Share on Facebook

Main News Page

ਗੁਰੂ ਨਾਨਕ ਨੇ ਕਿਸੇ ਵਿਸ਼ੇਸ਼ ਧਰਮ ਜਾਂ ਵਿਅਕਤੀ ਦੀ ਨਿੰਦਾ ਨਹੀਂ ਕੀਤੀ, ਬਲਕਿ ਜਿੱਥੇ ਊਣਤਾਈਆਂ ਸਨ, ਉਨ੍ਹਾਂ ਨੂੰ ਸੁਧਾਰਨ ਲਈ ਉਪਦੇਸ਼ ਦਿੱਤਾ ਹੈ: ਗਿਆਨੀ ਸ਼ਿਵਤੇਗ ਸਿੰਘ

ਜੇ ਸਿੱਖ ਧਰਮ ਦੇ ਪ੍ਰਚਾਰਕ ਅਤੇ ਜਥੇਦਾਰ ਵੀ ਗੁਰੂ ਦਾ ਹੁਕਮ ਕਮਾਉਣ ਦੀ ਥਾਂ ਮੌਕੇ ਦੇ ਰਾਜੇ ਦਾ ਜਾਂ ਸਤਾਧਾਰੀ ਪਾਰਟੀ ਦਾ ਹੁਕਮ ਕਮਾਉਣ ਲੱਗ ਪੈਣ, ਆਪਣੀ ਸਰਬ ਉਚਤਾ ਕਾਇਮ ਰੱਖਣ ਲਈ, ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲੋਂ ਤੋੜ ਕੇ ਉਸ ਦੇ ਸ਼ਰੀਕ (ਬੇਸ਼ੱਕ ਉਹ ਦੇਹਧਾਰੀ ਹੋਣ ਜਾਂ ਪੁਸਤਕਾਂ ਹੋਣ) ਖੜ੍ਹੇ ਕਰਕੇ ਉਨ੍ਹਾਂ ਨੂੰ ਵੀ ਗੁਰੂ ਕਹਿਣ ਲੱਗ ਪੈਣ, ਗੁਰੂ ਦੀ ਸੋਝੀ ਤੇ ਉਸ ਦੇ ਸਿਧਾਂਤ ਦੇ ਪ੍ਰਚਾਰ ਕਰਨ ਵਾਲੇ ਗੁਰਮੁਖਾਂ ਨੂੰ ਕੂੜ ਪ੍ਰਚਾਰ ਵਾਲੇ ਦੱਸ ਕੇ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਲੱਗ ਪੈਣ, ਇਨਸਾਫ ਕਰਨ ਦੀ ਥਾਂ ਲਾਲਚ ਵੱਸ ਆ ਕੇ ਰਿਸ਼ਵਤਾਂ ਲੈ ਕੇ ਬੇਇਨਸਾਫੀ ਕਰਨ ਤਾਂ ’ਕਾਦੀ ਕੂੜੁ ਬੋਲਿ ਮਲੁ ਖਾਇ ॥’ ਵਾਲਾ ਗੁਰਫ਼ੁਰਮਾਨ ਇਨ੍ਹਾਂ ’ਤੇ ਵੀ ਓਨਾਂ ਹੀ ਢੁਕਦਾ ਹੈ ਜਿੰਨਾ ਕਿ ਕਾਜ਼ੀ ’ਤੇ।

ਬਠਿੰਡਾ, 5 ਅਪ੍ਰੈਲ (ਕਿਰਪਾਲ ਸਿੰਘ): ਗੁਰੂ ਨਾਨਕ ਸਹਿਬ ਜੀ ਨੇ ਕਿਸੇ ਵਿਸ਼ੇਸ਼ ਧਰਮ ਦੀ ਨਿੰਦਾ ਨਹੀਂ ਕੀਤੀ, ਬਲਕਿ ਜਿੱਥੇ ਊਣਤਾਈਆਂ ਸਨ, ਉਨ੍ਹਾਂ ਵੱਲ ਧਿਆਨ ਦਿਵਾ ਕੇ ਸੁਧਾਰਨ ਲਈ ਉਪਦੇਸ਼ ਦਿੱਤਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਜਦੋਂ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਣ ਕੀਤਾ ’ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥’ (ਪੰਨਾ 662) ਤਾਂ ਉਸ ਦਾ ਭਾਵ ਇਹ ਨਹੀਂ ਕਿ ਉਨ੍ਹਾਂ ਨੇ ਮੁਸਲਮਾਨ ਧਰਮ, ਜਾਂ ਹਿੰਦੂ ਧਰਮ, ਜਾਂ ਜੋਗ ਧਰਮ ਦੀ ਜਾਂ ਇਸ ਦੇ ਕਿਸੇ ਵਿਸ਼ੇਸ਼ ਪ੍ਰਚਾਰਕ ਦੀ ਨਿੰਦਾ ਕੀਤੀ ਹੈ। ਇੱਥੇ ਵਰਤੇ ਗਏ ਸ਼ਬਦ ਕਾਦੀ, ਬ੍ਰਾਹਮਣ ਅਤੇ ਜੋਗੀ, ਧਰਮ ਦੇ ਆਗੂਆਂ ਦਾ ਪ੍ਰਤੀਕ ਹੈ। ਮੁਸਲਮਾਨ ਕਿਹੋ ਜਿਹਾ ਹੋਵੇ ਉਸ ਦੇ ਗੁਣ ਦੱਸੇ ਹਨ: ’ਮੁਸਲਮਾਣੁ ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ ਦਿਲ ਤੇ ਧੋਵੈ ॥ ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥13॥’ (ਪੰਨਾ 1084) ਇਸ ਸ਼ਬਦ ਰਾਹੀਂ ਦੱਸਿਆ ਹੈ ਕਿ ਮੁਸਲਮਾਨ ਉਹ ਨਹੀਂ ਜੋ ਪੱਥਰ ਵਰਗਾ ਕਠੋਰ ਦਿਲ ਹੋ ਕੇ ਜ਼ੁਲਮ ਕਮਾਉਣ ਵਾਲਾ ਹੋਵੇ, ਮੁਸਲਮਾਨ ਉਹ ਹੈ ਜੋ ਮੋਮ ਵਰਗਾ ਨਰਮ ਦਿਲ ਹੁੰਦਾ ਹੈ, ਲੋਕਾਂ ’ਤੇ ਦਇਆ ਕਰਦਾ ਹੈ। ਵਕਾਰਾਂ ਦੀ ਮੈਲ ਧੋ ਕੇ ਦਿਲ ਵਿੱਚੋਂ ਕੱਢ ਦਿੰਦਾ ਹੈ। ਦੁਨੀਆਂ ਦੇ ਰੰਗ ਤਮਾਸ਼ੇ ਉਸ ਦੇ ਨੇੜੇ ਨਹੀਂ ਆਉਂਦੇ, ਉਹ ਇਸ ਤਰ੍ਹਾਂ ਪਵਿੱਤਰ ਹੁੰਦਾ ਹੈ ਜਿਵੇਂ ਫੁੱਲ, ਰੇਸ਼ਮ, ਘੀ ਅਤੇ ਮ੍ਰਿਗਸ਼ਾਲਾ ਪਵਿੱਤਰ ਮੰਨੇ ਜਾਂਦੇ ਹਨ।

ਬ੍ਰਹਮਣ ਨੂੰ ਦੱਸਿਆ ਹੈ ਕਿ ਵੇਦ ਸਿਮ੍ਰਿਤੀਆਂ ਪੜ੍ਹ ਕੇ ਵਿਵਾਦ ਪੈਦਾ ਕਰਨ ਵਾਲਾ ਤੇ ਮਨੁੱਖਤਾ ਨੂੰ ਜਾਤੀਆਂ ਵਿੱਚ ਵੰਡ ਕੇ ਊਚ ਨੀਚ ਸਮਝਣ ਵਾਲਾ ਬ੍ਰਾਹਮਣ ਨਹੀਂ। ਬ੍ਰਾਮਣ ਤਾਂ ਉਹ ਹੈ ਜਿਹੜਾ ਬ੍ਰਹਮ ਦੀ ਪਛਾਣ ਕਰ ਲਵੇ, ਪ੍ਰਭੂ ਦੇ ਪਿਆਰ ਵਿੱਚ ਰੰਗਿਆ ਰਹੇ ਗੁਰੂ ਦੀ ਸ਼ਰਨ ਵਿੱਚ ਆ ਕੇ ਉਸ ਨੂੰ ਇਹ ਸਮਝ ਆ ਜਾਵੇ ਕਿ ਉਹ ਪ੍ਰਭੂ ਸਭਨਾਂ ਜੀਵਾਂ ਦੇ ਅੰਦਰ ਵਸਦਾ ਹੈ ਇਸ ਲਈ ਸਾਰੇ ਮਨੁੱਖ ਇੱਕ ਸਮਾਨ ਹੀ ਹਨ:- ’ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ, ਹਰਿ ਸੇਤੀ ਰੰਗਿ ਰਾਤਾ ॥ ਪ੍ਰਭੁ ਨਿਕਟਿ ਵਸੈ ਸਭਨਾ ਘਟ ਅਮਤਰਿ, ਗੁਰਮੁਖਿ ਵਿਰਲੈ ਜਾਤਾ॥ (ਪੰਨਾ 67)

ਜੋਗੀ ਬਾਰੇ ਦੱਸਿਆ ਗਿਆ ਹੈ ਕਿ ਕੋਈ ਭੇਖ ਧਾਰਨ ਨਾਲ ਜੋਗੀ ਨਹੀਂ ਬਣ ਜਾਂਦਾ ਅਸਲ ਜੋਗੀ ਤਾਂ ਉਹ ਹੈ ਜੋ ਸਭਨਾਂ ਜੀਵਾਂ ਵਿੱਚ ਵਸ ਰਹੇ ਪ੍ਰਭੂ ਨਾਲ ਮਿਲਾਪ ਹਾਸਲ ਕਰਨ ਦੀ ਜੁਗਤ ਪਛਾਣ ਲਵੇ ਤੇ ਗੁਰੂ ਦੀ ਕ੍ਰਿਪਾ ਦੁਆਰਾ ਸਾਰਿਆਂ ਨੂੰ ਇੱਕ ਸਮਾਨ ਸਮਝੇ:- ’ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥’

ਜਿਹੜੇ ਧਾਰਮਿਕ ਆਗੂ ਆਪਣੇ ਆਪਣੇ ਧਰਮ ਦੇ ਅਸੂਲਾਂ ਦਾ ਪ੍ਰਚਾਰ ਕਰਦੇ ਅਤੇ ਆਪ ਉਸ ਅਨੁਸਾਰ ਆਪਣਾ ਜੀਵਨ ਢਾਲਦੇ ਹਨ ਉਹ ਤਾਂ ਪੂਜਣਯੋਗ ਹਨ, ਸਤਿਕਾਰਯੋਗ ਹਨ ਪਰ ਜਿਨ੍ਹਾਂ ਨੇ ਧਰਮ ਕਮਾਉਣ ਦੀ ਥਾਂ ਇਸ ਨੂੰ ਕਰਮ ਬਣਾ ਦਿੱਤਾ ਹੈ ਉਨ੍ਹਾਂ ਦੀ ਅਸਲੀਅਤ ਪ੍ਰਗਟ ਕਰਕੇ ਉਨ੍ਹਾਂ ਨੂੰ ਸੁਧਾਰਣ ਲਈ ਲਿਖਿਆ ਹੈ ਕਿ ਮੁਸਲਮਾਨਾਂ ਦੇ ਧਾਰਮਿਕ ਆਗੂ ਕਾਜੀ ਆਪਣੇ ਧਰਮ ਦੇ ਗੁਣਾਂ ਦਾ ਪ੍ਰਚਾਰ ਕਰਨ ਅਤੇ ਇਨਸਾਫ਼ ਕਰਨ ਦੀ ਥਾਂ ਕੂੜ (ਝੂਠ) ਬੋਲ ਕੇ ਵਿਕਾਰਾਂ ਦੀ ਮੈਲ ਖਾ ਰਿਹਾ ਹੈ: ’ਕਾਦੀ ਕੂੜੁ ਬੋਲਿ ਮਲੁ ਖਾਇ ॥

ਬ੍ਰਹਮਣ ਨੂੰ ਕਿਹਾ ਹੈ ’ਪਡੀਆ ਕਵਨ ਕੁਮਤਿ ਤੁਮ ਲਾਗੇ ॥’ ਹੇ ਪੰਡਤ ਤੂੰ ਕਿਹੜੀ ਭੈੜੀ ਮਤ ਧਾਰਨ ਕੀਤੀ ਹੈ ਜਿਹੜੇ ਕੰਮਾਂ ਕਰਕੇ ਹੋਰਨਾਂ ਨੂੰ ਅਧਰਮੀ ਦਸਦਾ ਹੈਂ ਪਰ ਖ਼ੁਦ ਉਹੀ ਕੰਮ ਤੂੰ ਵੀ ਕਰੀ ਜਾ ਰਿਹਾ ਹੈਂ ਤੇ ਆਪਣੇ ਆਪ ਨੂੰ ਧਰਮੀ ਵੀ ਅਖਵਾ ਰਿਹਾ ਹੈਂ:- ’ਜੀਅ ਬਧਹੁ ਸੁ ਧਰਮੁ ਕਰਿ ਥਾਪਹੁ, ਅਧਰਮੁ ਕਹਹੁ ਕਤ ਭਾਈ ॥ ਆਪਸ ਕਉ ਮੁਨਿਵਰ ਕਰਿ ਥਾਪਹੁ, ਕਾ ਕਉ ਕਹਹੁ ਕਸਾਈ ॥2॥’ (ਪੰਨਾ 1102, ਭਗਤ ਕਬੀਰ ਜੀ)। ਭਗਤ ਜੀ ਦੱਸ ਰਹੇ ਹਨ ਕਿ ਜੀਵਾਂ ਦੀ ਬਲੀ ਦੇਣ ਨੂੰ ਤਾਂ ਤੂੰ ਧਰਮ ਦਾ ਕੰਮ ਮਿਥ ਲਿਆ, ਫਿਰ ਇਹ ਦੱਸ ਅਧਰਮ ਕਿਸ ਨੂੰ ਕਹੋਗੇ? ਧਰਮ ਦੇ ਨਾਮ ’ਤੇ ਜੀਵਾਂ ਦੀ ਬਲੀ ਦੇ ਕੇ ਤੂੰ ਤਾਂ ਆਪਣੇ ਆਪ ਨੂੰ ਸ੍ਰੇਸ਼ਟ ਮੁਨੀ ਅਖਵਾਉਂਦਾ ਹੈਂ ਫਿਰ ਕਸਾਈ ਕਿਸ ਨੂੰ ਆਖੇਂਗਾ? ’ਬ੍ਰਾਹਮਣੁ ਨਾਵੈ ਜੀਆ ਘਾਇ ॥’ ਬਲੀ ਦੇਣ ਦੇ ਨਾਮ ’ਤੇ ਜੀਵ ਹੱਤਿਆ ਕਰਕੇ ਤੂੰ ਤੀਰਥਾਂ ’ਤੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿਤਰ ਹੋਇਆ ਸਮਝਦਾ ਹੈਂ? ਇਸ ਤਰ੍ਹਾਂ ਤਿੰਨੇ ਧਾਰਮਕ ਫਿਰਕਿਆਂ ਦੇ ਆਗੂਆਂ ਦੀਆਂ ਊਣਤਾਈਆਂ ਉਜਾਗਰ ਕਰਕੇ ਉਨ੍ਹਾਂ ਨੂੰ ਸੁਧਰਨ ਦੇ ਯਤਨ ਵਜੋਂ ਕਿਹਾ ਕਿ ਇਹ ਧਰਮ ਦੀ ਸੇਧ ਦੇਣ ਵਾਲੇ ਨਹੀਂ ਇਹ ਤਾਂ ਉਜਾੜੇ ਦਾ ਰਸਤਾ ਹੈ। ’ ਤੀਨੇ ਓਜਾੜੇ ਕਾ ਬੰਧੁ ॥2॥’

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਸਿੱਖ ਧਰਮ ਦੇ ਧਾਰਮਿਕ ਆਗੂ ਹਨ ਗ੍ਰੰਥੀ, ਰਾਗੀ, ਢਾਡੀ, ਪ੍ਰਚਾਰਕ, ਜਥੇਦਾਰ ਆਦਿ। ਇਹ ਮੱਤ ਸੋਚਣ ਕਿ ਉਪ੍ਰੋਕਤ ਗੱਲਾਂ ਤਾਂ ਕਾਜ਼ੀ, ਬ੍ਰਹਮਣ ਤੇ ਜੋਗੀਆਂ ਨੂੰ ਕਹੇ ਹਨ ਇਹ ਉਨ੍ਹਾਂ ’ਤੇ ਲਾਗੂ ਨਹੀਂ ਹੁੰਦੇ। ਇਨ੍ਹਾਂ ਨੂੰ ਚੇਤਾ ਰੱਖਣਾ ਚਾਹੀਦਾ ਹੈ ਸਿਰਫ ਧਾਰਮਿਕ ਲਿਬਾਸ ਪਹਿਨ ਕੇ, ਨਿੱਤਨੇਮ ਤੇ ਬਾਣੀ ਦੇ ਗਿਣਤੀ ਦੇ ਪਾਠ ਕਰਕੇ ਰੁਜ਼ਗਾਰ ਲਈ ਮਿਥੇ ਗਏ ਧਾਰਮਿਕ ਕਰਮ ਕਾਂਡ ਨਿਭਾ ਕੇ ਉਹ ਧਰਮੀ ਨਹੀਂ ਬਣ ਜਾਂਦੇ। ਉਹ ਇਹ ਵੀ ਯਾਦ ਰੱਖਣ:- ’ਸੰਤਹੁ, ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ, ਸੋ ਗੁਰ ਪਰਸਾਦੀ ਤਰੀਐ ॥1॥ ਰਹਾਉ ॥’ ਜੇ ਕੋਈ ਗੁਰੂ ਦੇ ਬਚਨ ਦੀ ਕਮਾਈ ਕਰਦਾ ਹੈ ਉਹ ਹੀ ਗੁਰੂ ਦੀ ਕ੍ਰਿਪਾ ਦੁਆਰਾ ਇਸ ਸੰਸਾਰ ਸਾਗਰ ਤੋਂ ਪਾਰ ਉੱਤਰ ਸਕਦਾ ਹੈ। ਪਰ ਜੇ ਇਹ ਵੀ ਗੁਰ ਦਾ ਹੁਕਮ ਕਮਾਉਣ ਦੀ ਥਾਂ ਮੌਕੇ ਦੇ ਰਾਜੇ ਦਾ, ਜਾਂ ਸਤਾਧਾਰੀ ਪਾਰਟੀ ਦਾ ਹੁਕਮ ਕਮਾਉਣ ਲੱਗ ਪੈਣ, ਆਪਣੀ ਸਰਬ ਉਚਤਾ ਕਾਇਮ ਰੱਖਣ ਲਈ, ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲੋਂ ਤੋੜ ਕੇ ਉਸ ਦੇ ਸ਼ਰੀਕ ਖੜ੍ਹੇ ਕਰਕੇ ਬੇਸ਼ੱਕ ਉਹ ਦੇਹਧਾਰੀ ਹੋਣ ਜਾਂ ਪੁਸਤਕਾਂ ਹੋਣ ਉਨ੍ਹਾਂ ਨੂੰ ਵੀ ਗੁਰੂ ਕਹਿਣ ਲੱਗ ਪੈਣ, ਗੁਰੂ ਦੀ ਸੋਝੀ ਤੇ ਉਸ ਦੇ ਸਿਧਾਂਤ ਦੇ ਪ੍ਰਚਾਰ ਕਰਨ ਵਾਲੇ ਗੁਰਮੁਖਾਂ ਨੂੰ ਕੂੜ ਪ੍ਰਚਾਰ ਕਰਨ ਵਾਲੇ ਦੱਸ ਕੇ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਲੱਗ ਪੈਣ, ਇਨਸਾਫ ਕਰਨ ਦੀ ਥਾਂ ਲਾਲਚ ਵੱਸ ਆ ਕੇ ਰਿਸ਼ਵਤਾਂ ਲੈ ਕੇ ਬੇਇਨਸਾਫੀ ਕਰਨ ਤਾਂ ’ਕਾਦੀ ਕੂੜੁ ਬੋਲਿ ਮਲੁ ਖਾਇ ॥’ ਵਾਲਾ ਗੁਰਫ਼ੁਰਮਾਨ ਇਨ੍ਹਾਂ ’ਤੇ ਵੀ ਓਨਾਂ ਹੀ ਢੁਕਦਾ ਹੈ ਜਿੰਨਾ ਕਿ ਕਾਜ਼ੀ ’ਤੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top