Share on Facebook

Main News Page

ਦਸਤਾਰਾਂ ਉਤਾਰਨ ਵਾਲੇ ਪੁਲਿਸ ਅਧਿਕਾਰੀਆਂ ’ਤੇ ਧਾਰਾ 295-ਏ ਤਹਿਤ ਕਾਰਵਾਈ ਹੋਵੇ

ਫ਼ਤਿਹਗੜ੍ਹ ਸਾਹਿਬ, 29 ਮਾਰਚ (ਗੁਰਪ੍ਰੀਤ ਸਿੰਘ ਮਹਿਕ) : ਅਪਣੀਆਂ ਮੰਗਾਂ ਲਈ ਇਕੱਤਰ ਹੋਏ ਵੈਟਰਨਰੀ ਫਾਰਮਾਸਿਸਟਾਂ ਦੀ ਪੰਜਾਬ ਪੁਲਿਸ ਵਲੋਂ ਬੁਰੀ ਤਰ੍ਹਾਂ ਕੀਤੀ ਗਈ ਕੁੱਟਮਾਰ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਅਪਣੇ ਮੁਲਾਜ਼ਮਾਂ ਨਾਲ ਹੀ ਸਰਕਾਰ ਤੇ ਪੁਲਿਸ ਇਸ ਵਹਿਸ਼ੀ ਢੰਗ ਨਾਲ ਪੇਸ਼ ਆ ਸਕਦੀ ਹੈ ਤਾਂ ਆਮ ਲੋਕਾਂ ਦੀ ਇਸ ਦੀਆਂ ਨਜ਼ਰਾਂ ਵਿਚ ਕੋਈ ਕੀਮਤ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਪੰਥਕ ਅਖਵਾਉਂਦੀ ਸਰਕਾਰ ਹੀ ਸਿੱਖਾਂ ਦੀਆਂ ਦਸਤਾਰਾਂ ਨੂੰ ਪੈਰਾਂ ਹੇਠ ਰੋਲ ਰਹੀ ਹੈ ਤਾਂ ਵਿਦੇਸ਼ੀ ਸਰਕਾਰਾਂ ਨੂੰ ਇਹ ਲੋਕ ਦਸਤਾਰ ਦੀ ਕੀ ਅਹਿਮੀਅਤ ਸਮਝਾਉਣਗੇ। ਉਕਤ ਆਗੂਆਂ ਨੇ ਕਿਹਾ ਕਿ ਕੱਲ੍ਹ ਹੋਏ ਇਸ ਲਾਠੀਚਰਜ਼ ਦੌਰਾਨ ਪੁਲਿਸ ਅਫਸਰ ਖੁਦ ਅਪਣੇ ਹੱਥਾਂ ਨਾਲ ਸਿੱਖ ਫਾਰਮਾਸਿਸਟਾਂ ਦੀਆਂ ਦਸਤਾਰਾਂ ਜ਼ਬਰਦਸ਼ਤੀ ਉਤਾਰਦੇ ਵੇਖੇ ਗਏ, ਤੇ ਅਜਿਹੇ ਹੀ ਇਕ ਪੁਲਿਸ ਅਧਿਕਾਰੀ ਨੂੰ ਅਜਿਹੀ ਸ਼ਰਮਨਾਕ ਹਰਕਤ ਕਰਦੇ ਹੋਏ ‘ਡੇਅ ਐਂਡ ਨਾਈਟ’ ਨਿਊਜ਼ ਚੈਨਲ ਨੇ ਵੀ ਵਿਖਾਇਆ ਹੈ।

ਉਕਤ ਆਗੂਆਂ ਨੇ ਮੰਗ ਕੀਤੀ ਕਿ ਦਸਤਾਰਾਂ ਦੀ ਬੇਅਦਬੀ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਵਾਲੇ ਪੁਲਿਸ ਅਧਿਕਾਰੀਆਂ 'ਤੇ ਤੁਰੰਤ ਧਾਰਾ 295-ਏ ਤਹਿਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਵਾਲ ਕਰਿਦਆਂ ਕਿਹਾ ਕਿ ਜਿੱਥੇ ਉਹ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਰਧਾਰਕ ਵਿਰੋਧੀਆਂ ਤੇ ਪੰਥ ਦੀ ਭਲਾਈ ਚਾਹੁਣ ਵਾਲੇ ਸਿੱਖਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੇ ਬਹਾਨੇ ਅਕਸਰ ਲੱਭਦੇ ਰਹਿੰਦੇ ਹਨ ਹੁਣ ਉਹ ਆਪ ਹੀ ਦੱਸਣ ਕਿ ਇਸ ਸ਼ਰਮਨਾਕ ਕਾਰਵਾਈ ਕਾਰਨ ਸ. ਬਾਦਲ ਨੂੰ ਅਤੇ ਦਸਤਾਰਾਂ ਦੀ ਬੇਅਦਬੀ ਲਈ ਜਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਕਦੋਂ ਅਕਾਲ ਤਖ਼ਤ 'ਤੇ ਤਲਬ ਕਰਨਗੇ?

ਉਕਤ ਆਗੂਆਂ ਨੇ ਖਾਲਸਾ ਕਾਲਜ਼ ਨੂੰ ਯੂਨੀਵਰਿਸਟੀ ਵਿੱਚ ਬਦਲੇ ਜਾਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਖਾਲਸਾ ਕਾਲਜ ਸਿੱਖ ਇਤਿਹਾਸ ਦਾ ਹਿੱਸਾ ਬਣ ਚੁੱਕਿਆ ਹੈ ਤੇ ਸਾਡੀ ਇਤਿਹਾਸਕਿ ਤੇ ਮਾਣ-ਮੱਤੀ ਵਿਰਾਸਤ ਹੈ। ਇਸ ਨੂੰ ਖ਼ਤਮ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਉਕਤ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਤਰੀਕਆਂ ਨਾਲ ਪੰਥਕ ਜਾਇਦਾਦਾਂ ਨੂੰ ਟਰੱਸਟ ਬਣਾ ਕੇ ਬਾਦਲ ਪਰਿਵਾਰ ਤੇ ਉਸਦੇ ਰਿਸ਼ਤੇਦਾਰਾਂ ਵਲੋਂ ਹਥਿਆਇਆਂ ਜਾ ਰਿਹਾ ਹੈ। ਹੁਣ ਖਾਲਸ ਕਾਲਜ ਨੂੰ ਹਥਿਆਉਣ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਅਸੀਂ ਖ਼ਾਲਸਾ ਯੂਨੀਵਰਿਸਟੀ ਦੀ ਸਥਾਪਨਾ ਦੇ ਵਿਰੋਧੀ ਨਹੀਂ। ਖਾਲਸਾ ਯੂਨੀਵਰਿਸਟੀ ਬਣਨੀ ਚਾਹੀਦੀ ਹੈ ਪਰ ਇਸ ਵਾਸਤੇ ਖਾਲਸਾ ਕਾਲਜ ਦੀ ਬਲੀ ਹਰਗਿਜ਼ ਨਹੀਂ ਦੇਣ ਦਿੱਤੀ ਜਾਵੇਗੀ। ਇਸ ਮੌਕੇ ਉਕਤ ਆਗੂਆਂ ਨਾਲ ਸਰਪੰਚ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਭਗਵੰਤ ਸਿੰਘ ਮਹੱਦੀਆਂ, ਪ੍ਰਮਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਹੈਪੀ, ਕਿਹਰ ਸਿੰਘ ਮਾਰਵਾ ਡਾਇਰੈਕਟਰ ਲੈਂਡ ਮਾਰਗੇਜ਼ ਬੈਂਕ ਅਤੇ ਮਿਹਰ ਸਿੰਘ ਬਸੀ ਆਦਿ ਆਗੂ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top