Share on Facebook

Main News Page

ਦਸਤਾਰ ਦੀ ਬੇਅਦਬੀ ਦੇ ਦੋਸ਼ੀ ਅਧਿਕਾਰੀਆਂ ਨੂੰ ਕਲੀਨ ਚਿੱਟ ਦੇਣ ਦੇ ਦੋਸ਼ ਵਿੱਚ ਗ੍ਰਹਿ ਮੰਤਰਾਲਾ ਡੀ.ਜੀ.ਪੀ. ਵਿਰੁੱਧ ਕਾਰਵਾਈ ਕਰੇ: ਪੰਚ ਪ੍ਰਧਾਨੀ

ਫ਼ਤਹਿਗੜ੍ਹ ਸਾਹਿਬ, 4 ਅਪ੍ਰੈਲ: ਮੁਹਾਲੀ ਵਿੱਚ ਅਪਣੀਆਂ ਮੰਗਾਂ ਨੂੰ ਲੈ ਕੇ ਇਕੱਠੇ ਹੋਏ ਫਾਰਮਾਸਿਸਟਾਂ ਵਿੱਚੋਂ ਇਕ ਸਿੱਖ ਨੌਜਵਾਨ ਦੀ ਦਸਤਾਰ ਉਤਾਰਣ ਦੋ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਪੰਜਾਬ ਪੁਲਿਸ ਦੇ ਮੁਖੀ ਡੀ.ਜੀ.ਪੀ., ਪੀ. ਐਸ ਗਿੱਲ ਵਲੋਂ ਕਲੀਨ ਚਿੱਟ ਦੇਣ ਨੂੰ ਮੰਦਭਾਗਾ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰਾਂ ਅਮਰੀਕ ਸਿੰਘ ਈਸੜੂ ਤੇ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਪੂਰੀ ਦੁਨੀਆਂ ਵਿਚ ਲੋਕਾਂ ਨੇ ਟੀ.ਵੀ. ਅਤੇ ਇੰਟਰਨੈੱਟ 'ਤੇ ਖੁਦ ਉਕਤ ਪੁਲਿਸ ਅਧਿਕਾਰੀਆਂ ਨੂੰ ਸਿੱਖ ਨੌਜਵਾਨ ਦੀ ਦਸਤਾਰ ਅਪਣੇ ਹੱਥਾਂ ਨਾਲ ਉਤਾਰਦੇ ਨੂੰ ਵੇਖਿਆ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਕ ਅਤਿ ਮਹੱਤਵਪੂਰਨ ਆਹੁਦੇ 'ਤੇ ਬੈਠੇ ਸ. ਗਿੱਲ ਉਸ ਮਾਮਲੇ 'ਤੇ ਲੋਕਾਂ ਤੇ ਸਰਕਾਰ ਦੋਵਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਸੱਚ ਨੂੰ ਲੋਕ ਪਹਿਲਾਂ ਹੀ ਅਪਣੀਆਂ ਅੱਖਾਂ ਨਾਲ ਵੇਖ ਚੁੱਕੇ ਹਨ।

ਇਸ ਕਾਰਨ ਕੇਂਦਰ ਸਰਕਾਰ ਤੇ ਗ੍ਰਹਿ ਮੰਤਰਾਲਾ ਇਸ ਗੱਲ ਦੀ ਵਿਭਾਗੀ ਪੜਤਾਲ ਕਰਵਾਵੇ ਕਿ ਸ: ਗਿੱਲ ਨੇ ਇਸ ਮਾਮਲੇ ਵਿੱਚ ਅਪਣੀਆਂ ਸੰਵਿਧਾਨਕ ਜਿੰਮੇਵਾਰੀਆਂ ਨੂੰ ਕਿਸ ਹੱਦ ਤੱਕ ਅਣਦੇਖਿਆ ਕੀਤਾ ਹੈ ਤੇ ਇਸ ਪਿੱਛੇ ਉਨ੍ਹਾਂ ਦਾ ਅਸਲ ਉਦੇਸ਼ ਕੀ ਸੀ? ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਸ: ਗਿੱਲ ਨੇ ਸਿੱਖ ਕੌਮ ਦੀਆਂ ਜ਼ਖਮੀ ਧਾਰਮਿਕ ਭਾਵਨਾਵਾਂ ਦਾ ਮਜ਼ਾਕ ਉਡਾਇਆ ਹੈ। ਇਸ ਨਾਲ ਪੰਜਾਬ ਵਿੱਚ ਪਹਿਲਾਂ ਹੀ ਸਿੱਖ ਧਰਮ ਨੂੰ ਨਿਸ਼ਾਨਾਂ ਬਣਾ ਰਹੇ ਫਿਰਕੂ ਅਨਸਰਾਂ ਦੇ ਹੌਸਲੇ ਵਧਣਗੇ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੀੜਤ ਕਰਨ ਦੇ ਉਦੇਸ਼ ਨਾਲ ਹੀ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ ਹੈ ਤੇ ਡੀਜੀਪੀ ਦਾ ਉਕਤ ਸ਼ਪਸਟੀਕਰਨ ਵੀ ਇਸੇ ਉਦੇਸ਼ ਦਾ ਇੱਕ ਹਿਸਾ ਹੈ।ਇਕ ਜ਼ਿੰਮੇਵਾਰ ਆਹੁਦੇ 'ਤੇ ਹੁੰਦਿਆਂ ਵੀ ਸ. ਗਿੱਲ ਨੇ ਇਕ ਗੰਭੀਰ ਜ਼ੁਰਮ ਕਰਨ ਵਾਲੇ ਅਧਿਕਾਰੀ ਨੂੰ ਬਚਾਉਣ ਵਿੱਚ ਖੁੱਲ੍ਹੇਆਮ ਮੱਦਦ ਕੀਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਜੇ ਅਜਿਹੀ ਹੀ ਕੋਈ ਘਟਨਾ ਕਿਸੇ ਡੇਰੇਦਾਰ ਦੇ ਚੇਲੇ ਨਾਲ ਵਾਪਰੀ ਹੁੰਦੀ ਤਾਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਹੁਣ ਤੱਕ ਕਦੋਂ ਦਾ ਬਰਖਾਸਤ ਕਰ ਦਿੱਤਾ ਗਿਆ ਹੁੰਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top