Share on Facebook

Main News Page

ਬਾਬਾ ਬੰਦਾ ਸਿੰਘ ਬਹਾਦਰ ’ਤੇ ਉਂਗਲੀ ਉਠਾਉਣ ਦਾ ਭਾਵ ਹੈ, ਗੁਰੂ ਗੋਬਿੰਦ ਸਿੰਘ ਜੀ ’ਤੇ ਉਂਗਲੀ ਉਠਾਉਣੀ, ਕਿਉਂਕਿ ਇਹ ਚੋਣ ਗੁਰੂ ਸਾਹਿਬ ਜੀ ਦੀ ਆਪਣੀ ਸੀ: ਸਰਬਜੀਤ ਸਿੰਘ

* ਧਰਮ ਸਿੰਘ ਵਰਗੇ ਵਿਅਕਤੀ ਵਲੋਂ ਇਸ ਤਰ੍ਹਾਂ ਖੁਲ੍ਹ ਕੇ ਬਾਬਾ ਬੰਦਾ ਸਿੰਘ ਦਾ ਵਿਰੋਧ ਕਰਨਾ ਦਸਦਾ ਹੈ, ਕਿ ਇਸ ਪਿੱਛੇ ਜਰੂਰ ਕੋਈ ਪੰਥ ਦੋਖੀ ਤਾਕਤ ਖੜ੍ਹੀ ਹੈ: ਕਾਲਰ ਨੰ:1
* ਸ਼੍ਰੋਮਣੀ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਸਬੰਧੀ ਛਪਵਾਈ ਪੁਸਤਕ ਵਿੱਚ ਵੀ, ਇਨ੍ਹਾਂ ਸਾਰੀਆਂ ਗੱਲਾਂ ਦਾ ਖੰਡਨ ਕੀਤਾ ਹੋਇਆ ਹੈ ਜਿਹੜੀਆਂ ਧਰਮ ਸਿੰਘ ਨੇ ਕਹੀਆਂ ਹਨ
* ਸਿੱਖ ਰਾਜ ਦੇ ਵਿਰੋਧੀਆਂ ਵਲੋਂ ਬਾਬਾ ਬੰਦਾ ਸਿੰਘ ਨੂੰ ਬਦਨਾਮ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਸਿੱਖ ਰਾਜ ਸਥਾਪਤ ਕਰਨ ਵਾਲੇ ਪਹਿਲੇ ਸਿੱਖ ਜਰਨੈਲ ਸਨ: ਸ੍ਰ. ਬੰਦੇਸ਼ਾ
* ਦੂਸਰੇ ਸਾਧ ਬਾਬੇ ਤਾਂ ਸਿੱਖੀ ਦਾ ਨੁਕਸਾਨ ਕਰ ਹੀ ਰਹੇ ਹਨ, ਪਰ ਦੁੱਖ ਤਾ ਇਸ ਗੱਲ ਦਾ ਹੈ, ਕਿ ਸਾਡੇ ਹੀ ਸਿੱਖੀ ਸਰੂਪ ਵਿੱਚ ਧਰਮ ਸਿੰਘ ਵਰਗੇ ਨਿਹੰਗ, ਉਨ੍ਹਾਂ ਡੇਰੇਦਾਰਾਂ ਤੋਂ ਵੀ ਵੱਧ ਨੁਕਸਾਨ ਕਰ ਰਹੇ ਹਨ: ਹੋਸਟ ਕੁਲਦੀਪ ਸਿੰਘ
* ਬਹੁ ਗਿਣਤੀ ਕਾਲਰਾਂ ਦਾ ਇਹੀ ਵੀਚਾਰ ਸੀ ਕਿ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਜਿਹੜੀ ਪਾਰਟੀ ਧਰਮ ਸਿੰਘ ਪਿਛੇ ਖੜ੍ਹੀ ਹੈ, ੳਹੀ ਪਾਰਟੀ ਜਥੇਦਾਰਾਂ ਪਿੱਛੇ ਹੈ

ਬਠਿੰਡਾ, 28 ਮਾਰਚ (ਕਿਰਪਾਲ ਸਿੰਘ): ਬਾਬਾ ਬੰਦਾ ਸਿੰਘ ਬਹਾਦਰ 'ਤੇ ਉਂਗਲੀ ਉਠਾਉਣ ਦਾ ਭਾਵ ਹੈ, ਗੁਰੂ ਗੋਬਿੰਦ ਸਿੰਘ ਜੀ 'ਤੇ ਉਂਗਲੀ ਉਠਾਉਣੀ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਚੋਣ ਗੁਰੂ ਸਾਹਿਬ ਜੀ ਦੀ ਆਪਣੀ ਸੀ, ਇਸ ਲਈ ਉਹ ਕਦੀ ਵੀ ਗਲਤ ਨਹੀਂ ਹੋ ਸਕਦੀ। ਇਹ ਸ਼ਬਦ ਐਤਵਾਰ ਨੂੰ ਸ਼ੇਰੇ ਪੰਜਾਬ ਰੇਡੀਓ ਕੈਨੇਡਾ 'ਤੇ ਦਿਲਾਂ ਦੀ ਸਾਂਝ ਪ੍ਰੋਗਰਾਮ ਦੌਰਾਨ ਹੋਈ ਲਾਈਵ ਟਾਕ ਸ਼ੋਅ 'ਚ ਭਾਗ ਲੈਂਦਿਆਂ ਕੈਲੇਫ਼ੋਰਨੀਆ ਸਟੇਟ ਦੇ ਸ਼ਹਿਰ ਸੈਕਰਾਮੈਂਟੋ ਦੇ ਵਸਨੀਕ ਸਰਬਜੀਤ ਸਿੰਘ ਨੇ ਕਹੇ। ਇਹ ਦੱਸਣਯੋਗ ਹੈ ਕਿ ਸੱਚ ਖੋਜ ਅਕੈਡਮੀ ਦੇ ਸੰਚਾਲਕ ਨਿਹੰਗ ਧਰਮ ਸਿੰਘ ਗੁਰੂ ਗਰੰਥ ਸਾਹਿਬ ਜੀ ਦੇ ਸਮੁੱਚੇ ਇਤਿਹਾਸ ਅਤੇ ਗੁਰਿਆਈ ਸੌਂਪੇ ਜਾਣ ਨੂੰ ਵੀ ਰੱਦ ਕਰਨ 'ਤੇ ਉੱਤਰ ਆਇਆ ਹੈ। ਗੁਰੂ ਗਰੰਥ ਸਾਹਿਬ ਜੀ 'ਤੇ ਕੀਤੇ ਜਾ ਰਹੇ ਇਸ ਮਾਰੂ ਹਮਲੇ ਦਾ ਮੁਕਾਬਲਾ ਕਰਨ ਲਈ ਹਲੂਣਾ ਦੇ ਕੇ ਪੰਥ ਨੂੰ ਜਗਾਉਣ ਲਈ ਆਪਣਾ ਫਰਜ਼ ਨਿਭਾਇਆ ਤਾਂ ਇਹ ਮਾਮਲਾ ਅਕਾਲ ਤਖ਼ਤ 'ਤੇ ਪਹੁੰਚ ਗਿਆ, ਜਿਸ 'ਤੇ 29 ਮਾਰਚ ਨੂੰ ਹੋ ਰਹੀ ਪੰਜੇ ਜਥੇਦਾਰਾਂ ਦੀ ਮੀਟਿੰਗ ਵਿੱਚ ਵੀਚਾਰ ਕਰਨ ਦਾ ਗਿਆਨੀ ਗੁਰਬਚਨ ਸਿੰਘ ਨੇ ਵਾਅਦਾ ਕੀਤਾ ਹੈ।

ਇਸ ਮਾਮਲੇ ਦੇ ਅਕਾਲ ਤਖ਼ਤ 'ਤੇ ਪਹੁੰਚਣ ਤੱਕ ਦੇ ਸਫਰ ਦੀ ਪੰਥ ਨੂੰ ਜਾਣਕਾਰੀ ਦੇਣ ਲਈ, ਸ਼ੇਰੇ ਪੰਜਾਬ ਰੇਡੀਓ ਨੇ 27 ਮਾਰਚ ਨੂੰ ਇਹ ਟਾਕ ਸ਼ੋਅ ਕਰਵਾਇਆ, ਜਿਸ ਦੌਰਾਨ ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਇਸ ਨਿਹੰਗ ਦੀ ਆਵਾਜ਼ ਦੀ ਆਡੀਓ ਕਲਿਪ ਰੇਡੀਓ 'ਤੇ ਚਲਾ ਕੇ ਸੁਣਾਈ, ਜਿਸ ਵਿੱਚ ਸਿਰ ਫਿਰੇ ਨਿਹੰਗ ਨੇ ਸਿਰਫ ਗੁਰੂ ਗਰੰਥ ਸਾਹਿਬ ਜੀ ਨੂੰ ਰੱਦ ਕਰਨ ਦੀ ਕੋਝੀ ਹਰਕਤ ਹੀ ਨਹੀਂ ਕੀਤੀ, ਬਲਕਿ ਸਿੱਖ ਪੰਥ ਦੇ ਮਹਾਨ ਸ਼ਹੀਦ, ਕੁਰਬਾਨੀ ਦੇ ਪੁੰਜ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲਾ ਖ਼ਾਲਸਾ ਰਾਜ ਸਥਾਪਤ ਕੀਤਾ ਅਤੇ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਨੇ ਆਪਣੇ 4 ਸਾਲ ਦੇ ਬੱਚੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਇਆ, ਉਸ ਦਾ ਕਾਲਜਾ ਆਪਣੇ ਮੂੰਹ ਵਿੱਚ ਪਵਾਇਆ, ਗਰਮ ਜਮੂਰਾਂ ਨਾਲ ਆਪਣਾ ਮਾਸ ਤੁੜਵਾਇਆ, ਗਰਮ ਸ਼ਲਾਖਾਂ ਨਾਲ ਅਂਖਾਂ ਕਢਵਾਈਆਂ, ਪਰ ਮੂੰਹੋਂ ਸੀ ਤੱਕ ਨਹੀਂ ਉਂਚਰੀ ਅਤੇ ਨਾ ਹੀ ਗੁਰੂ ਵਲੋਂ ਬਖ਼ਸ਼ੇ ਸਿਧਾਂਤ ਨੂੰ ਆਂਚ ਆਉਣ ਦਿੱਤੀ, ਉਸ ਮਹਾਨ ਯੋਧੇ ਨੂੰ ਇਹ ਧਰਮ ਸਿੰਘ ਬੁਜ਼ਦਿਲ ਅਤੇ ਗੁਰੂ ਘਰ ਦਾ ਬਾਗੀ ਦੱਸ ਰਿਹਾ ਹੈ ਜਿਸ ਨੂੰ ਮਾਤਾ ਸੁੰਦਰੀ ਜੀ ਨੇ ਪੰਥ ਵਿੱਚੋਂ ਛੇਕ ਦਿੱਤਾ ਸੀ। ਉਸ ਆਡੀਓ ਵਿੱਚ ਧਰਮ ਸਿੰਘ ਕਹਿ ਰਿਹਾ ਹੈ ਕਿ ਸਰਹਿੰਦ ਦੀ ਫ਼ਤਹਿ ਬਾਬਾ ਬੰਦਾ ਸਿੰਘ ਦੀ ਬਹਾਦਰੀ ਕਰਕੇ ਨਹੀਂ ਬਲਕਿ ਮੁਸਲਮਾਨਾਂ ਦੀ ਆਪਸੀ ਫੁੱਟ ਕਾਰਣ ਸੀ। ਜਿਹੜਾ ਬੰਦਾ ਸਰਹਿੰਦ ਵਿੱਚ ਸ਼ੇਰ ਬਣਿਆ ਸੀ ੳਸ ਨੇ 750 ਸਾਥੀਆਂ ਸਮੇਤ ਹੱਥ ਖੜ੍ਹੇ ਕਰਕੇ ਖ਼ਰਗੋਸ਼ ਵਾਗੂੰ ਗ੍ਰਿਫ਼ਤਾਰੀ ਕਿਉਂ ਦਿੱਤੀ? ਧਰਮ ਸਿੰਘ ਕਹਿ ਰਿਹਾ ਹੈ ਕਿ ਜਦੋਂ ਤੱਕ ਸੈਂਟਰ ਬੰਦੇ ਨਾਲ ਮਿਲਿਆ ਰਿਹਾ ਉਤਨਾ ਚਿਰ ਉਹ ਸ਼ੇਰ ਬਣਿਆ ਰਿਹਾ, ਜਦੋਂ ਉਸ ਨੇ ਹੱਥ ਪਿੱਛੇ ਖਿੱਚ ਲਿਆ ਉਸੇ ਵਖਤ ਉਹ ਠੁੱਸ ਹੋ ਗਿਆ। ਇਸੇ ਕਾਰਣ ਬੰਦੇ ਨੂੰ ਨਾ ਸਿੱਖ ਇਤਿਹਾਸ ਵਿੱਚ ਕੋਈ ਸਥਾਨ ਦਿੱਤਾ ਗਿਆ ਹੈ , ਨਾ ਮਹਾਰਾਜਾ ਰਣਜੀਤ ਸਿੰਘ ਨੇ, ਨਾ ਹੀ ਦਮਦਮੀ ਟਕਸਾਲ ਅਤੇ ਨਾ ਹੀ ਖ਼ਾਲਸੇ ਨੇ ਕਦੀ ਉਸ ਦਾ ਦਿਨ ਮਨਾਇਆ ਪਰ ਅੱਜ ਜਿਹੜੇ ਉਸ ਦਾ ਦਿਨ ਮਨਾ ਰਹੇ ਹਨ ਉਹ ਸਾਰੇ ਰਾਮਰਾਈਏ ਤੇ ਧੀਰਮੱਲੀਏ ਹਨ ਜਿਨ੍ਹਾਂ ਨੂੰ ਬੈਰਾਗੀਆਂ ਦੀਆਂ ਵੀ ਵੋਟਾਂ ਚਾਹੀਦੀਆਂ ਹਨ।

ਇਹ ਵੀਡੀਓ ਸੁਣ ਕੇ ਕਾਲਰ ਨੰ: ਇੱਕ ਨੇ ਕਿਹਾ ਕਿ ਧਰਮ ਸਿੰਘ ਜੋ ਕੁਝ ਕਹਿ ਰਿਹਾ ਹੈ ਇਸ ਦਾ 80% ਉਹ ਕੁਝ ਹੀ ਹੈ ਜੋ ਸਾਡੇ ਪੁਰਾਤਨ ਸਿੱਖ ਇਤਿਹਾਸ ਵਿੱਚ ਪਹਿਲਾਂ ਹੀ ਰਲ ਗੱਡ ਕਰਕੇ ਲਿਖਿਆ ਹੋਇਆ ਹੈ ਤੇ ਦਮਦਮੀ ਟਕਸਾਲ ਸਮੇਤ ਕਈ ਜਥੇਬੰਦੀਆਂ ਇਸ ਦਾ ਪਰਚਾਰ ਕਰ ਰਹੀਆਂ ਹਨ ਪਰ ਮਹਾਨ ਵਿਦਵਾਨ ਪ੍ਰੋ: ਸਾਹਿਬ ਸਿੰਘ, ਭਾਈ ਵੀਰ ਸਿੰਘ ਅਤੇ ਇਤਿਹਾਸਕਾਰ ਗੰਡਾ ਸਿੰਘ ਵਰਗਿਆਂ ਨੇ ਇਸ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਵਿਦਵਾਨਾਂ ਵਲੋਂ ਸਹੀ ਤੱਥ ਪੇਸ਼ ਕੀਤੇ ਜਾਣ ਪਿਛੋਂ ਧਰਮ ਸਿੰਘ ਵਰਗੇ ਵਿਅਕਤੀ ਵਲੋਂ ਇਸ ਤਰ੍ਹਾਂ ਖੁਲ੍ਹ ਕੇ ਬਾਬਾ ਬੰਦਾ ਸਿੰਘ ਦਾ ਵਿਰੋਧ ਕਰਨਾ ਦਸਦਾ ਹੈ ਕਿ ਇਸ ਪਿੱਛੇ ਜਰੂਰ ਕੋਈ ਪੰਥ ਦੋਖੀ ਤਾਕਤ ਖੜ੍ਹੀ ਹੈ। ਉਨ੍ਹਾਂ ਹੋਸਟ ਸ: ਕੁਲਦੀਪ ਸਿੰਘ ਨੂੰ ਸੁਝਾਉ ਦਿੱਤਾ ਕਿ ਕਿਸੇ ਵਿਦਵਾਨ ਨੂੰ ਰੇਡੀਓ 'ਤੇ ਲੈ ਕੇ ਆਓ ਜਿਹੜਾ ਇਤਿਹਾਸ ਵਿੱਚ ਪਏ ਇਸ ਖੋਟ ਨੂੰ ਨਿਖੇਰ ਕੇ ਸਹੀ ਇਤਿਹਾਸ ਤੋਂ ਜਾਣੂ ਕਰਵਾਏ।

ਕਾਲਰ ਨੰ: 2 ਸ: ਬੰਦੇਸ਼ਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਸਬੰਧੀ ਛਪਵਾਈ ਪੁਸਤਕ ਵਿੱਚ ਵੀ ਇਨ੍ਹਾਂ ਸਰੀਆਂ ਗੱਲਾਂ ਦਾ ਖੰਡਨ ਕੀਤਾ ਹੋਇਆ ਹੈ ਜਿਹੜੀਆਂ ਧਰਮ ਸਿੰਘ ਨੇ ਕਹੀਆਂ ਹਨ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਦੇ ਸਮੇਂ ਦਾ ਸਾਰਾ ਇਤਿਹਾਸ ਮੁਸਲਮਾਨਾਂ ਦਾ ਲਿਖਿਆ ਹੋਇਆ ਤੇ ਸਿੱਖ ਰਾਜ ਦੇ ਵਿਰੋਧੀਆਂ ਵਲੋਂ ਉਸ ਵਿੱਚੋਂ ਮਾੜਾ ਪੱਖ ਉਭਾਰ ਕੇ ਉਨ੍ਹਾਂ ਨੂੰ ਬਦਨਾਮ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸਿੱਖ ਰਾਜ ਸਥਾਪਤ ਕਰਨ ਵਾਲੇ ਪਹਿਲੇ ਸਿੱਖ ਜਰਨੈਲ ਸਨ।

ਸ: ਕੁਲਦੀਪ ਸਿੰਘ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਧਰਮ ਸਿੰਘ ਸਿੰਘ ਦੀ ਸ਼ਿਕਾਇਤ ਅਕਾਲ ਤਖ਼ਤ 'ਤੇ ਪਹੁੰਚ ਚੁੱਕੀ ਹੈ, ਕੀ ਇਸ ਗੱਲ ਦੀ ਸੰਭਾਵਨਾ ਹੈ ਕਿ ਉਸ ਵਿਰੁੱਧ ਕੋਈ ਕਾਰਵਾਈ ਹੋਵੇਗੀ? ਤਾਂ ਬਹੁ ਗਿਣਤੀ ਕਾਲਰਾਂ ਦਾ ਇਹੀ ਵੀਚਾਰ ਸੀ ਕਿ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਜਿਹੜੀ ਪਾਰਟੀ ਧਰਮ ਸਿੰਘ ਪਿਛੇ ਖੜ੍ਹੀ ਹੈ ੳਹੀ ਪਾਰਟੀ ਜਥੇਦਾਰਾਂ ਪਿੱਛੇ ਹੈ। ਕੁਝ ਕੁ ਨੇ ਇਹ ਵੀਚਾਰ ਵੀ ਦਿੱਤਾ ਕਿ ਅੱਖਾਂ ਪੂੰਝਣ ਲਈ ਜੇ ਕੋਈ ਕਾਰਵਾਈ ਹੁੰਦੀ ਵੀ ਹੈ ਤਾਂ ਸਿਰਫ ਇਹ ਹੋਵੇਗੀ ਕਿ ਇੱਕ ਹਫਤਾ ਭਾਂਡੇ ਮਾਂਜਣੇ ਹਨ, ਉਸ ਪਿਛੋਂ ਦੇਗ ਕਰਾ ਕੇ ਅਰਦਾਸ ਕਰਵਾਉਣੀ ਤੇ ਅੱਗੇ ਤੋਂ ਆਪਣੀ ਜ਼ਬਾਨ ਬੰਦ ਰੱਖਣੀ ਹੈ। ਬਹੁਤਿਆਂ ਦਾ ਇਹ ਵੀ ਵੀਚਾਰ ਸੀ ਕਿ ਇਨ੍ਹਾਂ ਜਥੇਦਾਰਾਂ ਕੋਲ ਸ਼ਿਕਾਇਤ ਕਰਨ ਦਾ ਕੋਈ ਫਾਇਦਾ ਹੀ ਨਹੀਂ ਫਿਰ ਸ਼ਿਕਾਇਤਾਂ ਕਰਨ ਵਾਲੇ ਵਾਰ ਵਾਰ ਜਾਂਦੇ ਹੀ ਕਿਉਂ ਹਨ?

ਇਸ ਤੋਂ ਪਹਿਲਾਂ ਧਰਮ ਸਿੰਘ ਸਬੰਧੀ ਸ਼ੇਰੇ ਪੰਜਾਬ ਰੇਡੀਓ 'ਤੇ ਹੋਈ ਟਾਕ ਸ਼ੋਅ ਨੂੰ ਲਿਖਤੀ ਰੂਪ ਵਿੱਚ ਖ਼ਬਰਾਂ ਭੇਜ ਕੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਵਾਲੇ ਪੱਤਰਕਾਰ ਕਿਰਪਾਲ ਸਿੰਘ ਬਠਿੰਡਾ ਤੇ ਉਸ ਵਿਰੁਂਧ ਅਕਾਲ ਤਖ਼ਤ 'ਤੇ ਸ਼ਿਕਾਇਤ ਕਰਨ ਵਾਲੇ ਭਾਈ ਬਲਦੇਵ ਸਿੰਘ ਸਿਰਸਾ, ਵਿਸ਼ੇਸ਼ ਸਕੱਤਰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੂੰ ਹੁਣ ਤੱਕ ਹੋਈ ਕਾਰਵਾਈ ਦੀ ਜਾਣਕਾਰੀ ਦੇਣ ਲਈ ਗੈਸਟ ਦੇ ਤੌਰ 'ਤੇ ਲਾਈਵ ਟਾਕ ਸ਼ੋਅ ਵਿੱਚ ਸ਼ਾਮਲ ਕੀਤਾ ਗਿਆ। ਕਿਰਪਾਲ ਸਿੰਘ ਨੇ ਦੱਸਿਆ ਕਿ ਸ਼ੇਰੇ ਪੰਜਾਬ ਰੇਡੀਓ 'ਤੇ ਹੋਈ ਟਾਕ ਸ਼ੋਅ ਤੇ ਉਸ ਦੀਆਂ ਖ਼ਬਰਾਂ ਨੂੰ ਪੰਥਕ ਸਾਈਟਾਂ ਵਿੱਚ ਵਿਸ਼ੇਸ਼ ਥਾਂ ਮਿਲਣ ਕਰਕੇ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ਼ ਤੋਂ ਹੈਂਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਇਸ ਮਸਲੇ ਨੂੰ ਚੁੱਕਿਆ ਤਾਂ ਜਿਹੜੇ ਲੋਕ ਧਰਮ ਸਿੰਘ ਨੂੰ ਮਹਾਨ ਵਿਦਵਾਨ ਮੰਨੀ ਬੈਠੇ ਸਨ ਤੇ ਉਸ ਦੇ ਵਿਦਿਆਰਥੀਆਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸ਼ੇਰੇ ਪੰਜਾਬ ਰੇਡੀਓ 'ਤੇ ਟਾਈਮ ਦਿਵਾਉਣ ਲਈ ਸਿਫਾਰਸ਼ਾਂ ਕਰਦੇ ਸਨ ਉਨ੍ਹਾਂ ਕੋਲ ਕੋਈ ਰਾਹ ਹੀ ਨਹੀਂ ਸੀ ਬੱਚਿਆ ਤੇ ਉਹ ਫ਼ੋਨ ਕਰਕੇ ਇਹ ਬੇਨਤੀਆਂ ਕਰਨ ਲਈ ਮਜ਼ਬੂਰ ਹੋ ਗਏ ਸਨ ਕਿ ਧਰਮ ਸਿੰਘ ਦੀ ਸ਼ਿਕਾਇਤ ਅਕਾਲ ਤਖ਼ਤ 'ਤੇ ਕੀਤੀ ਜਾਵੇ।

ਭਾਈ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਲਿਖਤੀ ਸ਼ਿਕਾਇਤ ਪੱਤਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉਨ੍ਹਾਂ ਦੇ ਘਰ ਜਾ ਕੇ ਸੌਂਪਿਆ ਜਿਸ ਵਿੱਚ ਦੱਸਿਆ ਗਿਆ ਕਿ ਧਰਮ ਸਿੰਘ ਅਖੌਤੀ ਨਿਹੰਗ ਆਪਣੀ ਆਡੀਓ ਸੀਡੀ ਵਿੱਚ ਕਹਿ ਰਿਹਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਨਾ ਹਰਿਮੰਦਰ ਸਾਹਿਬ ਵਿਖੇ ਕਿਸੇ ਬੀੜ ਦਾ ਪ੍ਰਕਾਸ਼ ਕੀਤਾ ਸੀ, ਨਾ ਬਾਬਾ ਬੁਢਾ ਜੀ ਨੂੰ ਇਸ ਦਾ ਗਰੰਥੀ ਥਾਪਿਆ, ਨਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਕੋਈ ਬੀੜ ਲਿਖਵਾਈ, ਨਾ ਹੀ ਕਿਸੇ ਗਰੰਥ ਨੂੰ ਹਜ਼ੂਰ ਸਾਹਿਬ ਵਿਖੇ ਗੁਰਗੱਦੀ ਹੀ ਦਿੱਤੀ। ਗੁਰੂ ਸਾਹਿਬ ਆਪਣੇ ਪਾਸ ਕੋਈ ਬੀੜ ਰੱਖਦੇ ਹੀ ਨਹੀਂ ਸਨ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਬੀੜ ਦੀ ਲੋੜ ਸੀ। ਇਸ ਦੇ ਸਬੂਤ ਵਜੋਂ ਉਸ ਦੀ ਇਹ ਆਡੀਓ ਸੀਡੀ ਇੰਟਰਨੈਂਟ ਤੋਂ ਡਾਊਨਲੋਡ ਕਰਵਾ ਕੇ ਦਿੱਤੀ ਤੇ ਮੰਗ ਕੀਤੀ ਕਿ ਇਸ ਗੱਲ ਦੀ ਪੜਤਾਲ ਕਰਵਾਈ ਜਾਵੇ ਕਿ ਕਿਹੜੀ ਏਜੰਸੀ ਧਰਮ ਸਿੰਘ ਦੇ ਪਿਛੇ ਖੜ੍ਹੀ ਹੈ। ਪੰਜਾਬ ਵਿੱਚ ਫੈਲੇ ਡੇਰਾਵਾਦ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਡੇਰਾਵਾਦ ਦਾ ਇਤਨਾ ਬੋਲ ਬਾਲਾ ਹੈ ਕਿ ਪੰਜਾਬ ਦੇ ਹਰ ਪਿੰਡ ਵਿੱਚ ਤਿੰਨ ਤਿੰਨ ਚਾਰ ਚਾਰ ਸਾਧ ਬਾਬੇ ਬੈਠੇ ਹਨ ਜਿਹੜੇ ਭੋਲੇ ਭਾਲੇ ਸਿੱਖਾਂ ਨੂੰ ਸ਼ਬਦ ਗੁਰੂ ਨਾਲ ਤੋੜ ਕੇ ਉਨ੍ਹਾਂ ਨੂੰ ਟੂਣੇ ਤਵੀਤਾਂ ਦੇ ਵਹਿਮਾਂ ਭਰਮਾਂ ਵਿੱਚ ਫਸਾ ਕੇ ਆਪਣੇ ਚਰਨਾ ਨਾਲ ਜੋੜ ਰਹੇ ਹਨ। ਉਨ੍ਹਾਂ ਪੰਜਾਬ ਵਿੱਚ ਵਧ ਰਹੇ ਡੇਰਾਵਾਦ ਦਾ ਮੁਖ ਕਾਰਣ ਵੋਟ ਰਾਜਨੀਤੀ ਕਾਰਣ ਸ਼੍ਰੋਮਣੀ ਕਮੇਟੀ ਦੀ ਲਾਪ੍ਰਵਾਹੀ ਤੇ ਉਨ੍ਹਾਂ ਦੀ ਅਧੀਨਗੀ ਤੇ ਆਰਐਂਸਐਂਸ ਦੀ ਦਖ਼ਲਅੰਦਾਜ਼ੀ ਕਾਰਣ ਜਥੇਦਾਰਾਂ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣਾ ਹੈ। ਸ: ਕੁਲਦੀਪ ਸਿੰਘ ਨੇ ਕਿਹਾ ਕਿ ਦੂਸਰੇ ਸਾਧ ਬਾਬੇ ਤਾਂ ਸਿੱਖੀ ਦਾ ਨੁਕਸਾਨ ਕਰ ਹੀ ਰਹੇ ਹਨ ਪਰ ਦੁੱਖ ਤਾ ਇਸ ਗੱਲ ਦਾ ਹੈ ਕਿ ਸਾਡੇ ਹੀ ਸਿੱਖੀ ਸਰੂਪ ਵਿੱਚ ਧਰਮ ਸਿੰਘ ਵਰਗੇ ਨਿਹੰਗ ਉਨ੍ਹਾਂ ਡੇਰੇਦਾਰਾਂ ਤੋਂ ਵੀ ਵੱਧ ਨੁਕਸਾਨ ਕਰ ਰਹੇ ਹਨ ਹੁਣ ਵੇਖਦੇ ਹਾਂ ਕਿ ਜਥੇਦਾਰ ਸਾਹਿਬ ਇਸ ਵਿਰੁੱਧ ਕੀ ਕਾਰਵਾਈ ਕਰਦੇ ਹਨ।?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top