Share on Facebook

Main News Page

ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਏ ਜਾਣ ਦੀ ਨਿਖੇਧੀ ਦਾ ਮਤਾ ਮੱਕੜ ਨੇ ਖੁਦ ਪੜਿਆ ਤੇ ਹਾਜਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਸੀ

* ਕੀਤੇ ਮਤੇ ਤੋਂ ਮੁਕਰ ਜਾਣਾ ਸਿੱਖ ਗੁਰਦੁਆਰਾ ਐਕਟ ਦੀ ਸਿੱਧੀ ਉਲੰਘਣਾ ਹੈ: ਕਲਕੱਤਾ

ਬਠਿੰਡਾ, 28 ਮਾਰਚ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਕਮੇਟੀ ਦੇ ਜਨਰਲ ਇਜਲਾਸ ਵਿਚ, ਖਾਲਸਾ ਕਾਲਜ ਦੇ ਯੂਨੀਵਰਸਿਟੀ ਬਣਾਏ ਜਾਣ ਦੇ ਮਾਮਲੇ ਤੇ ਕੀਤੇ ਮਤੇ ਤੋਂ ਮੁਕਰ ਜਾਣਾ, ਜਿਥੇ ਸਿੱਖ ਗੁਰਦੁਆਰਾ ਐਕਟ ਦੀ ਸਿੱਧੀ ਉਲੰਘਣਾ ਹੈ, ਉਥੇ ਹਾਊਸ ਵਿਚ ਸ਼ਸ਼ੋਭਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੰਘ ਸਾਹਿਬਾਨ ਦੇ ਮਾਣ ਸਤਿਕਾਰ ਨੂੰ ਢਾਹ ਕਰਾਰ ਦਿੰਦਿਆਂ, ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ, ਮੱਕੜ ਤੁਰੰਤ ਅਹੁਦੇ ਤੋਂ ਅਸਤੀਫਾ ਦੇਕੇ, ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ, ਕੀਤੀ ਬੱਜਰ ਭੁਲ ਦੀ ਖਿਮਾ ਯਾਚਨਾ ਕਰਨ।

ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਕਿ ਅਵਤਾਰ ਸਿੰਘ ਮੱਕੜ ਭਲੀ ਭਾਂਤ ਜਾਣਦੇ ਹਨ, ਕਿ ਸਿੱਖ ਗੁਰਦੁਆਰਾ ਐਕਟ1925 ਅਨੁਸਾਰ ਕਮੇਟੀ ਦੇ ਜਨਰਲ ਹਾਊਸ ਜਾਂ ਅੰਤ੍ਰਿੰਗ ਕਮੇਟੀ ਵਲੋਂ ਲਏ ਕਿਸੇ ਫੈਸਲੇ ਨੂੰ ਉਲਟ ਨਹੀ ਸਕਦੇ, ਲੇਕਿਨ ਸ੍ਰ ਮੱਕੜ ਇਕ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਢਾਹ ਲਾਣ ਅਤੇ ਸੰਵਿਧਾਨਕ ਸੰਕਟ ਖੜਾ ਕਰਕੇ ਇਸ ਦੀ ਹੋਂਦ ਹਸਤੀ ਖਤਮ ਕਰਨ ਲਈ ਯਤਨਸ਼ੀਲ ਹਨ।

ਸ੍ਰ. ਕਲਕੱਤਾ ਨੇ ਦੱਸਿਆ ਕਿ ਸ੍ਰ. ਮੱਕੜ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਲੋਂ ਪਾਸ ਨਾਨਕਸ਼ਾਹੀ ਕੈਲੰਡਰ ਨੂੰ ਅੰਤ੍ਰਿੰਗ ਕਮੇਟੀ ਪਾਸੋਂ ਰੱਦ ਕਰਵਾਕੇ, ਸੰਵਿਧਾਨਕ ਗਲਤੀ ਕਰ ਚੁਕੇ ਹਨ, ਲੇਕਿਨ ਦੂਸਰਿਆਂ ਨੂੰ ਮਰਿਆਦਾ ਦਾ ਪਾਠ ਪੜਾਉਣ ਵਾਲੇ ਮੱਕੜ, ਖੁਦ ਮਰਿਆਦਾ ਮੰਨਣ ਨੂੰ ਤਿਆਰ ਨਹੀ ਹਨ, ਕਿਉਂਕਿ ਉਹ ਪੰਥ ਦੇ ਦਾਸ ਬਨਣ ਦੀ ਬਜਾਏ ਬਾਦਲ -ਭਾਜਪਾ ਦੇ ਦਾਸ ਬਣੇ ਹੋਏ ਹਨ। ਸ੍ਰ. ਕਲਕੱਤਾ ਨੇ ਕਿਹਾ ਕਿ 24 ਮਾਰਚ ਦੇ ਬਜਟ ਇਜਲਾਸ ਸਮੇਂ 116 ਕਮੇਟੀ ਮੈਂਬਰਾਨ ਤੌ ਇਲਾਵਾ ਪੰਜ ਸਿੰਘ ਸਾਹਿਬਾਨ, ਸਮੁਚਾ ਮੀਡੀਆ ਹਾਜਰ ਸੀ, ਜਿਸ ਵੇਲੇ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਏ ਜਾਣ ਦੀ ਨਿਖੇਧੀ ਦਾ ਮਤਾ ਪੇਸ਼ ਹੋਇਆ, ਸ੍ਰ ਮੱਕੜ ਨੇ ਇਹ ਮਤਾ ਖੁਦ ਪੜਿਆ ਤੇ ਹਾਜਰ ਮੈਂਬਰਾਨ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਉਨਾਂ ਕਿਹਾ ਕਿ ਜੇਕਰ ਕਮੇਟੀ ਪ੍ਰਧਾਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਲਏ ਫੈਸਲਿਆਂ ਤੋਂ ਮੁਕਰ ਰਿਹਾ ਹੈ, ਤਾਂ ਇਹ ਅਤਿ ਮੰਦਭਾਗੀ ਅਤੇ ਸ਼ਰਮਨਾਕ ਘਟਨਾ ਹੈ ਜਿਸਦਾ ਪਸਚਾਤਾਪ ਹੋਣਾ ਚਾਹੀਦਾ ਹੈ।

ਖਾਲਸਾ ਕਾਲਜ ਨੂੰ ਯੂਨੀਵਰਸਿਟੀ ਵਿਚ ਤਬਦੀਲ ਕੀਤੇ ਜਾਣ ਤੇ ਟਿਪਣੀ ਕਰਦਿਆਂ ਸ੍ਰ ਕਲਕੱਤਾ ਨੇ ਕਿਹਾ ਕਿ ਸਿੱਖ ਯੂਨੀਵਰਸਿਟੀ ਜਰੂਰ ਬਨਣੀ ਚਾਹੀਦੀ ਹੈ ਲੇਕਿਨ ਬਾਨਰਸ ਹਿੰਦੂ ਯੂਨੀਵਰਸਿਟੀ ਅਤੇ ਅਲੀਗੜ ਮੁਸਲਿਮ ਯੂਨੀ ਵਰਸਿਟੀ ਦੀ ਤਰਜ ਤੇ ਬਣੇ ਜਿਨਾਂ ਦੇ ਪ੍ਰਬੰਧਨ ਲਈ ਕੇਂਦਰ ਸਰਕਾਰ ਇਕ-ਇਕ ਹਜਾਰ ਕਰੋੜ ਰੁਪਏ ਖਰਚਦੀ ਹੈ, ਲੇਕਿਨ ਸਿੱਖ ਯੂਨੀਵਰਸਿਟੀ ਖਾਲਸਾ ਕਾਲਜ ਲਈ ਦਾਨ ਹੋਈ ਜਮੀਨ ਤੇ ਪੈਸੇ ਨਾਲ ਨਹੀ ਬਨਣੀ ਚਾਹੀਦੀ। ਉਨਾਂ ਕਿਹਾ ਕਿ ਨਿਜੀ ਯੂਨੀ ਵਰਸਿਟੀ ਬਨਾਣ ਨਾਲ ਕੁਝ ਲੋਕਾਂ ਨੂੰ ਫਾਇਦਾ ਤਾਂ ਹੋ ਸਕਦਾ, ਲੇਕਿਨ ਅਧਿਆਪਕਾਂ, ਨਾਨ ਅਕਾਦਮਿਕ ਸਟਾਫ ਦਾ ਸ਼ੋਸ਼ਣ ਤੇ ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਜਰੂਰ ਹੋਵੇਗਾ। ਉਨਾਂ ਕਿਹਾ ਕਿ ਖਾਲਸਾ ਕਾਲਜ ਤਾਂ ਪਹਿਲਾਂ ਹੀ ਸਰਕਾਰੀ ਗਰਾਂਟਾਂ ਨਾਲ ਚਲ ਰਿਹਾ ਹੈ, ਇਸ ਨੂੰ ਆਰਥਿਕ ਮਦਦ ਦੀ ਜਰੂਰਤ ਹੈ ਹੋਰ ਢਾਹ ਲਾਣ ਦੀ ਨਹੀ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top