Share on Facebook

Main News Page

ਆਪਸ ਵਿੱਚ ਨਾ ਉਲਝੀਏ

ਬੀਤੇ ਲੰਮੇ ਸਮੇਂ ਤੋਂ ਸਿੱਖੀ ਨਿੱਤ ਨਵੇਂ ਵਿਵਾਦ ਵਿੱਚ ਉਲਝਦੀ ਨਜ਼ਰ ਆਉਂਦੀ ਹੈ । ਸਿੱਖ ਲੀਡਰਸ਼ਿਪ, ਸਿੱਖ ਕੌਮ, ਤਖਤਾਂ ਦੇ ਜਥੇਦਾਰ, ਡੇਰੇਦਾਰ, ਟਕਸਾਲਾਂ, ਸਿੱਖ ਕੌਮ ਦੇ ਵਿਦਵਾਨ, ਲੇਖਕ ਅਤੇ ਸਿੱਖ ਚਿੰਤਕ ਕਿਸੇ ਨਾ ਕਿਸੇ ਵਿਵਾਦ ਵਿੱਚ ਉਲਝੇ ਹੀ ਪਏ ਹਨ । ਨਾ ਸਿੱਖ ਕੌਮ ਅਤੇ ਨਾ ਹੀ ਸਿੱਖ ਕੌਮ ਦਾ ਬੁੱਧੀਜੀਵੀ ਵਰਗ ਕੌਮ ਦੇ ਕਿਸੇ ਸਾਂਝੇ ਮੁੱਦੇ ਤੇ ਇਕਮੁੱਠ ਹੋ ਰਿਹਾ ਹੈ, ਨਾ ਹੀ ਕੋਈ ਦੂਰ-ਅੰਦੇਸ਼ੀ ਨਾਲ ਸੋਚ ਕੇ ਕੋਈ ਨਵੀਂ ਭਵਿੱਖੀ ਯੋਜਨਾ ਉਲੀਕਣ ਵਿੱਚ ਮੱਦਦ ਕਰ ਰਿਹਾ ਹੈ, ਕਿ ਭਵਿੱਖ ਵਿੱਚ ਆਉਣ ਵਾਲੀ ਪੀੜ੍ਹੀ ਨੂੰ ਗੁਰਮਤਿ ਦੇ ਸੁਨਹਿਰੀ ਉਪਦੇਸ਼ਾਂ ਮੁਤਾਬਿਕ ਸਿੱਖ ਜੀਵਣ ਜਾਂਚ ਕਿਵੇਂ ਦੱਸੀ ਜਾ ਸਕੇ?

ਪਰ ਇਸਦੇ ਉਲਟ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਲੈ ਕੇ ਵੱਡੇ ਕੌਮੀ ਮਸਲਿਆਂ ਤੱਕ, ਕਿਸੇ ਦੀ ਨਿੱਜੀ ਜਿੰਦਗੀ ਤੋਂ ਲੈ ਕੈ ਉਸਦੇ ਪੰਥਕ ਖੇਤਰ ਦੇ ਕਾਰਜ ਤੱਕ ਅਸੀਂ ਆਪਸ ਵਿੱਚ ਆਪਣੀ ਕੌਮ ਦੀ ਤਾਣੀ ਬੁਰੀ ਤਰ੍ਹਾਂ ਉਲਝਾਈ ਹੋਈ ਹੈ।

ਦਾੜ੍ਹੀ ਬੰਨਣ-ਖੋਲ ਕੇ ਰੱਖਣ ਦਾ ਮੁੱਦਾ, ਮਾਸ ਖਾਣ ਜਾਂ ਨਾ ਖਾਣ ਦਾ ਮੁੱਦਾ, ਸਿੱਖ ਰਹਿਤ ਮਰਿਯਾਦਾ ਨੂੰ ਪ੍ਰਮਾਣਿਤ ਕਰਨ ਦਾ ਤੇ ਨਾ ਕਰਨ ਦਾ, ਡੇਰੇਦਾਰ ਮਰਿਯਾਦਾ ਪਹਿਲਾਂ ਹੀ ਨਹੀਂ ਮੰਨਦੇ, ਅਸੀਂ ਵੀ ਉਨ੍ਹਾਂ ਦੀ ਰਹਿੰਦੀ ਕਸਰ ਪੂਰੀ ਕਰਨ ਹਿੱਤ, ਪੰਥਕ ਇੱਕਸਾਰਤਾ ਨੂੰ ਭੰਗ ਕਰਦਿਆਂ, ਮਰਿਯਾਦਾ ਨੂੰ ਰੱਦ ਕਰਨਾ, ਅਖੌਤੀ ਦਸਮ ਗ੍ਰੰਥ ਦਾ ਗੰਭੀਰ ਮੁੱਦਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦੀ ਦੀ ਗੱਲ, ਪੁਜਾਰੀਆਂ ਦੀਆਂ ਆਪ ਹੁਦਰੀਆਂ, 84 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਮਿਲੀ ਨਾਕਾਮਯਾਬੀ, 84 ਦੇ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕਰਨ ਦਾ ਮੁੱਦਾ, ਪੰਜਾਬੀ ਬੋਲੀ, ਪੰਜਾਬੀ ਸੂਬੇ ਦਾ ਮੁੱਦਾ, ਨਾਨਕਸ਼ਾਹੀ ਕੈਲੰਡਰ ਦਾ ਮੁੱਦਾ, ਸੌਦਾ ਸਾਧ, ਭਨਿਆਰੇ ਵਾਲਾ, ਆਸ਼ੂਤੋਸ਼ ਦਾ ਮਾਮਲਾ, ਨਕਲੀ ਹਰਮੰਦਿਰ ਸਾਹਿਬ ਦਾ ਮਸਲਾ, ਦਰਬਾਰ ਸਾਹਿਬ ਵਿਖੇ ਬੀਬੀਆਂ ਦੇ ਕੀਰਤਨ ਕਰਨ ਸਬੰਧੀ ਚੱਲ ਰਹੀ ਗਰਮਾ ਗਰਮੀ, ਪ੍ਰਮਾਣਿਕ ਸਿੱਖ ਇਤਿਹਾਸ ਦਾ ਮਸਲਾ, ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਗੁਰਮਤਿ ਵਿਰੋਧੀ ਪੁਸਤੱਕਾਂ ਦਾ ਮਸਲਾ, ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵਰਤੀ ਜਾਂਦੀ ਸ਼ਰਾਬ, ਜਾਤ-ਪਾਤ, ਵੱਧ ਰਿਹਾ ਡੇਰਾਵਾਦ ਦਾ ਗੰਭੀਰ ਸੰਕਟ, ਦਸਤਾਰ ਦੀ ਤਾਲਾਸ਼ੀ, ਕੱਚੀ ਬਾਣੀ (ਧਾਰਨਾਵਾਂ) ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਨਾ ਕਰਨ ਦਾ ਮਾਮਲਾ, ਖਾਲਸਾ ਕਾਲਜ ਬਨਾਮ ਖਾਲਸਾ ਯੂਨੀਵਰਸਿਟੀ ਬਨਾਉਣ ਲਈ ਹੋ ਰਹੀ ਖਿੱਚ-ਧੁਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਥਾਪਤ ਸਤਿਗੁਰੂ ਰਾਮ ਸਿੰਘ ਚੇਅਰ, ਹੋਰ ਅਣਗਿਚਤ ਮੁੱਦਿਆਂ ਵਿੱਚ ਸਾਡੀ ਸਿੱਖ ਕੌਮ ਬੁਰੀ ਤਰ੍ਹਾਂ ਜਕੜੀ ਪਈ ਹੈ।

ਪਰ ਇਨ੍ਹਾਂ ਦਾ ਯੋਗ ਉਪਰਾਲਾ ਕਰਨ ਲਈ ਕੋਈ ਵੀ ਧਿਰ ਤਿਆਰ ਨਹੀਂ, ਜੇ ਕੋਈ ਉਠੱਦੀ ਹੈ ਤਾਂ ਉਸਨੂੰ ਦੂਜੀ ਧਿਰ ਬਿਠਾ ਦਿੰਦੀ ਹੈ, ਤੇ ਬਿਠਾਉਣ ਵਾਲੀ ਧਿਰ ਅਤੇ ਬੈਠਣ ਵਾਲੀ ਧਿਰ ਵਿੱਚ ਸਮਾਨਤਾ ਇਹ ਹੁੰਦੀ ਹੈ, ਕਿ ਇੱਕ ਆਪਣਾ ਪੱਖ ਪੇਸ਼ ਕਰਦੀ ਹੈ, ਤਾਂ ਦੂਜੀ ਸਿਰਫ ਅੱਗੇ ਲੰਘ ਕੇ ਸਾਰਾ ਸਿਹਰਾ ਆਪਣੇ ਸਿਰ ਲੈਣ ਲਈ ਉਸ ਸਬੰਧਤਿ ਧਿਰ ਵਿੱਚ ਨੁਕਸ ਕੱਢ ਦਿੰਦੀ, ਤੇ ਨੁਕਸ ਕੱਢ ਕੇ ਦੂਜੀ ਧਿਰ ਨੂੰ ਨੀਵਾਂ ਕਰਨ ਲਈ ਭਾਵੇਂ ਉਸਦੀ ਨਿੱਜੀ ਜਿੰਦਗੀ ਵਿੱਚ ਹੀ ਕੋਈ ਕਮੀਆਂ ਕਿਉਂ ਨਾ ਲੱਭਣੀਆਂ ਪੈਣ। ਜਦਕਿ ਇਹ ਦੋਵੇਂ ਧਿਰਾਂ ਵਿੱਚ ਇੱਕ ਵਿਸ਼ੇਸ਼ ਸਮਾਨਤਾ ਇਹ ਹੁੰਦੀ ਹੈ, ਕਿ ਦੋਵੇਂ ਹੀ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੀ ਫਿਲ਼ਾਸਫੀ ਨੂੰ ਸਮਝਣ ਦਾ ਦਾਆਵਾ ਕਰਨ ਦੇ ਨਾਲ ਤਰਕ ਦੀਆਂ ਹਿਮਾਇਤੀਆਂ ਹੁੰਦੀਆਂ ਹਨ। ਪਰ ਫਿਰ ਆਪਸ ਵਿੱਚ ਉਲਝਣ ਕਿਉਂ? ਇਸਦੀ ਸਮਝ ਕਿਸੇ ਨੂੰ ਨਹੀਂ ਪੈਂਦੀ।

ਖੈਰ ਇਹੀ ਅਰਦਾਸ ਹੈ ਕਿ ਸਤਿਗੁਰੂ ਆਪ ਹੀ ਬਹੁੜੀ ਕਰਨ। ਇੱਕ ਅਪੀਲ ਜ਼ਰੂਰ ਹੈ ਕਿ ਸੁਚੇਤ ਜਥੇਬੰਦੀਆਂ, ਸੰਸਥਾਵਾਂ, ਵਿਦਵਾਨ, ਲੇਖਕ, ਪੱਤਰਕਾਰ, ਬੁਧੀਜੀਵੀ ਜੇ ਕੋਈ ਚੰਗਾ ਕੰਮ ਧਰਮ ਪ੍ਰਚਾਰ ਹਿੱਤ ਮਿਸ਼ਨਰੀ ਸੋਚ ਦੇ ਅਧੀਨ ਗੁਰੂ ਨਾਨਕ ਸਾਹਿਬ ਦੇ ਸੱਚੇ ਸੁੱਚੇ ਫਲਸਫੇ ਨੂੰ ਪ੍ਰਚਾਰਣ ਹਿੱਤ ਕਰ ਰਹੀਆਂ ਹਨ, ਤਾਂ ਕ੍ਰਿਪਾ ਕਰਕੇ ਜੇ ਇੱਕਠੀਆਂ ਨਹੀਂ ਹੋ ਸਕਦੀਆਂ ਤਾਂ ਘੱਟੋ-ਘੱਟ ਇੱਕ ਦੂਜੇ ਉਪੱਰ ਚਿੱਕੜ ਸੁੱਟਣ ਤੋਂ ਗੁਰੇਜ਼ ਕਰਨ। ਆਸ ਹੈ ਆਪ ਸੱਭ ਸੁਚੇਤ ਸਿੱਖ ਪ੍ਰਚਾਰਕ, ਵਿਦਵਾਨ/ਬੁੱਧੀਜੀਵੀ ਇਸ ਬਾਰੇ ਜ਼ਰੂਰ ਸੋਚਣਗੇ।

- ਇਕਵਾਕ ਸਿੰਘ ਪੱਟੀ
ਰਤਨ ਇੰਸਟੀਚਿਊਟ ਆਫ ਕੰਪਿਊਟਰ ਸਟੱਡੀਜ਼
ਸੁਲਤਾਨਵਿੰਡ ਰੋਡ, ਅੰਮ੍ਰਿਤਸਰ

ਟਿੱਪਣੀ: ਇੱਕਵਾਕ ਸਿੰਘ ਜੀ, ਸਾਨੂੰ ਤਾਂ ਬੁਧੀਜੀਵੀ ਹੁਣ ਬੁੱਧੂਜੀਵੀ ਜਾਪਦੇ ਨੇ। ਆਪਜੀ ਵਰਗੇ ਕਈ ਜਾਗਰੂਕ ਸਿੱਖਾਂ ਦੀਆਂ ਬੇਨਤੀਆਂ ਦੇ ਬਾਵਜੂਦ ਇਹ ਬੁੱਧੂਜੀਵੀ ਆਪਸੀ ਟਕਰਾਅ ਦਾ ਸਿਲਸਿਲਾ ਬੰਦ ਨਹੀਂ ਕਰ ਰਹੇ। ਥੋੜ੍ਹੇ ਦਿਨ ਪਹਿਲਾਂ ਟਾਈਗਰ ਜਥੇ ਦੇ ਸ੍ਰ. ਪ੍ਰਭਦੀਪ ਸਿੰਘ ਜੀ ਨੇ ਵੀ ਕੋਸ਼ਿਸ਼ ਕੀਤੀ ਸੀ, ਉਨ੍ਹਾਂ ਦੇ ਲੇਖ ਦੀ ਵੀ ਚੀਰ ਫਾੜ ਕੀਤੀ ਗਈ, ਆਪਜੀ ਵੀ ਤਿਆਰ ਰਹੋ।

ਇੱਕੋ ਹੀ ਹੱਲ ਹੈ, ਇਸ ਤਰ੍ਹਾਂ ਦੇ ਬੁੱਧੀਜੀਵੀਆਂ ਤੋਂ ਪਾਸਾ ਵੱਟੋ Ignore ਕਰੋ ਅਤੇ ਆਪਣੀ ਮੰਜ਼ਿਲ ਵੱਲ ਕਦਮ ਵਧਾਈ ਚਲੋ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top