Share on Facebook

Main News Page

ਪਗੜੀ ਸੰਭਾਲ ਸਿੰਘਾ, ਪਗੜੀ ਸੰਭਾਲ

ਪਿਛਲੇ ਕੁੱਝ ਦਿਨਾਂ 'ਚ ਪੰਜਾਬ ਅੰਦਰ ਦਸਤਾਰ ਦੀ ਹੋ ਰਹੀ ਬੇਅਦਬੀ 'ਤੇ ਰੋਸ ਜ਼ਾਹਿਰ ਕਰਦਿਆਂ ਖਾਲਸਾ ਨਿਊਜ਼ ਨਾਲ ਗਲਬਾਤ ਕਰਦਿਆਂ, ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕਿਹਾ ਕਿ ਕਦੀ ਇੱਕ ਕਹਾਣੀ ਸੁਣਦੇ ਸਾਂ, ਜਲਾਵਤਨੀ ਦੇ ਦਿਨਾਂ ਵਿੱਚ ਜੰਗਲ ਵਿੱਚ ਬੈਠਿਆਂ ਮਹਾਰਾਣਾ ਪ੍ਰਤਾਪ ਨੇ ਕਿਸੇ ਮੰਗਤੇ ਦੇ ਮੰਗਣ ‘ਤੇ ਅਪਣੀ ਪੱਗ ਇਸ ਸ਼ਰਤ ‘ਤੇ ਦਿਤੀ ਸੀ, ਕਿ ਇਹ ਪੱਗ ਬੰਨ ਕੇ ਤੂੰ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਸਿਰ ਨਹੀਂ ਝੁਕਾਏਂਗਾ ਅਤੇ ਉਸ ਮੰਗਤੇ ਨੇ ਐਸਾ ਹੀ ਕੀਤਾ।

ਉਨ੍ਹਾਂ ਕਿਹਾ ਕਿ ਅੱਜ ਸਦੀਆਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਵਲੋਂ, ਸਿੱਖਾਂ ਨੂੰ ਬਖਸ਼ੀ ਇਸ ਦਸਤਾਰ ਦੀ ਕਹਾਣੀ ਸਾਡੇ ਸਾਹਮਣੇ ਹੈ। ਸਦੀਆਂ ਵਿੱਚ ਇਸ ਦਸਤਾਰ ਨੂੰ ਉਚਾ ਰੱਖਣ ਲਈ ਦਿੱਤੀਆਂ ਕੁਰਬਾਨੀਆਂ ਨਾਲ, ਸਿੱਖ ਦੇ ਸੀਸ ਦੀ ਦਸਤਾਰ, ਦੇਸ਼ ਵਿਦੇਸ਼ਾਂ ਵਿੱਚ ਗੁਰੂ ਦੀ ਸਿੱਖੀ ਅਤੇ ਪੰਜਾਬੀਅਤ ਦੀ ਪ੍ਰਤੀਕ ਬਣ ਗਈ। ਪੰਜਾਬ ਦੀ ਧਰਤੀ ਜਿੱਥੇ ਸਿਰ ਉਤੇ ਦਸਤਾਰਾਂ ਵਾਲੇ ਸਰਦਾਰਾਂ ਨੇ ਜਨਮ ਲਿਆ, ਜਿਥੇ ਦਸਤਾਰਾਂ ਵਾਲੇ ਸਿਰਾਂ ਨੇ ਦਸਤਾਰਾਂ ਨੂੰ ਉਚਾ ਰੱਖਣ ਲਈ ਸਿਰ ਕਟਾ ਦਿਤੇ, ਪਰ ਦਸਤਾਰਾਂ ਦਾ ਸਨਮਾਨ ਕਾਇਮ ਰੱਖਿਆ।

ਪਰ ਅੱਜ ਉਹ ਅਕ੍ਰਿਤਘਣ ਲੋਕ, ਭਾਈਵਾਲੀ ਵਿੱਚ ਪੰਜਾਬ ਦੀ ਸੱਤਾ ‘ਤੇ ਕਾਬਜ਼ ਹਨ, ਜਿਨ੍ਹਾਂ ਨੂੰ ਸਿੱਖੀ, ਸਰਦਾਰ ਅਤੇ ਦਸਤਾਰ ਫੁੱਟੀ ਅੱਖ ਨਹੀਂ ਭਾਉਂਦੀ, ਜਿਨ੍ਹਾਂ ਨੂੰ ਧਾਰਮਿਕ ਗੁਲਾਮ ਪਦਵੀਆਂ, ਪੰਥ ਹੋਣ ਦੀਆਂ ਮੋਹਰਾਂ ਲਾਉਂਦੀਆਂ ਹਨ, ਉਨ੍ਹਾ ਦੇ ਰਾਜ ਕਾਲ ਵਿੱਚ ਗੁਰੂ ਦੀ ਬਖਸ਼ੀ ਹੋਈ ਦਸਤਾਰ ਮਿੱਟੀ ਵਿਚ ਰੋਲੀ ਜਾ ਰਹੀ ਹੈ। ਉਨ੍ਹਾਂ ਭਾਈ ਗੁਰਦਾਸ ਜੀ ਦੀ ਵਾਰ "ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ॥ ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ॥" ਦਾ ਹਵਾਲਾ ਦਿੱਤਾ।

ਉਨ੍ਹਾਂ ਕਿਹਾ ਕਿ ਜੇਕਰ ਫਰਾਂਸ ਵਿੱਚ ਦਸਤਾਰ ਤੇ ਪਾਬੰਦੀ ਲੱਗੇ, ਜੇ ਅਮਰੀਕਾ ਜਾਂ ਇੰਗਲੈਂਡ ਦੇ ਕਿਸੇ ਏਅਰਪੋਰਟ ਤੇ ਕਿਸੇ ਸਿੱਖ ਦੀ ਦਸਤਾਰ ਲਾਹ ਕੇ ਤਲਾਸ਼ੀ ਲਈ ਜਾਵੇ, ਜੇ ਇਟਲੀ ਦੇ ਏਅਰਪੋਰਟ ‘ਤੇ ਸਿੱਖਾਂ ਦੀਆਂ ਦਸਤਾਰਾਂ ਲਾਹੀਆਂ ਜਾਣ ਤਾਂ, ਅਸੀਂ ਆਖਦੇ ਹਾਂ, ਇਹ ਗੈਰ ਸਿੱਖ ਸਰਕਾਰ ਸਿੱਖ ਧਰਮ ਦਾ ਅੰਗ ਦਸਤਾਰ ਦੀ ਬੇਅਦਬੀ ਕਰਦੀ ਹੈ। ਇਹ ਪੰਥ ਅਖਵਾਉਣ ਵਾਲੇ ਲੋਕ ਭੀ ਵਿਖਾਵੇ ਅਤੇ ਸਿਆਸੀ ਸਟੰਟ ਅਧੀਨ ਫੱਫੇ ਕੁਟਨਾ ਵਾਂਗੂੰ, ਮਗਰਮੱਛ ਦੇ ਹੰਜੂ ਕੇਰਦੇ ਹਨ, ਇਸੇ ਲਈ ਅੱਜ ਆਏ ਦਿਨ ਦੇਸ਼ ਵਿਦੇਸ਼ਾਂ ਵਿੱਚ ਸਿੱਖ ਦੀ ਦਸਤਾਰ ‘ਤੇ ਹਮਲੇ ਹੋ ਰਹੇ ਹਨ। ਭੋਲਾ ਸਿੱਖ ਜਿਨ੍ਹਾਂ ਨੂੰ ਪੰਥ ਸਮਝ ਕੇ, ਆਸ ਲਾਈ ਬੈਠਾ ਹੈ, ਕਿ ਇਹ ਸਾਡੀ ਦਾਸਤਾਰ ਬਚਾਉਣਗੇ, ਉਨ੍ਹਾਂ ਨੂੰ ਪਛਾਣ ਲੈਣਾ ਚਾਹੀਦਾ ਹੈ। ਮੈਂ ਸਮਝਦਾ ਹਾਂ, ਇਸ ਮੁਹਾਲੀ ਅਤੇ ਚੰਡੀਗੜ੍ਹ ਦੇ ਕੇਸਾਂ ਵਿੱਚ, ਪੰਜਾਬ ਦੀ ਪੰਥਕ ਸਰਕਾਰ ਦੀ ਪੁਲਿਸ ਨੇ, ਜਿਸ ਤਰ੍ਹਾਂ ਸਿੱਖਾਂ ਦੀ ਦਸਤਾਰ ਨਾਲ, ਜ਼ਾਲਮਾਨਾ ਵਰਤਾਓ ਕੀਤਾ ਹੈ, ਕਿਸੇ ਸ਼ਾਇਰ ਦਾ ਇਹ ਵਾਕ ਅੱਜ ਸੱਚ ਹੋ ਗਿਆ।

ਖਾ ਕੇ ਜ਼ਖਮ ਜਬ ਦੇਖਾ ਸਿਤਮਗ਼ਰ ਕੀ ਤਰਫ, ਤੋ ਅਪਨੇ ਹੀ ਦੋਸਤੋਂ ਸੇ ਮੁਲਾਕਾਤ ਹੋ ਗਈ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top