Share on Facebook

Main News Page

ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਨਾਂ ਖੁੱਲ੍ਹਾ ਖ਼ਤ

ਪਿਛਲੇ ਦਿਨੀਂ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਇਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜੇ ਹੁਕਮਨਾਮੇ ਜਾਰੀ ਕੀਤੇ ਹਨ, ਉਨ੍ਹਾਂ ਨੂੰ ਲਾਗੂ ਕਰਵਾਇਆ ਜਾਵੇ ਅਤੇ ਸਿੱਖ ਕੌਮ ਨੂੰ ਜਿਹੜੀਆਂ ਚੁਣੌਤੀਆਂ ਦਰਪੇਸ਼ ਹਨ, ਉਨ੍ਹਾਂ ਦਾ ਹੱਲ ਕੱਢਿਆ ਜਾਵੇ। ਉਨ੍ਹਾਂ ਨੇ ਜਿਹੜੇ ਮੁੱਦੇ ਉਠਾਏ ਹਨ, ਉਨ੍ਹਾਂ ਵਿਚ ਇਕ ਪ੍ਰਮੁੱਖ ਮੁੱਦਾ ਇਹ ਸੀ ਕਿ ਸਿਰਸਾ ਵਾਲੇ ਸਾਧ ਖਿਲਾਫ਼ ਜਿਹੜਾ ਹੁਕਮਨਾਮਾ ਜਾਰੀ ਹੋਇਆ ਹੈ, ਉਸ ਨੂੰ ਅਮਲ ਵਿਚ ਲਿਆਂਦਾ ਜਾਵੇ। ਸੰਤ ਦਾਦੂ ਵਾਲਿਆਂ ਨੇ ਜਿਹੜੀਆਂ ਮੰਗਾਂ ਉਠਾਈਆਂ ਹਨ, ਉਨ੍ਹਾਂ ਦੀ ਪੂਰੀ ਸਿੱਖ ਕੌਮ ਹਮਾਇਤ ਕਰਦੀ ਹੈ, ਕਿਉਂਕਿ ਪਿਛਲੇ ਸਮੇਂ ਤੋਂ ਆਪ ਜੀ ਦੁਆਰਾ ਸਿੱਖ ਕੌਮ ਨਾਲ ਹੁੰਦੇ ਵਿਤਕਰੇ ਖਿਲਾਫ਼ ਆਵਾਜ਼ ਉਠਾਈ ਜਾਂਦੀ ਰਹੀ ਹੈ। ਮੈਂ ਵੀ ਇਕ ਸਿੱਖ ਹੋਣ ਦੇ ਨਾਅਤੇ ਸੰਤ ਦਾਦੂਵਾਲ ਨਾਲ ਖੜ੍ਹਾ ਹਾਂ, ਪਰ ਇਸ ਦੇ ਨਾਲ-ਨਾਲ ਮੈਂ ਸੰਤ ਦਾਦੂਵਾਲ ਦਾ ਧਿਆਨ ਇਕ ਵਿਸ਼ੇਸ਼ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਹਾਂ ਜਿਸ ਕਾਰਨ ਦੇਹਧਾਰੀ ਪਾਖੰਡੀ ਗੁਰੂ ਵੱਧ-ਫੁਲ ਰਹੇ ਹਨ। ਸਿਰਸੇ ਵਾਲੇ ਸਾਧ ਦੇ ਜਿਹੜੇ ਚੇਲੇ ਜਾਂ ਪ੍ਰੇਮੀ ਹਨ ਉਨ੍ਹਾਂ ਵਿਚ ਵੱਡੀ ਗਿਣਤੀ ਦਲਿਤਾਂ ਅਤੇ ਗਰੀਬਾਂ ਦੀ ਹੈ। ਇਹ ਲੋਕ ਇਸ ਸਾਧ ਦੇ ਕੱਟੜ ਹਮਾਇਤੀ ਹਨ। ਕਦੇ ਸੋਚਿਆ ਹੈ ਕਿ ਇਹ ਲੋਕ ਉਸ ਸਾਧ ਦੇ ਮਗਰ ਕਿਉਂ ਲੱਗੇ ਹਨ? ਪਤਾ ਤਾਂ ਸੰਤ ਜੀ ਨੂੰ ਵੀ ਹੋਵੇਗਾ ਅਤੇ ਹੋਰ ਸਿੱਖ ਮਹਾਂਪੁਰਸ਼ ਵੀ ਭਲੀਭਾਂਤ ਜਾਣੂ ਹਨ, ਪਰ ਉਨ੍ਹਾਂ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਹ ਸਮੱਸਿਆ ਹੈ ਦਲਿਤਾਂ ਅਤੇ ਗਰੀਬਾਂ ਨਾਲ ਮਾਲਵੇ ਵਿਚ ਕਥਿਤ ਉੱਚੀ ਜਾਤੀਆਂ ਦੁਆਰਾ ਕੀਤਾ ਜਾਂਦਾ ਵਿਤਕਰਾ।

ਇਸ ਸਬੰਧ ਵਿਚ ਮੈਂ ਇਕ ਮੈਗਜ਼ੀਨ 'ਦ ਸੰਡੇ ਇੰਡੀਅਨ' ਦੀ ਰਿਪੋਰਟ ਦਾ ਹਵਾਲਾ ਦਿੰਦਾ ਹਾਂ। ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿਚ ਦਲਿਤ ਅਤੇ ਗਰੀਬ ਮਜ਼ਦੂਰਾਂ ਦਾ ਸਮਾਜਿਕ ਬਾਈਕਾਟ ਇਸ ਲਈ ਕਰ ਦਿੱਤਾ ਕਿਉਂਕਿ ਉਹ ਆਪਣੀ ਉਜ਼ਰਤ ਵਿਚ ਵਾਧੇ ਦੀ ਮੰਗ ਕਰਦੇ ਸਨ। ਇਨ੍ਹਾਂ ਦਲਿਤਾਂ ਨੂੰ ਕਾਫੀ ਲੰਮੇ ਸਮੇਂ ਤੋਂ 50 ਰੁਪਏ ਦਿਹਾੜੀ ਦਿੱਤੀ ਜਾਂਦੀ ਆ ਰਹੀ ਸੀ। ਕੰਮ ਕਰਾਉਣ ਦਾ ਸਮਾਂ ਵੀ 12-12 ਘੰਟੇ ਦਾ ਸੀ। ਇਹ ਪਿੰਡ ਹਨ ਬਠਿੰਡਾ ਜ਼ਿਲ੍ਹੇ ਦਾ ਬਾਨ, ਢੇਲਵਾਂ, ਸਿਵੀਆ, ਸੰਗਰੂਰ ਜ਼ਿਲ੍ਹੇ ਦਾ ਪਿੰਡ ਚੁਗਾਲੀ, ਬਠਿੰਡਾ-ਮਾਨਸਾ ਰੋਡ 'ਤੇ ਸਥਿਤ ਕੋਟ ਭਾਰਾ ਅਤੇ ਹੋਰ ਵੀ ਬਹੁਤ ਪਿੰਡ ਹਨ। ਇਸ ਸਮਾਜਿਕ ਬਾਈਕਾਟ ਨੂੰ ਨਿਆਂ ਅਤੇ ਬੇਇਨਸਾਫ਼ੀ ਵਿਚਾਲੇ ਟਕਰਾਓ ਦਾ ਵਰਤਾਰਾ ਕਿਹਾ ਜਾ ਸਕਦਾ ਹੈ ਪਰ ਅਫ਼ਸੋਸਨਾਕ ਗੱਲ ਇਹ ਹੈ ਕਿ ਸਮਾਜਿਕ ਬਾਈਕਾਟ ਦਾ ਸੱਦਾ ਗੁਰਦੁਆਰਿਆਂ ਵਿਚੋਂ ਦਿੱਤਾ ਜਾਂਦਾ ਹੈ। ਵਿਤਕਰੇ ਦੀ ਇਕ ਹੋਰ ਉਦਾਹਰਣ ਬਠਿੰਡਾ ਨੇੜੇ ਵਸਦੇ ਪਿੰਡ ਭਗਵਾਨਾ ਦੀ ਹੈ ਜਿਥੇ ਮੌਤ ਤੋਂ ਬਾਅਦ ਦਲਿਤਾਂ ਅਤੇ ਗਰੀਬ ਪਰਿਵਾਰਾਂ ਨੂੰ ਇਕ ਹੋਰ ਫ਼ਿਕਰ ਪੈਦਾ ਹੋ ਜਾਂਦਾ ਹੈ ਕਿ ਲਾਸ਼ ਦਾ ਅੰਤਿਮ ਸੰਸਕਾਰ ਕਿਥੇ ਕੀਤਾ ਜਾਵੇ। ਪਿੰਡ ਦੀ ਪੰਚਾਇਤ ਨੇ ਸ਼ਮਸ਼ਾਨ ਘਾਟ ਦੀ ਜ਼ਮੀਨ ਵਾਟਰ ਵਰਕਸ ਨੂੰ ਦੇ ਦਿੱਤੀ ਹੈ। ਜਿਥੇ ਨਵਾਂ ਸ਼ਮਸ਼ਾਨ ਘਾਟ ਬਣਾਉਣਾ ਹੈ ਉਸ ਉਤੇ ਉਸ ਵਿਅਕਤੀ ਨੇ ਕਬਜ਼ਾ ਕੀਤਾ ਹੋਇਆ ਹੈ ਜੋ ਇਕ ਵੱਡਾ ਜ਼ਿੰਮੀਦਾਰ ਹੈ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ। ਕਿਸਾਨ ਤਾਂ ਮ੍ਰਿਤਕ ਦਾ ਸੰਸਕਾਰ ਆਪਣੇ ਖੇਤਾਂ ਵਿਚ ਕਰ ਲੈਂਦੇ ਹਨ। ਹੁਣ ਦਲਿਤ ਅਤੇ ਹੋਰ ਗਰੀਬ ਕਿਥੇ ਜਾਣ। ਇਕ ਦਲਿਤ ਪਰਿਵਾਰ ਦੇ 4 ਸਾਲਾ ਬੱਚਾ ਅਜੇਪਾਲ ਦੀ ਮੌਤ ਹੋ ਗਈ। ਸੰਸਕਾਰ ਲਈ ਜਗ੍ਹਾ ਨਾ ਮਿਲੀ ਤਾਂ ਉਨ੍ਹਾਂ ਨੇ ਉਸ ਬੱਚੇ ਦਾ ਸੰਸਕਾਰ ਸੜਕ ਉਤੇ ਕੀਤਾ। ਇਸ ਤੋਂ ਦਲਿਤ ਕੀ ਪ੍ਰਭਾਵ ਲੈਂਦੇ ਹਨ? ਕਦੇ ਸੋਚਿਆ ਹੈ। ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਗੁਰਦੁਆਰੇ ਕਿਸਾਨਾਂ, ਜ਼ਿੰਮੀਦਾਰਾਂ ਜਾਂ ਜੱਟਾਂ ਦੀ ਮਲਕੀਅਤ ਹਨ। ਇਸੇ ਪ੍ਰਕਾਰ ਉਹ ਸਿੱਖ ਧਰਮ ਬਾਰੇ ਵੀ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਸਿੱਖ ਧਰਮ ਸਿਰਫ਼ ਤੇ ਸਿਰਫ਼ ਕਿਸਾਨਾਂ ਜਾਂ ਉਚ ਜਾਤੀਆਂ ਦਾ ਧਰਮ ਹੈ। ਕਾਰਨ ਕੁੱਝ ਹੋਰ ਵੀ ਹੋ ਸਕਦੇ ਹਨ, ਪਰ ਇਹ ਵੀ ਹੈ, ਜਿਸ ਕਾਰਨ ਉਹ ਅਜਿਹੇ ਸਾਧਾਂ ਦੇ ਲੜ ਲੱਗ ਰਹੇ ਹਨ।

ਕੀ ਅਸੀਂ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ, ਸਿਆਸੀ ਪਾਰਟੀਆਂ ਵੀ ਅਜਿਹੇ ਮਸਲਿਆਂ 'ਤੇ ਤਾਂ ਬੋਲਣਗੀਆਂ ਜਦੋਂ ਉਨ੍ਹਾਂ ਨੂੰ ਕਦੇ ਸਿਆਸੀ ਲਾਭ ਮਿਲੇਗਾ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇਸ ਲਈ ਨਹੀਂ ਬੋਲਦੇ ਕਿ ਜੇਕਰ ਉਨ੍ਹਾਂ ਨੇ ਦਲਿਤਾਂ ਦੇ ਹੱਕ ਵਿਚ ਆਵਾਜ਼ ਉਠਾ ਦਿੱਤੀ ਤਾਂ ਕਿਰਸਾਣੀ ਦੀ ਵੋਟ ਕਿਸੇ ਹੋਰ ਪਾਰਟੀ ਵੱਲ ਨਾ ਚਲੀ ਜਾਵੇ। ਕਿਸਾਨ ਯੂਨੀਅਨ ਤਾਂ ਗੱਲ ਸਿਰਫ਼ ਕਿਸਾਨਾਂ ਦੀ ਕਰਦੀ ਹੈ।
ਖ਼ੈਰ, ਹੋਰ ਪਹਿਲੂਆਂ ਨਾਲੋਂ ਇਹ ਬਹੁਤ ਜ਼ਿਆਦਾ ਗੰਭੀਰ ਅਤੇ ਸੰਜੀਦਾ ਮੁੱਦਾ ਹੈ ਕਿ ਦਲਿਤਾਂ ਅਤੇ ਗਰੀਬਾਂ ਦਾ ਬਾਈਕਾਟ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਰਾਹੀਂ ਕੀਤਾ ਜਾਂਦਾ ਹੈ। ਇਹ ਗੱਲ ਸਿਰਫ਼ ਸੰਤ ਦਾਦੂਵਾਲ ਗੋਚਰੇ ਨਹੀਂ ਹੈ, ਹੋਰਨਾਂ ਸੰਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਧਿਆਨ ਹਿੱਤ ਹੈ।

ਅਸੀਂ, ਸਾਡੇ ਸਿੱਖ ਪ੍ਰਚਾਰਕ ਅਤੇ ਸਾਡੇ ਧਾਰਮਿਕ ਲੀਡਰ ਹਮੇਸ਼ਾਂ ਇਸ ਗੱਲ ਦਾ ਪ੍ਰਚਾਰ ਕਰਦੇ ਹਨ ਕਿ ਸਿੱਖ ਧਰਮ ਵਿਚ ਜਾਤਪਾਤ ਨੂੰ ਕੋਈ ਜਗ੍ਹਾ ਨਹੀਂ ਹੈ। ਪਰ ਲੱਗਦਾ ਇਹ ਹੈ ਕਿ ਇਕ ਕ੍ਰਾਂਤੀਕਾਰੀ ਸਿੱਖ ਧਰਮ ਵਿਚ ਜਿੰਨਾ ਜਾਤੀ ਵਿਤਕਰਾ ਹੋ ਰਿਹਾ ਹੈ ਓਨਾ ਕਿਧਰੇ ਵੀ ਨਹੀਂ ਹੋ ਰਿਹਾ। ਇਹੀ ਕਾਰਨ ਹੈ ਕਿ ਦੁਆਬੇ ਇਲਾਕੇ ਵਿਚ ਰਵੀਦਾਸ ਭਾਈਚਾਰਾ ਸਿੱਖਾਂ ਤੋਂ ਆਪਣੇ ਆਪ ਨੂੰ ਵੱਖ ਕਰ ਰਿਹਾ ਹੈ। ਉਥੇ ਪਿੰਡ-ਪਿੰਡ ਵਿਚ ਰਵੀਦਾਸੀਆਂ ਨੇ ਗੁਰਦੁਆਰਿਆ ਨੂੰ ਰਵੀਦਾਸ ਟੈਂਪਲਾਂ ਵਿਚ ਤਬਦੀਲ ਕਰ ਲਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਥਾਂ 'ਤੇ ਗੁਰੂ ਰਵੀਦਾਸ ਦੀ ਬਾਣੀ ਨਾਲ ਸਬੰਧਤ ਗਰੰਥ ਨੂੰ ਰੱਖਿਆ ਜਾਂਦਾ ਹੈ। ਰਵੀਦਾਸ ਭਾਈਚਾਰਾ ਇਹ ਵੀ ਸਮਝਦਾ ਹੈ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਵਿਚ ਕੋਈ ਖੋਟ ਨਹੀਂ ਹੈ ਪਰ ਜਦੋਂ ਕੁਝ ਲੋਕ ਜਿਹੜੇ ਇਹ ਸਮਝਦੇ ਹਨ ਕਿ ਸਿੱਖ ਧਰਮ ਉਹੀ ਚਲਾਉਂਦੇ ਹਨ ਅਤੇ ਦਲਿਤਾਂ ਨਾਲ ਵਿਤਕਰਾ ਕਰਦੇ ਹਨ ਤਾਂ ਵੱਡੀਆਂ ਸਮੱਸਿਆਵਾਂ ਉਤਪੰਨ ਹੋ ਜਾਂਦੀਆਂ ਹਨ।

ਇਸ ਲਈ ਮੇਰੀ ਸਿੱਖ ਧਰਮ ਨਾਲ ਸਬੰਧਤ ਸੰਤਾਂ ਅਤੇ ਧਾਰਮਿਕ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਿੱਖ ਧਰਮ ਅੰਦਰ ਜਿਹੜੀਆਂ ਕੁਰੀਤੀਆਂ ਆਈਆਂ ਹੋਈਆਂ ਹਨ, ਉਨ੍ਹਾਂ ਦੇ ਸੁਧਾਰ ਲਈ ਵੀ ਕੰਮ ਹੋਣਾ ਚਾਹੀਦਾ ਹੈ। ਦਲਿਤਾਂ ਨੂੰ ਜੇਕਰ ਸਿੱਖੀ ਨਾਲ ਜੋੜ ਕੇ ਰੱਖਣਾ ਹੈ ਤਾਂ ਉਨ੍ਹਾਂ ਨੂੰ ਸਤਿਕਾਰ ਤੇ ਮਾਣ ਮਿਲਣਾ ਚਾਹੀਦਾ ਹੈ। ਉਨ੍ਹਾਂ ਨਾਲ ਧਾਰਮਿਕ ਅਸਥਾਨਾਂ 'ਤੇ ਵਿਤਕਰਾ ਨਹੀਂ ਹੋਣਾ ਚਾਹੀਦਾ। ਗੁਰਦੁਆਰੇ ਸਾਰਿਆਂ ਲਈ ਸਾਂਝੇ ਹਨ। ਉਥੋਂ ਤਾਂ ਸਾਂਝੀਵਾਲਤਾ ਦੀ ਗੱਲ ਹੁੰਦੀ ਹੈ। ਉਥੋਂ ਵਿਤਕਰੇ ਅਤੇ ਅਨਿਆ ਦੀ ਗੱਲ ਨਹੀਂ ਹੋਣੀ ਚਾਹੀਦੀ। ਇਸ ਸਬੰਧ ਵਿਚ ਸਾਡੇ ਧਾਰਮਿਕ ਲੀਡਰਾਂ ਨੂੰ ਪਹਿਲ ਕਰਨੀ ਚਾਹੀਦੀ ਹੈ। ਜੇਕਰ ਅਸੀਂ ਦਲਿਤਾਂ ਨਾਲ ਹੁੰਦੇ ਧੱਕੇ ਖਿਲਾਫ਼ ਆਵਾਜ਼ ਉਠਾਵਾਂਗੇ ਤਾਂ ਹੀ ਉਨ੍ਹਾਂ ਦੀ ਆਸਥਾ ਸਿੱਖੀ ਵਿਚ ਪਰਿਪੱਕ ਹੋਵੇਗੀ। ਉਨ੍ਹਾਂ ਦੇ ਘਰਾਂ ਵਿਚ ਖੁਸ਼ੀ ਗ਼ਮੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੀ ਹੁੰਦਾ ਹੈ। ਇਹ ਗੱਲ ਅਲੱਗ ਹੈ ਕਿ ਉਹ ਸਿੱਖੀ ਸਿਧਾਂਤਾਂ 'ਤੇ ਪਰਿਪੱਕ ਨਹੀਂ ਰਹਿੰਦੇ। ਇਹ ਦੋਸ਼ ਤਾਂ ਕਥਿਤ ਉੱਚੀਆਂ ਜਾਤੀਆਂ 'ਤੇ ਵੀ ਲੱਗਦਾ ਹੈ ਕਿਉਂਕਿ ਉਹ ਸਿੱਖੀ ਸਿਧਾਂਤਾਂ ਤੋਂ ਉਲਟ ਗਰੀਬਾਂ ਅਤੇ ਦਲਿਤਾਂ ਨਾਲ ਵਿਤਕਰਾ ਕਰਦੇ ਹਨ। ਇਸ ਲਈ ਹੁਣ ਅਜਿਹੇ ਅਨਿਆ ਬੰਦ ਹੋਣੇ ਚਾਹੀਦੇ ਹਨ। ਇਸ ਪਾਸੇ ਵੱਲ ਸਮੂਹ ਸੰਤਾਂ ਅਤੇ ਸਿੱਖ ਜਥੇਬੰਦੀਆਂ ਨੂੰ ਨਵੇਂ ਸਿਰੇ ਤੋਂ ਸੋਚਣਾ ਚਾਹੀਦਾ ਹੈ।

ਦਰਸ਼ਨ ਸਿੰਘ 'ਦਰਸ਼ਕ'

98555-08918

Source: http://www.indopunjab.com/index.php?option=com_content&task=view&id=3214&Itemid=127


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top