Share on Facebook

Main News Page

ਭਾਈ ਸਿਰਸਾ ਨੇ ਨਿਹੰਗ ਧਰਮ ਸਿੰਘ ਦੀ ਲਿਖਤੀ ਸ਼ਿਕਾਇਤ ਸ੍ਰੀ ਅਕਾਲ ਤਖਤ 'ਤੇ ਕਰਕੇ ਅਖੌਤੀ ਜਥੇਦਾਰ ਦੀ ਮੰਗ ਪੂਰੀ ਕੀਤੀ

* ਜੇ ਬਿਨਾਂ ਕਿਸੇ ਦੀ ਲਿਖਤੀ ਦਰਖ਼ਾਸਤ ਦੇ ਅਦਾਲਤ ਵਲੋਂ ਸੀ.ਬੀ.ਆਈ ਨੂੰ ਸੌਦਾ ਸਾਧ ਦੀਆਂ ਕਰਤੂਤਾਂ ਦੀ ਪੜਤਾਲ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਹਮਲੇ ਕਰਨ ਵਾਲੇ ਵਿਰੁਧ ਕਾਰਵਾਈ ਕਰਨ ਲਈ ਅਕਾਲ ਤਖ਼ਤ ਕਿਸੇ ਵਲੋਂ ਲਿਖਤੀ ਸ਼ਿਕਾਇਤ ਦੀ ਮੰਗ ਕਿਉਂ ਕਰ ਰਹੇ ਹਨ?

* ਭਾਈ ਸਿਰਸਾ ਨੇ ਅੱਜ ਸਵੇਰੇ ਧਰਮ ਸਿੰਘ ਦੀ ਲਿਖਤੀ ਸ਼ਿਕਾਇਤ ਕਰਕੇ ਜਥੇਦਾਰ ਦੀ ਕੀਤੀ ਮੰਗ ਪੂਰੀ

ਬਠਿੰਡਾ, 26 ਮਾਰਚ (ਕਿਰਪਾਲ ਸਿੰਘ): ਅਮਰੀਕਾ ਵਿੱਚ ਰਹਿ ਰਹੇ ਦਸਮ ਗ੍ਰੰਥ ਦੇ ਇੱਕ ਹਮਾਇਤੀ ਦਵਿੰਦਰ ਸਿੰਘ ਮੈਨੂੰ ਪਿਛਲੇ ਦੋ ਦਿਨਾਂ ਤੋਂ ਫ਼ੋਨ ਰਾਹੀਂ ਕਹਿ ਰਹੇ ਸਨ, ਕਿ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ਼੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੋਵਾਂ ਨਾਲ ਹੀ ਗੱਲ ਕੀਤੀ ਹੈ, ਤੇ ਉਹ ਦੋਵੇਂ ਹੀ ਮੰਨੇ ਹਨ, ਕਿ ਜੇ ਉਨ੍ਹਾਂ ਨੂੰ ਕਿਸੇ ਵਲੋਂ ਕੋਈ ਲਿਖਤੀ ਸ਼ਿਕਾਇਤ ਮਿਲਦੀ ਹੈ, ਤਾਂ ਧਰਮ ਸਿੰਘ ਵਿਰੁੱਧ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਜਰੂਰ ਕੀਤੀ ਜਾਵੇਗੀ। ਦਵਿੰਦਰ ਸਿੰਘ ਨੇ ਇਸ ਪੱਤਰਕਾਰ ਨੂੰ ਕਿਹਾ, ਜੇ ਤੁਸੀਂ ਧਰਮ ਸਿੰਘ ਵਿਰੁੱਧ ਕੋਈ ਕਾਰਵਾਈ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਦੀ ਲਿਖਤੀ ਸ਼ਿਕਾਇਤ ਅਤੇ ਉਸ ਦੀ ਵਿਵਾਦਤ ਆਡੀਓ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪੀ ਜਾਵੇ। ਇਸ ਪੱਤਰਕਾਰ ਵਲੋਂ ਦਵਿੰਦਰ ਨੂੰ ਦੱਸਿਆ ਗਿਆ, ਕਿ ਮੈਂ ਆਪਣਾ ਪੱਤਰਕਾਰੀ ਦਾ ਨਿਯਮ ਨਿਭਾਉਂਦੇ ਹੋਏ, ਜਥੇਦਾਰ ਅਕਾਲ ਤਖ਼ਤ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਸਭ ਕੁਝ ਲਿਆ ਦਿੱਤਾ ਹੈ, ਤੇ ਆਡੀਓ ਤੇ ਖ਼ਬਰਾਂ ਦੇ ਸਬੰਧਤ ਲਿੰਕ ਪ੍ਰਧਾਨ ਦੀ ਅਫ਼ੀਸਲ ਈਮੇਲ ਉਤੇ ਭੇਜ ਦਿੱਤੇ ਹਨ। ਉਨ੍ਹਾਂ ਨੂੰ ਹੋਰ ਕਿਸ ਸਬੂਤ ਦੀ ਲੋੜ ਹੈ, ਜਿਸ ਲਈ ਉਹ ਕਿਸੇ ਮੁਦਈ ਦੀ ਭਾਲ ਵਿੱਚ ਹਨ।

ਉਨ੍ਹਾਂ ਨੂੰ ਦੱਸਿਆ ਗਿਆ ਕਿ ਸੌਦਾ ਸਾਧ ਵਿਰੁਧ ਕਿਸੇ ਨੇ ਅਦਾਲਤ ਜਾਂ ਥਾਣੇ ਵਿੱਚ ਲਿਖਤੀ ਸ਼ਿਕਾਇਤ ਨਹੀਂ ਸੀ ਕੀਤੀ। ਇੱਕ ਬੇਨਾਮੀ ਚਿੱਠੀ ਪ੍ਰਧਾਨ ਮੰਤਰੀ ਨੂੰ ਭੇਜੀ ਗਈ ਸੀ, ਜਿਹੜੀ ਕੁਝ ਦਿਨਾਂ ਬਾਅਦ ਮੀਡੀਏ ਵਿੱਚ ਛਪ ਗਈ। ਸਿਰਫ ਅਖ਼ਬਾਰੀ ਖ਼ਬਰ ਦੇ ਆਧਾਰ ’ਤੇ ਉਚ ਅਦਾਲਤ ਨੇ ਆਪਣੇ ਤੌਰ ’ਤੇ ਬਿਨਾਂ ਕਿਸੇ ਦੀ ਲਿਖਤੀ ਦਰਖ਼ਾਸਤ ਦੇ ਸੀ.ਬੀ.ਆਈ ਨੂੰ ਸੌਦਾ ਸਾਧ ਦੀਆਂ ਕਰਤੂਤਾਂ ਦੀ ਪੜਤਾਲ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ, ਤੇ ਉਸ ਦੀ ਪੜਤਾਲ ਦੇ ਸਿੱਟੇ ਵਜੋਂ ਸੌਦਾ ਸਾਧ ਵਿਰੁਧ ਕੇਸ ਦਰਜ਼ ਹੋਏ ਤੇ ਹੁਣ ਵੀ ਚੱਲ ਰਹੇ ਹਨ। ਤਾਂ ਗੁਰੂ ਗ੍ਰੰਥ ਸਾਹਿਬ ਜੀ ’ਤੇ ਹਮਲੇ ਕਰਨ ਵਾਲੇ ਵਿਰੁਧ ਕਾਰਵਾਈ ਕਰਨ ਲਈ ਅਕਾਲ ਤਖ਼ਤ ਕਿਸੇ ਵਲੋਂ ਲਿਖਤੀ ਸ਼ਿਕਾਇਤ ਦੀ ਮੰਗ ਕਿਉਂ ਕਰ ਰਿਹਾ ਹੈ? ਸਿੱਖਾਂ ਦਾ ਵਿਸ਼ਵਾਸ਼ ਬਣ ਚੁੱਕਾ ਹੈ, ਕਿ ਅਕਾਲ ਤਖ਼ਤ ਤੋਂ ਕਾਰਵਾਈ ਸਿਰਫ ਉਸੇ ਵਿਰੱਧ ਹੀ ਹੁੰਦੀ ਹੈ ਜਿਸ ਵਿਰੁੱਧ ਪ੍ਰਕਾਸ਼ ਸਿੰਘ ਬਾਦਲ ਕਾਰਵਾਈ ਕਰਵਾਉਣਾ ਚਾਹੁੰਣ। ਬਾਦਲ ਵਿਰੋਧੀ ਹਜਾਰਾਂ ਹੀ ਸ਼ਿਕਾਇਤਾਂ ਕਰ ਚੁੱਕੇ ਹਨ, ਕਿ ਬਾਦਲ ਪੱਖੀਆਂ ਵਲੋਂ ਗੁਰਮਤਿ ਸਿਧਾਂਤਾ ਅਤੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਇਸ ਲਈ ਉਨ੍ਹਾਂ ਵਿਰੁੱਧ ਕਾਰਵਈ ਕੀਤੀ ਜਾਵੇ, ਪਰ ਅੱਜ ਤੱਕ ਕਿਸੇ ਦਰਖ਼ਾਸਤ ’ਤੇ ਕੋਈ ਕਾਰਵਾਈ ਨਹੀਂ ਹੋਈ।

ਇਸ ਨਿਰਾਸ਼ਤਾ ਕਾਰਣ ਕੋਈ ਵੀ ਗੁਰਸਿੱਖ ਵਾਰ ਵਾਰ ਜਥੇਦਾਰ ਦੀਆਂ ਲੇਲੜੀਆਂ ਕੱਢ ਕੇ, ਹੋਰ ਖਿੱਲੀ ਨਹੀਂ ਉਡਾਉਣਾ ਚਾਹੁੰਦੇ। ਜੇ ਕਰ ਕਿਸੇ ਗੁਰਸਿੱਖ ਨੇ ਸ਼ਿਕਾਇਤ ਨਾ ਕੀਤੀ ਤਾਂ, ਕੀ ਜਥੇਦਾਰ ਸਾਹਿਬ ਜਿਨ੍ਹਾਂ ਦੇ ਧਿਆਨ ਵਿੱਚ ਸਭ ਕੁਝ ਆ ਚੁੱਕਾ ਹੈ, ਉਹ ਕਾਰਵਾਈ ਨਹੀਂ ਕਰਨਗੇ? ਕੀ ਉਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਸਰੋਕਾਰ ਨਹੀਂ ਹੈ? ਦਵਿੰਦਰ ਸਿੰਘ ਨੇ ਕਿਹਾ ਕਿ ਪਿਛਲੀਆਂ ਗੱਲਾਂ ਨੂੰ ਛੱਡੋ, ਹੁਣ ਦੋ ਜਥੇਦਾਰਾਂ ਦੀ ਮੇਰੇ ਨਾਲ ਗੱਲ ਹੋ ਚੁੱਕੀ ਹੈ, ਉਹ ਕਾਰਵਾਈ ਜਰੂਰ ਕਰਨਗੇ, ਇਸ ਲਈ ਤੁਸੀਂ ਦਰਖ਼ਾਸਤ ਦੇ ਕੇ ਆਓ। ਦਵਿੰਦਰ ਸਿੰਘ ਨੂੰ ਬੇਨਤੀ ਕੀਤੀ ਗਈ, ਕਿ ਮੈਂ ਤਾਂ ਨਹੀਂ ਜਾ ਸਕਦਾ ਭਾਈ ਬਲਦੇਵ ਸਿੰਘ ਸਿਰਸਾ ਜਿਹੜੇ ਤਕਰੀਬਨ ਹਰ ਹਫਤੇ ਕੋਈ ਨਾ ਕੋਈ ਸ਼ਿਕਾਇਤ ਲੈ ਕੇ ਜਥੇਦਾਰ ਤੱਕ ਪਹੁੰਚ ਕਰਦੇ ਰਹਿੰਦੇ ਹਨ, ਉਨ੍ਹਾਂ ਨਾਲ ਸੰਪਰਕ ਕਰੋ ਸ਼ਾਇਦ ਉਹ ਜਰੂਰ ਜਥੇਦਾਰ ਸਾਹਿਬ ਜੀ ਦੀ ਮੰਗ ਪੂਰੀ ਕਰ ਦੇਣਗੇ। ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਜੇ ਤੁਹਾਡਾ ਗਰੁੱਪ ਪ੍ਰੋ. ਦਰਸ਼ਨ ਸਿੰਘ, ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਤੇ ਜੋਗਿੰਦਰ ਸਿੰਘ ਸਪੋਕਸਮੈਨ ਵਿਰੁਧ ਸ਼ਿਕਾਇਤ ਕਰ ਸਕਦੇ ਹਨ, ਤੇ ਉਨ੍ਹਾਂ ਤੇ ਤੁਰੰਤ ਕਾਰਵਾਈ ਵੀ ਹੁੰਦੀ ਹੈ, ਤਾਂ ਧਰਮ ਸਿੰਘ ਵਿਰੁੱਧ ਤੁਸੀਂ ਸ਼ਿਕਾਇਤ ਕਿਉਂ ਨਹੀਂ ਕਰ ਸਕਦੇ? ਤੁਹਾਨੂੰ ਹੋਰ ਕਿਸੇ ਮੁੱਦਈ ਦੀ ਭਾਲ ਕਿਉਂ ਹੈ? ਦਵਿੰਦਰ ਸਿੰਘ ਇਸ ਦਾ ਕੋਈ ਸਪਸ਼ਟ ਉੱਤਰ ਤਾਂ ਨਾ ਦੇ ਸਕੇ, ਪਰ ਉਨ੍ਹਾਂ ਭਾਈ ਬਲਦੇਵ ਸਿੰਘ ਤੱਕ ਸਿੱਧੀ ਹੀ ਪਹੁੰਚ ਕਰ ਲਈ, ਤੇ ਉਨ੍ਹਾਂ ਜਥੇਦਾਰ ਅਤੇ ਦਵਿੰਦਰ ਸਿੰਘ ਦੀ ਮੰਗ ਪੂਰੀ ਕਰਦਿਆਂ, ਅੱਜ ਸਵੇਰੇ ਜਥੇਦਾਰ ਜੀ ਨੂੰ ਆਪਣੀ ਸ਼ਿਕਾਇਤ ਸੌਂਪ ਦਿੱਤੀ। ਹੁਣ ਵੇਖਦੇ ਹਾਂ ਜਥੇਦਾਰ ਆਪਣਾ ਫਰਜ਼ ਕਿਥੋਂ ਤੱਕ ਪੂਰਾ ਕਰਦੇ ਹਨ।

ਟਿੱਪਣੀ: ਪਤਾ ਨਹੀਂ ਸਿੱਖਾਂ ਨੂੰ ਸੁੱਮਤ ਕਦੋਂ ਆਏਗੀ, ਹਾਲੇ ਵੀ ਕੋਈ ਕਸਰ ਬਾਕੀ ਹੈ? ਇਨ੍ਹਾਂ ਵਿਕੇ ਹੋਏ ਬਜ਼ਮੀਰੇ ਟੁੱਕੜਬੋਚ ਅਖੌਤੀ ਜਥੇਦਾਰਾਂ ਕੋਲ਼ੋਂ ਕੀ ਆਸ ਲਾਈ ਬੈਠੇ ਹੋ? ਇਨ੍ਹਾਂ ਨੇ ਕੁੱਝ ਨਹੀਂ ਕਰਨਾ। ਆਪਣਾ ਸਮਾਂ ਬਰਬਾਦ ਨਾ ਕਰੋ, ਇਸ ਤਰ੍ਹਾਂ ਦੇ ਧਰਮੇ ਨਿਹੰਗਾਂ ਦੇ ਆਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਨੂੰ ਕੋਈ ਫਰਕ ਨਹੀਂ ਪੈਂਦਾ। ਐਵੇਂ ਇਨ੍ਹਾਂ ਲੋਕਾਂ ਨੂੰ ਹੀਰੋ ਨਾ ਬਣਾਓ, ਇਨ੍ਹਾਂ ਦਾ ਤਾਂ ਇਹ ਹਾਲ ਹੈ, ਕਿ ਬਦਨਾਮ ਹੋਏ ਹੈਂ ਤੋ ਕਿਆ ਨਾਮ ਨਾ ਹੋਗਾ। ਆਪਣੀ ਸ਼ਕਤੀ ਸ਼ਬਦ ਗੁਰੂ ਦੇ ਪ੍ਰਚਾਰ ਹਿੱਤ ਲਾਈਏ, ਇਸ ਤਰ੍ਹਾਂ ਦੇ ਸਿਰਫਿਰੇ ਲੋਕ ਆਪੇ ਹੀ ਚੁੱਪ ਹੋ ਜਾਣਗੇ। ਤੇ ਜਿਹੜੇ ਜਥੇਦਾਰਾਂ ਕੋਲ਼ ਫਰਿਆਦ ਲੈਕੇ ਜਾ ਰਹੇ ਹੋ, ਉਹ ਤਾਂ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਭਾਗੀਦਾਰ ਨੇ, ਇਨ੍ਹਾਂ ਨੇ ਕੀ ਇੰਸਾਫ ਕਰਨਾ ਹੈ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top