Share on Facebook

Main News Page

ਗੁਰਬਚਨ ਸਿੰਘ ਅਨੁਸਾਰ ਨਾਨਕਸ਼ਾਹੀ ਕੈਲੰਡਰ ਵਿਵਾਦ ਲਈ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਿੰਮੇਵਾਰ

ਅਨੰਦਪੁਰ ਸਾਹਿਬ, (21 ਮਾਰਚ,ਪੀ.ਐਸ.ਐਨ): ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਤਖ਼ਤਾਂ ਦੇ ਜਥੇਦਾਰਾਂ ਦੇ ਆਪਸੀ ਟਕਰਾਉ ਵਾਲੀ ਬਿਆਨਬਾਜ਼ੀ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤੀ ਵੀ ਗੰਭੀਰ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਥੇ ਪੁੱਜੇ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪਹਿਲੇ ਨਾਨਕਸ਼ਾਹੀ ਕੈਲੰਡਰ ਬਾਰੇ ਪੰਜੇ ਜਥੇਦਾਰਾਂ ਵਲੋ ਬਣਾਈ ਕਮੇਟੀ ਨੂੰ ਜੇਕਰ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਨਾ ਬਦਲਿਆ ਜਾਂਦਾ ਤਾਂ ਵਾਦ ਵਿਵਾਦ ਸ਼ੁਰੂ ਹੀ ਨਹੀਂ ਹੋਣਾ ਸੀ।

ਉਨ੍ਹਾਂ ਕੈਲੰਡਰ ਬਾਰੇ ਗੰਭੀਰ ਰੂਪ ਅਖਤਿਆਰ ਚੁੱਕੇ ਵਿਵਾਦ ਦਾ ਸਾਰਾ ਭਾਂਡਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸਿਰ ਮੜ੍ਹਦਿਆਂ ਕਿਹਾ ਕਿ ਕੈਲੰਡਰ ਬਾਰੇ ਪੰਜੇ ਤਖ਼ਤਾਂ ਦੇ ਜਥੇਦਾਰਾਂ ਨੇ ਸਰਬਸੰਮਤੀ ਨਾਲ ਇਕ ਕਮੇਟੀ ਬਣਾਈ ਸੀ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਪੰਜਾਂ ‘ਜਥੇਦਾਰਾਂ' ਨੇ ਹੀ ਇਸ ਕੈਲੰਡਰ ਨੂੰ ਅਕਾਲ ਤਖਤ ਤੋਂ ਲਾਗੂ ਕਰਨਾ ਸੀ ਪਰ ਅਫ਼ਸੋਸ ਇਸ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭੰਗ ਕਰ ਕੇ ਆਪਣੀ ਵਖਰੀ ਕਮੇਟੀ ਬਣਾ ਦਿਤੀ ਤੇ ਇਸ ਕੈਲੰਡਰ ਨੂੰ ਅਕਾਲ ਤਖਤ ਦੀ ਜਗ੍ਹਾ ਦਮਦਮਾ ਸਾਹਿਬ ਤੋਂ ਜਾਰੀ ਕਰਵਾ ਦਿਤਾ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇਕਰ ਤਖ਼ਤਾਂ ਦੇ ਜਥੇਦਾਰਾਂ ਨੂੰ ਸੁਪਰੀਮ ਮੰਨਿਆ ਜਾਂਦਾ ਹੈ ਤਾਂ ਸਾਡੇ ਵਲੋਂ ਬਣਾਈ ਕਮੇਟੀ ਭੰਗ ਕਿਉਂ ਕੀਤੀ ਗਈ? ਉਨ੍ਹਾਂ ਮੰਨਿਆ ਕਿ ਨਾਨਕਸ਼ਾਹੀ ਕੈਲੰਡਰ ਬਾਰੇ ਪੰਥ ਵਿਚ ਅਜੇ ਵੀ ਦੁਬਿਧਾ ਹੈ ਤੇ ਲੋੜ ਮੁਤਾਬਕ ਹੋਰ ਸੋਧਾਂ ਕਰ ਕੇ ਦੁਬਿਧਾ ਖ਼ਤਮ ਕੀਤੀ ਜਾਣੀ ਚਾਹੀਦੀ ਹੈ। ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਲੋਂ ਕੈਲੰਡਰ ਬਾਰੇ ਕੀਤੀ ਗਈ ਬਿਆਨਬਾਜ਼ੀ ਬਾਰੇ ਪੁਛਣ 'ਤੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਸਗੋਂ ਮਿਲ ਬੈਠ ਕੇ ਮਸਲੇ ਦਾ ਹੱਲ ਕਢਣਾ ਚਾਹੀਦਾ ਹੈ।

ਹੋਲੇ ਮਹੱਲੇ 'ਤੇ ਅਕਾਲੀ ਦਲ ਬਾਦਲ ਵਲੋਂ ਸਟੇਜ ਤੇ ਕੀਤੀ ਸਿਆਸੀ ਦੂਸ਼ਣਬਾਜ਼ੀ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਤੋਂ ਕੇਵਲ ਫ਼ਤਹਿਗੜ੍ਹ ਸਾਹਿਬ ਦੀ ਸਟੇਜ ਤੋਂ ਹੀ ਦੂਸ਼ਣਬਾਜ਼ੀ ਨਾ ਕਰਨ ਦੇ ਹੁਕਮ ਦਿਤੇ ਗਏ ਹਨ। ਸੌਦਾ ਸਾਧ ਦੇ ਮਸਲੇ ਤੇ ਅਕਾਲ ਤਖਤ ਸਾਹਿਬ ਦਾ ਹੁਕਮ ਲਾਗੂ ਕਰਵਾਉਣ ਜਾਂਦੇ ਸਿੰਘਾਂ ਤੇ ਪੁਲਿਸ ਵਲੋਂ ਕੇਸ ਦਰਜ ਕਰਨ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਸੌਦਾ ਸਾਧ ਦੇ ਸਮਾਗਮਾਂ ਤੇ ਪਾਬੰਦੀ ਲਗਾਈ ਗਈ ਹੈ ਤੇ ਉਸ ਦੇ ਕੂੜ ਪ੍ਰਚਾਰ ਨੂੰ ਬੰਦ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਸਲੇ 'ਤੇ ਸਿੰਘਾਂ ਵਿਰੁਧ ਦਰਜ ਕੇਸ ਰੱਦ ਕੀਤੇ ਜਾਣ। ਇਸ ਮੌਕੇ ਉਨ੍ਹਾਂ ਨਾਲ ਤਖਤ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਤਰਲੋਚਨ ਸਿੰਘ, ਹੈਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਜਸਵਿੰਦਰ ਪਾਲ ਸਿੰਘ, ਗੁਰਿੰਦਰ ਸਿੰਘ ਗੋਗੀ, ਠੇਕੇਦਾਰ ਗੁਰਨਾਮ ਸਿੰਘ ਆਦਿ ਵੀ ਹਾਜ਼ਰ ਸਨ। ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top