Share on Facebook

Main News Page

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਵਲੋਂ ਬਾਦਲ ਤੋਂ ਅਸਤੀਫੇ ਦੀ ਮੰਗ - ਮਾਮਲਾ ਮੋਹਾਲੀ ਵਿਚ ਪੰਜਾਬ ਪੁਲਿਸ ਵਲੋਂ ਇਕ ਸਿਖ ਦੀ ਦਸਤਾਰ ਦੇ ਕੀਤੇ ਅਪਮਾਨ ਦਾ

ਚੰਡੀਗੜ੍ਹ, 30 ਮਾਰਚ 2011-ਮੋਹਾਲੀ ਵਿਚ ਇਕ ਸਿਖ ਦੀ ਦਸਤਾਰ ਦਾ ਪੰਜਾਬ ਪੁਲਿਸ ਵਲੋਂ ਕੀਤੇ ਅਪਮਾਨ ਲਈ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਵਰਣਨਯੋਗ ਹੈ ਕਿ ਮੋਹਾਲੀ ਵਿਚ ਪੰਜਾਬ ਪੁਲਿਸ ਦੇ ਇਕ ਸੀਨੀਅਰ ਅਫਸਰ ਦੇ ਹੁਕਮਾਂ 'ਤੇ ਇਕ ਪੁਲਿਸ ਅਫਸਰ ਨੇ ਦਿਨ ਦਿਹਾੜੇ ਇਕ ਸਿਖ ਨੌਜਵਾਨ ਦੀ ਜਬਰੀ ਦਸਤਾਰ ਲਾਹ ਦਿੱਤੀ ਸੀ।

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਮੋਹਾਲੀ ਦੀ ਘਟਨਾ ਇਹ ਸਾਬਿਤ ਕਰਦੀ ਹੈ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਨਾ ਕੇਵਲ ਸਿਖ ਮਰਿਆਦਾ ਤੇ ਇਸ ਦੇ ਧਾਰਮਿਕ ਚਿੰਨਾਂ ਦੀ ਰਾਖੀ ਕਰਨ ਵਿਚ ਨਾਕਾਮ ਰਹੀ ਹੈ ਸਗੋਂ ਸਿਖ ਦਸਤਾਰ ਦਾ ਜਾਣ ਬੁਝਕੇ ਅਪਮਾਨ ਕਰਨ ਵਿਚ ਲੱਗੀ ਹੋਈ ਹੈ।

ਇਹ ਘਟਨਾ 28 ਮਾਰਚ 2011 ਦੀ ਹੈ ਜਦੋਂ ਪੰਜਾਬ ਭਰ ਤੋਂ ਪੈਰਾ ਮੈਡੀਕਲ ਵਾਲੇ ਆਪਣੀਆਂ ਮੰਗਾਂ ਦੇ ਹਕ ਵਿਚ ਸ਼ਾਂਤਮਈ ਧਰਨਾ ਦੇਣ ਲਈ ਮੋਹਾਲੀ ਵਿਚ ਇਕੱਤਰ ਹੋਏ ਸੀ। ਪੰਜਾਬ ਪੁਲਿਸ ਨੇ ਬਾਦਲ ਸਰਕਾਰ ਦੇ ਆਦੇਸ਼ਾਂ 'ਤੇ ਪਹਿਲਾਂ ਤਾਂ ਇਕੱਠ 'ਤੇ ਲਾਠੀਆਂ ਵਰਾਈਆਂ ਜਿਸ ਵਿਚ ਔਰਤਾਂ ਨੂੰ ਵੀ ਪੰਜਾਬ ਪੁਲਿਸ ਨੇ ਬੁਰੀ ਤਰਾਂ ਕੁੱਟਿਆ। ਔਰਤਾਂ ਨੂੰ ਕੁੱਟ ਕੇ ਪੰਜਾਬ ਪੁਲਿਸ ਦੀ ਤਸੱਲੀ ਨਾ ਹੋਈ ਤਾਂ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਇਕੱਠ ਵਿਚ ਮੌਜੂਦ ਸਿਖ ਨੌਜਵਾਨਾਂ ਦੀਆਂ ਜਬਰਨ ਦਸਤਾਰਾਂ ਉਤਾਰਨ ਦਾ ਹੁਕਮ ਚਾੜ ਦਿੱਤਾ। ਇਸ ਸਬੰਧੀ ਆਡੀਓ ਤੇ ਵੀਡੀਓ ਦਾ ਇਕ ਦ੍ਰਿਸ਼ ਸਾਫ ਬਿਆਨ ਕਰ ਰਿਹਾ ਹੈ ਜਿਸ ਵਿਚ ਇਕ ਸਿਖ ਪੁਲਿਸ ਅਫਸਰ ਇਕ ਸਿਖ ਨੌਜਵਾਨ ਦੀ ਦਸਤਾਰ ਜਬਰਨ ਉਤਾਰਨ ਲਈ ਦੂਜੇ ਪੁਲਿਸ ਅਫਸਰ ਨੂੰ ਹੁਕਮ ਦਿੰਦਾ ਦਿਖਾਈ ਦੇ ਰਿਹਾ ਹੈ।

ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਇਕ ਸਿਖ ਦੀ ਜਬਰਨ ਦਸਤਾਰ ਉਤਾਰਨੀ ਸਿਖ ਧਰਮ ਦਾ ਘੋਰ ਅਪਮਾਨ ਹੈ ਤੇ ਪੰਜਾਬ ਸਰਕਾਰ ਦੇ ਮੁਖੀ ਵਜੋਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਪੁਲਿਸ ਦੀ ਇਸ ਘਿਣਾਉਣੀ ਹਰਕਤ ਦੀ ਨੈਤਿਕ ਤੇ ਕਾਨੂੰਨੀ ਜਿੰਮੇਵਾਰੀ ਲੈਂਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਜੋ ਆਪਣੇ ਆਪ ਨੂੰ ਸਿਖ ਅਧਿਕਾਰਾਂ ਦੀ ਰਖਿਅਕ ਦਸਦੀ ਹੈ ਤੇ ਹਾਲ ਵਿਚ ਹੀ ਜਿਸ ਨੇ ਦਸਤਾਰ ਦੀ ਤਲਾਸ਼ੀ ਦੇ ਮੁੱਦੇ 'ਤੇ ਵਿਦੇਸ਼ੀ ਸਰਕਾਰਾਂ ਨਾਲ ਮੁਲਾਕਾਤ ਕੀਤੀ ਸੀ ਨੂੰ ਵੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਪੁਲਿਸ ਵਲੋਂ ਸਿਖ ਦਸਤਾਰ ਦੇ ਕੀਤੇ ਅਪਮਾਨ ਬਦਲੇ ਉਸ ਨੇ ਚੁੱਪੀ ਵੱਟੀ ਹੋਈ ਹੈ।

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਸਾਰੀਆਂ ਪੰਥਕ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ 14 ਅਪ੍ਰੈਲ 2011 ਨੂੰ ਇਕ ਮੀਟਿੰਗ ਕਰਨ ਤਾਂ ਜੋਂ ਸਿਖਾਂ ਦੀ ਮਾਣ ਮਰਿਆਦਾ ਤੇ ਧਾਰਮਿਕ ਚਿੰਨਾਂ ਦੀ ਰਾਖੀ ਲਈ ਇਕ ਸਰਬ ਪ੍ਰਵਾਨਿਤ ਯੋਜਨਾ ਉਲੀਕੀ ਜਾ ਸਕੇ ਕਿਉਂਕਿ ਮੌਜੂਦਾ ਪੰਜਾਬ ਸਰਕਾਰ ਦੇ ਸ਼ਾਸਨ ਵਿਚ ਸਿਖਾਂ ਦੇ ਧਾਰਮਿਕ ਅਧਿਕਾਰਾਂ ਦੀ ਬੇਹੁਮਤੀ ਹੋ ਰਹੀ ਹੈ ਜਿਸ ਵਿਚ ਐਸ ਜੀ ਪੀ ਸੀ ਵੀ ਨਾਲ ਹੀ ਰਲੀ ਹੋਈ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top