Share on Facebook

Main News Page

ਸਿੱਖ ਦੀ ਦਸਤਾਰ ਲਾਹੁਣ ਦਾ ਮਾਮਲਾ- ਸਰਨੇ ਨੇ ਵੀ ਬਾਦਲ ਦਾ ਅਸਤੀਫਾ ਮੰਗਿਆ

ਨਵੀਂ ਦਿੱਲੀ, (4 ਅਪ੍ਰੈਲ, ਪੀ.ਐਸ.ਐਨ): ਪੰਜਾਬ ਪੁਲਿਸ ਦੇ ਅਫ਼ਸਰ ਵਲੋਂ ਮੋਹਾਲੀ 'ਚ ਸਿੱਖ ਨੌਜਵਾਨ ਦੀ ਪੱਗ ਉਛਾਲੇ ਜਾਣ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਮੰਤਰੀ ਮੰਡਲ ਸਣੇ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਸ. ਸਰਨਾ ਨੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਪੁਛਿਆ ਕਿ ਉਹ ਦੱਸਣ ਕਿ ਆਖ਼ਰ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਹੁਣ ਤਕ ਬਰਖ਼ਾਸਤ ਕਿਉਂ ਨਹੀਂ ਕੀਤਾ ਗਿਆ?

ਪੰਥ ਦੇ ਨਾਮ 'ਤੇ ਵੋਟਾਂ ਬਟੋਰਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਕਾਲੀ ਸਰਕਾਰ ਦੇ ਰਾਜ ਵਿਚ ਸਿੱਖਾਂ ਦੀਆਂ ਪੱਗਾਂ ਪੈਰਾਂ 'ਚ ਰੋਲੀਆਂ ਜਾ ਰਹੀਆਂ ਹਨ ਪਰ ਸਰਕਾਰ ਨੂੰ ਸਿੱਖਾਂ ਦੇ ਜਜ਼ਬਾਤ ਦੀ ਕੋਈ ਪਰਵਾਹ ਨਹੀਂ। ਵਿਦੇਸ਼ੀ ਹਵਾਈ ਅੱਡਿਆਂ 'ਤੇ ਦਸਤਾਰ ਦੀ ਤਲਾਸ਼ੀ ਵਿਰੁਧ ਬਾਦਲਾਂ ਦਾ ਰੋਸ ਸਿਰਫ ਦਿਖਾਵੇ ਮਾਤਰ ਹੈ। ਅਕਾਲ ਤਖਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਇਸ ਮਾਮਲੇ ਦਾ ਨੋਟਿਸ ਲੈਣ ਨੂੰ ਉਨ੍ਹਾਂ ਇਕ ਦਲੇਰੀ ਭਰਿਆ ਕਦਮ ਦਸਿਆ ਤੇ ਕਿਹਾ ਕਿ ਜਿਵੇਂ ਗਿਆਨੀ ਗੁਰਬਚਨ ਸਿੰਘ ਨੇ ਦਸਤਾਰ ਦੀ ਬੇਅਦਬੀ ਦੇ ਮੁੱਦੇ ਨੂੰ ਬਾਦਲ ਸਰਕਾਰ ਲਈ ਕਲੰਕ ਦਸਿਆ ਹੈ, ਉਸੇ ਤਰ੍ਹਾਂ ਉਹ ਹੋਰ ਪੰਥਕ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਹਿੰਮਤ ਦਿਖਾਉਣ ਤਾਕਿ ਪੰਥ 'ਚ ਉਨ੍ਹਾਂ ਦਾ ਚੰਗਾ ਅਕਸ ਬਣ ਸਕੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top