Share on Facebook

Main News Page

ਖਾਲਸਾ ਕਾਲਜ ਬਾਰੇ ਪ੍ਰੈਸ ਕਾਨਫਰੰਸ ਵਿੱਚ ਪ੍ਰਿੰਸੀਪਲ ਅਤੇ ਫੈਡਰੇਸ਼ਨ ਆਗੂ ਜਸਬੀਰ ਸਿੰਘ ਘੁੰਮਣ ਦੇ ਸਿੰਗ ਫਸੇ

* ਖਾਲਸਾ ਯੂਨੀਵਰਸਿਟੀ ਬਾਦਲਕਿਆਂ ਦੀ ਪ੍ਰਾਈਵੇਟ ਪਰਿਵਾਰ ਕੰਪਨੀ ਬਣ ਜਾਵੇਗੀ- ਭਾਈ ਰਣਜੀਤ ਸਿੰਘ

* ਭਾਈ ਰਣਜੀਤ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ "ਵਿਕਾਊ ਮਾਲ" ਕਰਾਰ ਦਿੱਤਾ ਕਿਹਾ, ਆਰ ਐਸ ਐਸ ਜਿਸ ਦਾ ਮੁੱਖ ਨਿਸ਼ਾਨਾ ਹੀ ਹਿੰਦੂ, ਹਿੰਦੀ ਅਤੇ ਹਿੰਦੁਸਤਾਨ ਹੈ ਹਮੇਸ਼ਾਂ ਹੀ ਸਿੱਖਾਂ ਨੂੰ ਕੇਸਾਧਾਰੀ ਬ੍ਰਾਹਮਣ ਸਿੱਧ ਕਰਨ ਦੇ ਮਨਸੂਬੇ ਬਣਾਉਂਦੀ ਰਹਿੰਦੀ ਹੈ ਅਤੇ ਬਾਦਲਕੇ ਇਸ ਸਿੱਖ ਵਿਰੋਧੀ ਸੰਘ ਦੇ ਚੇਲੇ ਹਨ

* ਭਾਈ ਰਣਜੀਤ ਸਿੰਘ ਤੇ ਪ੍ਰਿੰਸੀਪਲ ਦਲਜੀਤ ਸਿੰਘ ਵਿਚ ਗਰਮਾ ਗਰਮੀ

ਅੰਮ੍ਰਿਤਸਰ, (4 ਅਪ੍ਰੈਲ,ਪੀ.ਐਸ.ਐਨ): ਖਾਲਸਾ ਕਾਲਜ ਨੂੰ ਯੂਨੀਵਰਸਿਟੀ ਵਿਚ ਤਬਦੀਲ ਕਰਨ ਦਾ ਮਾਮਲਾ, ਅੱਜ ਉਸ ਵੇਲੇ ਗਰਮਾ ਗਰਮ ਰੂਪ ‘ਚ ਉਠ ਗਿਆ ਜਦੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਇਸ ਮੁੱਦ ‘ਤੇ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਦੌਰਾਨ ਅਚਨਚੇਤੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਵੀ ਆਪਣਾ ਪੱਖ ਪੇਸ਼ ਕਰਨ ਲਈ ਪੁੱਜ ਗਏ।

ਖ਼ਾਲਸਾ ਕਾਲਜ ਮੁਦੇ 'ਤੇ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਸੇਵਾਦਾਰ ਭਾਈ ਰਣਜੀਤ ਸਿੰਘ ਵਲੋਂ ਸੱਦੀ ਇਕ ਪੱਤਰਕਾਰ ਮਿਲਣੀ ਵਿਚ ਹਾਲਤ ਉਸ ਸਮੇਂ ਬੇਕਾਬੂ ਹੋ ਗਏ ਜਦੋਂ ਉਥੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਦਲਜੀਤ ਸਿੰਘ ਆ ਪੁੱਜੇ ਅਤੇ ਸਾਬਕਾ ਫ਼ੈਡਰੇਸ਼ਨ ਆਗੂ ਜਸਬੀਰ ਸਿੰਘ ਘੁੰਮਣ ਤੇ ਪ੍ਰਿੰਸੀਪਲ ਵਿਚਾਲੇ ਟਕਰਾਅ ਹੋ ਗਿਆ। ਭਾਈ ਰਣਜੀਤ ਸਿੰਘ ਨੇ ਬੜੀ ਮੁਸ਼ਕਿਲ ਨਾਲ ਸਾਰੇ ਮਾਹੌਲ ਨੂੰ ਸ਼ਾਂਤ ਕੀਤਾ। ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਦਲਜੀਤ ਸਿੰਘ, ਭਾਈ ਰਣਜੀਤ ਸਿੰਘ ਅੱਗੇ ਅਪਣਾ ਪੱਖ ਰੱਖਣ ਲਈ ਸਬੂਤਾਂ ਸਮੇਤ ਮਾਮਲਾ ਲੈ ਕੇ ਪ੍ਰੈ¤ਸ ਕਾਨਫ਼ਰੰਸ ਵਿਚ ਪੁੱਜੇ ਤਾਂ ਫ਼ੈਡਰੇਸ਼ਨ ਆਗੂ ਭਾਈ ਜਸਬੀਰ ਸਿੰਘ ਘੁੰਮਣ, ਜਿਸ ਦੀ ਪਤਨੀ ਵਿਰੁਧ ਪ੍ਰਿੰਸੀਪਲ ਨੇ ਅਪਣੇ ਘਰ ਦੇ ਬਾਹਰ ਹੋ-ਹੱਲਾ ਕਰਨ ਵਿਰੁਧ ਕੇਸ ਦਰਜ ਕਰਵਾਇਆ ਸੀ, ਪ੍ਰਿੰਸੀਪਲ ਨੂੰ ਦੇਖਦੇ ਸਾਰ ਹੀ ਭੜਕ ਪਏ। ਖ਼ਾਲਸਾ ਕਾਲਜ ਓਲਡ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਧਨਵੰਤ ਸਿੰਘ ਨੇ ਵੀ ਪ੍ਰਿੰਸੀਪਲ ਦੇ ਆਉਣ 'ਤੇ ਇਤਰਾਜ਼ ਕੀਤਾ। ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਨੇ ਖ਼ਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਦੇ ਵਿਰੋਧ ਵਿਚ ਖੜੀਆਂ ਧਿਰਾਂ ਨੂੰ ਸੱਤਾਧਾਰੀਆਂ ਦੇ ਕਿਸੇ ਵੀ ਝਾਂਸੇ ਤੋਂ ਬਚਣ ਦੀ ਸਲਾਹ ਦਿਤੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਬਾਰੇ ਕਿਹਾ ਹੈ ਕਿ ਯੂਨੀਵਰਸਿਟੀ ਬਣਾਉਣ ਦਾ ਫ਼ੈਸਲਾ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇਗਾ, ਪਰ ਹੁਣ ਤਕ ਬਾਦਲ ਦੇ ਸਿਆਸੀ ਪੈਂਤੜੇ ਨੂੰ ਦੇਖਦੇ ਹੋਏ ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਅਵੇਸਲੇ ਹੋ ਕੇ ਨਹੀਂ ਬੈਠ ਜਾਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਸਿੱਖਾਂ ਦੀ ਸਿਰਮੌਰ ਵਿਦਿਅਕ ਸੰਸਥਾ ਹੈ ਅਤੇ ਇਸ ਸੰਸਥਾ ਦੀ ਚੜ੍ਹਤ ਤੋਂ ਹੀ ਸਮੇਂ ਦੀਆਂ ਹਕੂਮਤਾਂ ਇਸ ਵਲ ਬੁਰੀ ਅੱਖ ਰਖਦੀਆਂ ਹਨ। ਉਨਾਂ ਕਿਹਾ ਕਿ ਆਰ.ਐਸ.ਐਸ ਜਿਸ ਦਾ ਮੁੱਖ ਨਿਸ਼ਾਨਾ ਹੀ ਹਿੰਦੂ, ਹਿੰਦੀ, ਹਿੰਦੋਸਤਾਨ ਹੈ, ਉਹ ਹਮੇਸ਼ਾ ਹੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਿੱਧ ਕਰਨ ਦੀਆਂ ਗੋਂਦਾਂ ਗੁੰਦਦੀ ਰਹਿੰਦੀ ਹੈ। ਬਾਦਲਕੇ ਉਸੇ ਸਿੱਖ ਵਿਰੋਧੀ ਆਰ.ਐਸ.ਐਸ ਦੇ ਪਿੱਠੂ ਹਨ। ਉਨ੍ਹਾਂ ਦਸਿਆ ਕਿ ਸਤਿਆਜੀਤ ਸਿੰਘ ਮਜੀਠੀਆ ਅਤੇ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਗਵਰਨਿੰਗ ਕੌਂਸਲ ਵਿਚ ਅਪਣੇ ਪਰਵਾਰਾਂ ਦੇ ਹੀ ਮੈਂਬਰ ਭਰਤੀ ਕਰ ਲਏ ਹਨ ਜਿਨ੍ਹਾਂ ਵਿਚ ਮਜੀਠੀਆ ਦੀ ਧੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ, ਉਨਾਂ ਦਾ ਪੁੱਤਰ ਬਿਕਰਮਜੀਤ ਸਿੰਘ, ਉਨਾਂ ਦਾ ਜਵਾਈ ਸੁਖਬੀਰ ਸਿੰਘ ਬਾਦਲ, ਦਲੀਪ ਸਿੰਘ ਮਜੀਠੀਆ, ਗੁਰਮੇਹਰ ਸਿੰਘ ਮਜੀਠੀਆ, ਸੁਖਮਨਜਸ ਕੌਰ ਆਦਿ ਇਹ ਸਾਰੇ ਹੀ ਮਜੀਠੀਆ ਪਰਵਾਰ ਦੇ ਜੀਅ ਜਾਂ ਰਿਸ਼ਤੇਦਾਰ ਹਨ। ਇਸੇ ਤਰ੍ਹਾਂ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਰਾਜਿੰਦਰਮੋਹਨ ਸਿੰਘ ਛੀਨਾ ਨੇ ਵੀ ਅਪਣੀ ਪਤਨੀ ਤਜਿੰਦਰ ਕੌਰ ਦੇ ਇਲਾਵਾ ਚਾਰ ਹੋਰ ਮੈਂਬਰ ਬਣਾ ਲਏ ਹਨ। ਇਸ ਕੌਂਸਲ ਦਾ ਸਲਾਹਕਾਰ ਅਜਮੇਰ ਸਿੰਘ ਹੇਰ ਵੀ ਇਨ੍ਹਾਂ ਦਾ ਹੀ ਰਿਸ਼ਤੇਦਾਰ ਹੈ ਜਿਸ ਦੀ ਸਲਾਹ ਨਾਲ ਗਵਰਨਿੰਗ ਕੌਂਸਲ ਅਤੇ ਖ਼ਾਲਸਾ ਯੂਨੀਵਰਸਿਟੀ ਦਾ ਵਿਧਾਨ ਵੀ ਇਨ੍ਹਾਂ ਨੇ ਅਪਣੀ ਮਰਜ਼ੀ ਦਾ ਬਣਾ ਲਿਆ ਹੈ। ਇਨ੍ਹਾਂ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਿਚ ਬਹੁਸਮਤੀ ਸਦਕਾ ਯੂਨੀਵਰਸਿਟੀ ਨੂੰ ਪਰਵਾਰਕ ਲਿਮਟਿਡ ਫ਼ਰਮ ਬਣਾਉਣ ਦੀ ਸਾਜ਼ਸ ਨੂੰ ਅੰਤਮ ਰੂਪ ਦੇ ਦਿਤਾ ਹੈ। ਭਾਈ ਰਣਜੀਤ ਸਿੰਘ ਨੇ ਅਕਾਲ ਤਖ਼ਤ ਦੇ ‘ਜਥੇਦਾਰ' ਨੂੰ ਵਿਕਾਊ ਮਾਲ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅਪਣੇ ਸਿਧਾਂਤਾਂ ਨੂੰ ਪਿੰਗਲਾ ਬਣਾ ਕੇ ਰੱਖ ਦਿੱਤਾ ਹੈ।

ਇਸ ਦੌਰਾਨ ਮੌਕੇ ‘ਤੇ ਹਾਜ਼ਰ ਸਾਬਕਾ ਫੈਡਰੇਸ਼ਨ ਆਗੂ ਜਸਬੀਰ ਸਿੰਘ ਘੁੰਮਣ ਅਤੇ ਪ੍ਰਿੰਸੀਪਲ ਵਿਚਾਲੇ ਅਧਿਆਪਕਾਂ ਖਿਲਾਫ ਪਰਚਾ ਦਰਜ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਤਿੱਖੀ ਤਕਰਾਰ ਸ਼ੁਰੂ ਹੋ ਗਈ। ਇਸ ਮਾਮਲੇ ‘ਚ ਭਾਈ ਰਣਜੀਤ ਸਿੰਘ ਨੇ ਦਖਲਅੰਦਾਜ਼ੀ ਕਰਦਿਆਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਪ੍ਰਿੰਸੀਪਲ ਡਾ. ਦਲਜੀਤ ਸਿੰਘ, ਜੋ ਲੈਪਟਾਪ ਅਤੇ ਫੋਟੋਆਂ ਲੈ ਕੇ ਪੁੱਜੇ ਹੋਏ ਸਨ, ਨੇ ਇਹ ਸਾਰਾ ਕੁਝ ਸਾਬਕਾ ਜਥੇਦਾਰ ਨੂੰ ਵਿਖਾਇਆ ਅਤੇ ਆਪਣਾ ਪੱਖ ਰੱਖਿਆ। ਉਨ੍ਹਾਂ ਦੋਸ਼ ਲਾਇਆ ਕਿ 16 ਅਤੇ 17 ਮਾਰਚ ਨੂੰ ਅਧਿਆਪਕਾਂ ਨੇ ਇਕੱਠੇ ਹੋ ਕੇ ਉਸ ਦੇ ਘਰ ਦੇ ਬਾਹਰ ਆ ਕੇ ਉਸ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਅਤੇ ਧਮਕਾਇਆ ਵੀ ਹੈ। ਉਨ੍ਹਾਂ ਨੇ ਅਧਿਆਪਕਾਂ ਖਿਲਾਫ਼ ਦਰਜ ਕਰਵਾਈ ਸ਼ਿਕਾਇਤ ਨੂੰ ਜਾਇਜ਼ ਕਰਾਰ ਦਿੱਤਾ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਪ੍ਰਿੰਸੀਪਲ ਨੂੰ ਸੁਝਾਅ ਦਿੱਤਾ ਕਿ ਜੇ ਉਹ ਇਸ ਮਾਮਲੇ ਨੂੰ ਆਪਸੀ ਸਹਿਮਤੀ ਨਾਲ ਹੱਲ ਕਰਨਾ ਚਾਹੁੰਦੇ ਹਨ ਤਾਂ ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਖਿਲਾਫ਼ ਦਰਜ ਕਰਵਾਏ ਗਏ ਪੁਲੀਸ ਕੇਸ ਨੂੰ ਵਾਪਸ ਲੈ ਲੈਣ ਪਰ ਪ੍ਰਿੰਸੀਪਲ ਨੇ ਇਹ ਕੇਸ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਜਥੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦੇ ਮਾਮਲੇ ਨੂੰ ਮੁਲਤਵੀ ਕਰਨ ਦਾ ਬਿਆਨ ਸਿਰਫ ਇਕ ਡਰਾਮਾ ਹੈ ਅਤੇ ਸੰਘਰਸ਼ ਕਰ ਰਹੇ ਅਧਿਆਪਕਾਂ ਦੀਆਂ ਅੱਖਾਂ ਪੂੰਝਣ ਵਾਲੀ ਕਾਰਵਾਈ ਹੈ। ਉਨ੍ਹਾਂ ਵਿਚ ਸੁਹਿਰਦ ਹਨ ਤਾਂ ਉਹ ਇਸ ਯੋਜਨਾ ਨੂੰ ਰੱਦ ਕਰਨ ਦਾ ਐਲਾਨ ਕਰਕੇ ਇਹ ਵਿਵਾਦ ਖ਼ਤਮ ਕਰਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਵਿਚ ਅਧਿਆਪਕਾਂ ਖਿਲਾਫ ਦਰਜ ਕੀਤੇ ਗਏ ਕੇਸ ਬਿਨਾਂ ਸ਼ਰਤ ਵਾਪਸ ਲਏ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਖਾਲਸਾ ਕਾਲਜ ਸੁਸਾਇਟੀ ਵਿਚ ਆਪਣੇ ਚਹੇਤੇ ਮੈਂਬਰਾਂ ਨੂੰ ਵੱਡੀ ਗਿਣਤੀ ਵਿਚ ਨਾਮਜ਼ਦ ਕਰਕੇ ਇਸ ਦੇ ਸੰਵਿਧਾਨ ਨਾਲ ਛੇੜ-ਛਾੜ ਕੀਤੀ ਜਾ ਰਹੀ ਹੈ ਅਤੇ ਅਜਿਹਾ ਇਸ ਸੰਸਥਾ ‘ਤੇ ਆਪਣਾ ਕਬਜ਼ਾ ਬਣਾ ਕੇ ਰੱਖਣ ਦੀ ਨੀਯਤ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਇਸ ਮਾਮਲੇ ਵਿਚ ਮਤਾ ਪਾਸ ਕਰਕੇ ਮੁੜ ਪਿਛਾਂਹ ਮੁੜ ਜਾਣ ਦੇ ਰਵੱਈਏ ਦੀ ਵੀ ਕਰੜੀ ਨਿਖੇਧੀ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਇਸ ਮਾਮਲੇ ਵਿਚ ਸਿੰਘ ਸਾਹਿਬਾਨ ਕੋਲੋਂ ਵੀ ਕੋਈ ਆਸ ਨਹੀਂ ਰੱਖੀ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਮਜੀਠੀਆ ਪਰਿਵਾਰ ਨਾਲ ਸਬੰਧਤ ਸੱਤ ਮੈਂਬਰਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਇਕੋ ਐਡਰੈੱਸ ਹੇਠ ਮੈਂਬਰ ਨਾਮਜ਼ਦ ਕੀਤਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ੍ਰੀ ਛੀਨਾ ਨੇ ਕੌਂਸਲ ਵਿਚ ਆਪਣੀ ਪਤਨੀ ਅਤੇ ਦੋ ਹੋਰ ਵਿਅਕਤੀਆਂ ਨੂੰ ਮੈਂਬਰ ਨਾਮਜ਼ਦ ਕੀਤਾ ਹੋਇਆ ਹੈ। ਇਸ ਮਾਮਲੇ ਵਿਚ ਉਨ੍ਹਾਂ ਇਕ ਹੋਰ ਮੈਂਬਰ ਅਜਮੇਰ ਸਿੰਘ ਹੇਰ ਦਾ ਵੀ ਨਾਂ ਲਿਆ।

ਪੱਤਰਕਾਰ ਸੰਮੇਲਨ ਵਿਚ ਸਾਬਕਾ ਜਥੇਦਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ 1920 ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸੰਧੂ, ਫੈਡਰੇਸ਼ਨ ਆਗੂ ਸਰਬਜੀਤ ਸਿੰਘ ਸੋਹਲ, ਜਸਬੀਰ ਸਿੰਘ ਘੁੰਮਣ, ਧਨਵੰਤ ਸਿੰਘ ਤੇ ਹੋਰ ਹਾਜ਼ਰ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top