Share on Facebook

Main News Page

ਗੁਰਮਤਿ ਐਲੀਮੈਂਟਰੀ ਕੋਰਸ (ਪੱਤਰ ਵਿਹਾਰ ਰਾਹੀਂ)
Online Gurmat Elementary Course
ਘਰ ਬੈਠੇ ਹੀ ਸਿੱਖ ਧਰਮ ਦੀ ਜਾਣਕਾਰੀ ਪ੍ਰਾਪਤ ਕਰੋ

ਧਰਮ ਵਿਅਕਤੀ ਦੇ ਜੀਵਨ ਦਾ ਇਕ ਜ਼ਰੂਰੀ ਅੰਗ ਹੈ, ਜਿਸਦੀ ਸਹੀ ਜਾਣਕਾਰੀ ਵਿਅਕਤੀ ਅੰਦਰ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਕੇ ਉਸਨੂੰ ਵਿਕਾਸ ਦੀ ਦਿਸ਼ਾ ਵੱਲ ਲੈ ਜਾਂਦੀ ਹੈ ਅਤੇ ਇਸਦੇ ਉਲਟ ਧਰਮ ਸਬੰਧੀ ਪੈਦਾ ਹੋਣ ਵਾਲੇ ਭੁਲੇਖੇ ਵਿਅਕਤੀ ਅੰਦਰ ਨਫਰਤ ਦਾ ਵਿਕਾਸ ਕਰਦੇ ਹਨ, ਜਿਸ ਨਾਲ ਹਰ ਇਕ ਸਮਾਜ ਵਿਚ ਖੂਨ-ਖਰਾਬੇ ਦਾ ਖਤਰਾ ਪੈਦਾ ਹੋ ਰਿਹਾ ਹੈ। ਸਿੱਖ ਧਰਮ ਦਾ ਮੁਢਲਾ ਉਪਦੇਸ਼ ਇਹ ਹੈ ਕਿ ਸਚਿਆਰਾ ਜੀਵਨ ਕਿਵੇਂ ਬਣਾਇਆ ਜਾਵੇ। ਧਰਮ ਦਾ ਇਹ ਅਸੂਲ ਹਰ ਇਕ ਮਨੁੱਖੀ ਸਮਾਜ ਦਾ ਹਿੱਸਾ ਬਣਨਾ ਚਾਹੀਦਾ ਹੈ। ਮਨੁੱਖੀ ਸਮਾਜ ਦਾ ਇਹ ਸਿਧਾਂਤ ਤਾਂ ਹੀ ਹੋਂਦ ਵਿਚ ਆ ਸਕੇਗਾ ਜੇਕਰ ਵਿਅਕਤੀ ਸਚਿਆਰਾ ਜੀਵਨ ਬਣਾਉਣ ਵੱਲ ਰੁਚਿਤ ਹੋਵੇਗਾ।

ਧਰਮ ਦੀ ਅਜਿਹੀ ਸੂਝ ਪੈਦਾ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਵਿਚ ਪ੍ਰਚਾਰ ਦੌਰੇ ਕੀਤੇ। ਇਨ੍ਹਾਂ ਪ੍ਰਚਾਰ ਦੌਰਿਆਂ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਅੰਦਰ ਧਰਮ ਦੀ ਅਸਲ ਸੂਝ ਪੈਦਾ ਕਰਨ ਲਈ ਉਨ੍ਹਾਂ ਨੂੰ ਇਕ ਅਕਾਲ ਪੁਰਖ ਨਾਲ ਜੋੜਨ ਦਾ ਕੰਮ ਕੀਤਾ ਅਤੇ ਧਰਮ ਦੀ ਕਿਰਤ ਕਰਨ, ਨਾਮ ਜਪਣ, ਸਾਂਝੀਵਾਲਤਾ ਅਤੇ ਵੰਡ ਛਕਣ ਦਾ ਉਪਦੇਸ਼ ਦੇ ਕੇ ਮਨੁੱਖਤਾ ਅੰਦਰ ਪ੍ਰੇਮ ਪਿਆਰ ਪੈਦਾ ਕੀਤਾ। ਗੁਰੂ ਨਾਨਕ ਸਾਹਿਬ ਜੀ ਦੁਆਰਾ ਸੰਗਠਤ ਕੀਤੇ ਮਾਨਵਤਾ ਦੇ ਧਰਮ ਨੂੰ ਮੰਨਣਾ ਅਤੇ ਉਸ ਉਤੇ ਚੱਲਣਾ ਤੇ ਆਧੁਨਿਕ ਲੀਹਾਂ ਤੇ ਪ੍ਰਚਾਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਤਾਂ ਜੋ ਭ੍ਰਿਸ਼ਟਾਚਾਰ,ਕਲਾ ਕਲੇਸ਼, ਖੂਨੀ ਜੰਗਾਂ ਆਦਿ ’ਤੇ ਮੁਕਤ ਸੱਚੇ-ਸੁੱਚੇ ਸਮਾਜ ਦੀ ਸਿਰਜਣਾ ਹੋ ਸਕੇ।

ਇਸ ਕੋਰਸ ਰਾਹੀਂ ਜੋ ਕਿ ਸਰਲ ਭਾਸ਼ਾ ਵਿਚ ਹੈ, ਆਪ ਜੀ ਨੂੰ ਗੁਰੂ ਸਾਹਿਬਾਨ ਦੁਆਰਾ ਮਾਨਵ ਕਲਿਆਣ ਹਿਤ ਪੇਸ਼ ਕੀਤੇ ਵੀਚਾਰਾਂ ਤੋਂ ਜਾਣੂ ਕਰਵਾਇਆ ਜਾਵੇਗਾ, ਤਾਂ ਜੋ ਜਿਥੇ ਆਪ ਜੀ ਆਪਣਾ ਜੀਵਨ ਘੜੋਗੇ, ਉਥੇ ਮਨੁੱਖਤਾ ਦੇ ਕਲਿਆਣ ਅਤੇ ਸਰਬੱਤ ਦੇ ਭਲੇ ਲਈ ਯਤਨਸ਼ੀਲ ਹੋਵੋਗੇ।

ਸਲੇਬਸ ਅਤੇ ਕੋਰਸ ਦੀ ਫੀਸ

ਇਸ ਪੂਰੇ ਕੋਰਸ ਨੂੰ ਦਸ ਪਾਠ-ਕ੍ਰਮਾਂ ਵਿਚ ਵੰਡਿਆ ਗਿਆ ਹੈ। ਹਰੇਕ ਪਾਠ ਵਿਚ ਗੁਰੂ ਸਾਹਿਬਾਨ ਦੁਆਰਾ ਰਚੀ ਗਈ ਬਾਣੀ ਦੇ ਚੋਣਵੇਂ ਸ਼ਬਦਾਂ ਦੇ ਨਾਲ, ਗੁਰ ਇਤਿਹਾਸ, ਗੁਰ ਦਰਸ਼ਨ ਅਤੇ ਰੋਜ਼ਾਨਾ ਜੀਵਨ ਵਿਚ ਕੰਮ ਆਉਣ ਵਾਲੀਆਂ ਗੱਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਾਠਕ੍ਰਮ ਦੇ ਅੰਤ ਵਿਚ ਕੁਝ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦੇ ਜਵਾਬ ਤੁਸੀਂ ਵੱਖਰੀ ਸ਼ੀਟ ’ਤੇ ਹੱਲ ਕਰਕੇ ਕਾਲਜ ਵਿਖੇ ਭੇਜਣੇ ਹਨ। ਕੋਰਸ ਮੁਕੰਮਲ ਹੋਣ ’ਤੇ ਆਪ ਜੀ ਨੂੰ ਕਾਲਜ ਵਲੋਂ ਸਰਟੀਫਿਕੇਟ ਦਿੱਤਾ ਜਾਵੇਗਾ। ਅਜੇ ਇਹ ਕੋਰਸ ਪੰਜਾਬੀ ਭਾਸ਼ਾ ਵਿਚ ਹੀ ਹੈ,ਜਲਦੀ ਹੀ ਇਹ ਹਿੰਦੀ ਅਤੇ ਅੰਗਰੇਜ਼ੀ ’ਚ ਵੀ ਸ਼ੁਰੂ ਕੀਤਾ ਜਾਵੇਗਾ।

ਭਾਰਤ ਵਿਚ ਕੋਰਸ ਦਾ ਕੁੱਲ ਖਰਚਾ ਡਾਕ ਖਰਚੇ ਸਮੇਤ ਕੇਵਲ 120/- (ਇਕ ਸੌ ਵੀਹ) ਰੁਪਏ ਹੈ। ਵਿਦੇਸ਼ ਲਈ ਡਾਕ ਰਾਹੀਂ 10 ਡਾਲਰ usa ਅਤੇ ਈਮੇਲ ਰਾਹੀਂ 10usa ਡਾਲਰ. ਜੇਕਰ ਇਕ ਪਰਿਵਾਰ ਦੇ ਇਕ ਤੋਂ ਵੱਧ ਮੈਂਬਰਾਂ ਨੇ ਕੋਰਸ ਕਰਨਾ ਹੈ ਤਾਂ ਪਹਿਲੇ ਨੇ ਹੀ 120/- (ਇਕ ਸੌ ਵੀਹ) ਰੁਪਏ ਦੇਣੇ ਹਨ, ਬਾਕੀਆਂ ਨੇ 30/- (ਤੀਹ) ਰੁਪਏ (ਦਾਖਲਾ+ਡਾਕ ਖਰਚ) ਪ੍ਰਤੀ ਕੋਰਸ ਦੇਣੇ ਹਨ। ਪਰ ਪਾਠ ਕ੍ਰਮ ਪਹਿਲੇ ਨੂੰ ਹੀ ਭੇਜੇ ਜਾਣਗੇ, ਦੂਜਿਆਂ ਨੂੰ ਨਹੀਂ ਭੇਜੇ ਜਾਣਗੇ। ਦਾਖ਼ਲੇ ਲਈ ਫੀਸ paypal ਰਾਹੀਂ ਵੀ ਭੇਜ ਸਕਦੇ ਹੋ ਜੀ।

ਦਾਖ਼ਲਾ ਫਾਰਮ ਡਾਊਨਲੋਡ ਕਰਨ ਜਾਂ ਫੀਸ ਭਰਨ ਲਈ ਅਤੇ ਵਧੇਰੇ ਜਾਣਕਾਰੀ ਲਈ ਕਾਲਜ ਦੀ ਵੈਬਸਾਈਟ www.gurmatgian.org 'ਤੇ ਜਾਉ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top