Share on Facebook

Main News Page

29 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਜੀ ’ਤੇ ਹੋ ਰਹੀ ਪੰਜਾਂ ਜਥੇਦਾਰਾਂ ਦੀ ਮੀਟਿੰਗ ਵਿੱਚ ਨਿਹੰਗ ਧਰਮ ਸਿੰਘ ਦੇ ਮੱਸਲੇ ’ਤੇ ਗੰਭੀਰਤਾ ਨਾਲ ਵੀਚਾਰ ਕੀਤੀ ਜਾਵੇਗੀ: ਗੁਰਬਚਨ ਸਿੰਘ

* ਅਕਾਲ ਤਖ਼ਤ ਵਲੋਂ ਬਾਦਲ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਇਹ ਜਾਨਣ ਲਈ ਸੀ.ਬੀ.ਆਈ ਪੜਤਾਲ ਕਰਵਾਏ, ਕਿ ਗੁਰੂ ਗ੍ਰੰਥ ਸਾਹਿਬ ਜੀ ’ਤੇ ਏਡੇ ਵੱਡੇ ਹਮਲੇ ਕਰਨ ਵਾਲੇ ਧਰਮ ਸਿੰਘ ਨਿਹੰਗ ਪਿੱਛੇ ਕਿਹੜੀ ਏਜੰਸੀ ਖੜ੍ਹੀ ਹੈ: ਭਾਈ ਸਿਰਸਾ

ਬਠਿੰਡਾ, 26 ਮਾਰਚ (ਕਿਰਪਾਲ ਸਿੰਘ): ਅਕਾਲ ਤਖ਼ਤ ਵਲੋਂ ਬਾਦਲ ਨੂੰ ਹਦਾਇਤ ਕੀਤੀ ਜਾਵੇ, ਕਿ ਉਹ ਇਹ ਜਾਨਣ ਲਈ ਸੀਬੀਆਈ ਪੜਤਾਲ ਕਰਵਾਏ, ਕਿ ਗੁਰੂ ਗ੍ਰੰਥ ਸਾਹਿਬ ਜੀ ’ਤੇ ਏਡੇ ਵੱਡੇ ਹਮਲੇ ਕਰਨ ਵਾਲੇ ਧਰਮ ਸਿੰਘ ਨਿਹੰਗ ਪਿੱਛੇ ਕਿਹੜੀ ਏਜੰਸੀ ਖੜ੍ਹੀ ਹੈ। ਇਹ ਮੰਗ ਅੱਜ ਸਵੇਰੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ’ਚ ਉਨ੍ਹਾਂ ਦੀ ਰਿਹਾਇਸ਼ ਵਿਖੇ ਨਿਜੀ ਤੌਰ ’ਤੇ ਮਿਲ ਕੇ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਧਰਮ ਸਿੰਘ ਵਿਰੁੱਧ ਸ਼ਿਕਾਇਤ ਕਰਦਿਆਂ ਕੀਤੀ। ਇਹ ਦੱਸਣਯੋਗ ਹੈ ਕਿ 27 ਫਰਵਰੀ ਨੂੰ ਸ਼ੇਰੇ ਪੰਜਾਬ ਰੇਡੀਓ ਕੈਨੇਡਾ ’ਤੇ ਦਸਮ ਗ੍ਰੰਥ ਸਬੰਧੀ ਹੋਈ ਵੀਚਾਰ ਚਰਚਾ ਦੌਰਾਨ ਦਸਮ ਗ੍ਰੰਥ ਦੇ ਪੱਖੀ ਵਿਦਵਾਨ ਇਸ ਦਾ ਵਿਰੋਧ ਕਰਨ ਵਾਲਿਆਂ ਵਲੋਂ ਪੁੱਛੇ ਗਏ 20-25 ਸਵਾਲਾਂ ਵਿੱਚੋਂ ਕਿਸੇ ਇਕ ਦਾ ਵੀ ਜਵਾਬ ਨਹੀਂ ਦੇ ਸਕੇ ਸਨ। ਸੱਚ ਖੋਜ ਅਕੈਡਮੀ ਦੇ ਸੰਚਾਲਕ ਨਿਹੰਗ ਧਰਮ ਸਿੰਘ ਨੇ ਦਸਮ ਗ੍ਰੰਥ ਦੀ ਰਚਨਾ ਸਿੱਧ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਦ ਕਰਨ ’ਤੇ ਉਤਰਦਿਆਂ ਇਨ੍ਹਾਂ ਸਵਾਲਾਂ ਦੇ ਜਵਾਬ ਆਪਣੀ ਆਵਾਜ਼ ਵਿੱਚ ਆਡੀਓ ਰੀਕਾਰਡਿੰਗ ਕਰਵਾਕੇ ਆਪਣੀ ਵੈੱਬਸਾਈਟ ਦੇ ਬਲਾਗ http://dasamgranthdasach.blogspot.com/2011/03/shere-punjab-radio-27-02-2011-swalaan.html

ਵਿੱਚ ਪਾ ਕੇ 5 ਮਾਰਚ ਨੂੰ ਵੱਡੀ ਗਿਣਤੀ ਵਿੱਚ ਈਮੇਲ ਰਾਹੀਂ ਭੇਜੇ ਗਏ ਤੇ ਸ਼ੇਰੇ ਪੰਜਾਬ ਰੇਡੀਓ ਨੂੰ ਚੁਣੌਤੀ ਦਿੱਤੀ ਕਿ ਉਹ ਕਿਸੇ ਵੀ ਸਮੇਂ ਇਸ ਸਬੰਧੀ ਵੀਚਾਰ ਚਰਚਾ ਕਰਕੇ ਦਸਮ ਗ੍ਰੰਥ ਦੀ ਸਮੁੱਚੀ ਰਚਨਾ ਨੂੰ ਦਸ਼ਮੇਸ਼ ਪਿਤਾ ਦੀ ਬਾਣੀ ਸਿੱਧ ਕਰ ਸਕਦੇ ਹਨ। ਸ਼ੇਰੇ ਪੰਜਾਬ ਰੇਡੀਓ ਵਲੋਂ ਚੁਣੌਤੀ ਕਬੂਲੇ ਜਾਣ ’ਤੇ ਬੇਸ਼ਕ ਚੁਣੌਤੀ ਦੇਣ ਵਾਲਾ ਧਰਮ ਸਿੰਘ 13 ਮਾਰਚ ਨੂੰ ਹੋਈ ਲਾਈਵ ਟਾਕ ਸ਼ੋਅ ਵਿੱਚ ਹਿੱਸਾ ਲੈਣ ਤੋਂ ਭੱਜ ਗਿਆ ਪਰ ਉਸ ਦਿਨ ਜਨਤਕ ਤੌਰ ’ਤੇ ਇਹ ਗੱਲ ਸਾਹਮਣੇ ਆਈ ਕਿ ਆਪਣੀ ਉਸ ਆਡੀਓ ਸੀਡੀ ਵਿੱਚ ਸਾਰੇ ਇਤਿਹਾਸਕ ਤੱਥਾਂ ਨੂੰ ਰੱਦ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਬੇਹੱਦ ਬੇਹੂਦਾ ਟਿੱਪਣੀਆਂ ਕਰਦਿਆਂ ਕਿਹਾ ਕਿ ਨਾਂ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ’ਪੋਥੀ ਪ੍ਰਮੇਸ਼ਰ ਕਾ ਥਾਨ’ ਦਾ ਕੋਈ ਪ੍ਰਕਾਸ਼ ਹੁੰਦਾ ਸੀ, ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਤੋਂ ਕੋਈ ਬੀੜ ਲਿਖਵਾਈ ਸੀ ਅਤੇ ਨਾ ਹੀ ਹਜੂਰ ਸਾਹਿਬ ਵਿਖੇ ਕਿਸੇ ਬੀੜ ਨੂੰ ਪ੍ਰਕਾਸ਼ ਕਰਕੇ ਉਨ੍ਹਾਂ ਗੁਰਗੱਦੀ ਹੀ ਦਿੱਤੀ ਸੀ ਇਸ ਟਾਕ ਸ਼ੋਅ ਦੀ ਰੀਕਾਰਡਿੰਗ http://www.wakeupkhalsa.com/documentaries.php ’ਤੇ ਸੁਣੀ ਜਾ ਸਕਦੀ ਹੈ। ਧਰਮ ਸਿੰਘ ਨੇ ਇਸ ਆਡੀਓ ਸੀਡੀ ਵਿੱਚ ਦਾਅਵਾ ਕੀਤਾ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲਾ ਛੱਡਣ ਤੋਂ ਦੋ ਦਿਨ ਪਹਿਲਾਂ ਹੀ ਦਸਮ ਗ੍ਰੰਥ ਦੀਆਂ ਪੋਥੀਆਂ ਨੂੰ ਮਾਤਾ ਸਾਹਿਬ ਕੌਰ ਰਾਹੀਂ ਇੱਕ ਰੱਥ ਵਿੱਚ ਅਤੇ ਮਾਤਾ ਗੂਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੂਸਰੇ ਰੱਥ ਰਾਹੀਂ 18 ਘੰਟੇ ਪਹਿਲਾਂ ਹੀ ਕੱਢ ਦਿੱਤਾ ਸੀ। ਜੇ ਧਰਮ ਸਿੰਘ ਦੇ ਇਸ ਕਥਨ ਨੂੰ ਸੱਚ ਮੰਨ ਲਿਆ ਜਾਵੇ ਤਾਂ ਗੁਰੂ ਗ੍ਰੰਥ ਦਾ ਸਮੁੱਚਾ ਇਤਿਹਾਸ ਅਤੇ ਸਿਰਸਾ ਨਦੀ ਦੇ ਕੰਢੇ ਪਰਿਵਾਰ ਵਿਛੋੜੇ ਦਾ ਇਤਿਹਾਸ ਬਿਲਕੁਲ ਗਲਤ ਸਾਬਤ ਹੁੰਦਾ ਹੈ।

ਭਾਈ ਸਿਰਸਾ ਨੇ ਧਰਮ ਸਿੰਘ ਦੀ ਸ਼ਿਕਾਇਤ ਦੇ ਇਹ ਆਡੀਓ ਸੀਡੀ ਤੇ ਇਸ ਨਾਲ ਸਬੰਧਤ ਖ਼ਬਰਾਂ ਦੀ ਨਕਲ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਦਿਆਂ ਕਿਹਾ ਕਿ ਆਰ.ਐੱਸ.ਐੱਸ ਬੜੇ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ ’ਤੇ ਹਮਲੇ ਕਰਦੀ ਆ ਰਹੀ ਹੈ ਪਰ ਇਹ ਹਮਲਾ ਹੁਣ ਤੱਕ ਹੋਏ ਹਮਲਿਆਂ ਵਿੱਚੋਂ ਸਭ ਤੋਂ ਵੱਡਾ ਹੈ ਇਸ ਲਈ ਇਸ ਵਿੱਚ ਕੋਈ ਛੱਕ ਨਹੀਂ ਰਹਿਣ ਦਿੱਤਾ ਕਿ ਇਸ ਪਿੱਛੇ ਵੀ ਇਸੇ ਪੰਥ ਦੋਖੀ ਤਾਕਤ ਦਾ ਹੱਥ ਹੋਵੇਗਾ। ਉਨ੍ਹਾਂ ਜਥੇਦਾਰ ਤੋਂ ਮੰਗ ਕੀਤੀ ਕਿ ਉਹ ਪੰਥਕ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਨੂੰ ਹਦਾਇਤ ਕਰਨ, ਕਿ ਉਹ ਇਸ ਗੱਲ ਦੀ ਸੀਬੀਆਈ ਪੜਤਾਲ ਕਰਵਾ ਕੇ, ਪੰਥ ਨੂੰ ਦੱਸਣ ਕਿ ਧਰਮ ਸਿੰਘ ਤੋਂ ਕਿਹੜੀ ਏਜੰਸੀ ਅਜੇਹੇ ਬੇਹੁਦਾ ਬਿਆਨ ਦਿਵਾ ਕੇ ਪੰਥ ਦੀ ਗੈਰਤ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਆਪਣੀ ਸ਼ਿਕਾਇਤ ਤੇ ਦਸਤਾਵੇਜ਼ ਸੌਂਪਣ ਉਪ੍ਰੰਤ ਭਾਈ ਬਲਦੇਵ ਸਿੰਘ ਸਿਰਸਾ ਨੇ ਇਸ ਪੱਤਰਕਾਰ ਨਾਲ ਫ਼ੋਨ ’ਤੇ ਗੱਲ ਕਰਦਿਆਂ ਦੱਸਿਆ ਕਿ ਜਥੇਦਾਰ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ 29 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਜੀ ’ਤੇ ਹੋ ਰਹੀ ਪੰਜਾਂ ਜਥੇਦਾਰਾਂ ਦੀ ਮੀਟਿੰਗ ਵਿੱਚ ਇਸ ’ਤੇ ਗੰਭੀਰਤਾ ਨਾਲ ਵੀਚਾਰ ਕੀਤੀ ਜਾਵੇਗੀ। ਭਾਈ ਸਿਰਸਾ ਅਨੁਸਾਰ ਜਥੇਦਾਰ ਜੀ ਨੇ ਇਹ ਮੰਨਿਆ ਕਿ ਪਹਿਲਾਂ ਵੀ ਕਈ ਗੁਰਸਿੱਖਾਂ ਨੇ ਫ਼ੋਨ ਰਾਹੀਂ ਇਹ ਸਮੁੱਚਾ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ।

ਟਿੱਪਣੀ: ਕਦੇ ਗੁਲਾਮਾਂ ਨੇ ਵੀ ਆਪਣੇ ਮਾਲਿਕ ਨੂੰ ਕੋਈ ਹਦਾਇਤ ਕੀਤੀ ਹੈ। ਇਹ ਸਾਰੇ ਅਖੌਤੀ ਜਥੇਦਾਰ ਤਾਂ ਆਪ ਬਾਦਲ ਦੇ ਨੌਕਰ ਨੇ, ਇਨ੍ਹਾਂ ਨੇ ਕੀ ਹਦਾਇਤ ਕਰਨੀ ਹੈ... ਸਮਾਂ ਖਰਾਬ ਨਾ ਕਰੋ...

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top