Share on Facebook

Main News Page

ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ: ਪ੍ਰੋ. ਦਰਸ਼ਨ ਸਿੰਘ ਖਾਲਸਾ

ਸਿੱਖ ਵੀਕਲੀ ਬਿਊਰੋ - ਪਿਛਲੇ ਸਾਲ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਚ ਹੋਈ ਮੰਦਭਾਗੀ ਹਿੰਸਕ ਘਟਨਾ ਦੇ ਦੂਰ-ਸੰਭਾਵੀ ਸਿੱਟਿਆਂ ਨੂੰ ਜਾਣਨ ਅਤੇ ਹੋਰ ਵਿਚਾਰਾਂ ਲਈ ਕੀਤੀ ਗਈ ਵਿਚਾਰ ਗੋਸ਼ਟੀ ਵਿਚ ਪੁੱਜੇ ਵੱਖ-ਵੱਖ ਸਿੱਖ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪੁੱਜੇ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ‘ਸਿੱਖ ਕੌਮ ਵਿਚ ਵਿਚਾਰ ਪੇਸ਼ ਕਰਨ ਦੀ ਅਜ਼ਾਦੀ' ਵਿਸ਼ੇ 'ਤੇ ਆਪਣੇ ਖਿਆਲ ਪ੍ਰਗਟ ਕੀਤੇ। ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਗੁਰਬਾਣੀ ਦੇ ਸ਼ਬਦ ‘ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾਂ ਭਾਉ ਗੁਰੂ ਦੇਵਾਈਆ॥' (648) ਦੀ ਵਿਆਖਿਆ ਕੀਤੀ ਤੇ ਕਿਹਾ ਕਿ ਜਿਹੜੇ ਸਾਡੇ ਭਰਾਵਾਂ ਨੂੰ ਗੁਰੂ ਸਾਹਿਬਾਨਾਂ ਦੀ ਬਖਸ਼ਿਸ਼ ਪੱਗ ਦੀ ਮਹਾਨਤਾ ਬਾਰੇ ਹੀ ਪਤਾ ਨਹੀਂ ਉਹ ਪੱਗ ਦੀ ਰਾਖੀ ਕਿਵੇਂ ਕਰ ਸਕਦੇ ਹਨ? ਅਤੇ ਗੁਰੂ ਜੀ ਵੀ ਅਜਿਹੇ ਮਨੁੱਖਾਂ ਦੇ ਸਾਥੀ ਕਿਵੇਂ ਹੋ ਸਕਦੇ ਹਨ? ਇਸੇ ਤਰਾਂ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਕਿ ਕਿਸੇ ਦੇ ਵਿਚਾਰਾਂ ਪ੍ਰਤੀ ਤਰਕ ਦੇਣ ਦੀ ਥਾਂ ਬੁਰਛਾਗਰਦੀ ਨੂੰ ਸਿੱਖ ਸਿਧਾਂਤ ਮੂਲੋਂ ਹੀ ਰੱਦ ਕਰਦੇ ਹਨ।

ਪ੍ਰੋ. ਦਰਸ਼ਨ ਸਿੰਘ ਖਾਲਸਾ, ਸਿੱਖ ਲਹਿਰ ਸੈਂਟਰ ਗੁਰਦੁਆਰਾ, ਬਰੈਂਪਟਨ ਵਿਖੇ

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕਿਹਾ ਕਿ ਦੁਨੀਆਂ ਵਿਚ ਸਭ ਤੋਂ ਬੁਰੀ ਗੱਲ ਵਾਦ-ਵਿਵਾਦ ਅਤੇ ਝਗੜੇ ਹਨ ਜਿਨ੍ਹਾਂਨਾਲ ਪਰਿਵਾਰ, ਕੌਮਾਂ ਅਤੇ ਦੁਨੀਆਂ ਬਰਬਾਦ ਹੋ ਸਕਦੀ ਹੈ। ਟਕਰਾਓ ਵਾਲੇ ਮਨੁੱਖ ਗੁਰੂ ਨਾਲ ਸਰੋਕਾਰ ਨਹੀਂ ਰੱਖਦੇ। ਜਿਨ੍ਹਾਂ ਮਨੁੱਖਾਂ ਦੇ ਅੰਦਰ ਗੁਰੂ ਪਿਆਰਾ ਵਸਦਾ ਹੈ ਉਹਨਾਂ ਮਨੁੱਖਾਂ ਨੂੰ ਕੋਈ ਵਿਅਕਤੀ ਅਪਮਾਨ ਕਰੇ, ਤਾਂ ਇਸ ਨੂੰ ਗੁਰੂ ਦੇ ਸਿਧਾਂਤਾਂ ਦਾ ਅਪਮਾਨ ਹੀ ਮੰਨਿਆ ਜਾਵੇਗਾ ਅਤੇ ਜੋ ਮਨੁੱਖ ਕਲਾ-ਕਲੇਸ਼ ਦੀ ਬਿਰਤੀ 'ਤੇ ਚੱਲਦੇ ਹਨ ਉਹਨਾਂ ਵਿਚ ਸਮਝੋ ਭੂਤ-ਪ੍ਰੇਤ ਵਾਸ਼ਾ ਕਰਦੇ ਹਨ। ਉਹਨਾਂ ਨੂੰ ਚੰਗੇ-ਮੰਦੇ ਦੀ ਪਛਾਣ ਨਹੀਂ ਰਹਿੰਦੀ।

ਉਹਨਾਂ ਯਾਦ ਕੀਤਾ ਕਿ ਪਿਛਲੇ ਸਾਲ ਜਦੋਂ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ ਹਿੰਸਾ ਦੀ ਘਟਨਾ ਹੋਈ ਸੀ ਤਾਂ ਮਨਜੀਤ ਸਿੰਘ ਮਾਂਗਟ ਨੇ ਇਕ ਗੱਲ ਕਹੀ ਸੀ, ਕਿ ਜਿਨ੍ਹਾਂ ਲੋਕਾਂ ਨੇ ਮੇਰੇ ਕੇਸਾਂ 'ਚ ਅੰਮ੍ਰਿਤ ਦੇ ਸਿੱਟੇ ਮਾਰੇ ਸਨ, ਅੱਜ ਉਹ ਹੀ ਇਹਨਾਂ ਕੇਸਾਂ ਦੀ ਬੇਅਦਬੀ ਕਰ ਰਹੇ ਹਨ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਦੇਖਣ ਨੂੰ ਭਾਵੇਂ ਅਸੀਂ ਸਾਰੇ ਭਰਾ ਹੀ ਹਾਂ ਪਰ ਸ਼ਕਲਾਂ ਸੂਰਤਾਂ ਪੱਖੋਂ ਸਿੱਖ ਦਿਸਦੇ ਲੋਕਾਂ ਵਿਚ ਵੀ ਜੇਕਰ ਗੁਰੂ ਦੀ ਗੱਲ ਵਿਸਰ ਜਾਵੇ ਤਾਂ ਉਹ ਭੂਤ-ਪ੍ਰੇਤਾਂ ਦਾ ਰੂਪ ਹੋ ਕੇ ਆਪਣੇ ਭਰਾਵਾਂ ਦੀਆਂ ਪੱਗਾਂ ਉਤਾਰਨ ਲੱਗ ਜਾਂਦੇ ਹਨ। ਸ੍ਰ. ਖਾਲਸਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਪੱਗ ਦੀ ਪਹਿਚਾਣ ਨਹੀਂ, ਉਹ ਦੂਜੇ ਦੀ ਪੱਗ ਦੀ ਰਾਖੀ ਵੀ ਨਹੀਂ ਕਰ ਸਕਦੇ ਅਤੇ ਗੁਰੂ ਸਾਹਿਬਾਨ ਵੀ ਦਸਤਾਰ ਉਤਾਰਨ ਵਾਲੇ ਦੇ ਸਾਥੀ ਨਹੀਂ ਹੋ ਸਕਦੇ।  

 

ਕਿਰਪਾਨ ਮਾਮਲੇ ਬਾਰੇ ਬੋਲਦਿਆਂ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਸਾਡੀ ਪਹਿਲੀ ਹੀ ਕਿਰਪਾਨ ਜੇਕਰ ਕਿਸੇ ਨੂੰ ਭੈਅ ਦੇਣ ਲਈ ਹੀ ਪਹਿਨੀ ਹੈ ਤਾਂ ਉਹ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਕਿਰਪਾਨ ਨਹੀਂ ਹੋ ਸਕਦੀ। ਇਸੇ ਤਰਾਂ ਸਾਡਾ ਗੁਰੂ ਸਿਰਫ਼ ਗੁਰੂ ਗ੍ਰੰਥ ਸਾਹਿਬ ਹੀ ਹੈ ਜੋ ਲੋਕ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਹੋਰ ਗ੍ਰੰਥ ਸਥਾਪਿਤ ਕਰਨਾ ਚਾਹੁੰਦੇ ਹਨ ਉਹਨਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਆਪਣੇ ਭਾਸ਼ਣ ਵਿਚ ਆਖਿਆ, ਕਿ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਅਜ਼ਾਦ ਬੋਲਣ ਦਾ ਹੱਕ ਭਾਵੇਂ ਹੁਣ ਆਪਣੇ ਕਾਨੂੰਨਾਂ ਵਿਚ ਲਾਗੂ ਕੀਤਾ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਨੇ ਇਹ ਵਿਚਾਰ ਕੋਈ ਸਾਢੇ ਪੰਜ ਸੌ ਸਾਲ ਪਹਿਲਾਂ ਹੀ ਦੇ ਦਿੱਤਾ ਸੀ। ਡਾਕਟਰ ਸਿੰਘ ਨੇ ਕਿਹਾ ਕਿ ਅਸੂਲ ਨਾਲ ਗੱਲ ਕਰਨ ਵਾਲੇ ਇਹ ਇਨਸਾਨ ਦਾ ਮੈਨੀਫੈਸਟੋ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸਟ ਬਾਣੀ ਵਿਚ ਦਰਜ ਕਰ ਦਿੱਤਾ ਹੈ ਜਿਸਦਾ ਅਸੂਲ ‘ਰੋਸੁ ਨ ਕੀਜੈ ਉਤਰੁ ਦੀਜੈ'।

ਉਹਨਾਂ ਕਿਹਾ ਕਿ ਜਿਨ੍ਹਾਂ ਵਿਚਾਰਾਂ ਨਾਲ ਅਸੀਂ ਸਹਿਮਤ ਨਾ ਵੀ ਹੋਈਏ ਉਹਨਾਂ ਨੂੰ ਤਰਕ ਨਾਲ ਰੱਦ ਕਰਨਾ ਚਾਹੀਦਾ ਹੈ ਪਰ ਅਸੀਂ ਇਸ ਨੂੰ ਬੁਰਛਾਗਰਦੀ ਅਤੇ ਡਰਾਵੇ ਨਾਲ ਕੱਟਣਾ ਚਾਹੁੰਦੇ ਹਾਂ ਜੋ ਸਿੱਖੀ ਅਸੂਲਾਂ ਦੇ ਬਿਲਕੁਲ ਉਲਟ ਹੈ। ਉਹਨਾਂ ਵਿਚਾਰ ਪ੍ਰਗਟ ਕੀਤਾ ਕਿ ਸਿੱਖ ਰਹਿਤ ਮਰਿਯਾਦਾ ਤੋਂ ਭਾਵ ਸਿੱਖ ਜੀਵਨ ਜਾਚ ਹੈ ਜਿਸ ਅਨੁਸਾਰ ਮਨੁੱਖ ਨੇ ਆਪਣਾ ਜੀਵਨ ਬਸਰ ਕਰਨਾ ਹੁੰਦਾ ਹੈ। ਸਿੱਖੀ ਵਿਚ ਉਹ ਲੋਕ ਪ੍ਰਵਾਨ ਨਹੀਂ ਹਨ ਜਿਨ੍ਹਾਂਦਾ ਸਰੂਪ ਭਾਵੇਂ ਗੁਰਸਿੱਖੀ ਵਾਲੇ ਹੋਵੇ ਪਰ ਉਹਨਾਂ ਵਿਚ ਸਿੱਖ ਜੀਵਨ ਜਾਚ ਵਾਲੇ ਗੁਣ ਨਾ ਹੋਣ।

ਡਾ. ਹਰਜਿੰਦਰ ਸਿੰਘ ਦਿਲਗੀਰ, ਸਿੱਖ ਲਹਿਰ ਸੈਂਟਰ ਗੁਰਦੁਆਰਾ, ਬਰੈਂਪਟਨ ਵਿਖੇ

ਡਾ. ਦਿਲਗੀਰ ਨੇ ਦੱਸਿਆ, ਕਿ ਪ੍ਰੋ. ਦਰਸ਼ਨ ਸਿੰਘ ਮਾਮਲੇ ਵਿਚ ਮੈਂ ਵੀ ਇਕ ਹਿੱਸਾ ਰਿਹਾ ਹਾਂ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਨਾਲ ਮੀਟਿੰਗ ਵਿਚ ਮੈਂ ਇਹ ਦਲੀਲ ਦਿੱਤੀ ਸੀ ਕਿ ਜੋ ਕੰਮ ਤੁਸੀਂ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕਣ ਲਈ ਕਰ ਰਹੇ ਹੋ ਉਹ ਕੌਮ ਵਿਚ ਵੱਡੀ ਫੁੱਟ ਦਾ ਕਾਰਨ ਬਣੇਗਾ ਅਤੇ ਨਾਲ ਹੀ ਇਸ ਨਾਲ ਤੁਹਾਡਾ ਜੋ ਜਥੇਦਾਰਾਂ ਬਾਰੇ ਸਰਬ ਸ੍ਰੇਸ਼ਟ ਹੋਣ ਦਾ ਭਰਮ ਪੈਦਾ ਕੀਤਾ ਹੋਇਆ ਹੈ ਉਹ ਵੀ ਖਤਮ ਹੋ ਜਾਵੇਗਾ। ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਤਰਲੋਚਨ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਅਜਿਹੀ ਕੋਈ ਹਰਕਤ ਨਹੀਂ ਕਰਨਗੇ। ਪਰ ਤਖ਼ਤਾਂ 'ਤੇ ਕਾਬਜ਼ ਜਥੇਦਾਰਾਂ ਵਿਚ ਕੁਝ ਅਜਿਹੇ ਲੋਕ ਸਰਗਰਮ ਹਨ ਜੋ ਬੁਰਛਾਗਰਦੀ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਇਹਨਾਂ ਦੇ ਆਖੇ ਲੱਗ ਕੇ ਤਖ਼ਤਾਂ ਦੇ ਮੁੱਖ ਸੇਵਾਦਾਰਾਂ ਨੇ ਪ੍ਰੋ. ਦਰਸ਼ਨ ਸਿੰਘ ਖਿਲਾਫ਼ ਹੁਕਮਨਾਮਾ ਜਾਰੀ ਕਰ ਦਿੱਤਾ ਜੋ ਗੁਰੂ ਨੂੰ ਪਿੱਠ ਦਿਖਾਉਣ ਵਾਲੀ ਗੱਲ ਸੀ। ਕਨੇਡਾ ਦੇ ਬਰੈਂਪਟਨ ਗੁਰਦੁਆਰਾ ਸਾਹਿਬ ਵਿਚ ਵੀ ਸਿੱਖੀ ਅਸੂਲਾਂ ਤੋਂ ਭਟਕੇ ਕੁਝ ਲੋਕਾਂ ਨੇ ਗਲਤ ਸੋਚ ਨੂੰ ਵਰਤਿਆ ਜੋ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਸੀ। ਇਥੇ ਵੀ ਕਿਰਪਾਨ ਦੀ ਵਰਤੋਂ ਸਿੱਖ ਸਿਧਾਂਤਾਂ ਦੇ ਉਲਟ ਕੀਤੀ ਗਈ। ਉਹਨਾਂ ਆਖਿਆ ਕਿ ਇਹ ਹਮਲਾ ਸਿੱਖ ਲਹਿਰ ਸੈਂਟਰ ਜਾਂ ਮਨਜੀਤ ਸਿੰਘ ਮਾਂਗਟ 'ਤੇ ਨਹੀਂ ਕੀਤਾ ਗਿਆ ਸਗੋਂ ਗੁਰੂ ਦੀ ਸਿੱਖਿਆ 'ਤੇ ਕੀਤਾ ਗਿਆ ਹਮਲਾ ਹੈ।

ਉਹਨਾਂ ਸਵਾਲ ਕੀਤਾ ਕਿ ਕੀ ਇਸ ਸਮੇਂ ਕੌਮ ਦਾ ਸਭ ਤੋਂ ਵੱਡਾ ਮਸਲਾ ਪ੍ਰੋ. ਦਰਸ਼ਨ ਸਿੰਘ ਦਾ ਕੀਰਤਨ ਰੋਕਣਾ ਹੀ ਹੈ ਜਾਂ ਫਿਰ ਕੌਮ ਕੋਲ ਹੋਰ ਵੀ ਮਸਲੇ ਹਨ। ਉਹਨਾਂ ਦੱਸਿਆ ਕਿ ਪੰਜਾਬ ਵਿਚ ਅਕਾਲੀ ਸਰਕਾਰ ਨੇ ਪ੍ਰੋ. ਦਰਸ਼ਨ ਸਿੰਘ ਦੇ ਦੀਵਾਨ ਬੰਦ ਕਰਵਾ ਦਿੱਤੇ ਹਨ ਅਤੇ ਪੰਜਾਬ ਤੋਂ ਬਾਹਰ ਜਿੱਥੇ ਬਾਦਲ ਦੀ ਸਰਕਾਰ ਨਹੀਂ ਹੈ ਜਾਂ ਚੌਂਕ ਮਹਿਤਾ ਦਾ ਜ਼ੋਰ ਨਹੀਂ ਚੱਲਦਾ ਉਥੇ ਅਜੇ ਵੀ ਪ੍ਰੋ. ਦਰਸ਼ਨ ਸਿੰਘ ਨੂੰ ਜੀ ਆਇਆਂ ਆਖਿਆ ਜਾਂਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top