Share on Facebook

Main News Page

ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਲਾਗੂ ਨਾ ਕਰਵਉਣ ਵਾਲੇ ਜਥੇਦਾਰਾਂ ਸਦਕਾ, ਸਿੱਖੀ ਅਤੇ ਸਿੱਖਾਂ ਦੀ ਅਣਖ ਦਾਅ ’ਤੇ ਲੱਗੀ

* ਧੱਲੇਕਾ ਅਤੇ ਧਰਮ ਸਿੰਘ ਦੇ ਕੇਸਾਂ ’ਤੇ ਹਾਲੀ ਤੱਕ ਨਹੀਂ ਕੋਈ ਫੈਸਲਾ ਨਹੀਂ ਹੋ ਸਕਿਆ

* ਲੋੜ ਸਿਰਫ ਧਰਮ ਸਿੰਘ ਨੂੰ ਭਾਂਡੇ ਮਾਂਜਣ ਆਦਿ ਦੀ ਰਵਾਇਤੀ ਤਨਖ਼ਾਹ ਲਾਉਣ ਦੀ ਨਹੀਂ, ਬਲਕਿ ਪੜਤਾਲ ਕਰ ਕੇ ਉਸ ਪਿੱਛੇ ਕੰਮ ਕਰ ਰਹੀ ਏਜੰਸੀ ਦਾ ਪਤਾ ਲਗਾਉਣ ਤੇ ਉਸ ਨੂੰ ਸਜਾ ਦਿਵਾਉਣ ਦੀ ਹੈ

* ਜਥੇਦਾਰ ਸਾਹਿਬ ਜਾਂ ਤਾਂ ਆਪਣੇ ਲਾਗੂ ਕੀਤੇ ਗਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਜਾਂ ਫਿਰ ਇਸ ਨੂੰ ਵਾਪਸ ਲੈਣ ਤਾ ਕਿ ਸਿੱਖ ਹੋਰ ਜ਼ਲੀਲ ਨਾ ਹੋਣ: ਭਾਈ ਸਿਰਸਾ

* ਸੌਦਾ ਸਾਧ ਦੇ ਸਮਾਗਮ ’ਚ ਸ਼ਾਮਲ ਹੋਣ ਕਰਕੇ ਸ਼੍ਰੋਮਣੀ ਕਮੇਟੀ ਮੈਂਬਰ ਕਾਉਣੀ ਨੂੰ ਲਾਈ ਮਾਮੂਲੀ ਤਨਖ਼ਾਹ

ਬਠਿੰਡਾ, 29 ਮਾਰਚ (ਕਿਰਪਾਲ ਸਿੰਘ): ਅਕਾਲ ਤਖ਼ਤ ’ਤੇ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਜਿਸ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਧੱਲੇਕਾ ਵਿਖੇ ਸੌਦਾ ਪ੍ਰੇਮੀਆਂ ਵਲੋਂ ਗੁਰਦੁਆਰੇ ’ਤੇ ਕੀਤੇ ਪੱਥਰਾਓ ਅਤੇ ਸੱਚ ਖੋਜ ਅਕੈਡਮੀ ਦੇ ਸੰਚਾਲਕ ਨਿਹੰਗ ਧਰਮ ਸਿੰਘ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਅਤੇ ਗੁਰਿਆਈ ’ਤੇ ਕੀਤੇ ਹਮਲੇ ਸਬੰਧੀ ਅੱਜ ਕੋਈ ਫੈਸਲਾ ਨਹੀਂ ਹੋ ਸਕਿਆ। ਨਿਹੰਗ ਧਰਮ ਸਿੰਘ ਸਬੰਧੀ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੂੰ ਹਦਾਇਤ ਕੀਤੀ ਗਈ ਹੈ, ਕਿ ਉਹ ਦੱਸਣ ਕਿ ਕਿਹੜੀ ਜਥੇਬੰਦੀ ਨਾਲ ਉਸ ਦਾ ਸਭੰਧ ਹੈ। ਜੇ ਕੋਈ ਵੀ ਨਿਹੰਗ ਸਿੰਘ ਜਥੇਬੰਦੀ ਉਸ ਨਾਲ ਆਪਣੇ ਸਬੰਧ ਹੋਣ ਤੋਂ ਇਨਕਾਰੀ ਹੈ, ਤਾਂ ਇਹ ਪਤਾ ਕੀਤਾ ਜਾਵੇਗਾ ਕਿ ਉਹ ਆਪਣੇ ਆਪ ਨੂੰ ਨਿਹੰਗ ਸਿੰਘ ਕਿਸ ਆਧਾਰ ’ਤੇ ਸਦਵਾ ਰਿਹਾ ਹੈ। ਇਸੇ ਤਰ੍ਹਾਂ ਧੱਲੇ ਕਾ ਕਾਂਡ ਸਬੰਧੀ ਵੀ ਕੋਈ ਫੈਸਲਾ ਨਹੀਂ ਹੋ ਸਕਿਆ ਅਤੇ 17 ਮਾਰਚ ਦਾ ਦਿੱਤਾ ਅਲਟੀਮੇਟਮ ਹੋਰ ਅੱਗੇ ਵਧਾ ਦਿੱਤਾ ਹੈ।

ਇਹ ਦੱਸਣਯੋਗ ਹੈ ਕਿ 6 ਮਾਰਚ ਨੂੰ ਪਿੰਡ ਧੱਲੇਕੇ ਵਿੱਚ ਸੌਦਾ ਸਾਧ ਦੇ ਪ੍ਰੇਮੀਆਂ ਦੀ ਪੁਲਿਸ ਸੁਰੱਖਿਆ ਅਧੀਨ ਨਾਮ ਚਰਚਾ ਹੋ ਰਹੀ ਸੀ, ਤਾਂ ਕੁਝ ਸਿੱਖ ਉਸ ਨੂੰ ਰੁਕਵਾਉਣ ਲਈ ਇਕੱਤਰ ਹੋਏ ਸਨ। ਇਸ ਸਮੇਂ ਦੌਰਾਨ ਸੌਦਾ ਪ੍ਰੇਮੀਆਂ ਨੇ ਪਿੰਡ ਦੇ ਗੁਰਦੁਆਰੇ ਅਤੇ ਇੱਕ ਸਿੱਖ ਦੇ ਘਰ ’ਤੇ ਧਾਵਾ ਬੋਲ ਦਿੱਤਾ ਸੀ ਜਿਸ ਦੌਰਨ ਗ੍ਰੰਥੀ ਸਿੰਘ ਸਮੇਤ ਕੁਝ ਸਿੰਘ ਜਖਮੀ ਹੋ ਗਏ ਸਨ ਅਤੇ ਕੁਝ ਪ੍ਰੇਮੀਆਂ ਦੇ ਵੀ ਚੋਟਾਂ ਲਗੀਆਂ ਸਨ। ਸੌਦਾ ਪ੍ਰੇਮੀਆਂ ਵਿਰੁਧ ਕੇਸ ਤਾਂ ਦਰਜ਼ ਹੋ ਗਏ ਸਨ ਪਰ ਹਾਲੀ ਤੱਕ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ। ਸਿੱਖ ਜਥੇਬੰਦੀਆਂ ਨੇ ਅਗਲਾ ਪ੍ਰੋਗਰਾਮ ਉਲੀਕਣ ਲਈ 10 ਮਾਰਚ ਨੂੰ ਪਿੰਡ ਧੱਲੇਕਾ ਵਿਖੇ ਕਾਨਫਰੰਸ ਸੱਦ ਲਈ ਸੀ ਜਿਸ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਵੀ ਸ਼ਾਮਲ ਹੋਣਾ ਸੀ। ਉਸ ਦਿਨ ਪੁਲਿਸ ਨੇ ਪਿੰਡ ਦੀ ਪੂਰੀ ਤਰ੍ਹਾਂ ਘੇਰਾਬੰਦੀ ਕਰਕੇ ਇੱਕ ਤਰ੍ਹਾਂ ਕਰਫਿਊ ਵਾਲੀ ਹਾਲਤ ਬਣਾ ਦਿੱਤੀ ਸੀ ਅਤੇ ਕਿਸੇ ਵੀ ਨੂੰ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਤੇ ਨਾ ਹੀ ਪਿੰਡ ਦੇ ਕਿਸੇ ਬੰਦੇ ਨੂੰ ਘਰੋਂ ਬਾਹਰ ਹੀ ਜਾਣ ਦਿੱਤਾ। ਗਿਆਨੀ ਗੁਰਬਚਨ ਸਿੰਘ ਆਪ ਤਾਂ ਉਥੇ ਨਾ ਪਹੁੰਚੇ ਪਰ ਆਪਣੇ ਨੁਮਾਇੰਦੇ ਦੇ ਤੌਰ ’ਤੇ ਭਾਈ ਹਰਨਾਮ ਸਿੰਘ ਧੁੰਮਾ ਨੂੰ ਉਥੇ ਭੇਜਿਆ, ਜਿਸ ਨੇ ਦੋਸ਼ੀ ਪ੍ਰੇਮੀਆਂ ਦੀ 17 ਮਾਰਚ ਤੱਕ ਗ੍ਰਿਫਤਾਰੀ ਦਾ ਅਲਟੀਮੇਟਮ ਦੇ ਕੇ ਫੈਸਲਾ ਸੁਣਾ ਦਿਤਾ, ਕਿ ਕੋਈ ਵੀ ਜਥੇਬੰਦੀ ਆਪਣੇ ਤੌਰ ’ਤੇ ਕੋਈ ਫੈਸਲਾ ਨਾ ਕਰੇ। ਉਨ੍ਹਾਂ ਕਿਹਾ ਇਸ ਸਬੰਧੀ 5 ਸਿੰਘ ਸਾਹਿਬਾਨ ਫੈਸਲਾ ਕਰਨਗੇ, ਜਿਹੜਾ ਕਿ ਸਭ ਲਈ ਮੰਨਣਯੋਗ ਹੋਵੇਗਾ। ਪਰ ਅੱਜ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਤੇ ਮਾਮਲੇ ਲਟਕਾ ਕੇ ਦਿਨ ਕਟੀ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 10 ਮਾਰਚ ਨੂੰ ਸਿੱਖਾਂ ਨੂੰ ਤਾਂ ਉਸ ਪਿੰਡ ਵਿੱਚ ਇਕੱਤਰ ਨਹੀਂ ਹੋਣ ਦਿੱਤਾ ਪਰ 26 ਮਾਰਚ ਨੂੰ ਉਸੇ ਪਿੰਡ ਵਿੱਚ ਪ੍ਰੇਮੀਆਂ ਦੀ ਨਾਮ ਚਰਚਾ ਪੂਰੀ ਪੁਲਿਸ ਸੁਰੱਖਿਆ ਅਧੀਨ ਪੂਰੀ ਸ਼ਾਨੋ ਸ਼ੌਕਤ ਨਾਲ ਹੋਈ। ਸੌਦਾ ਸਾਧ ਦੇ ਸਮਾਗਮ ’ਚ ਸ਼ਾਮਲ ਹੋਣ ਕਰਕੇ ਸ਼੍ਰੋਮਣੀ ਕਮੇਟੀ ਮੈਂਬਰ ਕਾਉਣੀ ਨੂੰ ਰਵਾਇਤੀ ਤਨਖ਼ਾਹ ਲਾ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ। ਇਸੇ ਤਰ੍ਹਾਂ ਖ਼ਾਲਸਾ ਕਾਲਜ ਨੂੰ ਖ਼ਾਲਸਾ ਯੁਨੀਵਰਸਿਟੀ ਵਿੱਚ ਤਬਦੀਲ ਕਰਨ ਸਬੰਧੀ ਵੀ ਕੋਈ ਫੈਸਲਾ ਨਾ ਕਰ ਸਕੇ।

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਜਿਸ ਨੇ 26 ਮਾਰਚ ਨੂੰ ਨਿਹੰਗ ਧਰਮ ਸਿੰਘ ਦੀ ਸ਼ਿਕਾਇਤ ਸਬੂਤਾਂ ਸਹਿਤ ਅਕਾਲ ਤਖ਼ਤ ’ਤੇ ਪਹੁੰਚਾਈ ਸੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਾਰੇ ਸੱਚ ਖੋਜ ਅਕੈਡਮੀ ਅਤੇ ਪ੍ਰਚਾਰ ਲਈ ਇੱਕ ਵੈੱਬਸਾਈਟ ਚਲਾ ਰਹੇ ਨਿਹੰਗ ਧਰਮ ਸਿੰਘ ਨੇ ਜਿਸ ਤਰ੍ਹਾਂ ਦੀਆਂ ਘਟੀਆ ਟਿੱਪਣੀਆਂ ਕੀਤੀਆਂ ਹਨ, ਅਜਿਹੀਆਂ ਟਿੱਪਣੀਆਂ ਕੋਈ ਘੱਟ ਬੁੱਧੀ ਵਾਲਾ ਨਿਹੰਗ ਵੀ ਨਹੀਂ ਕਰ ਸਕਦਾ। ਇਸ ਤੋਂ ਸਪਸ਼ਟ ਕਿ ਉਸ ਪਿੱਛੇ ਕੋਈ ਪੰਥ ਦੋਖੀ ਅਜਿਹੀ ਏਜੰਸੀ ਕੰਮ ਕਰ ਰਹੀ ਹੈ ਜਿਹੜੀ ਉਸ ਤੋਂ ਅਜਿਹੀਆਂ ਗੁਮਰਾਹਕੁਨ ਟਿੱਪਣੀਆਂ ਕਰਵਾ ਕੇ ਕੌਮ ਵਿੱਚ ਦੁਬਿਧਾ ਪੈਦਾ ਕਰ ਰਹੀ ਹੈ। ਭਾਈ ਸਿਰਸਾ ਨੇ ਜੋਰ ਦੇ ਕੇ ਕਿਹਾ ਕਿ ਇਸ ਵੇਲੇ ਲੋੜ ਸਿਰਫ ਧਰਮ ਸਿੰਘ ਨੂੰ ਭਾਂਡੇ ਮਾਂਜਣ ਆਦਿ ਦੀ ਰਵਾਇਤੀ ਤਨਖ਼ਾਹ ਲਾਉਣ ਦੀ ਨਹੀਂ ਬਲਕਿ ਪੜਤਾਲ ਕਰ ਕੇ ਉਸ ਪਿੱਛੇ ਕੰਮ ਕਰ ਰਹੀ ਏਜੰਸੀ ਦਾ ਪਤਾ ਲਗਾਉਣ ਤੇ ਉਸ ਨੂੰ ਸਜਾ ਦਿਵਾਉਣ ਦੀ ਹੈ। ਪਿੰਡ ਧੱਲੇਕੇ ਸਬੰਧੀ ਉਨ੍ਹਾਂ ਕਿਹਾ ਕਿ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰ ਕੇ ਸਿੱਖਾਂ ਦੇ ਹਿਰਦੇ ਵਲੂੰਧਰੇ। ਸਤਾਧਾਰੀ ਅਕਾਲੀ ਦਲ ਨੇ ਪੰਜਾਬ ਵਿੱਚ ਉਸ ਦੀਆਂ ਨਾਮ ਚਰਚਾਵਾਂ ਤੇ ਡੇਰੇ ਬੰਦ ਕਰਵਾਉਣ ਲਈ ਹੁਕਮਨਾਮਾ ਜਾਰੀ ਕਰਵਾ ਕੇ ਸੌਦਾ ਸਾਧ ’ਤੇ ਦਬਾਅ ਪਾ ਕੇ ਲੋਕ ਸਭਾ ਦੌਰਾਨ ਉਸ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਤੇ ਸਰਕਾਰੀ ਸੁਰੱਖਿਆ ਅਧੀਨ ਉਸ ਦੀਆਂ ਨਾਮ ਚਰਚਾਵਾਂ ਕਰਵਾਈਆਂ ਜਾ ਰਹੀਆਂ ਹਨ, ਪਰ ਜਿਹੜੇ ਅਕਾਲ ਤਖ਼ਤ ਨੂੰ ਸਮਰਪਤ ਸਿੱਖ ਹੁਕਨਾਮਾ ਲਾਗੂ ਕਰਨ ਲਈ ਕੰਮ ਕਰ ਰਹੇ ਹਨ ਉਨ੍ਹਾਂ ’ਤੇ ਇੱਕ ਪਾਸੇ ਸਰਕਾਰੀ ਤਸ਼ਦਦ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਸੌਦਾ ਸਾਧ ਦੇ ਪ੍ਰੇਮੀ ਗੁਰਦੁਆਰਿਆਂ ਅਤੇ ਹੁਕਮਨਾਮਾ ਲਾਗੂ ਕਰਨਾ ਚਾਹ ਰਹੇ ਸਿੱਖਾਂ ’ਤੇ ਹਮਲੇ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਤਰ੍ਹਾਂ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਲਾਗੂ ਨਾ ਕਰਵਉਣ ਵਾਲੇ ਜਥੇਦਾਰਾਂ ਸਦਕਾ, ਸਿੱਖੀ ਅਤੇ ਸਿੱਖਾਂ ਦੀ ਅਣਖ ਦਾਅ ’ਤੇ ਲੱਗੀ ਹੋਈ ਹੈ। ਉਨ੍ਹ੍ਹਾਂ ਜੋਰ ਦੇ ਕੇ ਕਿਹਾ ਕਿ ਜਥੇਦਾਰ ਸਾਹਿਬ ਜਾਂ ਤਾਂ ਆਪਣੇ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਜਾਂ ਫਿਰ ਇਸ ਨੂੰ ਵਾਪਸ ਲੈਣ ਤਾ ਕਿ ਸਿੱਖ ਹੋਰ ਜ਼ਲੀਲ ਨਾ ਹੋਣ।

ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਅੱਜ ਦੀ ਹੋਈ ਮੀਟਿੰਗ ਵਿੱਚ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਮੁੱਖ ਸੇਵਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਅਤੇ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਸ਼ਾਮਲ ਸਨ।

ਟਿੱਪਣ: ਇਨ੍ਹਾਂ ਮਿੱਟੀ ਦੇ ਬਾਵਿਆਂ ਨੇ ਕੋਈ ਫੈਸਲਾ ਨਹੀਂ ਕਰਨਾ, ਪਤਾ ਨਹੀਂ ਸਿੱਖ ਕਿਓਂ ਝਾਕ ਲਾਈ ਰੱਖਦੇ ਨੇ, ਇਨ੍ਹਾਂ ਮੂਰਖਾਂ ਕੋਲ਼ੋਂ। ਪ੍ਰੋ. ਦਰਸ਼ਨ ਸਿੰਘ ਜੀ ਦੇ ਕੇਸ 'ਚ ਤਾਂ ਝੱਟ ਫੈਸਲਾ ਲੈ ਲਿਆ ਸੀ, ਹੁਣ ਜਿਸ ਨਿਹੰਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤਾ ਹੈ, ਉਸ ਦੇ ਕੇਸ 'ਤੇ ਇੰਨੀ ਦੇਰ ਕਿਓਂ???

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top