Share on Facebook

Main News Page

ਸੰਪਰਦਾਇਕਤਾ ਸਿੱਖੀ ਦੇ ਵਿਸ਼ਵ-ਵਿਆਪੀ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ: ਗਿਆਨੀ ਜਗਤਾਰ ਸਿੰਘ ਜਾਚਕ

ਮੈਲਬੌਰਨ 26 ਮਾਰਚ ( ਸੁਮਿਤ ਟੰਡਨ) ਸਿੱਖੀ ਨੂੰ ਨਿਰਮਲ-ਪੰਥ ਇਸ ਲਈ ਆਖਿਆ ਜਾਂਦਾ ਹੈ ਕਿਉਂਕਿ, ਇਹ ਸੰਪਰਦਾਇਕ ਨਹੀ ਹੈ। ਸੰਪਰਦਾ ਤਾਂ ਜਿੰਦ-ਹੀਨ ਮਿਰਤਕ ਸ਼ਰੀਰ ਵਾਂਗ ਹੁੰਦੀ ਹੈ, ਜਿਸ ਵਿੱਚ ਧਰਮ ਦੀ ਰੂਹ ਦੀ ਨਹੀ ਹੁੰਦੀ। ਪਰ, ਦੁੱਖ ਦੀ ਗੱਲ ਹੈ ਕਿ ਅੰਧੇ ਆਗੂਆਂ ਦੀ ਬਦੌਲਤ ਹੁਣ ਸੰਪਰਦਾਇਕਤਾ ਨੂੰ ਹੀ ਸਿੱਖੀ ਮੰਨ ਲਿਆ ਗਿਆ ਹੈ, ਜੋ ਸਿੱਖੀ ਦੇ ਵਿਸ਼ਵ-ਵਿਆਪੀ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਇਹ ਲਫਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਗੁਰਦੁਆਰਾ ਦਸ਼ਮੇਸ਼ ਦਰਬਾਰ ਟਾਰਨੈਟ (ਮੈਲਬੌਰਨ) ਵਿੱਚ ਗੁਰਸ਼ਬਦ ਵਿਚਾਰ ਕਰਦਿਆਂ ਕਹੇ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਿੱਖੀ ਦੇ ਵਿਸ਼ਵ-ਧਰਮ ਬਣਨ ਦੀਆਂ ਸੰਭਾਵਨਾਵਾਂ ਪੂਰਨ ਤੌਰ ’ਤੇ ਮਜੂਦ ਹਨ। ਕਿਉਂਕਿ, ਗੁਰੂ ਨਾਨਕ ਦਾ ਰੱਬ ਸਰਬ ਵਿਆਪੀ ਅਤੇ ਸਭ ਦਾ ਇੱਕੋ-ਇੱਕ ਸਾਂਝਾ ਬਾਪ ਹੈ । ਇਸ ਵਾਸਤੇ ਸਿੱਖੀ ਵਿੱਚ ਰੱਬੀ ਸਿਫ਼ਤ-ਸਲਾਹ ਤੇ ਅਰਦਾਸ ਆਦਿਕ ਲਈ ਸਥਾਨ ਤੇ ਦਿਸ਼ਾ ਦਾ ਕੋਈ ਭਰਮ ਨਹੀਂ। ਤਨ ਤੇ ਮਨ ਦੀ ਅਰੋਗਤਾ ਨੂੰ ਧਿਆਨ ਵਿੱਚ ਰੱਖ ਕੇ ਕੁੱਝ ਵੀ ਖਾਧਾ ਪੀਤਾ ਤੇ ਪਹਰਿਆ ਜਾ ਸਕਦਾ ਹੈ। ਪਰ, ਖ਼ਾਲਸਾ ਜਥੇਬੰਦੀ ਦੇ ਮੋਕਲੇ ਪ੍ਰਵੇਸ਼ ਦੁਆਰ ‘ਖੰਡੇ ਦੀ ਪਾਹੁਲ’ ਨੂੰ ਸੰਪਰਦਾਇਕਤਾ ਦੀ ਸੰਕੀਰਨ ਤੇ ਕੱਟੜ ਸੋਚ ਨੇ ਇਤਨਾ ਤੰਗ ਕਰ ਦਿੱਤਾ ਹੈ, ਕਿ ਸਿੱਖੀ ਦਾ ਵਿਦਿਅਕ ਤੇ ਜੁਆਨ ਵਰਗ ਉਸ ਵਿੱਚ ਘੁੱਟਣ ਮਹਿਸੂਸ ਕਰਦਾ ਹੋਇਆ ਨੇੜੇ ਨਹੀਂ ਢੁੱਕ ਰਿਹਾ ਤੇ ਅਨਮਤੀ ਲੋਕ ਸਾਡੇ ਮਖੌਲ ਉਡਾ ਰਹੇ ਹਨ।

ਉਨ੍ਹਾਂ ਕਿਹਾ ਕਿ ਬਦਕਿਸਮਤ ਹਨ ਉਹ ਵੀਰ, ਜੋ ਗੁਰੂ ਗ੍ਰੰਥ ਸਾਹਿਬ ਤੋਂ ਰੌਸ਼ਨੀ ਲੈ ਕੇ ਪਰਮ-ਹੰਸ ਬਣਨ ਦੀ ਥਾਂ ਅਗਿਆਨਤਾ ਵੱਸ ਖੂਹ ਦੇ ਡੱਡੂ ਬਣ ਕੇ ਆਪਣੇ ਸੰਪਰਦਾਈ ਗੁਰੂਆਂ ਦੇ ਇਸ਼ਾਰਿਆਂ ’ਤੇ ਨੱਚ ਰਹੇ ਹਨ, ਜਿਨ੍ਹਾਂ ਨੂੰ ਖਤਰਾ ਭਾਸਦਾ ਹੈ, ਕਿ ਜੇਕਰ ਸਿੱਖ ਸਗਤਾਂ ਨੂੰ ਗੁਰਮਤੀ ਸਿਧਾਂਤਾਂ ਦੀ ਸੋਝੀ ਹੋ ਗਈ ਤਾਂ ਅਜਿਹੀ ਜਾਗਰੂਕਤਾ ਉਨ੍ਹਾਂ ਦੀ ਗੁਰਿਆਈ ਵਾਲੀ ਠੱਗੀ ਦੀ ਦੁਕਾਨ ਬੰਦ ਕਰ ਦਏਗੀ। ਇਸੇ ਲਈ ਹਰ ਥਾਂ ਉਹ ਤੱਤ ਗੁਰਮਤਿ ਦੇ ਪ੍ਰਚਾਰਕਾਂ ਦੇ ਵਿਰੋਧ ਵਿੱਚ ਸ਼ੋਰ ਸ਼ਰਾਬਾ ਕਰਨ ਲਗ ਪੈਂਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top