Share on Facebook

Main News Page

ਕਿੱਸਾ ਨੂਪ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਆਤਮ ਕਥਾ ਦੱਸਣ ਵਾਲੇ ਹੁਣ ਇਸ ਨੂੰ ਅਲਫ਼ ਲੈਲਾ ਦੀ ਕਹਾਣੀ ਦੱਸਣ ਲੱਗ ਪਏ

* ਗਿਆਨੀ ਇਕਬਾਲ ਸਿੰਘ ਇੱਕ ਪਾਸੇ ਤਾਂ ਕਿੱਸਾ ਨੂਪ ਕੌਰ ਦੇ ਪ੍ਰਸੰਗ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਲਿਖਣ ਵਾਲੇ ਡਾ: ਹਰਿਭਜਨ ਸਿੰਘ ਦੀ ਪੁਸਤਕ ਦੇ ਹੱਕ ਵਿੱਚ ਪ੍ਰਸੰਸਾ ਪੱਤਰ ਲਿਖ ਰਹੇ ਹਨ ਤੇ ਦੂਜੇ ਪਾਸੇ ਇਸ ਨੂੰ ਅਠਵੀਂ ਨੌਵੀਂ ਸਦੀ ਵਿਚ ਹੋਏ ਅਲਫ਼ ਲੈਲਾ ਦੀ ਕਹਾਣੀ ਲਿਖਣ ਵਾਲੇ ਗਿਆਨੀ ਮੱਲ ਸਿੰਘ ਦੀ ਪ੍ਰਸੰਸਾ ਕਰ ਰਹੇ ਹਨ

* ਸਿੱਖਾਂ ਵਿੱਚ ਦੁਬਿਧਾ ਖੜ੍ਹੀ ਕਰਨ ਲਈ ਇੱਕ ਦੀ ਥਾਂ ਦੋ ਗੁਰੂਆਂ ਨੂੰ ਪ੍ਰੋਮੋਟ ਕਰਨ ਵਾਲੀ ਕੋਈ ਪੰਥ ਦੋਖੀ ਸ਼ਕਤੀ ਹੈ, ਤੇ ਦਸਮ ਗ੍ਰੰਥ ਹਮਾਇਤੀ ਵਿਦਵਾਨ ਤੇ ਅਖੌਤੀ ਜਥੇਦਾਰ ਉਸ ਸ਼ਕਤੀ ਦੇ ਹੱਥਾਂ ਵਿੱਚ ਖੇਡ ਰਹੇ ਹਨ

ਬਠਿੰਡਾ, 6 ਅਪ੍ਰੈਲ (ਕਿਰਪਾਲ ਸਿੰਘ): ਤ੍ਰਿਅ ਚਰਿਤਰ ਦੀ ਅਸ਼ਲੀਲ ਰਚਨਾ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਸਿੱਧ ਕਰਨ ਲਈ ਗਿਆਨੀ ਇਕਬਾਲ ਸਿੰਘ ਨੂੰ ਕੁੱਝ ਵੀ ਕਰਨਾ ਪਏ ਉਹ ਕਰਨ ਲਈ ਤਿਆਰ ਹੈ। ਇਸ ਦੀ ਤਾਜ਼ਾ ਮਿਸਾਲ ਹੈ ਕਿ 3 ਅਪ੍ਰੈਲ ਨੂੰ ਗੁਰਦੁਆਰਾ ਆਰਤੀ ਸਾਹਿਬ ਜਗਨ ਨਾਥ ਪੁਰੀ (ਉੜੀਸਾ) ਵਿਖੇ ਇੱਕ ਸਮਾਗਮ ਹੋ ਹੋਇਆ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ’ਤੇ ਹੋ ਰਿਹਾ ਸੀ। ਇਸ ਸਮਗਾਮ ਦੌਰਾਨ ਆਪਣੇ ਭਾਸ਼ਣ ਵਿੱਚ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਮੁੱਖ ਸੇਵਦਾਰ ਗਿਆਨੀ ਇਕਬਾਲ ਸਿੰਘ ਨੇ ਦਸਮ ਗ੍ਰੰਥ ਦੀ ਵਕਾਲਤ ਕਰਦੇ ਹੋਏ ਆਪਣਾ ਨਜ਼ਲਾ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਵਾਂਗ ਸ਼ਸ਼ੋਭਿਤ ਕੀਤੇ ਜਾਣ ਦਾ ਵਿਰੋਧ ਕਰ ਰਹੇ, ਪ੍ਰੋ: ਦਰਸ਼ਨ ਸਿੰਘ ਵਿਰੁੱਧ ਝਾੜਿਆ। ਉਨ੍ਹਾਂ ਕਿਹਾ ਕਿ ਤ੍ਰਿਆ ਚਰਿਤ੍ਰ ਵਿੱਚ ਦਰਜ ਜਿਸ ਕਿੱਸਾ ਨੂਪ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦੱਸ ਕੇ ਦਰਸ਼ਨ ਸਿੰਘ ਗੁਰੂ ਸਾਹਿਬ ਜੀ ਦੀ ਬਦਨਾਮੀ ਕਰ ਰਿਹਾ ਹੈ, ਉਸ ਨੂੰ ਇਹ ਹੀ ਨਹੀਂ ਪਤਾ ਕਿ ਇਹ ਗੁਰੂ ਸਾਹਿਬ ਜੀ ਦੀ ਆਤਮ ਕਥਾ ਨਹੀਂ ਹੈ। ਉਨ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਗਿਆਨੀ ਮੱਲ ਸਿੰਘ ਵਲੋਂ, ਹਾਲ ਹੀ ਵਿੱਚ ਲਿਖੀ ਪੁਸਤਕ ਦਸਮ ਗ੍ਰੰਥ ਪ੍ਰਬੋਧ ਦਾ ਹਵਾਲਾ ਦੇ ਕੇ ਦੱਸਿਆ, ਕਿ ਉਨ੍ਹਾਂ ਆਪਣੀ ਪੁਸਤਕ ਵਿੱਚ ਇਹ ਸਿੱਧ ਕੀਤਾ ਹੈ, ਕਿ ਇਹ ਅਠਵੀਂ ਨੌਵੀਂ ਸਦੀ ਵਿੱਚ ਵਾਪਰੀ ਅਲਫ਼ ਲੈਲਾ ਦੀ ਕਹਾਣੀ ਹੈ।

ਇਹ ਦੱਸਣਯੋਗ ਹੈ ਕਿ ਸਾਲ 2009 ਦੇ ਅਖੀਰ ਵਿੱਚ ਪ੍ਰੋ: ਦਰਸ਼ਨ ਸਿੰਘ ਸਾਬਕਾ ਮੁੱਖ ਸੇਵਾਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਰੋਚੈਸਟਰ ਦੇ ਗੁਰਦੁਆਰੇ ਵਿੱਚ ਕੀਰਤਨ ਕਰਦਿਆਂ ਕਿਹਾ ਸੀ, ਕਿ ਕਿੱਸਾ ਨੂਪ ਕੌਰ ਨੂੰ ਗੁਰੂ ਸਾਹਿਬ ਜੀ ਦੀ ਆਤਮ ਕਥਾ ਦੱਸਣ ਵਾਲੇ ਗੁਰੂ ਸਾਹਿਬ ਜੀ ਦੀ ਮਹਾਨ ਸਖ਼ਸ਼ੀਅਤ ਦੀ ਤੌਹੀਨ ਕਰ ਰਹੇ ਹਨ, ਕਿਉਂਕਿ ਉਸ ਕਥਾ ਦੇ ਪਾਤਰ ਨੂੰ ਤਾਂ ਔਰਤ ਦੇ ਡੇਰੇ ’ਚੋਂ ਜੁੱਤੀ ਛੱਡ ਕੇ ਭੱਜਣਾ ਪਿਆ, ਔਰਤ ਨੇ ਚੋਰ ਚੋਰ ਦਾ ਰੌਲਾ ਪਾਇਆ, ਰੌਲਾ ਸੁਣ ਕੇ ਲੋਕਾਂ ਨੇ ਉਸ ਨੂੰ ਆ ਦਬੋਚਿਆ, ਦਾੜੀ ਫੜ ਲਈ, ਪੱਗ ਉਤਾਰ ਕੇ ਜੁੱਤੀਆਂ ਮਾਰੀਆਂ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਮੇਰਾ ਗੁਰੂ ਐਸਾ ਨਹੀਂ ਹੋ ਸਕਦਾ, ਇਸ ਕਹਾਣੀ ਨੂੰ ਗੁਰੂ ਨਾਲ ਜੋੜਨ ਵਾਲੇ ਉਨ੍ਹਾਂ ਦੀ ਤੌਹੀਨ ਕਰ ਰਹੇ ਹਨ। ਲਾਂਬੂ ਲਾਉਣ ਦੇ ਮਾਹਰ ਗੁਰਚਰਨਜੀਤ ਸਿੰਘ ਲਾਂਬੇ ਨੇ ਇਸ ਸੀ.ਡੀ. ਵਿੱਚੋਂ ਪ੍ਰੋ: ਦਰਸ਼ਨ ਸਿੰਘ ਦਾ ਮਗਰਲਾ ਫ਼ਿਕਰਾ ਕੱਟ ਕੇ ਅਕਾਲ ਤਖ਼ਤ ’ਤੇ ਭੇਜ ਕੇ ਉਨ੍ਹਾਂ ਦੀ ਸ਼ਿਕਾਇਤ ਕਰ ਦਿੱਤੀ, ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਤੌਹੀਨ ਕਰ ਰਹੇ ਹਨ। ਇਸ ਝੂਠ ਦੇ ਆਧਾਰ ’ਤੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕ ਕੇ ਦੋਫਾੜ ਕਰਨ ਦੇ ਰਾਹ ਤੋਰ ਦਿੱਤਾ ਹੈ।

ਪਰ ਜਦੋਂ ਇਹ ਆਵਾਜ਼ਾਂ ਉੱਠਣ ਲੱਗ ਪਈਆਂ ਕਿ ਪ੍ਰੋ: ਪਿਆਰਾ ਸਿੰਘ ਪਦਮ ਨੇ ਵੀ ਇਸ ਨੂੰ ਗੁਰੂ ਸਾਹਿਬ ਜੀ ਦੀ ਆਤਮ ਕਥਾ ਲਿਖਦਿਆਂ ਗੁਰੂ ਸਾਹਿਬ ਨਾਲ ਇੰਝ ਹੁੰਦਾ ਹੀ ਵਿਖਾਇਆ ਹੈ। ਪ੍ਰੋ: ਦਰਸ਼ਨ ਸਿੰਘ ਨੂੰ ਛੇਕਣ ਵਾਲੇ ਗਿਆਨੀ ਗੁਰਬਚਨ ਸਿੰਘ ਆਪਣੇ ਭਾਸ਼ਣਾ ਵਿੱਚ ਆਮ ਕਹਿੰਦੇ ਸੁਣੇ ਜਾ ਸਕਦੇ ਹਨ, ਕਿ ਜੇ ਕਿਸੇ ਨੇ ਦਸਮ ਗ੍ਰੰਥ ਨੂੰ ਸਮਝਣਾ ਹੋਵੇ ਤਾਂ ਉਹ ਪ੍ਰੋ: ਪਦਮ ਦੇ ਲਿਖੇ ਸੁੰਦਰ ਬਚਨ ਪੜ੍ਹ ਲੈਣ। 2010 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ: ਡਾ: ਹਰਿਭਜਨ ਸਿੰਘ ਦੇਹਰਾਦੂਨ ਵਾਲੇ ਨੇ ਵੀ ਇਸ ਪ੍ਰਸੰਗ ਨੂੰ ਗੁਰੂ ਗੋਬਿੰਦ ਸਿੰਘ ਦੀ ਆਤਮ ਕਥਾ ਹੀ ਲਿਖੀ ਹੈ, ਤੇ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ ਗਿਆਨੀ ਜਸਵਿੰਦਰ ਸਿੰਘ ਆਦਿ ਵਲੋਂ ਲਿਖੇ ਗਏ ਪ੍ਰਸ਼ੰਸਾ ਪੱਤਰ ਉਸ ਪੁਸਤਕ ਵਿੱਚ ਛਪੇ ਹਨ। ਪਰ ਜਦੋਂ ਡਾ: ਹਰਿਭਜਨ ਸਿੰਘ ਦੀ ਪੁਸਤਕ ਦੇ ਹੱਕ ਵਿੱਚ ਪ੍ਰਸੰਸਾ ਪੱਤਰ ਲਿਖਣ ਵਾਲਿਆਂ ਦੀ ਅਲੋਚਨਾ ਹੋਣੀ ਸ਼ੁਰੂ ਹੋਈ, ਤਾਂ ਉਹੀ ਇਕਬਾਲ ਸਿੰਘ ਨੇ ਹੁਣ ਇਸ ਪ੍ਰਸੰਗ ਨੂੰ ਅਠਵੀਂ ਸਦੀ ਵਿੱਚ ਹੋਏ ਅਲਫ਼ ਲੈਲਾ ਦੀ ਕਹਾਣੀ ਲਿਖਣ ਵਾਲੇ ਗਿਆਨੀ ਮੱਲ ਸਿੰਘ ਦੀ ਪ੍ਰਸੰਸਾ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਪ੍ਰੋਗਾਮ ਸੁਣਦਿਆਂ ਸਾਰ ਉਸੇ ਦਿਨ ਤੋਂ ਗਿਆਨੀ ਇਕਬਾਲ ਸਿੰਘ ਤੋਂ ਇਸ ਪੁਸਤਕ ਸਬੰਧੀ ਹੋਰ ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ ਜਾਰੀ ਰੱਖੀ, ਪਰ ਉਨ੍ਹਾਂ ਦਾ ਫ਼ੋਨ ਬੰਦ ਆਉਂਦਾ ਰਿਹਾ। ਅੱਜ ਸਵੇਰੇ 10.00 ਵਜੇ ਦੋ ਵਾਰ ਉਨ੍ਹਾਂ ਨੂੰ ਫ਼ੋਨ ਕੀਤਾ ਤਾਂ ਅੱਗੋਂ ਚੁੱਕਿਆ ਨਹੀਂ ਗਿਆ। ਅਚਾਨਕ 11.12 ਵਜੇ ਉਨ੍ਹਾਂ ਦੀ ਬੈਕ ਕਾਲ ਆਈ, ਪਰ ਮੇਰੇ ਫ਼ੋਨ ਚੁਕਦਿਆਂ ਸਾਰ ਉਨ੍ਹਾਂ ਫ਼ੋਨ ਕੱਟ ਦਿੱਤਾ। ਮੈਂ ਸਮਝਿਆ ਕਿ ਉਹ ਇਸ ਸਮੇਂ ਗੱਲ ਕਰਨ ਲਈ ਵਿਹਲੇ ਹੋਣਗੇ, ਇਸ ਲਈ ਮੈਨੂੰ ਯਾਦ ਕਰਵਾਉਣ ਲਈ ਉਨ੍ਹਾਂ ਮਿੱਸ ਕਾਲ ਕੀਤੀ ਹੋਵੇਗੀ, ਇਸ ਲਈ ਦੁਬਾਰਾ ਉਨ੍ਹਾਂ ਨੂੰ ਫ਼ੋਨ ਮਿਲਾ ਕੇ ਪੁੱਛਿਆ ਕਿ ਇੱਕ ਪਾਸੇ ਤਾਂ ਤੁਸੀਂ ਕਿੱਸਾ ਨੂਪ ਕੌਰ ਦੇ ਪ੍ਰਸੰਗ ਨੂੰ ਗੁਰੁੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਲਿਖਣ ਵਾਲੇ ਡਾ: ਹਰਿਭਜਨ ਸਿੰਘ ਦੀ ਪੁਸਤਕ ਦੇ ਹੱਕ ਵਿੱਚ ਪ੍ਰਸੰਸਾ ਪੱਤਰ ਲਿਖ ਰਹੇ ਹੋ, ਤੇ ਦੂਜੇ ਪਾਸੇ ਇਸ ਨੂੰ ਅਠਵੀਂ ਨੌਵੀਂ ਸਦੀ ਵਿਚ ਹੋਏ ਅਲਫ਼ ਲੈਲਾ ਦੀ ਕਹਾਣੀ ਲਿਖਣ ਵਾਲੇ ਗਿਆਨੀ ਮੱਲ ਸਿੰਘ ਦੀ ਪ੍ਰਸੰਸਾ ਕਰ ਰਹੇ ਹੋ। ਇਸ ਦਾ ਭਾਵ ਹੈ ਕਿ ਦੋਵਾਂ ਵਿਚੋਂ ਇੱਕ ਥਾਂ ਤਾਂ ਤੁਸੀਂ ਗਲਤ ਹੋ ਹੀ। ਇਹ ਸੁਣਦਿਆਂ ਸਾਰ ਉਨ੍ਹਾਂ ਕਿਹਾ ਕਿ ਇਸ ਸਮੇਂ ਉਹ ਵਿਹਲੇ ਨਹੀਂ, ਠਹਿਰ ਕੇ ਫ਼ੋਨ ਕਰਨਾ। ਉਸ ਤੋਂ ਬਾਅਦ ਦੇਰ ਸ਼ਾਮ ਤੱਕ ਉਨ੍ਹਾਂ ਦੇ ਫ਼ੋਨ ਦੀ ਸਵਿੱਚ ਬੰਦ ਆਉਂਦੀ ਰਹੀ।

 

ਇਹ ਵੀ ਦੱਸਣਯੋਗ ਹੈ ਕਿ ਜਿਸ ਭਿੰਡਰਾਂਵਾਲੀ ਟਕਸਾਲ ਦੇ ਵਿਦਿਆਰਥੀ ਗਿਆਨੀ ਮੱਲ ਸਿੰਘ ਹਨ, ਉਸੇ ਟਕਸਾਲ ਦੇ ਵਿਦਿਆਰਥੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਾਬਕਾ ਮੁੱਖ ਸੇਵਾਦਾਰ ਗਿਆਨੀ ਸ਼ਵਿੰਦਰ ਸਿੰਘ ਹਨ, ਜਿਨ੍ਹਾਂ ਦੀ ਆਵਾਜ਼ ਵਿੱਚ ਵੀਡੀਓ ਸੀਡੀ ਅੱਜ ਵੀ ਯੂ ਟਿਊਬ ’ਤੇ ਉਪਲਬਧ ਹੈ, ਜਿਸ ਵਿੱਚ ਉਹ ਇਸੇ ਪ੍ਰਸੰਗ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦੱਸ ਰਿਹਾ ਹੈ।

ਅਜ਼ੀਬ ਗੱਲ ਹੈ ਕਿ ਇੱਕ ਹੀ ਟਕਸਾਲ ਵਿੱਚੋਂ ਪੜ੍ਹੇ ਦੋ ਵਿਦਿਆਰਥੀਆਂ ਦੇ ਦੋਵੇਂ ਆਪਾ ਵਿਰੋਧੀ ਕਥਨਾ ਦੀ ਗਿਆਨੀ ਇਕਬਾਲ ਸਿੰਘ ਪ੍ਰਸੰਸਾ ਕਰ ਰਿਹਾ ਹੈ, ਉਸ ਦੀਆਂ ਨਜ਼ਰਾਂ ਵਿੱਚ ਦੋਵੇਂ ਠੀਕ ਹਨ। ਇਸ ਦਾ ਇਕੋ ਇੱਕ ਕਾਰਣ ਹੈ ਕਿ ਦੋਵੇਂ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸਿੱਧ ਕਰਨ ਲਈ ਲਿਖ ਜਾਂ ਬੋਲ ਰਹੇ ਹਨ, ਪਰ ਜੇ ਕੋਈ ਇਸ ਲੱਚਰ ਪ੍ਰਸੰਗ ਦੇ ਕਰਤਾ ਤੇ ਪਾਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮੰਨਦਾ, ਤਾਂ ਉਸ ਨੂੰ ਪੰਥ ਦੋਖੀ ਦੱਸ ਕੇ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ।

ਜੇ ਗਿਆਨੀ ਮੱਲ ਸਿੰਘ ਦੀ ਦਲੀਲ ਨੂੰ ਸਹੀ ਮੰਨ ਲਈਏ, ਕਿ ਇਹ ਕਹਾਣੀ ਤਾਂ ਅਠਵੀਂ ਸਦੀ ਵਿੱਚ ਹੋਏ ਅਲਫ਼ ਲੈਲਾ ਦੀ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਹਾਣੀ ਦਾ ਉਲੱਥਾ ਕਰਕੇ ਲਿਖਿਆ ਹੈ। ਇਸੇ ਤਰ੍ਹਾਂ ਬਾਕੀ ਚਰਿਤਰ ਵੀ ਪੁਰਾਤਨ ਕਿਸੇ ਕਹਾਣੀਆਂ ਦਾ ਉਲੱਥਾ ਹੀ ਹੈ। ਬਚਿੱਤਰ ਨਾਟਕ ਦਾ ਬਾਕੀ ਹਿੱਸਾ ਵੀ ਉਸ ਵਿੱਚ ਲਿਖੇ ਸੰਪਾਦਕੀ ਨੋਟਾਂ ਅਨੁਸਾਰ ਸ਼੍ਰੀ ਮਾਰਕੰਡੇ ਪੁਰਾਣ, ਭਾਗਵਤ ਪੁਰਾਣ ਤੇ ਸ਼ਿਵ ਪੁਰਾਣ ਦਾ ਹੀ ਉਲੱਥਾ ਹੈ। ਜੇ ਇਹ ਸਾਰਾ ਉਲੱਥਾ ਹੀ ਹੈ, ਤਾਂ ਬੇਸ਼ੱਕ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਕੀਤਾ ਹੋਵੇ, ਫਿਰ ਵੀ ਉਸ ਨੂੰ ਗੁਰੂ ਸਾਹਿਬ ਜੀ ਦੀ ਮੂਲ ਰਚਨਾ ਜਾਂ ਗੁਰਬਾਣੀ ਬਿਲਕੁਲ ਨਹੀਂ ਕਿਹਾ ਜਾ ਸਕਦਾ। ਇਸ ਨੂੰ ਗੁਰਬਾਣੀ ਦਾ ਦਰਜਾ ਦੇ ਕੇ, ਗੁਰੂ ਵਾਂਗ ਪ੍ਰਕਾਸ਼ ਕਰਕੇ ਚੌਰ ਛਤਰ ਝੁਲਾਉਣ ਵਾਲੇ ਤੇ ਮੱਥੇ ਟੇਕਣ ਵਾਲੇ ਗਲਤ ਹਨ। ਨਿਜੀ ਤੌਰ ’ਤੇ ਹੋਣ ਵਾਲੀ ਹਰ ਗੱਲਬਾਤ ਦੌਰਾਨ ਦਸਮ ਗ੍ਰੰਥ ਦੇ ਹਮਾਇਤੀ ਸਾਰੇ ਵਿਦਵਾਨ ਦਸਮ ਗ੍ਰੰਥ ਨੂੰ ਗੁਰੂ ਦੀ ਪਦਵੀ ਦੇਣ ਵਾਲਿਆਂ ਨੂੰ ਗਲਤ ਮੰਨਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਵਿੱਚੋਂ ਕੋਈ ਵੀ ਜਨਤਕ ਤੌਰ ’ਤੇ ਇਸ ਨੂੰ ਗਲਤ ਕਹਿਣ ਲਈ ਤਿਆਰ ਨਹੀਂ, ਤੇ ਨਾ ਹੀ 6 ਜੂਨ 2008 ਨੂੰ ਅਕਾਲ ਤਖ਼ਤ ਵਲੋਂ ਜਾਰੀ ਹੋਏ ਆਦੇਸ਼ ਨੂੰ ਲਾਗੂ ਕਰਨ ਦੀ ਗੱਲ ਕਰਦੇ ਹਨ, ਜਿਸ ਵਿੱਚ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਹੈ, ਕਿ ਗੁਰਿਆਈ ਦੇ ਅਧਿਕਾਰੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਲਈ ਉਸ ਦੇ ਬਰਾਬਰ ਹੋਰ ਕਿਸੇ ਗ੍ਰੰਥ ਨੂੰ ਪ੍ਰਕਾਸ਼ ਨਾ ਕੀਤਾ ਜਾਵੇ। ਇਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਸਿੱਖਾਂ ਵਿੱਚ ਦੁਬਿਧਾ ਖੜ੍ਹੀ ਕਰਨ ਲਈ ਇੱਕ ਦੀ ਥਾਂ ਦੋ ਗੁਰੂਆਂ ਨੂੰ ਪ੍ਰੋਮੋਟ ਕਰਨ ਵਾਲੀ ਕੋਈ ਪੰਥ ਦੋਖੀ ਸ਼ਕਤੀ ਹੈ, ਤੇ ਦਸਮ ਗ੍ਰੰਥ ਹਮਾਇਤੀ ਵਿਦਵਾਨ ਤੇ ਅਖੌਤੀ ਜਥੇਦਾਰ ਉਸ ਸ਼ਕਤੀ ਦੇ ਹੱਥਾਂ ਵਿੱਚ ਖੇਡ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top