Share on Facebook

Main News Page

ਦੁਆਬੇ ਦੀ ਧਰਤੀ ਦਾ ਵਿਦਵਾਨ ਢਾਡੀ ਨਿਹੰਗ ਅਜੀਤ ਸਿੰਘ ਕੁਹਾੜ, ਚਾਲੇ ਪਾ ਗਿਆ

(ਅਵਤਾਰ ਸਿੰਘ ਮਿਸ਼ਨਰੀ/ਤਰਲੋਚਨ ਸਿੰਘ ਦੁਪਾਲਪੁਰ) ਇਹ ਲੇਖ ਦਾਸ ਨੇ ਭਾਈ ਸੱਜਨ ਸਿੰਘ ਕੁਹਾੜ (ਹਾਲ ਯੂਬਾ ਸਿਟੀ) ਜੋ ਨਿਹੰਗ ਅਜੀਤ ਸਿੰਘ ਕੁਹਾੜ ਨਾਲ ਢਾਡੀ ਜਥੇ ਵਿੱਚ ਢੱਡ ਨਾਲ ਗਾਉਂਦਾ ਸੀ, ਦੀ ਦਿੱਤੀ ਜਾਣਕਾਰੀ, ਹੋਰ ਦੋਸਤਾਂ ਅਤੇ ਦਾਸ ਦੇ ਕੁਝ ਅੱਖੀਂ ਡਿੱਠੇ ਵਾਕਿਆ ਅਨੁਸਾਰ ਲਿਖਿਆ। ਭਾਈ ਸੱਜਨ ਸਿੰਘ ਕੁਹਾੜ ਦੇ ਦੱਸਣ ਮੁਤਾਬਕ ਪੰਜਾਬ ਦੇ ਦੁਆਬਾ ਇਲਾਕੇ ਜਿਲ੍ਹਾ ਜਲੰਧਰ ਦੇ ਪਿੰਡ ਕੁਹਾੜ ਕਲਾਂ ਵਿੱਚ ਸੰਨ 1952 ਨੂੰ ਪੈਦਾ ਹੋਇਆ ਨਿਹੰਗ ਅਜੀਤ ਸਿੰਘ ਕੁਹਾੜ ਬੀਤੇ ਕੁਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਤੋਂ ਚੱਲ ਵਸਿਆ। ਆਪ ਜੀ ਦੇ ਪਿਤਾ ਸ੍ਰ ਬਹਾਦਰ ਸਿੰਘ ਅਤੇ ਮਾਤਾ ਹਰਨਾਮ ਕੌਰ ਇੱਕ ਚੰਗੇ ਦੰਪਤੀ ਸਨ। ਜਿਨ੍ਹਾਂ ਨੇ ਬੱਚੇ ਅਜੀਤ ਨੂੰ ਬੜੇ ਲਾਡਾਂ ਪਿਆਰਾਂ ਨਾਲ ਪਾਲਿਆ ਸੀ। ਢਾਡੀ ਜਥੇਦਾਰ ਕੁਹਾੜ ਦਾ ਬਚਪਨ ਨਾਨਕੇ ਪਿੰਡ ਨੂਰਪੁਰ ਵਿੱਚ ਬਤੀਤ ਹੋਇਆ। ਆਪ ਜੀ ਨੇ ਨੂਰਪੁਰ ਹਾਈ ਸਕੂਲ ਤੋਂ 10 ਵੀਂ ਅਤੇ ਨਕੋਦਰ ਤੋਂ 12 ਵੀਂ ਕਲਾਸ ਪਾਸ ਕੀਤੀ। ਫਿਰ ਚੜ੍ਹਦੀ ਜਵਾਨੀ ਵਿੱਚ ਰੋਟੀ ਰੋਜੀ ਦੀ ਭਾਲ ਵਿੱਚ ਵਿਦੇਸ਼ ਇਰਾਕ ਅਤੇ ਇਰਾਨ ਚਲੇ ਗਏ ਅਤੇ ਓਥੇ ਹਡਭੰਨਵੀਂ ਕਮਾਈ ਕਰਕੇ ਘਰ ਦੀ ਤਸਵੀਰ ਬਦਲੀ।

ਉਨ੍ਹਾਂ ਦਿਨਾਂ ਵਿੱਚ ਹੀ ਭਾਰਤ ਦੀ ਜ਼ਾਲਮ ਸਰਕਾਰ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਫੌਜੀ ਹਮਲਾ ਕਰ ਕੇ ਢਹਿ ਢੇਰੀ ਕਰ ਦਿੱਤਾ। ਇਸ ਨਾਪਾਕ ਅਤੇ ਦਿਲ ਕੰਬਾਊ ਘਟਨਾਂ ਤੋਂ ਬਾਅਦ ਆਪ ਜੀ ਵਿਦੇਸ਼ੀ ਕੰਮ ਛੱਡ ਕੇ ਘਰ ਆ ਗਏ। ਇਸ ਤੋਂ ਕੁਝ ਦੇਰ ਬਾਅਦ ਜਲੰਧਰ ਜਿਲ੍ਹੇ ਦੇ ਨਕੋਦਰ ਸ਼ਹਿਰ ਵਿਖੇ ਨਕੋਦਰ ਕਾਂਡ ਵਾਪਰਿਆ ਜਿਸ ਵਿੱਚ “ਗੁਰੂ ਗ੍ਰੰਥ ਸਾਹਿਬ” ਜੀ ਦੇ ਪਾਵਨ ਸਰੂਪ ਨੂੰ ਅੱਗ ਲਾਈ ਗਈ। ਪੁਲੀਸ ਦੀਆਂ ਰੋਕਾਂ ਤੋੜ ਕੇ ਨਕੋਦਰ ਵਿਖੇ ਸਿੱਖ ਸੰਗਤਾਂ ਦਾ ਭਾਰੀ ਇਕੱਠ ਹੋਇਆ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਰਹੂਮ ਸ੍ਰ. ਗੁਰਚਰਨ ਸਿੰਘ ਟੌਹੜਾ ਵੀ ਪਹੁੰਚੇ ਹੋਏ ਸਨ। ਇਸ ਇਕੱਠ ਵਿੱਚ ਪਹੁੰਚੇ ਨੌਜਵਾਨ ਕੁਹਾੜ ਨੇ ਸ੍ਰ. ਟੌਹੜੇ ਤੋਂ ਆਗਿਆ ਲੈ ਕੇ ਇੱਕ ਬੜੀ ਹੀ ਜੋਸ਼ੀਲੀ ਅਤੇ ਭਾਵਪੂਰਤ ਕਵਿਤਾ ਬੋਲੀ, ਜਿਸਦਾ ਸੰਗਤਾਂ ਤੇ ਬੜਾ ਅਸਰ ਹੋਇਆ। ਇਸ ਦਿਨ ਤੋਂ ਹੀ ਆਪ ਜੀ ਦੇ ਮਨ ਵਿੱਚ ਕਵਿਤਾ-ਕਵੀਸ਼ਰੀ ਸਿੱਖਣ ਦਾ ਚਾਅ ਪੈਦਾ ਹੋ ਗਿਆ ਅਤੇ ਆਪ ਜੀ ਨੇ ਉਸ ਸਮੇਂ ਦੇ ਪ੍ਰਸਿੱਧ ਕਵੀਸ਼ਰ ਬੀਰਬਲ ਘੱਲਾਂ ਅਤੇ ਸਾਥੀ ਮਹਿੰਦਰ ਸਿੰਘ ਕੁਲਾਰ ਨਾਲ ਕਵਿਸ਼ਰੀ ਜਥਾ ਬਣਾ ਕੇ ਜੋੜ ਮੇਲਿਆਂ ਵਿੱਚ ਕਵਿਸ਼ਰੀ ਕਰਨੀ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਨਿਹੰਗ ਅਜੀਤ ਸਿੰਘ ਕੁਹਾੜ ਨੇ ਢਾਡੀ ਰਾਗ ਸਿੱਖਿਆ। ਬਿਕਰ ਸਿੰਘ ਮਾਣਕ ਅਤੇ ਗੁਰਮੇਲ ਸਿੰਘ ਵੜੈਚ ਨਾਲ ਢਾਡੀ ਜਥਾ ਬਣਾ ਕੇ ਪਹਿਲੀ ਵਾਰ ਸੰਨ 1988 ਵਿੱਚ ਕਨੇਡਾ ਆਏ ਅਤੇ ਕਨੇਡਾ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਆਪਣੇ ਢਾਡੀ ਜਥੇ ਰਾਹੀਂ ਬੜੇ ਜੋਸ਼ੀਲੇ ਸੁਰ ਵਿੱਚ ਗੁਰ ਉਸਤਤ ਅਤੇ ਸਿੱਖ ਇਤਿਹਾਸ ਸੁਣਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ। ਵੱਖ-ਵੱਖ ਪ੍ਰਬੰਧਕ ਕਮੇਟੀਆਂ ਨੇ ਇਸ ਢਾਡੀ ਜਥੇ ਨੂੰ ਬੜਾ ਮਾਨ-ਤਾਨ ਬਖਸਿ਼ਆ। ਇਉਂ ਇੱਕ ਸਾਲ ਕਨੇਡਾ ਵਿਖੇ ਵਿਚਰਨ ਬਾਅਦ ਆਪ ਜੀ ਵਾਪਸ ਪੰਜਾਬ (ਭਾਰਤ) ਆ ਗਏ। ਇੱਥੇ ਵਾਪਸ ਆ ਕੇ ਆਪ ਜੀ ਨੇ ਸ਼ਹੀਦਾਂ ਦੇ ਗੁਰਦੁਆਰਾ ਕੁਟੀਆ ਸਾਹਿਬ ਦੀ ਕਾਰ ਸੇਵਾ ਸੰਭਾਲ ਲਈ। ਸੰਨ 1982 ਤੋਂ 2011 ਤੱਕ ਜੋ ਵੀ ਪੈਸਾ ਕਮਾਇਆ ਗੁਰਦੁਆਰੇ ਦੀ ਕਾਰ ਸੇਵਾ, ਗੁਰਮਤਿ ਪ੍ਰਚਾਰ ਅਤੇ ਅੱਗੇ ਹੋਰ ਢਾਡੀ ਜਥੇ ਤਿਆਰ ਕਰਨ ਵਿੱਚ ਲਾਇਆ, ਆਪ ਜੀ ਦੇ ਪੈਦਾ ਕੀਤੇ ਹੋਏ ਢਾਡੀ ਐਸ ਵੇਲੇ ਦੇਸ਼-ਵਿਦੇਸ਼ ਵਿੱਚ ਸੇਵਾ ਨਿਭਾ ਰਹੇ ਹਨ।

ਆਪ ਜੀ ਨੇ ਡਾਕ ਰਾਹੀਂ ਸਿੱਖ ਮਿਸ਼ਨਰੀ ਕਾਲਜ ਦਾ ਗੁਰਮਤਿ ਕੋਰਸ ਵੀ ਪਾਸ ਕੀਤਾ। ਆਪ ਜੀ ਪੰਥ ਪ੍ਰਸਤ ਅਤੇ ਡੇਰਾਵਾਦ ਦੇ ਕਟੜ ਵਿਰੋਧੀ ਸਨ। ਭੇਖੀ ਸਾਧਾਂ ਸੰਤਾਂ ਅਤੇ ਡੇਰੇਦਾਰਾਂ ਨੂੰ ਆਪਣੇ ਜੋਸ਼ੀਲੇ ਅਤੇ ਪ੍ਰਭਾਵਸ਼ਾਲੀ ਲੈਕਚਰਾਂ ਵਿੱਚ ਲੱਕ ਤੋੜਵੇਂ ਸੋਧੇ ਲਾਉਂਦੇ ਸਨ। ਆਪ ਜਦ ਵੀ ਦੀਵਾਨ ਸ਼ੁਰੂ ਕਰਦੇ ਤਾਂ ਪਹਿਲੀ ਬੰਦਨਾਂ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਅਤੇ ਮੰਗਲਾਚਰਨ ਕਰਦੇ ਹੋਏ ਗੁਰੂ ਅਤੇ ਪ੍ਰਮਾਤਮਾਂ ਦੀ ਬੇਸ਼ੁਮਾਰ ਸ਼ਬਦਾਂ ਵਿੱਚ ਐਸੇ ਢੰਗ ਨਾਲ ਜਿਵੇਂ ਸੰਸਾਰ ਦੇ ਕਰਤਾ, ਦੀਨ ਦੁਨੀ ਦੇ ਵਾਲੀ, ਮੌਜਾਂ ਦੇ ਮਾਹੀ, ਹਜ਼ੂਰੇ ਅਨਵਰ ਆਦਿਕ ਗੁੰਦਵੇਂ ਲਫਜਾਂ ਵਿੱਚ ਉਸਤਤ ਕਰਦੇ ਕਿ ਸੰਗਤਾਂ ਮੰਤਰਮੁਗਦ ਹੋ ਜਾਂਦੀਆਂ। ਆਪ ਜੀ ਜਿਹੜਾ ਵੀ ਪ੍ਰਸੰਗ ਸ਼ੁਰੂ ਕਰਦੇ ਬੜੇ ਵਿਸਥਾਰ ਨਾਲ ਬਾਖੂਬੀ ਪੂਰਾ ਕਰਦੇ। ਜਥੇਦਾਰ ਜੀ ਨੂੰ ਭਗਤ, ਗੁਰ ਅਤੇ ਸਿੱਖ ਇਤਿਹਾਸ ਸਾਰਾ ਜਬਾਨੀ ਯਾਦ ਸੀ। ਸੰਨ, ਈਸਵੀ, ਸੰਮਤ, ਗੁਰੂਆਂ, ਭਗਤਾਂ ਅਤੇ ਸਿੱਖਾਂ ਦੇ ਨਾਮ ਸਭ ਜ਼ਬਾਨੀ ਯਾਦ ਸਨ। ਜਦ ਸ਼ੁਰੂ ਕਰਦੇ ਇਤਿਹਾਸਕ ਹਵਾਲਿਆਂ ਦਾ ਤਾਂ ਮਾਨੋ ਪਟਾ ਹੀ ਚੜ੍ਹਾ ਦਿੰਦੇ ਸਨ। ਬਚਨ ਦੇ ਬਲੀ ਅਤੇ ਨਿਧੜਕ ਜੋਧੇ ਸਨ। ਗੁਰਮਤਿ ਦੇ ਸਬੰਧ ਵਿੱਚ ਕਦੇ ਵੀ ਗਿਆਨ ਵਿਹੂਣੇ ਪ੍ਰਬੰਧਕਾਂ ਅਤੇ ਡੇਰਾਵਾਦੀਆਂ ਨਾਲ ਸਮਝੌਤਾ ਨਹੀਂ ਕਰਦੇ ਸਨ।

ਆਪ ਜੀ ਕਦੇ ਵੀ ਸੰਗਤਾਂ ਜਾਂ ਪ੍ਰਬੰਧਕਾਂ ਦੇ ਸੱਦੇ ਤੋਂ ਬਿਨਾਂ ਨਹੀਂ ਜਾਂਦੇ ਅਤੇ ਕਦੇ ਵੀ ਮਾਇਆ ਭੇਟਾ ਮੁਕਰਰ ਨਹੀਂ ਕਰਦੇ ਸਨ। ਢਾਡੀ ਕੁਹਾੜ ਨੇ ਸਦਾ ਹੀ ਆਪਣਾ ਲਿਖਿਆ ਗਾਇਆ ਅਤੇ ਕਵਿਤਾ, ਨਾਵਲ ਅਤੇ ਢਾਡੀ ਪ੍ਰਸੰਗ ਪੁਸਤਕਾਂ ਵੀ ਲਿਖੀਆਂ ਜਿਵੇਂ ਪ੍ਰੇਮ ਪਿਆਲਾ (ਕਵਿਤਾ) ਪ੍ਰੀਤਾਂ ਦੇ ਪਹਿਰੇਦਾਰ (ਨਾਵਲ) ਢਾਡੀ ਪ੍ਰਸੰਗ ਅਤੇ ਬਾਕੀ ਪੁਸਤਕਾਂ ਛਪਾਈ ਅਧੀਨ ਹਨ। ਸੰਨ 1996 ਵਿੱਚ ਭਾਈ ਸੱਜਨ ਸਿੰਘ ਕੁਹਾੜ ਅਤੇ ਭਾਈ ਲਖਵਿੰਦਰ ਸਿੰਘ ਨੂਰਮਹਿਲੀਆ ਆਪ ਜੀ ਦੇ ਜਥੇ ਦੇ ਢਾਡੀ ਸੰਨ ਜੋ ਆਪ ਜੀ ਨਾਲ ਸ੍ਰ. ਗਿਆਨ ਸਿੰਘ ਮਿਸ਼ਨਰੀ ਪ੍ਰਧਾਨ ਗੁਰਦੁਆਰਾ ਬਰਾਡਸ਼ਾਹ ਸੈਕਰਾਮੈਂਟੋ ਦੇ ਵਿਸ਼ੇਸ਼ ਸੱਦੇ ਤੇ ਅਮਰੀਕਾ ਆਏ। ਦਾਸ ਵੀ ਉਸ ਵੇਲੇ ਗੁਰਦੁਆਰਾ ਬਰਾਡਸ਼ਾਹ ਸੈਕਰਾਮੈਂਟੋ ਦਾ ਹੈੱਡ ਗ੍ਰੰਥੀ ਕਥਾਵਾਚਕ ਸੀ। ਸਾਡੇ ਕੋਲ ਇਹ ਢਾਡੀ ਜਥਾ ਕਾਫੀ ਸਮਾਂ ਰਿਹਾ ਅਤੇ ਗੁਰਦੁਆਰੇ ਦੀ ਸਟੇਜ ਦਾ ਸਿੰਗਾਰ ਬਣਿਆ ਰਿਹਾ। ਆਪ ਲਾਗਲੇ ਹੋਰ ਗੁਰਦੁਆਰਿਆਂ ਵਿੱਚ ਵੀ ਹਾਜ਼ਰੀ ਭਰ ਆਉਂਦੇ ਸੰਨ। ਅਸੀਂ ਜਿਨ੍ਹਾਂ ਚਿਰ ਵੀ ਇਕੱਠੇ ਰਹੇ ਹੱਸਦਿਆਂ ਖੇਡਦਿਆਂ ਚੰਗਾ ਸਮਾਂ ਪਾਸ ਹੋਇਆ। ਆਪ ਜੀ ਦੇ ਪ੍ਰੋਗਰਾਮਾਂ ਦੀਆਂ ਮੂਵੀਆਂ ਭਾਈ ਹਰਨੇਕ ਸਿੰਘ ਨਿੱਝਰ ਸਪੁੱਤਰ ਸ੍ਰ ਗਿਆਨ ਸਿੰਘ ਮਿਸ਼ਨਰੀ ਬੜੇ ਉਤਸ਼ਾਹ ਨਾਲ ਬਣਾਉਂਦੇ ਰਹੇ ਜੋ ਵਿਦਵਾਨ ਸੱਜਨਾਂ ਦੀ ਬੜੀ ਸੇਵਾ ਕਰਦੇ ਸਨ। ਪੰਥ ਦੇ ਮਹਾਂਨ ਵਿਦਵਾਨ ਅਤੇ ਗੁਰਮਤਿ ਦੇ ਸਿਧਾਂਤਕ ਪ੍ਰਚਾਰਕ ਅਤੇ ਲਿਖਾਰੀ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਵੀ ਜਦ ਕੈਲੇਫੋਰਨੀਆਂ ਆਉਂਦੇ ਤਾਂ ਉਹ ਵੀ ਭਾਈ ਹਰਨੇਕ ਸਿੰਘ ਦੇ ਘਰ ਠਹਿਰਦੇ ਸਨ। ਉਸ ਵੇਲੇ ਸ੍ਰ ਬਲਵੀਰ ਸਿੰਘ, ਬਲਵੰਤ ਸਿੰਘ, ਸਰਬਜੀਤ ਸਿੰਘ ਸੰਧੂ ਅਤੇ ਸ੍ਰ.ਰਣਜੀਤ ਸਿੰਘ ਗਿੱਲ ਵੀ ਗੁਰਦੁਆਰਾ ਬਰਾਡਸ਼ਾਹ ਦੇ ਪ੍ਰਬੰਧਕ ਸਨ। ਇਨ੍ਹਾਂ ਦਿਨਾਂ ਸੰਨ 1997 ਵਿੱਚ ਹੀ ਦਾਸ ਦਾ ਬੜਾ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਕਰਕੇ ਲੰਬਾ ਸਮਾਂ ਹਸਪਤਾਲ ਵਿਖੇ ਰਹਿਣਾ ਪਿਆ ਅਤੇ ਇਹ ਚਾਰ ਅੱਖਰ ਲਿਖਣ ਦਾ ਸ਼ੌਂਕ ਵੀ ਇੱਥੇ ਹੀ ਹਾਸਲ ਹੋਇਆ ਜੋ ਹੁਣ ਤੱਕ ਜਾਰੀ ਹੈ।

ਜਥੇਦਾਰ ਅਜੀਤ ਸਿੰਘ ਕੁਹਾੜ ਤਾਂ ਵਾਪਸ ਭਾਰਤ ਚਲੇ ਗਏ ਪਰ ਉਨ੍ਹਾਂ ਦੇ ਸਾਥੀ ਭਾਈ ਸੱਜਨ ਸਿੰਘ ਕੁਹਾੜ ਅਤੇ ਲਖਵਿੰਦਰ ਸਿੰਘ ਨੂਰਮਹਿਲ ਇੱਥੇ ਰਹਿ ਗਏ ਜੋ ਬਾਅਦ ਵਿੱਚ ਪੱਕੇ ਹੋ ਕੇ ਟਰੱਕ ਚਲਾਉਣ ਲੱਗ ਪਏ। ਜਥੇਦਾਰ ਨੇ ਫਿਰ ਪਿੰਡ ਜਾ ਕੇ ਗੁਰਦੁਆਰੇ ਦੀ ਕਾਰ ਸੇਵਾ ਅਤੇ ਗੁਰਮਤਿ ਪ੍ਰਚਾਰ ਦੀ ਸੇਵਾ ਸ਼ੁਰੂ ਕਰ ਦਿੱਤੀ। ਆਪ ਸੇਵਾ ਕਰਦੇ ਇੱਕ ਵਾਰ ਛੱਤ ਤੋਂ ਡਿੱਗ ਪਏ ਅਤੇ ਸੱਟਾਂ ਲੱਗ ਗਈਆਂ ਪਰ ਫਿਰ ਵੀ ਸੇਵਾ ਕਰਦੇ ਰਹੇ। “ਜੋ ਜੋ ਦੀਸੈ ਸੋ ਸੋ ਰੋਗੀ” ਦੇ ਕਥਨ ਅਨੁਸਾਰ ਆਪ ਜੀ ਵੀ ਸਰੀਰਕ ਤੌਰ ਤੇ ਸ਼ੂਗਰ ਦੇ ਮਰੀਜ ਸਨ ਅਤੇ ਅੰਤ ਨੂੰ ਸ਼ੂਗਰ ਵੱਧ ਜਾਣ ਅਤੇ ਦਿਲ ਦੀ ਧੜਕਨ ਬੰਦ ਹੋ ਜਾਣ ਕਰਕੇ 12 ਮਾਰਚ ਸੰਨ 2011 ਨੂੰ ਅਕਾਲ ਚਲਾਣਾ ਕਰ ਗਏ। ਅਸੀਂ ਇਸ ਦੁਖਦਾਈ ਸਮੇ ਉਨ੍ਹਾਂ ਦੇ ਦੇਸ਼ੀ ਵਿਦੇਸ਼ੀ ਸਾਰੇ ਰਿਸ਼ਤੇਦਾਰਾਂ, ਸੱਜਨਾਂ-ਮਿਤਰਾਂ ਅਤੇ ਸਨੇਹੀਆਂ ਅਤੇ ਪ੍ਰਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਰਤਾ ਪੁਰਖ ਪਾਸ ਅਰਦਾਸ ਕਰਦੇ ਹਾਂ ਕਿ ਉਹ ਸਾਨੂੰ ਸਭ ਨੂੰ ਅਕਾਲ ਦਾ ਅਟੱਲ ਭਾਣਾ ਮੰਨਣ ਦੀ ਸਮਰੱਥਾ ਅਤੇ ਤੰਦਰੁਸਤੀ ਬਖਸ਼ੇ। ਦਾਸ ਨੂੰ ਇਨ੍ਹਾਂ ਕੁ ਉਨ੍ਹਾਂ ਦਾ ਜੀਵਨ ਪਤਾ ਸੀ ਜੇ ਉਨ੍ਹਾਂ ਬਾਰੇ ਹੋਰ ਪਤਾ ਲੱਗਿਆ ਜਾਂ ਕਿਸੇ ਦੋਸਤ ਮਿਤਰ ਨੇ ਦੱਸਿਆ ਤਾਂ ਫਿਰ ਕਿਤੇ ਹੋਰ ਵਿਸਥਾਰ ਨਾਲ ਲਿਖਣ ਦਾ ਯਤਨ ਕਰਾਂਗਾ। ਉਨ੍ਹਾਂ ਦੇ ਅਮਰੀਕਾ ਰਹਿੰਦੇ ਸਾਥੀਆਂ ਨਾਲ ਦੁੱਖ-ਸੁੱਖ ਸਾਂਝਾ ਕਰਨ ਲਈ ਆਪ ਇਸ ਨੰਬਰ 5309332661 ਤੇ ਫੋਨ ਕਰ ਸਕਦੇ ਹੋ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top