Share on Facebook

Main News Page

ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਅਕਾਲ ਤਖ਼ਤ ਦੀ ਮਰਿਆਦਾ ਨਹੀਂ ਮੰਨਦੇ ਉਹ ਸੰਤ ਕਿਵੇਂ ਅਖਵਾ ਸਕਦੇ ਹਨ?: ਗਿਆਨੀ ਸ਼ਿਵਤੇਗ ਸਿੰਘ

ਬਠਿੰਡਾ 21 ਮਾਰਚ (ਕਿਰਪਾਲ ਸਿੰਘ): ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਅਕਾਲ ਤਖ਼ਤ ਦੀ ਮਰਿਆਦਾ ਨਹੀਂ ਮੰਨਦੇ ਉਹ ਸੰਤ ਕਿਵੇਂ ਅਖਵਾ ਸਕਦੇ ਹਨ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ’ਤੇ ਹੋ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ ਨੰਬਰ 476 ’ਤੇ ਦਰਜ਼ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ:

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲੇ ਸਾਰੇ ਮਾਣਸ ਖਾਵਹਿ ॥2॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥3॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥4॥2॥

ਦੀ ਵਿਆਖਿਆ ਕਰਦੇ ਹੋਏ ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰਬਾਣੀ ਵਿੱਚ ਤਾਂ ‘ਸੰਤ ਸ਼ਬਦ’ ਇੱਕ ਬਚਨ ਵਿੱਚ ਆਇਆ ਹੈ ਉਥੇ ਅਕਾਲ ਪੁਰਖ਼ ਜਾਂ ਗੁਰੂ ਲਈ ਵਰਤਿਆ ਗਿਆ ਅਤੇ ਜਿਥੇ ਬਹੁ ਬਚਨ ਵਿੱਚ ਆਇਆ ਹੈ ਉਥੇ ਗੁਰੂ ਦੇ ਸ਼ਬਦ ਰਾਹੀਂ ਅਕਾਲ ਪੁਰਖ਼ ਦੇ ਗੁਣਾਂ ਦੀ ਵੀਚਾਰ ਕਰ ਰਹੇ ਸਮੁੱਚੇ ਤੌਰ’ਤੇ ਸਤਸੰਗੀ ਜਨਾ ਲਈ ਹੈ ਨਾ ਕਿ ਕਿਸੇ ਖ਼ਾਸ ਭੇਖ ਧਾਰਨ ਵਾਲੇ ਇੱਕ ਮਨੁੱਖ ਲਈ। ਭੇਖੀ ਸੰਤਾਂ ਲਈ ਤਾਂ ਠੱਗ ਸ਼ਬਦ ਵਰਤਿਆ ਗਿਆ ਹੈ ਠੱਗਾਂ ਲਈ ਉਕਤ ਸ਼ਬਦ ਵਿੱਚ ਭਗਤ ਜੀ ਫ਼ੁਰਮਾ ਰਹੇ ਹਨ ਕਿ ਜਿਨ੍ਹਾਂ ਦਾ ਕੰਮ ਤਾਂ ਲੋਕਾਂ ਨਾਲ ਠੱਗੀਆਂ ਮਾਰ ਕੇ ਉਨ੍ਹਾਂ ਦੀ ਕਮਾਈ ਹੜੱਪ ਕਰਨਾ ਹੈ ਪਰ ਸੰਤਾਂ ਦਾ ਭੇਖ ਧਾਰਨ ਲਈ ਸਾਢੇ ਤਿੰਨ ਤਿੰਨ ਗਜ਼ ਲੰਮੀਆਂ ਧੋਤੀਆਂ ਪਹਿਨਦੇ, ਅਤੇ ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, ਨਿਰੇ ਇਹਨਾਂ ਲੱਛਣਾਂ ਕਰਕੇ ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ ਅਸਲ ਵਿਚ ਬਨਾਰਸੀ ਠੱਗ ਹਨ ।1। ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ ।1।ਰਹਾਉ। ਇਹ ਲੋਕ ਆਪਣੀ ਸੁੱਚਮਤਾ ਵਿਖਾਉਣ ਲਈ ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ ਚੁੱਲ੍ਹਿਆਂ ਉੱਤੇ ਰੱਖਦੇ ਹਨ, ਹੇਠਾਂ ਲੱਕੜੀਆਂ ਧੋ ਕੇ ਬਾਲਦੇ ਹਨ ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ ਸਮੂਲਚੇ ਮਨੁੱਖ ਖਾ ਜਾਂਦੇ ਹਨ ।2। ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀ ਮਾਇਆ ਦੇ ਨੇੜੇ ਨਹੀਂ ਛੋਂਹਦੇ । ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, ਇਹ ਆਪ ਤਾਂ ਡੁੱਬੇ ਹੀ ਸਨ ਸਾਰੇ ਸਾਥੀਆਂ ਨੂੰ ਭੀ ਇਹਨਾਂ ਮੰਦ-ਕਰਮਾਂ ਵਿਚ ਡੋਬਦੇ ਹਨ ।3। (ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ । ਹੇ ਕਬੀਰ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ।4।2।

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਇਸ ਬਾਣੀ ’ਤੇ ਅਮਲ ਨਹੀਂ ਕਰਦੇ, ਅਕਾਲ ਤਖ਼ਤ ਦੀ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਪਰ ਉਸ ਤਰ੍ਹਾਂ ਧਾਰਮਕ ਲਿਬਾਸ ਪਹਿਨ ਕੇ ਆਪਣੇ ਆਪ ਨੂੰ ਸੰਤ ਅਤੇ ਬ੍ਰਹਮ ਗਿਆਨੀ ਅਖਵਾਉਂਦੇ ਹਨ ਉਹ ਮਤ ਸੋਚਣ ਕੇ ਉਕਤ ਸ਼ਬਦ ਤਾਂ ਸਿਰਫ ਧੋਤੀਆਂ ’ਤੇ ਜਨੇਊ ਪਹਿਨਣ ਵਾਲੇ ਬ੍ਰਹਮਣਾਂ ਜਾਂ ਹਿੰਦੂ ਸੰਤਾਂ ਲਈ ਹੀ ਹਨ, ਸਿੱਖ ਸੰਤਾਂ ’ਤੇ ਇਹ ਲਾਗੂ ਨਹੀਂ ਹੁੰਦੇ ਕਿਉਂਕਿ ਉਹ ਤਾਂ ਜਨੇਊ ਤੇ ਧੋਤੀਆਂ ਪਹਿਨਦੇ ਹੀ ਨਹੀਂ। ਉਹ ਯਾਦ ਰੱਖਣ ਕੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਜਿਉਣ ਤੋਂ ਬਿਨਾਂ ਹੀ ਉਨ੍ਹਾਂ ਵਲੋਂ ਧਾਰੇ ਹੋਏ ਧਾਰਮਕ ਭੇਖ ਵੀ ਲੋਕ ਵਿਖਾਵਾ ਤੇ ਉਨ੍ਹਾਂ ਨੂੰ ਠੱਗਣ ਲਈ ਹੀ ਹੈ।

ਟੀ.ਵੀ. ਤੋਂ ਇਹ ਕਥਾ ਸੁਣਨ ਉਪ੍ਰੰਤ ਇਕ ਗੁਰਸਿੱਖ ਅਵਤਾਰ ਸਿੰਘ ਨੇ ਬ੍ਰਹਮ ਗਿਆਨੀ ਦੀਆਂ ਡਿਗਰੀਆਂ ਦੇਣ ਵਾਲੇ ਇੱਕ ਭੇਖੀ ਵਲੋਂ ਛਪਵਾਇਆ ਇਸ਼ਤਿਹਾਰ ਵਿਖਾਇਆ ਜਿਸ ਵਿੱਚ ਅੰਮ੍ਰਿਤ ਛਕਣ ਲਈ ਅਭਿਲਾਖੀ ਪ੍ਰਾਣੀਆਂ ਲਈ 9 ਸ਼ਰਤਾਂ ਰੱਖੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਮੁੱਖ ਤੌਰ ’ਤੇ ਇਹ ਸਨ: ਕਿਸੇ ਦੀ ਨਿੰਦਾ ਚੁਗਲੀ ਨਾ ਕਰਦਾ ਤੇ ਨਾ ਹੀ ਸੁਣਦਾ ਹੋਵੇ, ਹਉਂਮੈ ਤੋ ਰਹਿਤ ਹੋਵੇ, ਲੋਕ ਲੱਜਾ ਨਾ ਰੱਖਦਾ ਹੋਵੇ, ਕਿਸੇ ਨਾਲ ਈਰਖਾ, ਦੁਬਿਧਾ ਤੇ ਨਫ਼ਰਤ ਨਾ ਕਰਦਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੁਆਰਾ ਦਰਸਾਏ ਬ੍ਰਹਮ ਵਿਦਿਆ ਦੇ ਭੇਦ ਨੂੰ ਸੰਤਾਂ ਸਾਧੂਆਂ ਭਗਤਾਂ ਅਤੇ ਗੁਰਮੁਖਾਂ ਦੀ ਸੰਗਤ ਦੁਆਰਾ ਸਮਝ ਕੇ ਸੰਤ ਪਦ ਤਕ ਪਹੁੰਚ ਚੁਕਿਆ ਹੋਵੇ।

ਭਾਈ ਅਵਤਾਰ ਸਿੰਘ ਨੇ ਕਿਹਾ ਹੈਰਾਨੀ ਹੈ ਕਿ ਜਿਹੜਾ ਸੰਤ ਪਦ ਤਕ ਪਹੁੰਚ ਹੀ ਚੁੱਕਿਆ ਹੈ, ਉਸ ’ਤੇ ਬਾਕੀ ਸ਼ਰਤਾਂ ਲਾਉਣ ਦੀ ਤਾਂ ਕੋਈ ਤੁਕ ਹੀ ਨਹੀਂ ਰਹਿ ਜਾਂਦੀ ਕਿਉਂਕਿ ਗੁਰਬਾਣੀ ਵਿੱਚ ਤਾਂ ‘ਸੰਤ ਸ਼ਬਦ’ ਅਕਾਲ ਪੁਰਖ਼ ਜਾਂ ਗੁਰੂ ਲਈ ਵਰਤਿਆ ਗਿਆ ਹੈ ਪਰ ਭੇਖੀ ਲਿਬਾਸ ਪਹਿਨਣ ਵਾਲਾ ਅੱਗੇ ਲਿਖ ਰਿਹਾ ਹੈ ਕਿ ਉਪ੍ਰੋਕਤ ਗੁਰਮਤਿ ਕਸਵੱਟੀ ਉਪਰ ਪੂਰੇ ਉਤਰਨ ਵਾਲੇ ਪ੍ਰਾਣੀਆਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅੰਦਰ ਗੁਰੂ ਰੂਪ ਪੰਜ ਪਿਆਰੇ ਗੁਰਮਤਿ ਮਰਿਯਾਦਾ ਅਨੁਸਾਰ ਤਿਆਰ ਕੀਤੀ ਹੋਈ ਖੰਡੇ ਬਾਟੇ ਦੀ ਪਾਹੁਲ ਦੇ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਨਗੇ ਅਤੇ

  1. ਮਨ ਦੀ ਪਹਿਚਾਣ ਕਰਵਾਉਣਗੇ
  2. ਜੋ ਸਾਰਿਆਂ ਅੰਦਰ ਜੋਤ ਹੈ ਉਸ ਨੂੰ ਪ੍ਰਗਟ ਕਰਨਗੇ
  3. ਕੂੜ ਦੀ ਪਾਲ, ਭਰਮ ਦਾ ਪਰਦਾ ਪਾਸੇ ਕਰਕੇ ਨਿਰੰਕਾਰ ਸੱਚ ਦੇ ਸਨਮੁੱਖ ਕਰਨਗੇ
  4. ਜਿਸ ਨਾਦ, ਸ਼ਬਦ, ਨਾਮ ਨਾਲੋਂ ਲਿਵ ਟੁੱਟ ਚੁਕੀ ਹੈ ਉਸ ਦੀ ਜਾਣਕਾਰੀ ਦੇਣਗੇ ਅਤੇ ਸਤਿਗੁਰੂ ਦੇ ਸਨਮੁਖ ਕਰਕੇ ਨਾਮ ਦਾ ਪ੍ਰਵਾਨਾ ਦਿਵਾਉਣਗੇ
  5. ਗੁਰਮੰਤਰ ਦੇ ਕੇ ਵਿਧੀ, ਅਕਲ ਕਲਾ, ਜੁਗਤੀ ਸਿਖਾਉਣਗੇ ਕਿ ਅੱਜ ਤੋਂ ਬਾਅਦ ਵਾਹਿਗੁਰੂ ਦੇ ਨਾਲ ਸਦਾ ਹੀ ਅਨਦਿਨ ਰਹਿਣਾ ਹੈ
  6. ਦਸਮ ਦੁਆਰ, ਨਿਜ ਮਹਿਲ, ਗਗਨ, ਸਹਿਜ ਗੁਫਾ ਵਿੱਚ ਆਉਣ ਜਾਣ ਦਾ ਭੇਤ ਅਕੱਥ ਕਥਾ ਰਾਹੀਂ ਸਿਖਾਉਣਗੇ
  7. ਅੰਮ੍ਰਿਤ ਲੈ ਚੁੱਕੇ ਗੁਰਮੁਖਾਂ ਨੂੰ ਸੰਤ ਸਿਪਾਹੀ ਭਰਤੀ ਕਰਕੇ ਇੱਕ ਸਾਲ ਵਾਸਤੇ ਬ੍ਰਹਮ ਗਿਆਨ ਯੂਨੀਵਰਸਿਟੀ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ

ਭਾਈ ਅਵਤਾਰ ਸਿੰਘ ਨੇ ਕਿਹਾ ਕਿ ਬ੍ਰਹਮ ਗਿਆਨ ਯੂਨੀਵਰਸਿਟੀ ਦਾ ਆਪੂੰ ਬਣਿਆ ਇਹ ਵਾਈਸ ਚਾਂਸਲਰ ਦੱਸੇ ਕਿ ਉਕਤ 6 ਗੁਣ ਧਾਰਨ ਕੀਤੇ ਤੋਂ ਪਹਿਲਾਂ ਹੀ ਕੋਈ ਸੰਤ ਪਦ ਤੱਕ ਪਹੁੰਚਿਆ ਹੋਇਆ ਕਿਵੇਂ ਕਿਹਾ ਜਾ ਸਕਦਾ ਹੈ? ਅਤੇ ਜਿਹੜਾ ਸੰਤ ਪਦ ਤਕ ਪਹੁੰਚ ਚੁੱਕਾ ਹੈ ਉਸ ਨੂੰ ਇਸ ਦੀ ਅਖੌਤੀ ਯੂਨੀਵਰਸਿਟੀ ਤੋਂ ਇੱਕ ਸਾਲ ਦੀ ਹੋਰ ਕਿਹੜੀ ਟ੍ਰੇਨਿੰਗ ਦੇਣ ਦੀ ਲੋੜ ਬਾਕੀ ਰਹਿ ਜਾਂਦੀ ਹੈ?

ਇਹ ਦੱਸਣ ਯੋਗ ਹੈ ਕਿ ਪਿਛਲੇ ਸਾਲ ਗਿਆਨੀ ਸ਼ਿਵਤੇਗ ਸਿੰਘ ਮੋਗਾ ਖੇਤਰ ’ਚ ਪ੍ਰਚਾਰ ਦੌਰੇ ’ਤੇ ਆਏ ਹੋਏ ਸਨ ਤਾਂ ਬ੍ਰਹਮਗਿਆਨੀ ਬਣਾਉਣ ਦੀ ਟ੍ਰੇਨਿੰਗ ਦੇਣ ਵਾਲੇ ਇਸ ਭੇਖੀ ਦੀ ਚੁਣੌਤੀ ਸਵੀਕਾਰਦੇ ਹੋਏ ਉਹ ਇਨ੍ਹਾਂ ਦੇ ਚੱਲ ਰਹੇ ਦੀਵਾਨ ਵਿੱਚ ਪਹੁੰਚ ਗਏ ਸਨ, ਜਿੱਥੇ ਇਸ ਭੇਖੀ ਦੇ ਸ਼ਰਧਾਲੂਆਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਉਸ ਸਮੇਂ ਗਿਆਨੀ ਸ਼ਿਵਤੇਗ ਸਿੰਘ ਨੇ ਪੁੱਛਿਆ ਸੀ ਕਿ ਸੁਣਿਆ ਹੈ ਤੁਸੀਂ ਬ੍ਰਹਮ ਗਿਆਨੀ ਬਣਾਉਂਦੇ ਹੋ? ਪਰ ਸੁਖਮਨੀ ਸਾਹਿਬ ਜਿਸਦੇ ਵੱਡੀ ਗਿਣਤੀ ਵਿੱਚ ਪਾਠ ਕਰਨ ਲਈ ਤੁਸੀਂ ਸੰਗਤਾਂ ਨੂੰ ਪ੍ਰੇਰਦੇ ਰਹਿੰਦੇ ਹੋ, ਉਸ ਵਿੱਚ ਤਾਂ ਲਿਖਿਆ ਹੈ ਅਕਾਲ ਪੁਰਖ਼, ਪ੍ਰਮੇਸ਼ਰ ਆਪ ਹੀ ਬ੍ਰਹਮਗਿਆਨੀ ਹੈ:-

ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥6॥…. ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥ ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥ ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥8॥8॥ (ਗੁ.ਗ੍ਰੰ.ਸਾ.ਪੰਨਾ 273)

ਤਾਂ ਦੱਸੋ ਕੀ ਤੁਸੀਂ ਪ੍ਰਮੇਸ਼ਰ ਬਣਾ ਰਹੇ ਹੋ ਤੇ ਹੁਣ ਤੱਕ ਕਿਤਨੇ ਕੁ ਪ੍ਰਮੇਸਰ ਬਣਾ ਚੁੱਕੇ ਹੋ? ਇਸ ਭੇਖੀ ਨੂੰ ਉਸ ਸਮੇਂ ਕੋਈ ਜਵਾਬ ਨਹੀਂ ਸੀਂ ਆਇਆ ਤੇ ਨਾ ਹੀ ਅੱਜ ਉਸ ਪਾਸ ਇਸ ਦਾ ਕੋਈ ਜਵਾਬ ਹੈ ਪਰ ਲੋਕਾਂ ਨੂੰ ਬੁੱਧੂ ਬਣਾਉਣ ਤੋਂ ਹਾਲੀ ਵੀ ਬਾਜ਼ ਨਹੀਂ ਆ ਰਿਹਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top