Share on Facebook

Main News Page

ਫਰੀਦਾਬਾਦ ਵਿਖੇ ਮਨਾਏ ਹੋਲੇ ਮਹੱਲੇ ਨੇ ਇੱਕ ਅਨੋਖੀ ਛਾਪ ਛੱਡੀ

* ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਅਖੌਤੀ ਸੰਤਾਂ ਦਾ ਪਾਜ਼ ਉਘੇੜਦਿਆ “ਸੰਤਾਂ ਦੇ ਕੌਤਕ” ਨਾਮਕ ਨਾਟਕ ਖੇਡਿਆ

(26 ਮਾਰਚ 2011; ਸਤਨਾਮ ਕੌਰ/ਬਸੰਤ ਕੌਰ ਫ਼ਰੀਦਾਬਾਦ)

ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਉੱਦਮ ਸਦਕਾ ਹੋਲਾ ਮਹੱਲਾ ਮਨਾਇਆ ਜਿਸ ਦੀ ਆਰੰਭਤਾ ਵੀਰ ਗੁਰਵਿੰਦਰ ਸਿੰਘ ਰੁਦਰਪੁਰ ਹਜੂਰੀ ਰਾਗੀ ਗੁ. ਸਿੰਘ ਸਭਾ ਮਾਰਕੀਟ ਨੰ.1 ਵੱਲੋਂ ਗੁਰਬਾਣੀ ਕੀਰਤਨ ਰਾਹੀਂ ਕੀਤੀ। ਉਪਰੰਤ ਗੁਰੂੳ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ ਅਤੇ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਕੀਤੀਆਂ।

ਵੀਰ ਭੁਪਿੰਦਰ ਸਿੰਘ ਯੂ.ਐਸ.ਏ. ਵੱਲੋਂ ਗੁਰਬਾਣੀ ਦੇ ਸ਼ਬਦ "ਰੰਗ ਮਾਣਿ ਲੈ ਪਿਆਰਿਆ ਜਾ ਜੋਬਨ ਨੳਹੁਲਾ" ਦਾ ਜਿੱਥੇ ਰਸ ਭਿੰਨਾ ਕੀਰਤਨ ਕੀਤਾ ਉਥੇ ਸ਼ਬਦ ਦੀ ਨਿਵੇਕਲੇ ਢੰਗ ਨਾਲ ਵਿਚਾਰ ਵੀ ਕੀਤੀ।

ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਜੀਵਨ ਜਾਂਚ ਵਿਸ਼ੇ ’ਤੇ ਵਿਚਾਰ ਗੋਸ਼ਟੀ ਕਰਵਾਈ ਜਿਸ ਦਾ ਸੰਚਾਲਨ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਜਨਰਲ ਸਕੱਤਰ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ । ਉਨ੍ਹਾਂ ਕਿਹਾ ਕਿ ਸਾਡੇ ਗੁਰੁ, ਗੁਰੂ ਗ੍ਰੰਥ ਜੀ ਹਨ ਅਤੇ ਸਿੱਖ ਨੂੰ ਆਪਣੀ ਜਿੰਦਗੀ ਜਿਉਣ ਲਈ ਗੁਰੁ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਰਚਨਾਵਾਂ ਦਾ ਸਹਾਰਾ ਲੈਣ ਦੀ ਲੋੜ ਨਹੀਂ। ਗੋਸ਼ਟੀ ਵਿਚ ਬੋਲਦਿਆਂ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਤੋਂ ਸ. ਬਲਦੇਵ ਸਿੰਘ ਨੇ ਕਿਹਾ ਕਿ ਸਿੱਖ ਦਾ ਜੀਵਨ ਇਕ ਪ੍ਰਭੂ ਨਾਲ ਜੁੜਿਆ ਹੋਣਾ ਚਾਹੀਦਾ ਹੈ, ਗੁਰਮਤਿ ਨੇ ਅਵਤਾਰਵਾਦ ਦੀ ਨਿਖੇਧੀ ਕੀਤੀ ਹੈ।ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਮੌਹਾਲੀ ਸਰਕਲ ਤੋਂ ਕਰਨਲ ਗੁਰਦੀਪ ਸਿੰਘ ਹੋਰਾਂ ਨੇ ਕਿਰਤ ਕਰਨਾ ,ਵੰਡ ਛਕਣਾ,ਅਤੇ ਨਾਮ ਜਪਣ ਵਾਲੇ ਸਿਧਾਂਤ ਦੀ ਗਲ ਕਰਦਿਆਂ ਆਖਿਆ ਜਿਹੜਾ ਵਿਆਕਤੀ ਕਿਰਤੀ ਹੈ ਉਹੀ ਵੰਡ ਕੇ ਛਕਣ ਅਤੇ ਨਾਮ ਜਪਣ ਦੇ ਸਿਧਾਂਤ ਨੂੰ ਨਿਭਾਅ ਸਕਦਾ ਹੈ।ਸਤਿਸੰਗ ਪ੍ਰਤੀ ਪਏ ਭੁਲੇਖਿਆਂ ਬਾਰੇ ਗੁਰਬਾਣੀ ਫੁਰਮਾਨਾਂ ਦੁਆਰਾ ਜਾਣਕਾਰੀ ਦਿੰਦਿਆਂ ਆਖਿਆ ਸਤਿਸੰਗ ਉਹ ਹੈ ਜਿਥੇ ਸ਼ਬਦ ਵਿਚਾਰ ਰਾਹੀਂ ਅਕਾਲ ਪੁਰਖ ਨਾਲ ਜੋੜਿਆ ਜਾਂਦਾ ਹੈ,ਸਤਿਸੰਗ ਦੇ ਨਾਮ ’ਤੇ ਡੇਰਿਆਂ ਵਿੱਚ ਬੁਲਾਅ ਕੇ ਕਿਸੇ ਬੰਦੇ ਨੂੰ ਰੱਬ ਆਖਦਿਆਂ ਸ਼ਰੀਰ ਨਾਲ ਜੋੜਨਾ ਸਤਿਸੰਗ ਨਹੀਂ ਹੈ।ਸਿੱਖ ਮਿਸ਼ਨਰੀ ਲਹਿਰ ਦੇ ਮੋਢੀ ਸ. ਮਹਿੰਦਰ ਸਿੰਘ ਜੋਸ਼ ਦਾ ਦੋਹਤਾ ਸ. ਅਤਿੰਦਰਬੀਰ ਸਿੰਘ ਜਲੰਧਰ ਨੇ ਕਿਹਾ ਗੁਰਬਾਣੀ ਜੀਵਨ ਜਾਂਚ ਹੈ ਨਾ ਕੇ ਤੋਤਾ ਰਟਣ ਇਸ ਕਰਕੇ ਗੁਰਬਾਣੀ ਨੂੰ ਸਮਝ ਕੇ ਪੜਨਾ ਚਾਹੀਦਾ ਹੈ।

ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਮੌਹਾਲੀ ਸਰਕਲ ਤੋਂ ਸ. ਸੁਖਦੇਵ ਸਿੰਘ ਨੇ ਗੁਰਬਾਣੀ ਹਵਾਲੇ “ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ॥ ਰਾਹੀਂ ਆਹਰ (ਕਿਰਤ) ਕਰਨ ਬਾਰੇ ਦਸਦਿਆਂ ਆਖਿਆ ਕਿ ਸਿੱਖੀ ਦਾ ਅਸਲ ਸੰਦੇਸ਼ ਉਹ ਆਹਰ ਕਰਨਾ ਹੈ ਜਿਸ ਦੇ ਕਰਨ ਨਾਲ ਸੁਆਸਾਂ ਰੂਪੀ ਪੂੰਜੀ ਨੂੰ ਸਫਲਾ ਕੀਤਾ ਜਾ ਸਕੇ।ਏਕਸ ਕੇ ਬਾਰਕ ਜੱਥੇਬੰਦੀ ਸਿਰਸਾ ਇਕਾਈ ਤੋਂ ਸ. ਕਰਨੈਲ ਸਿੰਘ ਸਿਰਸਾ ਨੇ ਸ਼ਬਦ ਵਿਚਾਰ ਕਰਦਿਆਂ ਆਖਿਆ ਕਿ ਅੱਜ ਦੇ ਆਗੂ ਕੌਮ ਨੂੰ ਗੁਮਰਾਹ ਕਰਕੇ ਰੱਖਣਾ ਚਾਹੁਦੇ ਹਨ,ਪਰ ਗੁਰੁ ਨਾਨਕ ਸਾਹਿਬ ਜੀ ਨੇ ਜਿਥੇ ਲੋਕਾਂ ਨੂੰ ਗੁਰੂ ਗਿਆਨ ਦੇ ਨਾਲ ਜੋੜ ਕੇ ਚੰਗਾ ਜੀਵਨ ਜਿਉਣ ਦਾ ਉਪਦੇਸ਼ ਦਿੱਤਾ ਹੈ ਉਥੇ ਇਕ ਹਲੇਮੀ ਰਾਜ ਕਾਇਮ ਕਰਨ ਦਾ ਵੀ ਜ਼ਿਕਰ ਹੈ।(ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ)। ਉਚੇਚੇ ਤੌਰ ’ਤੇ ਪੁੱਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ ਹੋਰਾਂ ਨੇ ਬੋਲਦਿਆਂ ਅਖਿਆ ਕਿ ਅੱਜ ਦਾ ਪੁਜਾਰੀ ਵਰਗ ਬ੍ਰਾਹਮਣਵਾਦੀ ਤਾਕਤਾਂ ਦੇ ਇਸ਼ਾਰੇ ’ਤੇ ਜਿੱਥੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਣ ਵਿਚ ਰੁਕਾਵਟਾਂ ਪੈਦਾ ਕਰ ਰਿਹਾ ਹੈ ਉਥੇ ਹੀ ਸੱਚ ਦੀ ਆਵਾਜ਼ ਬਣ ਚੁੱਕੇ ਅਖਬਾਰ ਰੋਜ਼ਾਨਾ ਸਪੋਕਸਮੈਨ ਨੂੰ ਬੰਦ ਕਰਾਉਣ ਵਿਚ ਪੂਰਾ ਜ਼ੋਰ ਲਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਬੀਬੀਆਂ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਬਰਾਬਰਤਾ ਦੇ ਅਧਿਕਾਰ ਨੂੰ ਹਾਸਲ ਕਰਣ ਲਈ ਆਪ ਅੱਗੇ ਆਉਣ ਦੀ ਲੋੜ ਹੈ। ਜਾਤ ਦਾ ਹੰਕਾਰ ਅਤੇ ਜਾਤ ਦੀ ਗੁਲਾਮੀ ਕਰਨੀ ਦੋਵੇਂ ਹੀ ਮਾੜੀਆਂ ਹਨ ਕੇਵਲ ਗੁਰੂ ਗਿਅਨ ਰਾਹੀਂ ਐਸੀਆਂ ਬੀਮਾਰੀਆਂ ਤੋ ਮੁਕਤੀ ਮਿਲ ਸਕਦੀ ਹੈ।ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਤੋਂ ਸ. ਹਰਦੀਪ ਸਿੰਘ ਨੇ ਕਿਹਾ ਕਿ ਗੁਰਬਾਣੀ ਵਿੱਚੋਂ ਸਿੱਖਿਆ ਲੈ ਕੇ ਗੁਰੁਬਾਣੀ ਵਰਗਾ ਜੀਵਨ ਬਣਾਉਣਾ ਚਾਹੀਦਾ ਹੈ।ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਸ. ਭੁਪਿੰਦਰ ਸਿੰਘ ਹੋਰਾਂ ਨੇ ਗੁਰਬਾਣੀ ਹਵਾਲੇ ਦੁਆਰਾ ਆਖਿਆ ਕਿ ਜਿਸ ਰੱਬ ਜੀ ਨੇ ਮਨੁੱਖ ਨੂੰ ਜੀਵਨ ਦਿੱਤਾ ਹੈ ਇਹ ਮਨੁੱਖ ਉਸੇ ਰੱਬ ਜੀ ਦੇ ਚੰਗੇ ਗੁਣਾਂ ਨੂੰ ਆਪਨੇ ਜੀਵਨ ਵਿੱਚ ਆਉਣ ਹੀ ਨਹੀਂ ਦੇਣਾਂ ਚਾਹੁੰਦਾ ਜਿਸ ਨਾਲ ਇਸ ਨੇ ਚੰਗਾ ਜੀਵਨ ਜਿਉਣਾ ਸਿੱਖਣਾਂ ਸੀ।ਦੁਰਮਤਿ ਸੋਧਕ ਗੁਰਮਤਿ ਲਹਿਰ ਤੋਂ ਸ.ਸ਼ਿੰਗਾਰਾ ਸਿੰਘ ਆਦਿ ਨੇ ਵੀ ਵਿਚਾਰ ਗੋਸ਼ਟੀ ਵਿਚ ਆਪਣੇ ਵਿਚਾਰ ਰੱਖੇ।ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਤੋਂ ਵਿਸ਼ੇਸ਼ ਤੌਰ’ਤੇ ਪੁੱਜੇ ਸ. ਗੁਰਸੇਵਕ ਸਿੰਘ ਮਦਰੱਸਾ ਅਤੇ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਨੇ ਪ੍ਰੋਗਰਾਮ ਦੇ ਸ਼ੁਰੂ ਤੋਂ ਅੰਤ ਤਕ ਮਲਟੀਮੀਡੀਆ ਤਕਨੀਕ ਰਾਹੀਂ ਪ੍ਰੋਗਰਾਮ ਵਿਚ ਇਕ ਨਿਵੇਕਲਾ ਰੂਪ ਬਣਾਈ ਰਖਿਆ।ਇਸ ਤੋਂ ਇਲਾਵਾ ਗੁਰਸੇਵਕ ਸਿੰਘ ਨੇ ਸਲਾਈਡ ਸ਼ੋ ਰਾਹੀਂ ਗੁਰਬਾਣੀ ਵਿਚੋਂ ਭਗਤ ਧੰਨਾ ਜੀ ਦੇ ਸ਼ਬਦ “ਦਾਲ ਸੀਂਧਾ ਮਾਂਗਉ ਘੀਓ” (ਆਰਤਾ) ਦੀ ਵਿਆਖਿਆ ਕਰਦਿਆਂ ਦਸਿਆ ਕਿ ਇਥੇ ਸ਼ਰੀਰਕ ਭੁੱਖ ਮਿਟਾਉਣ ਵਾਸਤੇ ਦੁਨਿਆਵੀ ਵਸਤਾਂ ਦੀ ਮੰਗ ਨਹੀਂ ਕੀਤੀ ਸਗੋਂ ਆਤਮਕ ਭੋਜਨ ਰਾਹੀਂ ਜੀਵਨ ਨੂੰ ਸੰਵਾਰਣ ਦੀ ਗੱਲ ਕੀਤੀ ਹੈ।ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 22-23 ਦੇ ਜਨਰਲ ਸਕੱਤਰ ਸ.ਜੋਗਿੰਦਰ ਸਿੰਘ ਨੂੰ ਇਕ ਜਾਗਰੂਕ ਅਤੇ ਨਿਧੱੜਕ ਪ੍ਰਬੰਧਕ ਦੇ ਰੂਪ ਵੱਜੋਂ ਫਰੀਦਾਬਾਦ ਦੀਆਂ ਸਮੂਹ ਗੁਰਦੁਆਰਾ ਸਿੰਘ ਸਭਾਵਾਂ ਅਤੇ ਸੁਸਾਇਟੀਆਂ ਵੱਲੋਂ ਸਨਮਾਨਤ ਕੀਤਾ। ਇਸ ਮੌਕੇ ਸ. ਮਹਿੰਦਰ ਸਿੰਘ ਜੋਸ਼ ਵੱਲੌਂ ਸਿੱਖ ਮਿਸ਼ਨਰੀ ਲਹਿਰ ਵਿਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦੋਹਤੇ ਸ. ਅਤਿੰਦਰਬੀਰ ਸਿੰਘ ਜਲੰਧਰ ਨੂੰ ਸਨਮਾਨਤ ਕੀਤਾ ਗਿਆ।

ਸਟੇਜ ਸਕੱਤਰ ਦੀ ਸੇਵਾ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਸ. ਸੁਰਿੰਦਰ ਸਿੰਘ ਨੇ ਬਾਖੂਬੀ ਨਿਭਾਈ।ਦੂਜੇ ਸ਼ੈਸ਼ਨ ਵਿਚ ਸਕਿਟ ਅਤੇ ਨਾਟਕ ਖੇਡੇ ਗਏ। ਜਿਸ ਵਿਚ ਗੁਰਬਾਣੀ ਨੂੰ ਤੋਤਾ ਰਟਨ ਅਤੇ ਮੰਤ੍ਰ ਵਾਂਗ ਨਹੀਂ ਜਪਣਾ ਸਗੋਂ ਸ਼ਬਦ ਨੂੰ ਵੀਚਾਰ ਕੇ ਆਪਣੇ ਜੀਵਨ ਵਿਚ ਵਸਾਉਣ ਦੀ ਗੱਲ ਕੀਤੀ। ਇਸ ਤੋਂ ਇਲਾਵਾ ਨਿੱਕੇ ਬੱਚਿਆਂ ਵੱਲੋਂ ਸਿੱਖ ਇਤਿਹਾਸ ਦੀਆਂ ਝਲਕੀਆਂ ਪੇਸ਼ ਕਰਦਿਆਂ ਸਕਿਟ ਰਾਹੀਂ ਇਹ ਸੰਦੇਸ਼ ਦਿੱਤਾ ਕਿ ਜਿੰਨਾਂ ਸਿੰਘਾਂ ਨੂੰ ਸਿੱਖੀ ਨਾ ਤਿਆਗਣ ਬਦਲੇ ਸ਼ਹੀਦ ਕੀਤਾ ਗਿਆ, ਉਨ੍ਹਾਂ ਸ਼ਹੀਦਾਂ ਦੀ ਸ਼ਹੀਦੀ ਦਾ ਮੁੱਲ ਤਾਂ ਕੀ ਦੇਣਾ ਸੀ ਅੱਜ ਸਿੱਖ ਅਖਵਾਉਣ ਵਾਲੇ ਕੇਸਾਂ ਦੀ ਬੇਅਦਬੀ ਕਰ ਕੇ ਉਨ੍ਹਾਂ ਸ਼ਹੀਦਾਂ ਦੀ ਮਹਾਨ ਸ਼ਹੀਦੀ ਨੂੰ ਮੁੰਹ ਚਿੜਾਉਣ ਵਾਲਾ ਕੰਮ ਕਰ ਰਹੇ ਹਨ। ਇਕ ਹੋਰ ਨਿਵੇਕਲੀ ਗੱਲ ਇਸ ਸਮਾਗਮ ਵਿਚ ਵੇਖਣ ਨੂੰ ਮਿਲੀ ਜਿਸ ਵਿਚ ਗੁਰਦੁਆਰਾ ਗੁਰੁ ਰਾਮਦਾਸ ਸਾਹਿਬ ਡਬੂਆ ਕਾਲੌਨੀ ਦੇ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ ਅਤੇ ਬਾਕੀ ਅਹੁਦੇਦਾਰਾਂ ਨੇ ਰਲ ਕੇ “ਸੰਤਾਂ ਦੇ ਕੌਤਕ” ਨਾਮਕ ਨਾਟਕ ਵਿਚ ਭਾਗ ਲੈ ਕੇ ਸੰਤਾਂ ਦੇ ਰੱਜ ਕੇ ਪਾਜ਼ ਉਘੇੜੇ।

ਇਸ ਤੋਂ ਇਲਾਵਾ ਸਿੱਖ ਸਮਾਜ ਵਿਚ ਫੈਲ ਚੁੱਕੀਆਂ ਬੁਰਾਈਆਂ’ਤੇ ਸਕਿਟ ਅਤੇ ਇਤਿਹਾਸਕ ਨਾਟਕ ਵੀ ਖੇਡੇ ਗਏ।ਗੁਰੂ ਨਾਨਕ ਮਿਸ਼ਨ ਫਰੀਦਾਬਾਦ ਵੱਲੋਂ ਗਤਕਾ ਵੀ ਖੇਡਿਆ। ਇਸ ਮੌਕੇ ਜਨਵਰੀ 2011 ਵਿਚ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਵੱਲੋਂ ਕਰਵਾਏ ਗੁਰਸਿੱਖ ਕੱਪਲ ਕਾਂਟੈਸਟ ਦੇ ਜੇਤੂ ਸ.ਭੁਪਿੰਦਰ ਸਿੰਘ ਅਤੇ ਬੀਬੀ ਹਰਮੀਤ ਕੌਰ ਲੁਧਿਆਣਾ ਨੂੰ ਵੀ ਸਨਮਾਨਤ ਕੀਤਾ ਅਤੇ ਇਹਨਾਂ ਵੱਲੋਂ ਆਪਣੇ ਪਰਵਾਰ ਨਾਲ ਰਲ ਕੇ ਸਕਿਟ ਰਾਹੀਂ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਨ ਦਾ ਸੰਦੇਸ਼ ਵੀ ਦਿੱਤਾ। ਇਸ ਸਾਰੇ ਸਮਾਗਮ ਵਿਚ ਗੁਰੂ ਨਾਨਕ ਮਿਸ਼ਨ ਗਤਕਾ ਅਖਾੜਾ ਫਰੀਦਾਬਾਦ, ਪੰਥ ਖਾਲਸਾ ਸੇਵਕ ਜੱਥਾ ਗੁ. ਸ੍ਰੀ ਗੁਰੂ ਸਿੰਘ ਸਭਾ ਮਾਰਕੀਟ ਨੰ.1, ਗੁ.ਸਿੰਘ ਸਭਾ ਸੈਕਟਰ 22-23, ਗੁ. ਸਿੰਘ ਸਭਾ ਜਵਾਹਰ ਕਾਲੌਨੀ ਦਾ ਜਿੱਥੇ ਵਿਸ਼ੇਸ਼ ਯੋਗਦਾਨ ਪ੍ਰਾਪਤ ਸੀ ਉਥੇ ਹੀ ਫਰੀਦਾਬਾਦ ਦੇ ਕਈ ਹੋਰ ਗੁਰਦੁਆਰਿਆਂ ਅਤੇ ਸੇਵਾ ਸੁਸਾਇਟੀਆਂ ਵੱਲੋਂ ਵੀ ਇਸ ਸਮਾਗਮ ਦੀ ਸਫਲਤਾ ਨੂੰ ਸਿਰੇ ਚਾੜਿਆ।

ਫਰੀਦਾਬਾਦ ਵਿਖੇ ਮਨਾਏ ਹੋਲਾ ਮਹੱਲਾ 2011 ਨਾਲ ਸਬੰਧਤ ਤਸਵੀਰਾਂ ਵੇਖਣ ਲਈ ਕਲਿਕ ਕਰੋ

https://picasaweb.google.com/108005798448059918640/20Mrach2011HMFDB?authkey=Gv1sRgCKyzjryw1-HjvgE#


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top