Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨ ਦੇ ਦੋਸ਼ ’ਚ ਦਸ ਵਿਅਕਤੀ ਗ੍ਰਿਫਤਾਰ

ਅੱਜ ਆਨੰਦਪੁਰ ਸਾਹਿਬ ਪੁਲੀਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਾਰਾਂ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਦਸ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਇਨ੍ਹਾਂ ਪਾਵਨ ਸਰੂਪਾਂ ਨੂੰ ਕਥਿਤ ਦੋਸ਼ੀਆਂ ਸਮੇਤ ਲੈ ਕੇ ਆਨੰਦਪੁਰ ਸਾਹਿਬ ਪੁੱਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ, ਕਿ ਡੇਰਾ ਬਾਬਾ ਵਡਭਾਗ ਸਿੰਘ ਵਿਖੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਤਲਵੰਡੀ ਕਲਾਂ ਦੇ ਇੱਕ ਸਾਧ ਦੀ ਅਗਵਾਈ ਵਿੱਚ ਕੁਝ ਵਿਅਕਤੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਾਰਾਂ ਪਾਵਨ ਸਰੂਪਾਂ ਨੂੰ ਇੱਕ ਮਹਿੰਦਰਾ ਜੀਪ ਜਿਸ ਦਾ ਨੰਬਰ ਸਿਰਫ ਸੀ.ਐਚ-01 ਹੀ ਲਿਖਿਆ ਹੋਇਆ ਸੀ ਵਿੱਚ ਰੱਖ ਕੇ ਲੈ ਜਾਇਆ ਜਾ ਰਿਹਾ ਸੀ। ਜਦੋਂ ਕਿ ਇਸ ਜੀਪ ਵਿੱਚ ਸਾਰੇ ਜੁੱਤੀਆਂ ਪਾ ਕੇ ਬੈਠੇ ਹੋਏ ਸਨ, ਅਤੇ ਨਾਲ ਹੀ ਇਤਰਾਜ਼ਯੋਗ ਫੋਟੋਆਂ ਵੀ ਪਈਆਂ ਸਨ। ਜੀਪ ਉੱਤੇ ਕਾਰ ਸੇਵਾ ਗੁਰਦੁਆਰਾ ਸਾਹਿਬ ਤਲਵੰਡੀ ਕਲਾਂ, ਲੁਧਿਆਣਾ, ਸੇਵਾਦਾਰ ਤਰਸੇਮ ਸਿੰਘ ਕੂਕਰ ਲਿਖਿਆ ਹੋਇਆ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਬਲਵੀਰ ਸਿੰਘ ਮੁੱਛਲ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਡੇਰੇ ਵਾਲਿਆਂ ਨੇ ਇਨ੍ਹਾਂ ਪਾਵਨ ਸਰੂਪਾਂ ਨਾਲ 64 ਸ੍ਰੀ ਅਖੰਡ ਪਾਠ ਸਾਹਿਬ ਕਰਕੇ ਸੱਤ ਲੱਖ ਤੋਂ ਵੀ ਜ਼ਿਆਦਾ ਪੈਸੇ ਇਕੱਠੇ ਕੀਤੇ ਜੋ ਕਿ ਮੁਖੀ ਤਰਸੇਮ ਸਿੰਘ ਦੇ ਕੋਲ ਪਏ ਹਨ। ਪਰ ਅੱਜ ਮਹਿੰਦਰਾ ਜੀਪ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਜਾ ਰਹੇ ਸਨ ਤਾਂ ਉਹ ਕਾਬੂ ਆ ਗਏ ਪਰ ਦੂਸਰੀ ਗੱਡੀ ਵਿੱਚ ਹੋਣ ਕਰਕੇ ਤਰਸੇਮ ਸਿੰਘ ਫਰਾਰ ਹੋ ਗਿਆ। ਪੁਲੀਸ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦਸ ਵਿਅਕਤੀਆਂ ਜਿਨ੍ਹਾਂ ਵਿੱਚ ਬਲਕਾਰ ਸਿੰਘ, ਮਨਜੀਤ ਸਿੰਘ, ਰਾਮ ਸਿੰਘ, ਹਰਪਾਲ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਦਲਵਿੰਦਰ ਸਿੰਘ, ਜਗਤਾਰ ਸਿੰਘ ਅਤੇ ਅਜਾਇਬ ਸਿੰਘ ਦੇ ਖ਼ਿਲਾਫ਼ ਧਾਰਾ 295 ਏ ਅਨੁਸਾਰ ਕਾਰਵਾਈ ਕਰਦੇ ਹੋਏ ਸਾਰਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਗੋਗੀ, ਤਖਤ ਸ੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਅਤੇ ਮਾਸਟਰ ਜਗੀਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਹਿਮਾਚਲ ਪ੍ਰਦੇਸ਼ ਨੇ ਸਾਰੇ ਪਾਵਨ ਸਰੂਪਾਂ ਨੂੰ ਅਦਬ ਦੇ ਨਾਲ ਤਖਤ ਸਾਹਿਬ ਵਿਖੇ ਸ਼ੁਸ਼ੋਭਿਤ ਕੀਤਾ। ਇਸ ਸਬੰਧ ਵਿੱਚ ਭਾਈ ਅਮਰੀਕ ਸਿੰਘ, ਬਲਵੀਰ ਸਿੰਘ ਅਤੇ ਤਰਲੋਕ ਸਿੰਘ ਆਦਿ ਨੇ ਤਖਤਾਂ ਦੇ ਸਿੰਘ ਸਹਿਬਾਨ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ-ਥਾਂ ’ਤੇ ਹੋ ਰਹੀ ਬੇਅਦਬੀ ਖ਼ਿਲਾਫ਼ ਸਖਤ ਕਦਮ ਚੁੱਕੇ ਜਾਣ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੁਆਈਆਂ ਜਾਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top