Share on Facebook

Main News Page

ਸਿੱਖ ਰਹਿਤ ਮਰਿਆਦਾ ਦੇ ਮੁੱਦੇ ਬਾਰੇ ਗਿਆਨੀ ਗੁਰਬਚਨ ਸਿੰਘ ਦੋਹਰੇ ਮਾਪਦੰਡ ਨਾ ਅਪਣਾਉਣ

ਨਿਊਯਾਰਕ, 30 ਮਾਰਚ (ਦੁਪਾਲਪੁਰ): ਪਿਛਲੇ ਦਿਨੀਂ ਅਕਾਲ ਤਖ਼ਤ ਦੇ ‘ਜਥੇਦਾਰ’ ਗਿਆਨੀ ਗੁਰਬਚਨ ਸਿੰਘ ਵਲੋਂ ਬਿਆਨ ਜਾਰੀ ਕੀਤਾ ਗਿਆ ਕਿ ਸਿੱਖ ਰਹਿਤ ਮਰਿਆਦਾ ਤੋਂ ਭਗੌੜੀਆਂ ਸੰਸਥਾਵਾਂ, ਸੰਪਰਦਾਵਾਂ, ਕੌਮ ਦੇ ਤਖ਼ਤਾਂ ਉਤੇ ਸਮਾਗਮ ਨਹੀਂ ਕਰਵਾ ਸਕਦੀਆਂ । ਅਮਰੀਕੀ ਸਿੱਖ ਆਰਗੇਨਾਈਜੇਸ਼ਨ ਦੇ ਆਗੂਆਂ ਭਾਈ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਦੀਦਾਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਗੁਰਸ਼ਰਨਜੀਤ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀ ਸਮਝਦੇ ਹਾਂ ਗਿਆਨੀ ਗੁਰਬਚਨ ਸਿੰਘ ਦਾ ਇਹ ਬਿਆਨ ਬੜਾ ਹੀ ਮੱਹਤਵਪੂਰਨ ਅਤੇ ਸ਼ਲਾਘਾਯੋਗ ਹੈ, ਕਿਉਂਕਿ ਜਦੋਂ ਤਕ ਸਮੁੱਚੀ ਕੌਮ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤੀ ਸਿੱਖ ਰਹਿਤ ਮਰਿਆਦਾ ਦੀ ਕੜੀ ਵਿਚ ਪਰੋਈ ਨਹੀਂ ਜਾਂਦੀ, ਉਦੋਂ ਤਕ ਕੌਮ ਦਾ ਏਕੀਕਰਨ ਨਹੀਂ ਹੋ ਸਕਦਾ, ਅਤੇ ਬਿਨਾਂ ਏਕਤਾ ਤੋਂ ਕੌਮ ਆਪਣੀ ਮੰਜ਼ਲ ਦੀ ਪੂਰਤੀ ਨਹੀਂ ਕਰ ਸਕਦੀ। ‘ਜਥੇਦਾਰ’ ਨੇ ਸਿਧਾਂਤਕ ਤੌਰ ’ਤੇ ਕੌਮ ਦਾ ਸੱਭ ਤੋਂ ਜਿਆਦਾ ਨੁਕਸਾਨ ਕਰ ਰਹੀ ਨਾਨਕਸਰ ਸੰਪਰਦਾ ਦਾ ਨਾਮ ਵਿਸ਼ੇਸ਼ ਤੌਰ ’ਤੇ ਲਿਆ।

ਇਨ੍ਹਾਂ ਦੇ ਠਾਠਾਂ ਅੰਦਰ ਗੁਰੂ ਕਾ ਲੰਗਰ ਵੀ ਨਹੀਂ ਪਕਦਾ ਅਤੇ ਨਾ ਹੀ ਇਹ ਅਪਣੇ ਠਾਠਾਂ ਅੰਦਰ ਖ਼ਾਲਸੇ ਦੀ ਹੋਂਦ ਦਾ ਪ੍ਰਤੀਕ ਨਿਸ਼ਾਨ ਸਾਹਿਬ ਝੁਲਾਉਂਦੇ ਹਨ। ਪਿਛਲੇ ਦੋ ਦਹਾਕਿਆਂ ਤੋਂ ਕੌਮ ਨੇ ਬੜੇ ਉਤਰਾਅ ਚੜਾਅ ਵੇਖੇ ਅਤੇ ਲੱਖਾਂ ਹੀ ਸੂਰਮੇ ਕੌਮ ਦੀ ਆਨ ਸ਼ਾਨ ਲਈ ਅਪਣੇ ਪ੍ਰਾਣਾਂ ਦੀਆਂ ਅਹੂਤੀਆਂ ਦੇ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ, ਪਰ ਇਨ੍ਹਾਂ ਦੇ ਠਾਠਾਂ ਅੰਦਰ ਕਦੀ ਵੀ ਕੌਮ ਦੇ ਯੋਧਿਆਂ ਨੂੰ ਯਾਦ ਨਹੀਂ ਕੀਤਾ ਜਾਂਦਾ, ਸਗੋਂ ਅਪਣੇ ਤੋਂ ਪਹਿਲਾਂ ਚੜ੍ਹਾਈ ਕਰ ਚੁੱਕੇ ਬਾਬਿਆਂ ਦੀਆਂ ਬਰਸੀਆਂ ਮਨਾਉਣਾ ਹੀ ਇਨ੍ਹਾਂ ਲਈ ਸਿੱਖੀ ਹੈ । ਕਈ ਜਗ੍ਹਾ ਤਾਂ ਇਨ੍ਹਾਂ ਨੇ 13 ਮੰਜ਼ਲੀਆਂ ਇਮਾਰਤਾਂ ਖੜੀਆਂ ਕਰ ਲਈਆਂ ਹਨ, ਪਰ ਉਥੇ ਗੁਰਮਤਿ ਦਾ ਕੋਈ ਪ੍ਰਚਾਰ ਨਹੀਂ ਹੋ ਰਿਹਾ। ਅਸੀ ‘ਜਥੇਦਾਰ’ ਦੇ ਇਸ ਬਿਆਨ ਦੀ ਸ਼ਲਾਘਾ ਕਰਦੇ ਹਾਂ ਕਿ ਅਜਿਹੇ ਡੇਰਿਆਂ ਦਾ ਸਮਾਗਮ ਤਖ਼ਤਾਂ ਉਤੇ ਕਰਾਉਣਾ ਕੌਮ ਲਈ ਬਹੁਤ ਵੱਡੀ ਚੁਣੌਤੀ ਹੋਵੇਗੀ, ਪਰ ਇਸ ਦੇ ਨਾਲ ਹੀ ਇਕ ਅਹਿਮ ਸਵਾਲ ਖੜਾ ਹੋ ਜਾਂਦਾ ਹੈ, ਕਿ ਅਜਿਹੀ ਬਿਆਨਬਾਜ਼ੀ ਕਰ ਕੇ ਗਿਆਨੀ ਗੁਰਬਚਨ ਸਿੰਘ ਕਿਤੇ ਪੰਥ ਦੇ ਜਾਗਦੇ ਹਿੱਸੇ ਨੂੰ ਖ਼ੁਸ਼ ਤਾਂ ਨਹੀ ਕਰ ਰਹੇ, ਕਿਉਂਕਿ ਜੇਕਰ ਸਿੱਖ ਰਹਿਤ ਮਰਿਆਦਾ ਤੋਂ ਭਗੌੜੇ ਲੋਕਾਂ ਦੀ ਗੱਲ ਆਉਂਦੀ ਹੈ, ਤਾਂ 2003 ਵਿਚ ਲਾਗੂ ਹੋਏ ਅਸਲ ਨਾਨਕਸ਼ਾਹੀ ਕੈਲੰਡਰ ਦਾ ਬ੍ਰਾਹਮਣੀ ਕਰਨ ਕਰਾਉਣ ਵਾਲੇ ਸੰਤ ਵੀ ਤਾਂ ਉਹੀ ਡੇਰੇਦਾਰ ਹਨ, ਜੋ ਅਪਣੀਆਂ ਸੰਪਰਦਾਵਾਂ ਅੰਦਰ ਸਿੱਖ ਰਹਿਤ ਮਰਿਆਦਾ ਨੂੰ ਚੁਨੌਤੀ ਦੇ ਕੇ ਅਪਣੀ ਮਰਿਆਦਾ ਬਣਾਈ ਫਿਰਦੇ ਹਨ, ਅਤੇ ‘ਜਥੇਦਾਰ’ ਇਨ੍ਹਾਂ ਡੇਰੇਦਾਰਾਂ ਵਲੋਂ ਕਰਵਾਏ ਸਮਾਗਮਾਂ ਵਿਚ ਉਚੇਚੇ ਤੌਰ ਤੇ ਹਾਜ਼ਰੀ ਭਰਨ ਜਾਂਦੇ ਹਨ। ਇਥੋਂ ਤਕ ਕਿ ਇਕ ਡੇਰੇਦਾਰ ਵਲੋਂ ਤਾਂ ਇਨ੍ਹਾਂ ਨੂੰ ਸੋਨੇ ਦੇ ਖੰਡੇ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਅਮਰੀਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆਂ ਨੇ ਕਿਹਾ ਕਿ ਅਸੀ ਗਿਆਨੀ ਗੁਰਬਚਨ ਸਿੰਘ ਨੂੰ ਇਹੀ ਬੇਨਤੀ ਕਰਾਂਗੇ, ਕਿ ਅੱਜ ਲੋੜ ਹੈ ਕਿ ਤੁਸੀ ਸਿੱਖ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਸਿੱਖ ਰਹਿਤ ਮਰਿਆਦਾ ਲਾਗੂ ਕਰਵਾਉ, ਜਿਸ ਨਾਲ ਕੌਮ ਅੰਦਰ ਏਕਤਾ ਹੋਵੇ ਅਤੇ ਕੌਮ ਅਪਣੀ ਮੰਜ਼ਿਲ ਵਲ ਵਧ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top