Share on Facebook

Main News Page

ਤਖਤਾਂ ਦੇ ਜੱਥੇਦਾਰ ਆਪਣੇ ਜਾਰੀ ਕੀਤੇ ਹੋਏ ਹੁਕਮਾਂ ਤੇ ਖੁਦ ਵੀ ਪਹਿਰਾ ਦੇਣ: ਹਰਵਿੰਦਰ ਸਿੰਘ ਸਰਨਾ

ਲੁਧਿਆਣਾ, 26 ਮਾਰਚ (ਆਰ.ਐਸ.ਖਾਲਸਾ) ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜੱਥੇਦਾਰ ਵੱਲੋਂ ਗੁਰਮਤਿ ਦੀ ਮਰਿਆਦਾ ਤੋਂ ਉਲਟ ਚੱਲਣ ਵਾਲੇ ਡੇਰੇਦਾਰਾਂ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸਮਾਗਮ ਨਾ ਕਰਨ ਦੇਣ ਦਾ ਜੋ ਫੈਸਲਾ ਕੀਤਾ ਹੈ ਉਹ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ । ਪਰ ਇਸਦੇ ਨਾਲ ਹੀ ਸਮੂਹ ਤਖਤਾਂ ਦੇ ਮੁੱਖ ਜੱਥੇਦਾਰਾਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਉਹ ਆਪਣੇ ਜਾਰੀ ਕੀਤੇ ਹੋਏ ਹੁਕਮਾਂ ਨੂੰ ਲਾਗੂ ਕਰਵਾਉਣ ਵਿੱਚ ਕਿੰਨਾ ਕੁ ਪਹਿਰਾ ਦਿੰਦੇ ਹਨ ।

ਇਸ ਦੌਰਾਨ ਸ. ਸਰਨਾ ਨੇ ਆਪਣੀ ਗੱਲਬਾਤ ਦੌਰਾਨ ਸਪੱਸ਼ਟ ਰੂਪ ਵਿੱਚ ਕਿਹਾ ਕਿ ਉਹ ਹਮੇਸ਼ਾ ਹੀ ਪੰਥ ਏਕਤਾ ਦੇ ਹਾਮੀ ਰਹੇ ਹਨ ਤਾਂ ਕਿ ਸਮੁੱਚੀਆਂ ਸਿੱਖ ਜੱਥੇਬੰਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਇੱਕਜੁੱਟਤਾ ਦੇ ਨਾਲ ਗੁਰਮਤਿ ਦੇ ਸਿਧਾਤਾਂ ਦੀ ਰਾਖੀ ਕਰਨ ਨਾ ਕਿ ਡੇਰੇਦਾਰਾਂ ਦੇ ਦਬਾਅ ਹੇਠ ਆ ਕੇ ਗੁਰਮਤਿ ਦੀ ਮਰਿਆਦਾ ਤੇ ਸਿਧਾਂਤਾਂ ਨੂੰ ਢਾਅ ਲਗਾਉਣ । ਇਸ ਦੌਰਾਨ ਪੱਤਰਕਾਰਾਂ ਵੱਲੋਂ ਦਸਤਾਰ ਦੇ ਮੁੱਦੇ ਸੰਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਸਤਾਰ ਦੇ ਮੁੱਦੇ ਨੂੰ ਹੱਲ ਕਰਾਉਣ ਲਈ ਸਾਡੀਆਂ ਸਾਰੀਆਂ ਸੰਭਵ ਕੋਸ਼ਿਸ਼ਾਂ ਜਾਰੀ ਹਨ, ਖਾਸ ਕਰਕੇ ਦਸਤਾਰ ਦੇ ਮੁੱਦੇ ਪ੍ਰਤੀ ਪਿੱਛਲੇ ਦਿਨੀਂ ਭਾਰਤ ਸਰਕਾਰ ਵੱਲੋਂ ਲਿਆ ਗਿਆ ਸਟੈਂਡ ਸਿੱਖਾਂ ਦੇ ਲਈ ਬਹੁਤ ਅਹਿਮ ਹੈ । ਪਰ ਦੂਜੇ ਪਾਸੇ ਜਿਸ ਤਰ੍ਹਾਂ ਬਾਦਲਕਿਆਂ ਨੇ ਦਿੱਲੀ ਵਿਖੇ ਇੱਟਲੀ ਸਫਤਰਖਾਨੇ ਦੇ ਬਾਹਰ ਰੋਸ ਮੁਜਾਹਰਾ ਕੀਤਾ ਉਹ ਕੇਵਲ ਇੱਕ ਰਾਜਸੀ ਸਟੰਟ ਸੀ । ਜਿਸ ਨਾਲ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਸਿੱਖਾਂ ਦੇ ਸਵੈਮਾਣ ਨੂੰ ਵੱਡੇ ਪੱਧਰ ਤੇ ਢਾਅ ਲੱਗੀ ਹੈ ।

ਉਨ੍ਹਾਂ ਨੇ ਸਪਸ਼ੱਟ ਰੂਪ ਵਿੱਚ ਕਿਹਾ ਕਿ ਦਸਤਾਰ ਦਾ ਮੁੱਦਾ ਕਿਸੇ ਇੱਕ ਸਿੱਖ ਜਾਂ ਪਾਰਟੀ ਦਾ ਨਹੀਂ ਬਲਕਿ ਸਮੁੱਚੀ ਕੌਮ ਦਾ ਮਸਲਾ ਹੈ । ਇਸ ਲਈ ਸਮੂਹ ਸਿੱਖ ਰਾਜਨੀਤਿਕ ਅਤੇ ਧਾਰਮਿਕ ਜੱਥੇਬੰਦੀਆਂ ਨੂੰ ਆਪਣੀ ਨਿੱਜਾਂ ਤੋਂ ਉਪਰ ਉਠ ਕੇ ਸਮੁੱਚੇ ਸੰਸਾਰ ਅੰਦਰ ਦਸਤਾਰ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਪੂਰੀ ਇੱਕਜੁੱਟਤਾ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਪ੍ਰਮੁੱਖ ਆਗੂ ਭਾਈ ਚਰਨਜੀਤ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਪੰਜਾਬ ਇਕਾਈ ਦੇ ਪ੍ਰਧਾਨ ਜੱਥੇਦਾਰ ਜਸਵਿੰਦਰ ਸਿੰਘ ਬਲੀਏਵਾਲ, ਯੂਥ ਵਿੰਗ ਦੇ ਕੌਮੀ ਪ੍ਰਧਾਨ ਗੁਰਮੀਤ ਸਿੰਘ ਮੁੰਡੀਆਂ, ਪੰਜਾਬ ਇਕਾਈ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਵਪਾਰ ਦਲ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਸਤਵਿੰਦਰ ਸਿੰਘ ਸਾਹਨੇਵਾਲ, ਜਗਜੀਤ ਸਿੰਘ ਭੱਟੀ, ਗੁਰਪ੍ਰੀਤ ਸਿੰਘ ਨਾਰੰਗਵਾਲ, ਪਵਨਦੀਪ ਸਿੰਘ ਜੱਵਦੀ, ਪ੍ਰਿਤਪਾਲ ਸਿੰਘ ਪਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top