Share on Facebook

Main News Page

ਸਿੱਖਾਂ ਦਾ ਅਪਮਾਨ, ਦੇਸ਼ ਦਾ ਅਪਮਾਨ: ਪੱਗ ਦੇ ਮੁੱਦੇ ’ਤੇ ਬੋਲੀ ਭਾਰਤ ਸਰਕਾਰ
ਨਵੀਂ ਦਿੱਲੀ, 23 ਮਾਰਚ
ਸਰਕਾਰ ਨੇ ਅੱਜ ਕਿਹਾ ਹੈ ਕਿ ਸਿੱਖਾਂ ਦਾ ਅਪਮਾਨ ਦੇਸ਼ ਦਾ ਅਪਮਾਨ ਹੈ ਤੇ ਉਹ ਮਿਲਾਨ ਵਿਖੇ ਗੋਲਫਰ ਜੀਵ ਮਿਲਖਾ ਸਿੰਘ ਦੇ ਕੋਚ ਅਮਰਿਤਿੰਦਰ ਸਿੰਘ ਦੀ ਪੱਗ ਜ਼ਬਰਦਸਤੀ ਲਾਹੇ ਜਾਣ ਦਾ ਮੁੱਦਾ ਇਟਲੀ ਕੋਲ ਉਠਾਏਗੀ।

ਅੱਜ ਰਾਜ ਸਭਾ ਵਿਚ ਇਸ ਮੁੱਦੇ ਉਪਰ ਕਾਫੀ ਰੌਲਾ-ਰੱਪਾ ਪਿਆ। ਸਿਫ਼ਰ ਕਾਲ ਸਮੇਂ ਜਦੋਂ ਭਾਜਪਾ ਦੇ ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਭਾਰਤ ਸਰਕਾਰ ਹਾਲੇ ਤਕ ਇਟਲੀ ਸਰਕਾਰ ਨੂੰ ਇਹ ਸਮਝਾਉਣ ਵਿਚ ਨਾਕਾਮ ਰਹੀ ਹੈ ਕਿ ਪੱਗ ਕਿਸੇ ਸਿੱਖ ਦਾ ਧਾਰਮਿਕ ਚਿੰਨ੍ਹ ਹੈ। ਇਸ ਸਮੇਂ ਸਦਨ ਵਿਚ ਮੌਜੂਦ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ, ‘‘ਅਸੀਂ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਤੇ ਮੈਂ ਭਰੋਸਾ ਦਿੰਦਾ ਹਾਂ ਕਿ ਸਰਕਾਰ ਇਹ ਮਾਮਲਾ ਇਟਲੀ ਸਰਕਾਰ ਕੋਲ ਉਠਾਏਗੀ। ਮੈਂ ਇੱਥੇ ਸਪਸ਼ਟ ਕਰਦਾ ਹਾਂ ਕਿ ਸਿੱਖਾਂ ਦਾ ਅਪਮਾਨ ਪੂਰੇ ਦੇਸ਼ ਦਾ ਅਪਮਾਨ ਹੈ।’’

ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਪੱਗ ਸਿੱਖ ਲਈ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ ਤੇ ਇਸ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੇਸ਼ ਦਾ ਪ੍ਰਧਾਨ ਮੰਤਰੀ ਵੀ ਸਿੱਖ ਹੈ।

ਉਨ੍ਹਾਂ ਕਿਹਾ ਕਿ ਜਦੋਂ ਪਹਿਲੀ ਵਾਰ ਮਿਲਾਨ ਹਵਾਈ ਅੱਡੇ ਉਪਰ ਜੀਵ ਦੇ ਕੋਚ ਦੀ ਪੱਗ ਲੁਹਾਈ ਗਈ ਸੀ ਤਾਂ ਇਟਲੀ ਦੇ ਭਾਰਤ ਵਿਚਲੇ ਰਾਜਦੂਤ ਨੇ ਉਸ ਘਟਨਾ ਉਪਰ ਅਫਸੋਸ ਪ੍ਰਗਟਾਇਆ ਸੀ, ਪਰ ਹੁਣ ਫੇਰ ਦੂਜੀ ਵਾਰੀ ਇਹ ਘਟਨਾ ਹੋਈ ਜਿਸ ਕਰਕੇ ਰਾਜਦੂਤ ਵੱਲੋਂ ਅਫਸੋਸ ਪ੍ਰਗਟਾਉਣ ਦੀ ਕੀ ਤੁੱਕ ਰਹਿ ਗਈ। ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਇਟਲੀ ਦੇ ਭਾਰਤ ਨਾਲ ਬੜੇ ਨਿੱਘੇ ਸਬੰਧ ਹਨ। ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਵਿਦੇਸ਼ ਮੰਤਰਾਲਾ ਇਟਲੀ ਦੇ ਰਾਜਦੂਤ ਨੂੰ ਤਲਬ ਕਰੇ ਤੇ ਪੁੱਛੇ ਕਿ ਜੇ ਅਜਿਹਾ ਕੁਝ ਜਾਰੀ ਰੱਖਣਾ ਹੈ ਤਾਂ ਅਫਸੋਸ ਕਿਸ ਗੱਲ ਦਾ ਪ੍ਰਗਟਾਇਆ ਜਾ ਰਿਹਾ ਹੈ।

ਸ੍ਰੀ ਕ੍ਰਿਸ਼ਨਾ ਨੇ ਕਿਹਾ ਕਿ ਪੱਗ ਦੇਸ਼ ਦੇ ਸਨਮਾਨ ਦਾ ਪ੍ਰਤੀਕ ਹੈ ਤੇ ਸਰਕਾਰ ਇਸ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਹੈ।

ਸਿੱਖ ਨੌਜਵਾਨ ਦੀ ਪੱਗ ਉਤਾਰ ਕੇ ਤਲਾਸ਼ੀ ਲਈ: ਜੰਮੂ, (ਪੱਤਰ ਪ੍ਰੇਰਕ): ਰੋਮ ਹਵਾਈ ਅੱਡੇ ’ਤੇ ਜੰਮੂ ਦੇ ਇਕ ਸਿੱਖ ਨੌਜਵਾਨ ਦੀ ਜਬਰਨ ਪਗੜੀ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਣ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੰਮੂ ਦੇ ਤਲਾਬ ਤਿਲੋ ਵਾਸੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਹ ਪਹਿਲੀ ਮਾਰਚ ਨੂੰ ਰੋਮ ਤੋਂ ਹਵਾਈ ਜਹਾਜ਼ ਰਾਹੀਂ ਭਾਰਤ ਪਰਤ ਰਿਹਾ ਸੀ ਕਿ ਉਸ ਨੂੰ ਪੱਗ ਕਾਰਣ ਰੋਮ ਦੇ ਹਵਾਈ ਅੱਡੇ ’ਤੇ ਰੋਕ ਲਿਆ ਗਿਆ। ਸਕੈਨ ਮਸ਼ੀਨ ਤੋਂ ਆਪਣੀ ਜਾਂਚ ਕਰਵਾ ਕੇ ਜਦੋਂ ਉਹ ਅੱਗੇ ਵੱਧਣ ਲੱਗਿਆ ਤਾਂ ਉਸ ਨੂੰ ਦੁਬਾਰਾ ਜਾਂਚ ਲਈ ਕਿਹਾ ਗਿਆ ਅਤੇ ਤਿੰਨ ਵਾਰ ਸਕੈਨ ਮਸ਼ੀਨ ਤੋਂ ਜਾਂਚ ਕਰਵਾਉਣ ਤੋਂ ਬਾਦ ਵੀ ਉਸ ਨੂੰ ਪੱਗੜੀ ਖੋਲ੍ਹਣ ਲਈ ਮਜਬੂਰ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਗੁਰਦੇਵ ਸਿੰਘ ਖੁੰਦਵਾਲ ਨੇ ਕਿਹਾ ਕਿ ਵਿਸ਼ਵ ਦੇ ਕਈ ਹਵਾਈ ਅੱਡਿਆਂ ’ਤੇ ਸਿੱਖਾਂ ਨੂੰ ਪੱਗ ਕਾਰਣ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਸਕੈਨ ਮਸ਼ੀਨ ਦੇ ਬਾਵਜੂਦ ਸਿੱਖਾਂ ਦੀ ਪੱਗ ਉਤਾਰ ਕੇ ਤਲਾਸ਼ੀ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 13 ਅਪਰੈਲ ਨੂੰ ਵਿਸ਼ਵ ਪੱਧਰ ’ਤੇ ਕੈਲੇਫੋਰਨੀਆ ਵਿੱਚ ਇਸ ਸਬੰਧੀ ਰੋਸ ਪ੍ਰਦਰਸ਼ਨ ਕਰੇਗਾ। ਉਨ੍ਹਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ।
-ਪੀ.ਟੀ.ਆਈ.

ਭਾਰਤ ਵੱਲੋ ਇਟਲੀ ਦਾ ਰਾਜਦੂਤ ਤਲਬ

ਨਵੀਂ ਦਿੱਲੀ: ਇਟਲੀ ਦੇ ਮਿਲਾਨ ਹਵਾਈ ਅੱਡੇ ਉਪਰ ਗੋਲਫ਼ਰ ਜੀਵ ਮਿਲਖਾ ਸਿੰਘ ਦੇ ਕੋਚ ਦੀ ਪੱਗ ਲਹਾਉਣ ਦੇ ਮਾਮਲੇ ਵਿਚ ਅੱਜ ਵਿਦੇਸ਼ ਮੰਤਰਾਲੇ ਨੇ ਭਾਰਤ ਵਿਚਲੇ ਇਟਲੀ ਦੇ ਰਾਜਦੂਤ ਨੂੰ ਤਲਬ ਕੀਤਾ ਤੇ ਪੱਗ ਦੇ ਮਾਮਲੇ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਇਟਲੀ ਦੇ ਰਾਜਦੂਤ ਵਿਦੇਸ਼ ਮੰਤਰਾਲੇ ਵਿਚ ਸਕੱਤਰ (ਪੱਛਮੀ) ਵਿਵੇਕ ਕਾਟਜੂ ਨੂੰ ਮਿਲੇ। ਉਨ੍ਹਾਂ ਨੂੰ ਕਿਹਾ ਗਿਆ ਕਿ ਪੱਗ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਤੇ ਇਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਕਾਟਜੂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਟਲੀ ਦੇ ਰਾਜਦੂਤ ਨੇ ਕਿਹਾ, ‘‘ਇਹ ਮਾਮਲਾ ਬੜਾ ਗੰਭੀਰ ਹੈ ਤੇ ਅਸੀਂ ਇਸ ਨੂੰ ਰੋਮ ਤੇ ਮਿਲਾਨ ਵਿਖੇ ਉੱਚ ਪੱਧਰ ’ਤੇ ਉਠਾਇਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਨਿੱਜੀ ਤੌਰ ’ਤੇ ਮੈਨੂੰ ਇਸ ਘਟਨਾ ’ਤੇ ਅਫਸੋਸ ਹੈ।’’
-ਪੀ.ਟੀ.ਆਈ.

Source: Punjabi Tribune


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top