Share on Facebook

Main News Page

ਕਾਨਪੁਰ ਦੇ ਗਿਆਨੀ ਪ੍ਰਹਿਲਾਦ ਸਿੰਘ ਨਹੀਂ ਰਹੇ

ਕਾਨਪੁਰ ਵਿਚ ਦਸਮ ਗ੍ਰੰਥ ਦੇ ਵਿਰੁਧ ਬੂਟਾ ਲਾਉਣ ਵਾਲੇ ਅਤੇ ‘ਦਸਮ ਗ੍ਰੰਥ ਨਿਰਣੈ’ ਦੇ ਲਿਖਾਰੀ ਗਿਆਨੀ ਭਾਗ ਸਿੰਘ ਅੰਬਾਲਾ ਦੇ ਬਹੁਤ ਕਰੀਬੀ ਦੋਸਤ ਗਿਆਨੀ ਪ੍ਰਹਿਲਾਦ ਸਿੰਘ ਜੀ ਮਿਤੀ 25.03.2011 ਨੂੰ ਅਕਾਲ ਚਲਾਣਾ ਕਰ ਗਏ। ਆਪ ਜੀ ਗੁਰੂ ਨਾਨਕ ਸਕੂਲ, ਕਾਨਪੁਰ ਵਿਚ ਲਗਭਗ 30 ਵਰ੍ਹੇ ਧਾਰਮਿਕ ਟੀਚਰ ਰਹੇ ਤੇ 60 ਵਰ੍ਹੇ ਤੋਂ ਵਧ ਕਾਨਪੁਰ ਦੀਆਂ ਸਿੱਖ ਸੰਗਤਾਂ ਨੂੰ ਗੁਰਮਤਿ ਦੀ ਸਿਖਿਆ ਦੇਂਦੇ ਰਹੇ। ਦਾਸ ਨੂੰ ਗਿਆਨੀ ਜੀ ਦਾ ਸਟੂਡੇਂਟ ਹੋਣ ਦਾ ਸੁਭਾਗ ਪ੍ਰਾਪਤ ਸੀ।

ਗਿਆਨੀ ਜੀ ਅੱਜ ਤੋਂ ਪੰਜਾਹ ਵਰ੍ਹੇ ਪਹਿਲੇ ਆਪਣੇ ਸ਼ਾਗਿਰਦਾਂ ਨੂੰ ਕਲਾਸ ਵਿੱਚ ਅਖੌਤੀ ਦਸਮ ਗ੍ਰੰਥ ਦੇ ਝੂਠ ਬਾਰੇ ਅਵਗਤ ਕਰਾਉਂਦੇ ਅਤੇ ਚੰਡੀ ਦੀ ਵਾਰ ਦੀ ਬਹੁਤ ਰੋਚਕ ਤਰੀਕੇ ਨਾਲ ਪਾਜ ਉਧੇੜਦੇ ਸਨ, ਜੋ ਦਾਸ ਨੂੰ ਅੱਜ ਵੀ ਯਾਦ ਹੈ। ਗਿਆਨੀ ਭਾਗ ਸਿੰਘ ਨੂੰ ਸੰਤ ਸਿੰਘ ਮਸਕੀਨ ਨੇ ਪੰਥ ਤੋਂ ਕਿਸ ਤਰ੍ਹਾਂ ਕਢਵਾਇਆ ਤੇ ਗਿਆਨੀ ਭਾਗ ਸਿੰਘ ਦੇ ਉਨਾਂ ਨਾਲ ਗੁਜਾਰੇ ਵਕਤ ਦੇ ਬਹੁਤ ਸਾਰੇ ਸੰਸਮਰਣ ਅਸੀਂ ਉਨਾਂ ਕੋਲੋਂ ਕਈ ਵਾਰ ਦੋਹਰਾ ਦੋਹਰਾ ਕੇ ਸੁਣਦੇ ਨਹੀਂ ਥਕਦੇ ਸੀ। ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦੇ ਅਖੌਤੀ ਦਸਮ ਗ੍ਰੰਥ ਵਿਰੋਧੀ ਪ੍ਰਚਾਰ ਸੁਣਕੇ, ਉਹ ਬਹੁਤ ਖੁਸ਼ ਹੁੰਦੇ ਤੇ ਸਿਹਤ ਖਰਾਬ ਹੋਣ ਦੇ ਬਾਵਜੂਦ ਹਰ ਦੀਵਾਨ ਵਿਚ ਹਾਜਰੀ ਜਰੂਰ ਭਰਦੇ। 5 ਜਨਵਰੀ 2011 ਨੂੰ ਪ੍ਰੋਫੈਸਰ ਸਾਹਿਬ ਦੀ ਕਾਨਪੁਰ ਫੇਰੀ ਦੇ ਦੌਰਾਨ ਅਤਿ ਦੀ ਠੰਡ ਹੋਣ ਦੇ ਬਾਵਜੂਦ ਵੀ, ਉਨ੍ਹਾਂ ਹਰ ਦੀਵਾਨ ਵਿੱਚ ਹਾਜਰੀ ਭਰੀ। ਅਖੌਤੀ ਦਸਮ ਗ੍ਰੰਥ ਬਾਰੇ ਵੱਧ ਰਹੀ ਜਾਗਰੂਕਤਾ ਵੇਖ ਕੇ ਉਹ ਅਕਸਰ ਕਹਿੰਦੇ, ਅਸੀਂ ਇਸ ਝੂਠੀ ਕਿਤਾਬ ਬਾਰੇ ਗਲ ਕਰਦੇ ਸਾਂ ਤੇ ਇਕ ਦੋ ਲੋਕ ਹੀ ਇਸ ਬਾਰੇ ਸੁਚੇਤ ਸਨ, ਜਾਂ ਕੋਈ ਇਹ ਸਭ ਸੁਨਣਾ ਹੀ ਨਹੀਂ ਸੀ ਚਾਹੁੰਦਾ। ਅੱਜ ਪੰਥ ਦਾ ਇੱਕ ਬਹੁਤ ਵੱਡਾ ਹਿੱਸਾ, ਇਸ ਜ਼ਹਿਰੀਲੀ ਕਿਤਾਬ ਬਾਰੇ ਸੁਚੇਤ ਹੋ ਚੁੱਕਾ ਹੈ। ਅਖੌਤੀ ਦਸਮ ਗ੍ਰੰਥ ਦੇ ਝੂਠ ਬਾਰੇ ਵਧਦੀ ਜਾਗਰੂਕਤਾ ਵੇਖਕੇ ਉਹ ਗਦ ਗਦ ਹੋ ਉਠਦੇ, ਤੇ ਕਹਿੰਦੇ ਦੀਵੇ ਨਾਲ ਦੀਵੇ ਜਗਾਈ ਚਲੋ, ਇਹ ਬ੍ਰਾਹਮਣ ਦੀ ਬਣਾਈ ਕਿਤਾਬ ਪੰਥ ਦੇ ਮਗਰੋਂ ਜ਼ਰੂਰ ਲਹਿ ਜਾਵੇਗੀ। ਗਿਆਨੀ ਜੀ ਦੀ ਯਾਦ ਹਮੇਸ਼ਾਂ ਸਾਡੇ ਮਨ ਵਿੱਚ ਵਸੀ ਰਹੇਗੀ ਤੇ ਉਨ੍ਹਾਂ ਦਾ ਸਤਿਕਾਰ ਤੇ ਸਿਖਿਆ ਹਮੇਸ਼ਾਂ ਹੀ ਸਾਡਾ ਮਾਰਗ ਦਰਸ਼ਨ ਕਰਦੀ ਰਹੇਗੀ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top