੇ ਸਿੱਖ ਕੌਮ ਵਿੱਚ ਦਹਿਸ਼ਤ ਪਾਉਣ ਲਈ, ਉਨ੍ਹਾਂ ਉੱਤੇ ਫਿਰ ਤੋ ਤਸ਼ੱਦਦ, ਜੁਲਮ ਢਾਹੁਣ ਦੀ ਮੰਦਭਾਵਨਾ ਅਧੀਨ ਕੀਤੀਆਂ ਜਾ ਰਹੀਆਂ ਹਨ, ਜਿਸਦੀ ਅਸੀਂ ਜ਼ੋਰਦਾਰ ਨਿਖੇਧੀ ਕਰਦੇ ਹਾਂ ਅਤੇ ਇਹ ਜਾਣਕਾਰੀ ਦੇਣਾ ਆਪਣਾ ਫਰਜ਼ ਸਮਝਦੇ ਹਾਂ ਕਿ ਹਿੰਦੂਤਵ ਹਕੂਮਤ ਅਤੇ ਆਗੂਆਂ ਨੇ ਸਿੱਖ ਕੌਮ ਦੇ ਕਿਸੇ ਇੱਕ ਕਾਤਿਲ ਨੂੰ ਵੀ ਅਜੇ ਤੱਕ ਨਾ ਤਾਂ ਬੰਦੀ ਬਣਾਇਆ ਹੈ ਅਤੇ ਨਾ ਹੀ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦੀ ਜਿੰਮੇਵਾਰੀ ਪੂਰੀ ਕੀਤੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਸਿੱਖ ਕੌਮ ਦੇ ਕਾਤਿਲਾਂ ਦੇ ਕੇਸ ਕੌਮਾਂਤਰੀ ਅਦਾਲਤ ਵਿੱਚ ਸੁਣੇ ਜਾਣ ਅਤੇ ਉਨ੍ਹਾਂ ਨੂੰ ਕੌਮਾਂਤਰੀ ਕਾਨੂੰਨ ਅਨੁਸਾਰ ਹੀ ਸਜ਼ਾਵਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਸ ਪੰਜਾਬ ਵਿੱਚ ਇੱਥੋ ਦੇ ਨਿਵਾਸੀਆਂ ਨੂੰ ਅਜੇ ਤੱਕ ਮੁੱਢਲੀਆਂ ਸਹੂਲਤਾਂ ਕੁੱਲੀ, ਜੁੱਲੀ ਅਤੇ ਗੁੱਲੀ ਦਾ ਹੀ ਪ੍ਰਬੰਧ ਨਹੀਂ ਹੋ ਸਕਿਆ, ਉਸ ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ, ਬੀਬਾ ਹਰਸਿਮਰਤ ਕੌਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਆਦਿ ਆਗੂਆਂ ਦੀ ਸੁਰੱਖਿਆ ਲਈ ਕਰੋੜਾਂ ਰੁਪਏ ਦੀਆਂ ਲੈਡ ਕਰੂਜ਼ਰ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ। ਜਦੋ ਕਿ ਇਹ ਗੱਡੀਆਂ ਸੁਰੱਖਿਆ ਦੇ ਮੁੱਦੇ ‘ਤੇ ਫੇਲ੍ਹ ਹਨ। ਜੇਕਰ ਇਨ੍ਹਾ ਨੂੰ ਵਾਕਿਆ ਹੀ ਖਤਰਾ ਹੈ ਤਾਂ ਇਨ੍ਹਾ ਲਈ ਸਾਊਥ ਅਫਰੀਕਾ ਜਾਂ ਇਜ਼ਰਾਈਲੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਨਾ ਕਿ ਪੰਜਾਬ ਦੇ ਖਜ਼ਾਨੇ ਦਾ ਦਿਵਾਲੀਆ ਕੱਢ ਕੇ ਇਨ੍ਹਾ ਦੀਆਂ ਸਹੂਲਤਾਂ ਅਤੇ ਜ਼ੈਡ ਸਕਿਉਰਟੀਆਂ ੳਤੇ ਜਨਤਾ ਤੋ ਟੈਕਸਾਂ ਦੇ ਰੂਪ ਵਿੱਚ ਉਗਰਾਏ ਧਨ-ਦੌਲਤ ਦੀ ਅਜਾਈ ਵਰਤੋ ਕੀਤੀ ਜਾਵੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top