Share on Facebook

Main News Page

ਮੁਹਾਲੀ ਵਿਖੇ ਸ਼ਰੇਆਮ ਸਿੱਖ ਦੀ ਪੱਗ ਲਾਹੁਣ ਵਾਲੇ ਪੁਲਿਸ ਮੁਲਾਜ਼ਮ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ: ਗੁਰੂ ਨਾਨਕ ਮਿਸ਼ਨ ਯੂਥ ਕਲੱਬ

ਅੰਮ੍ਰਿਤਸਰ : ਸਥਾਨਕ ਸੁਲਤਾਨਵਿੰਡ ਰੋਡ ਵਿਖੇ ਗੁਰੂ ਨਾਨਕ ਮਿਸ਼ਨ ਯੂਥ ਕਲੱਬ ਦੀ ਇੱਕ ਵਿਸ਼ੇਸ਼ ਹੰਗਾਮੀ ਮੀਟਿੰਗ ਸੱਦੀ ਗਈ, ਜਿਸ ਵਿੱਚ ਸਿੱਖਾਂ ਦੀ ਦਸਤਾਰਾਂ ਉਤਾਰਨ ਦੇ ਮੁੱਦੇ ਤੇ ਵੀਚਾਰ ਕੀਤੀ ਗਈ । ਇਸ ਮੌਕੇ ਬੋਲਦਿਆਂ ਕਲੱਬ ਦੇ ਮੁੱਖ ਸਰਪ੍ਰਸਤ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਬੀਤੇ 28 ਮਾਰਚ ਨੂੰ ਮੁਹਾਲੀ ਸਟੇਡੀਅਮ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਫਾਰਮਾਸਿਸਿਟ ਉੱਪਰ ਲਾਠੀਚਾਰਜ ਕੀਤਾ ਗਿਆ ਅਤੇ ਇਸ ਦੌਰਾਨ ਮੁਹਾਲੀ ਦੇ ਇੱਕ ਪੁਲਿਸ ਮੁਲਾਜ਼ਮ ਖਬਰਾਂ ਅਨੁਸਾਰ ਨਾਮ ਕੁਲਭੂਸ਼ਨ ਵੱਲੋ ਇੱਕ ਗੁਰਸਿੱਖ ਨੌਜਵਾਨ ਫਾਰਮਸਿਸਟ ਦੀ ਜਬਰੀ ਪੱਗ ਉਤਾਰ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਚੈਲੰਜ ਕੀਤਾ ਹੈ, ਜਿਸਨੂੰ ਇੰਟਰਨੈੱਟ ਦੇ ਜ਼ਰੀਏ ਲੱਖਾਂ ਸਿੱਖ ਵੇਖ ਚੁੱਕੇ ਹਨ ।

ਉਹਨਾਂ ਨੇ ਕਿਹਾ ਕਿ ਇਹ ਚੰਡੀਗੜ੍ਹ ਦੀ ਪੁਲਿਸ ਦਾ ਦੁਸਰਾ ਮਾਮਲਾ ਹੈ ਇਸਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਇੱਕ ਪੁਲਿਸ ਦੇ ਨਾਕੇ ਤੇ ਪੁਲਿਸ ਵੱਲੋਂ ਦੋ ਗੁਰਸਿੱਖਾਂ ਦੀਆਂ ਜ਼ਬਰੀ ਪੱਗਾਂ ਉਤਰਵਾ ਕੇ ਉਹਨਾਂ ਦਾ ਚਲਾਨ ਕੱਟਿਆ ਹੈ । ਜਿਸਦਾ ਕਿ ਸਿੱਖ ਜਗਤ ਵਿੱਚ ਵੱਡੀ ਰੋਸ ਦੀ ਲਹਿਰ ਫੈਲੀ ਹੈ । ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਸ. ਪਵਿੱਤਰਜੀਤ ਸਿੰਘ ਰਤਨ ਨੇ ਕਿਹਾ ਕਿ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ।

ਇਸ ਮੌਕੇ ਸ਼ਾਮਿਲ ਕਲੱਬ ਦੇ ਮੈਂਬਰਾਨ ਸ. ਜਸਪ੍ਰੀਤ ਸਿੰਘ ਬਬਲੂ, ਸ. ਕਰਨਜੀਤ ਸਿੰਘ, ਸ. ਕੁਲਦੀਪ ਸਿੰਘ, ਸ. ਦਲਜੀਤ ਸਿੰਘ, ਸ. ਜਸਦੀਪ ਸਿੰਘ, ਸ. ਜਸਵਿੰਦਰ ਸਿੰਘ ਨੇਂ ਪੰਜਾਬ ਪੁਲਿਸ ਵੱਲੋਂ ਦਸਤਾਰ ਦੀ ਕੀਤੀ ਗਈ ਬੇਅਦਬੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਸ ਕਸਾਰੇ ਨਾਲ ਸਮੁੱਚੀ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ, ਅਤੇ ਸਿੱਖ ਜਥੇਬੰਦੀਆਂ ਨੂੰ ਸਖਤ ਕਦਮ ਚੁੱਕ ਕੇ ਉਕਤ ਪੁਲਿਸ ਮੁਲਾਜ਼ਮ ਦੀ ਮੁਅਤਲੀ ਕਰਵਾਉਣੀ ਚਾਹੀਦੀ ਹੈ । ਕਲੱਬ ਵੱਲੋਂ ਸਾਂਝੇ ਤੌਰ ਤੇ ਸਿੱਖ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਜੀ ਨੂੰ ਬੇਨਤੀ ਅਪੀਲ ਕੀਤੀ ਗਈ ਹੈ ਕਿ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਦਸਤਾਰਾਂ ਅਤੇ ਚੰਨੀਆਂ ਦੀ ਕੀਤੀ ਜਾ ਹੀ ਬੇਅਦਬੀ ਵਿਰੁੱਧ ਸਖਤ ਸਟੈਂਡ ਲੈਣ ਤਾਂ ਹੀ ਫਰਾਂਸ ਸਰਕਾਰ ਨੂੰ ਦਸਤਾਰਾਂ ਦੀ ਤਾਲਾਸ਼ੀ ਸਬੰਧੀ ਕੁੱਝ ਕਹਿਣ ਜੋਗੇ ਹੋਇਆ ਜਾ ਸਕਦਾ ਹੈ।

ਗੁਰੂ ਨਾਨਕ ਮਿਸ਼ਨ ਯੂਥ ਕਲੱਬ, ਅੰਮ੍ਰਿਤਸਰ
ਜੋਧ ਨਗਰ, ਨੇੜੇ ਚੂੰਗੀ ਮੰਦਿਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top