Share on Facebook

Main News Page

ਭਾਈ ਰਾਜਿੰਦਰ ਸਿੰਘ (ਸ਼੍ਰੋਮਣੀ ਖਾਲਸਾ ਪੰਚਾਇਤ) ਦੀ ਕਿਤਾਬ, ‘ਮਹੱਤਵਪੂਰਨ ਸਿੱਖ ਮੁੱਦੇ’ ਕੌਮ ਨੂੰ ਅਰਪਣ

ਚੰਡੀਗੜ੍ਹ (4 ਅਪ੍ਰੈਲ, 2011) - ਅੱਜ ਇਥੇ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜੱਜ, ਜਸਟਿਸ ਕੁਲਦੀਪ ਸਿੰਘ ਨੇ ਭਾਈ ਰਾਜਿੰਦਰ ਸਿੰਘ (ਸ਼੍ਰੋਮਣੀ ਖਾਲਸਾ ਪੰਚਾਇਤ) ਦੀ ਕਿਤਾਬ, ‘ਮਹੱਤਵਪੂਰਨ ਸਿੱਖ ਮੁੱਦੇ’ ਕੌਮ ਨੂੰ ਅਰਪਣ ਕੀਤੀ। ਉਨ੍ਹਾਂ ਨੇ ਕਿਤਾਬ ਦੀਆਂ ਪਹਿਲੀਆਂ ਪੰਜ ਕਾਪੀਆਂ, ਪੰਜਾਬ ਮਨੁੱਖੀ ਅਧਿਕਾਰ ਸੰਗਠਣ ਦੇ ਮੁਖੀ ਜਸਟਿਸ(ਰਿਟਾ.) ਅਜੀਤ ਸਿੰਘ ਬੈਂਸ, ਵਿਦਵਾਨ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ, ਦੱਲ ਖਾਲਸਾ ਦੇ ਮੁਖੀ ਸ੍ਰ. ਹਰਚਰਨਜੀਤ ਸਿੰਘ ਧਾਮੀ, ਮਨੁੱਖੀ ਅਧਿਕਾਰਾਂ ਦੇ ਵਕੀਲ ਸ੍ਰ. ਨਵਕਿਰਨ ਸਿੰਘ ਐਡਵੋਕੇਟ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋ. ਹਰਜਿੰਦਰ ਸਿੰਘ ਸਭਰਾ ਨੂੰ ਭੇਟ ਕੀਤੀਆਂ।

ਇਸ ਮੌਕੇ ਤੇ ਬੋਲਦਿਆਂ ਜਸਟਿਸ ਕੁਲਦੀਪ ਸਿੰਘ ਨੇ ਕਿਹਾ, ਕਿ ਆਪਣੀਆਂ ਕੌਮੀ ਸੰਸਥਾਵਾਂ ਦੀ ਪੜਚੋਲ ਕਰਨੀ ਬਹੁਤ ਜ਼ਰੂਰੀ ਹੈ। ਭਾਈ ਰਾਜਿੰਦਰ ਸਿੰਘ ਨੇ ਇਹ ਕੰਮ ਬੜੀ ਸੂਝ, ਨਿਡਰਤਾ ਅਤੇ ਨਿਰਪਖਤਾ ਨਾਲ ਕੀਤਾ ਹੈ।  ਕਿਤਾਬ ਬਾਰੇ ਜਾਣਕਾਰੀ ਦਿੰਦਿਆਂ, ਦਲ ਖਾਲਸਾ ਦੇ ਮੁਖੀ ਸ੍ਰ. ਹਰਚਰਨਜੀਤ ਸਿੰਘ ਧਾਮੀ ਨੇ ਕਿਹਾ, ਕਿ ਇਸ ਕਿਤਾਬ ਵਿੱਚ ਵਿਚਾਰੇ ਗਏ ਸਾਰੇ ਮੁੱਦੇ ਸਿੱਖ ਕੌਮ ਲਈ ਅਤਿ ਮਹਤੱਤਾ ਰਖਦੇ ਹਨ ਅਤੇ ਸ੍ਰ. ਰਾਜਿੰਦਰ ਸਿੰਘ ਨੇ ਉਨ੍ਹਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਵਿਚਾਰ ਕੇ ਕੌਮ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਸਿੱਖ ਕੌਮ ਵਿੱਚ ਵਧ ਰਹੇ ਪੁਜਾਰੀਵਾਦ ਵੱਲ ਸੰਕੇਤ ਕਰਦਿਆਂ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ. ਹਰਜਿੰਦਰ ਸਿੰਘ ਸਭਰਾ ਨੇ ਕਿਹਾ ਕਿ ਸਤਿਗੁਰੂ ਨੇ ਸਾਨੂੰ ਬੁਤ ਪੂਜਾ ਤੋਂ ਮੁਕਤ ਕਰਾਇਆ ਸੀ, ਸਿੱਖਾਂ ਨੇ ਹੁਣ ਹੱਡ ਮਾਸ ਦੇ ਬੁਤ ਪੂਜਣੇ ਸ਼ੁਰੂ ਕਰ ਦਿੱਤੇ ਹਨ।  ਡਾ. ਗੁਰਦਰਸ਼ਨ ਸਿੰਘ ਢਿਲੋਂ ਨੇ ਜਿਥੇ ਕਿਤਾਬ ਗਿਆਨੀ ਭਾਗ ਸਿੰਘ ਅੰਬਾਲਾ ਨੂੰ ਸਮਰਪਤ ਕਰਨ ਦੀ ਸ਼ਲਾਘਾ ਕੀਤੀ ਉਥੇ ਕਿਤਾਬ ਵਿੱਚ ਵਿਚਾਰੇ ਗਏ ਹਰ ਮੁੱਦੇ ਦੀ ਪੜਚੋਲ ਵੀ ਕੀਤੀ ਅਤੇ ਉਸ ਨਾਲ ਸਹਿਮਤੀ ਵੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਨੂੰ ਉਤਨਾ ਖਤਰਾ ਬਾਹਰਲਿਆਂ ਤੋਂ ਨਹੀਂ, ਸਗੋਂ ਸਿੱਖ ਕੌਮ ਦੇ ਅੰਦਰ ਪਖੰਡੀ ਬਾਬੇ ਅਤੇ ਟਕਸਾਲੀ ਬਣ ਕੇ ਬੈਠੇ ਉਨ੍ਹਾਂ ਲੋਕਾਂ ਤੋਂ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਕ ਗੈਰ ਸਿਧਾਂਤਕ ਗੰਦੀ ਕਿਤਾਬ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਆਪਣੀ ਕਿਤਾਬ ਬਾਰੇ ਬੋਲਦਿਆਂ ਭਾਈ ਰਾਜਿੰਦਰ ਸਿੰਘ ਨੇ ਕਿਹਾ, ਉਹ ਜੋ ਵੀ ਲਿਖਦੇ ਹਨ, ਉਸ ਦਾ ਅਧਾਰ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੁੰਦਾ ਹੈ ਅਤੇ ਲਿਖਣ ਸਮੇਂ ਉਹ ਕੇਵਲ ਗੁਰੂ ਗ੍ਰੰਥ ਸਾਹਿਬ, ਖਾਲਸਾ ਪੰਥ ਅਤੇ ਮਨੁੱਖਤਾ ਨੂੰ ਸਮਰਪਤ ਹੋ ਕੇ ਲਿਖਦੇ ਹਨ। ਉਸ ਸਮੇਂ ਉਨ੍ਹਾਂ ਦੇ ਮਨ ਜਾਂ ਸੋਚਨੀ ਨੂੰ ਨਾ ਤਾਂ ਕੋਈ ਡਰ-ਖੌਫ ਪ੍ਰਭਾਵਤ ਕਰ ਸਕਦਾ ਹੈ, ਨਾ ਕੋਈ ਨਿਜੀ ਸਬੰਧ ਅਤੇ ਨਾ ਲਾਲਚ।

ਇਸ ਕਿਤਾਬ ਵਿੱਚ ਭਾਈ ਰਾਜਿੰਦਰ ਸਿੰਘ ਨੇ ਛੇ ਮਹਤੱਵਪੂਰਨ ਸਿੱਖ ਮੁਦਿਆਂ ਤੇ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਅਧਾਰ ਬਣਾਕੇ ਪੜਚੋਲ ਕੀਤੀ ਹੈ। ਇਹ ਮੁੱਦੇ ਹਨ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ, ਹਰਿਮੰਦਰ ਕਿ ਦਰਬਾਰ ਸਾਹਿਬ, ਸਿੱਖ ਮਤਿ ਅਤੇ ਯੋਗਆਸਨ, ਇਕ ਅਮਲੀ ਜੀਵਨ ਤੋਂ ਸੁਫਨਿਆਂ ਦਾ ਧਰਮ, ਸਿੱਖੀ ਦੇ ਸੋਮੇਂ ਅਤੇ ਗੁਰਮਤਿ ਦੀ ਕਸਵੱਟੀ ਤੇ ਬਚਿਤ੍ਰ ਨਾਟਕ।

ਅੱਜ ਦੇ ਪ੍ਰੋਗਰਾਮ ਵਿੱਚ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਪੰਚ ‘ਤੇ ਸੰਤਾ ਦੇ ਕੌਤਕ ਕਿਤਾਬ (ਛੇ ਭਾਗ) ਦੇ ਲੇਖਕ ਭਾਈ ਸੁਖਵਿੰਦਰ ਸਿੰਘ ਸਭਰਾ, ਦਲ ਖਾਲਸਾ ਦੇ ਸਾਬਕਾ ਮੁਖੀ ਸਤਨਾਮ ਸਿੰਘ ਪਾਉਂਟਾ ਸਾਹਿਬ, ਸਿੱਖ ਚਿੰਤਕ ਕਰਨਲ ਗੁਰਦੀਪ ਸਿੰਘ, ਸ੍ਰ. ਸੁਖਦੇਵ ਸਿੰਘ ਅਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਦੀ ਕਮੇਟੀ ਦੇ ਸ੍ਰ. ਕੇਸਰ ਸਿੰਘ ਵੀ ਹਾਜ਼ਰ ਸਨ।

ਇਸ ਕਿਤਾਬ ਦਾ ਮੁਖਬੰਦ ਅਕਾਲ ਤਖਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਲਿਖਿਆ ਹੈ।

ਸਟੇਜ ਦੀ ਸੇਵਾ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਸਕੱਤਰ ਸ੍ਰ. ਰਵਿੰਦਰ ਸਿੰਘ ਨੇ ਬੜੀ ਯੋਗਤਾ ਨਾਲ ਨਿਭਾਈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top