Share on Facebook

Main News Page

ਹੋਂਦ ਚਿੱਲੜ, ਮਨਵਿੰਦਰ ਸਿੰਘ ਅਤੇ ਹਿੰਦੋਸਤਾਨ

11 ਮਾਰਚ 2011 ਨੂੰ ਹੋਂਦ ਚਿੱਲੜ ਦੀ ਸਿੱਖ ਨਸਲਕੁਸ਼ੀ ‘ਤੇ ਲੇਖ ਲਿਖ ਕੇ ਸਾਰੀ ਦੁਨੀਆਂ ਦਾ ਧਿਆਨ ਖਿੱਚਣ ਵਾਲੇ ਗੁਰਸਿੱਖ ਨੌਜੁਆਨ ਇੰਜਨੀਅਰ ਮਨਵਿੰਦਰ ਸਿੰਘ ਗਿਆਸ ਪੁਰੀ, ਨੂੰ ਨੌਕਰੀ ਤੋਂ ਹੱਥ ਧੋਣੇ ਪਏ ਹਨ, ਜੋ ਕਿ ਗੁੜਗਾਓਂ ਵਿਖੇ ਗਾਰਮੈਂਟ ਐਕਸਪੋਰਟ ਕਰਨ ਵਾਲੀ ਇੱਕ ਪ੍ਰਾਈਵੇਟ ਕੰਪਨੀ ਵਿਚ GM ਵਜੋਂ ਨੌਕਰੀ ਕਰ ਰਿਹਾ ਸੀ। ਮਨਵਿੰਦਰ ਸਿੰਘ ਨੇ ਹੋਂਦ ਚਿੱਲੜ ਸਬੰਧੀ ਅਖਬਾਰਾਂ ਵਿਚ ‘ਇੱਕ ਪਿੰਡ ਜਿਸ ਵਿਚੋਂ 84 ਦੇ ਫੱਟ ਅਜੇ ਵੀ ਰਿਸਦੇ ਨੇ’ ਨਾਮ ਦਾ ਲੇਖ ਲਿਖ ਕੇ ਲੋਕਾਂਈ ਨੂੰ ਸਿੱਖਾਂ ਨਾਲ ਹੋਈ ਜਗੋਂ ਤੇਰਵੀਂ ਸਬੰਧੀ ਬੜੈ ਹੀ ਜ਼ੋਰ ਨਾਲ ਹਲੂਣਿਆਂ ਸੀ। ਇਸ ਤੋਂ ਪਹਿਲਾਂ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਕੀਤੇ ਗਏ ਸਿੱਖ ਕਤਲੇਆਮ ਦੇ ਸਬੰਧ ਵਿਚ ਨੌਜਵਾਨ ਪਤਰਕਾਰ ਜਰਨੈਲ ਸਿੰਘ ਨੂੰ ਵੀ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਸਰਕਾਰੀ ਸ਼ਹਿ ‘ਤੇ ਸਿੱਖਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਪੰਜਾਬ ਪੁਲਿਸ ਦਾ ਵਹਿਸ਼ੀ ਚਿਹਰਾ ਨੰਗਿਆਂ ਕਰਨ ਵਾਲੇ ਜਸਵੰਤ ਸਿੰਘ ਜੀ ਖਾਲੜਾ ਨੂੰ ਤਾਂ ਖਤਮ ਹੀ ਕਰ ਦਿੱਤਾ ਗਿਆ ਸੀ।

ਮਨਵਿੰਦਰ ਸਿੰਘ ਨੇ ਆਪਣੇ ਲੇਖ ਦੀ ਸ਼ੁਰੂਆਤ ਬੜੇ ਹੀ ਜਜ਼ਬਾਤੀ ਸੁਰ ਵਿਚ ਕੀਤੀ ਸੀ-

ਕਿੱਥੇ ਗਈਆਂ ਸਾਂਝਾਂ, ਕਿੱਥੇ ਗਏ ਇਕੱਠ?
ਦਿੱਖਦੇ ਨਾਂ ਦਰਵਾਜ਼ੇ, ਜਿਥੇ ਲੱਗਦੀ ਸੀ ਸੱਥ।
ਰੋਂਦਾ ਹੈ ਬਰੋਟਾ, ਜਿਥੇ ਜੁੜਦੇ ਸੀ ਹਾਣੀ।
ਝੂਟਦੀਆਂ ਸੀ ਕੁੜੀਆਂ, ਮਲਕੀ ਪਿਲਾਂਉਂਦੀ ਸੀ ਪਾਣੀ।
ਕੌਲੀ ਆਟੇ ਦੀ ਮੰਗਣ, ਗੁਆਂਢੀਆਂ ਦੇ ਜਾਣਾਂ।
ਆਉਂਦੇ ਆਉਂਦੇ ਭੋਰਾ ਮਿਰਚਾਂ ਦਾ ਵੀ ਫੜ ਆਉਣਾਂ।
ਮੁੱਕ ਗਈਆਂ ਸਾਂਝਾਂ ਮੁੱਕ ਗਏ ਨੇ ਹਾਣੀ।
ਦਿਖਦੇ ਨਾਂ ਇਕੱਠ, ਸੱਥ ਖਸਮਾਂ ਖਾਣੀ।

23-01-2011 ਨੂੰ ਮਨਵਿੰਦਰ ਸਿੰਘ ਨੇ ਇਸ ਪਿੰਡ ਦਾ ਦੌਰਾ ਕੀਤਾ ਸੀ ਜਿਸ ਸਬੰਧੀ ਅਚਾਨਕ ਹੀ ਉਸ ਨੂੰ ਕਿਧਰੋਂ ਦੱਸ ਪਈ ਸੀ, ਕਿ ਸੰਨ 1984 ਵਿਚ ਸਰਦਾਰਾਂ ਦੇ ਇਸ ਪੂਰੇ ਪਿੰਡ ਨੂੰ ਹੀ ਖਤਮ ਕਰ ਦਿੱਤਾ ਗਿਆ ਸੀ ਅਤੇ ਮਗਰੋਂ ਇਹ ਮੁੱਦਾ ਕਿਸੇ ਵੀ ਸੰਸਥਾ ਜਾਂ ਵਿਅਕਤੀ ਦੀ ਨਿਗ੍ਹਾ ਵਿਚ ਨਹੀਂ ਸੀ ਪਿਆ। ਮਨਵਿੰਦਰ ਸਿੰਘ ਦਾ ਆਪਣਾ ਪਰਿਵਾਰ ਇੱਕ ਚੇਤੰਨ ਗੁਰਸਿੱਖ ਪਰਿਵਾਰ ਹੈ ਅਤੇ ਬਹੁਤ ਸੰਵੇਦਨ ਸ਼ੀਲ ਹੋਣ ਕਾਰਨ ਇਸ ਸਾਕੇ ਨੂੰ ਉਸ ਨੇ ਕੁਲ ਦੁਨੀਆਂ ਦੇ ਸਾਹਮਣੇ ਲਿਆਉਣਾਂ ਆਪਣਾਂ ਪ੍ਰਮੁੱਖ ਫਰਜ਼ ਸਮਝ ਲਿਆ, ਭਾਵੇਂ ਕਿ ਬਹੁਤ ਸਾਰੇ ਸਨਕੀ ਲੋਕਾਂ ਨੇ ਉਸ ਦੇ ਇਸ ਉਦੱਮ ਨੂੰ ਖਬਤ ਨਾਲ ਵੀ ਲਿਆ ਕਿ ਇਸ ਦੇ ਪਿੱਛੇ ਪਤਾ ਨਹੀਂ ਕੀ ਸਾਜਿਸ਼ ਹੈ। 40 ਸਿੱਖਾਂ ਦਾ ਹੋਂਦ ਚਿੱਲੜ ਵਿਚ ਬਹੁਤ ਹੀ ਦਰਦਨਾਕ ਤਰੀਕੇ ਨਾਲ ਕਤਲ ਕੀਤਾ ਗਿਆ ਸੀ। ਹਮਲਾਵਰ ਸਵੇਰੇ ਗਿਆਰਾਂ ਵਜੇ ਹਥਿਆਰਾਂ ਅਤੇ ਮਿੱਟੀ ਦਾ ਤੇਲ ਲੈ ਕੇ ਪੂਰੀ ਤਿਆਰੀ ਨਾਲ ਸਰਕਾਰੀ ਸ਼ਹਿ ਤੇ ਆਏ ਸਨ ਅਤੇ ਉਹ ਸ਼ਾਮ ਸੱਤ ਵਜੇ ਤਕ ਬੜੇ ਹੀ ਵਹਿਸ਼ੀਆਨਾਂ ਤਰੀਕੇ ਨਾਲ ਤਾਂਡਵ ਨਾਚ ਨੱਚਦੇ ਰਹੇ।

ਮਨਵਿੰਦਰ ਸਿੰਘ ਦਾ ਲੇਖ ਛਪਦੇ ਸਾਰ ਹੀ ਸਭ ਤੋਂ ਪਹਿਲਾਂ ਉਸ ਦੇ ਘਰ ‘ਤੇ ਦੁਸ਼ਮਣ ਤਾਕਤਾਂ ਨੇ ਹਮਲਾ ਕੀਤਾ ਅਤੇ ਘਰ ਦੀ ਲੁੱਟ ਮਾਰ ਅਤੇ ਲੱਖਾਂ ਦੀ ਚੋਰੀ ਕੀਤੀ ਗਈ। ਉਸ ਤੋਂ ਮਗਰੋਂ ਉਸ ਨੂੰ ਉਸ ਨੂੰ ਨੌਕਰੀ ਤੋਂ ਲਾਂਭੇ ਹੋਣਾਂ ਪਿਆ। ਅੱਗੇ ਪਤਾ ਨਹੀਂ ਇਸ ਨੌਜਵਾਨ ਅਤੇ ਉਸ ਦੇ ਪਰਿਵਾਰ ਦੇ ਸਿਰਾਂ ‘ਤੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਦੇ ਪਹਾੜ ਟੁੱਟਣੇ ਬਾਕੀ ਹਨ ਪਰ ਇਹਨਾਂ ਦੀ ਪਰਵਾਹ ਨਾਂ ਕਰਦੇ ਹੋਏ ਉਸ ਨੇ ਪੰਥ ਨੂੰ ਅਪੀਲ ਕੀਤੀ ਹੈ ਕਿ ਇਸ ਸਿੱਖ ਨਸਲਕੁਸ਼ੀ ਦੇ ਵਹਿਸ਼ੀਪੁਣੇ ਨੂੰ ਕੁਲ ਦੁਨੀਆਂ ਸਾਹਮਣੇ ਉਜਾਗਰ ਕਰਨ ਲਈ ਸਿੱਖ ਆਗੂ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਦੀ ਨੀਤੀ ਤੋਂ ਉਪਰ ਉਠ ਕੇ ਮੋਢੇ ਨਾਲ ਮੋਢਾ ਜੋੜ ਕੇ ਟੁਰਨ। ਮਨਵਿੰਦਰ ਸਿੰਘ ਦੀਆਂ ਇਹ ਸਤਰਾਂ ਖਾਸ ਧਿਆਨ ਦੇਣ ਵਾਲੀਆਂ ਹਨ ਉਸ ਨੇ ਲਿਖਿਆ ਹੈ-

“ ਇਹ ਪਿੰਡ ਜਿਵੇਂ ਹੈ ਜਿਥੇ ਹੈ ਜਿੱਦਾਂ ਹੈ ਉਸੇ ਤਰਾਂ ਹੀ ਸ਼ੀਸ਼ੇ ਵਿਚ ਜੜ ਕੇ ਸੰਭਾਲ ਲਿਆ ਜਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀਹੜੀਆਂ ਤਬਾਹੀ ਦੇ ਇਸ ਮੰਜ਼ਰ ਨੂੰ ਦੇਖ ਕੇ (ਆਪਣੇ ਤੇ ਬੀਤੀ) ਸਮਝਣ ਅਤੇ ਮਹਿਸੂਸ ਕਰ ਸਕਣ।”

ਸਾਡੀ ਸਮਝ ਅਨੁਸਾਰ ਇੱਕ ਇਹ ਹੀ ਪੁਖਤਾ ਕੰਮ ਹੈ ਜੋ ਕਿ ਅਸਸੀਂ ਉਹਨਾਂ ਵਹਿਸ਼ੀ ਲੋਕਾਂ ਦੇ ਜੁਲਮਾਂ ਨੂੰ ਦੁਨੀਆਂ ਭਰ ਵਿਚ ਨੰਗਿਆਂ ਕਰਨ ਲਈ ਕਰ ਸਕਦੇ ਹਾਂ। ਇਹ ਦੁਨੀਆਂ ਹਿਟਲਰ ਦੇ ਜ਼ੁਲਮਾਂ ਨੂੰ ਤਾਂ ਜਾਂਣਦੀ ਹੈ ਪਰ ਭਾਰਤੀ ਸਰਕਾਰ ਨੇ ਚਿੱਟੇ ਦਿਨ ਜਿਸ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਉਸ ਸਬੰਧੀ ਦੁਨੀਆਂ ਦੇ ਲੋਕਾਂ ਨੇ ਅਜੇ ਅੱਖ ਨਹੀਂ ਖੋਹਲੀ। ਹਜ਼ਾਰਾਂ ਦੀ ਗਿਣਤੀ ਵਿਚ ਸਰਕਾਰ ਦੀ ਸ਼ਹਿ ‘ਤੇ ਚਿੱਟੇ ਦਿਨ ਹੋਏ ਸਿੱਖਾਂ ਦੇ ਕਤਲਾਂ ਲਈ ਭਾਰਤੀ ਸਰਕਾਰ ਨੇ ਮੁਜ਼ਰਮਾਂ ਨੂੰ ਸਜ਼ਾ ਦੇਣੀ ਤਾਂ ਇੱਕ ਪਾਸੇ ਸਗੋਂ ਉਹਨਾਂ ਨੂੰ ਰਾਜ ਗੱਦੀਆਂ ‘ਤੇ ਬਿਠਾ ਕੇ ਹਰ ਤਰਾਂ ਦੀ ਸਰਕਾਰੀ ਛਤਰੀ ਦੇਣ ਦੀ ਕੋਸਿ਼ਸ਼ ਕੀਤੀ ਹੈ। ਅਸੀਂ ਖੰਡਰ ਹੋਏ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤਾਂ ਉਸੇ ਹਾਲਤ ਵਿਚ ਨਹੀਂ ਸੰਭਾਲ ਸਕੇ ਕਿਓਂਿਕ ਸਰਕਾਰ ਨੇ ਆਪਣੇ ਟੁੱਕੜਬੋਚਾਂ ਤੋਂ ਸਰਕਾਰੀ ਅਕਾਲ ਤਖਤ ਬਣਵਾ ਲਿਆ ਸੀ ਜਿਸ ਨੂੰ ਢਾਹ ਕੇ ਕਾਰ ਸੇਵਾ ਵਾਲਿਆਂ ਆਪਣੀ ਸੇਵਾ ਕਰ ਦਿੱਤੀ ਸੀ। ਬਿਹਤਰ ਹੋਏਗਾ ਅਗਰ ਸਿੱਖ ਕੋਮ ਹੁਣ ਰਵਾਇਤੀ ਕਾਰ ਸੇਵਾ ਵਾਲਿਆਂ ਨੂੰ ਇਸ ਕੰਮ ਤੋਂ ਦੂਰ ਹੀ ਰੱਖੇ ਵਰਨਾਂ ਉਹਨਾਂ ਇਥੇ ਵੀ ਸੰਗਮਰਮਰ ਦੀ ਇੱਕ ਇਮਾਰਤ ਨੂੰ ਗੁਰਦਆਰੇ ਦਾ ਨਾਮ ਦੇ ਕੇ ਸਰਕਾਰੀ ਦਮਨ ਨੂੰ ਢਕਣ ਦੀ ਹੀ ਕੋਸਿਸ਼ ਕਰਨੀ ਹੈ।

ਅੱਜ ਭਾਰਤ ਵਿਚ ਕਈ ਲੋਕ ਇਸ ਵਿਚਾਰ ਦੇ ਹਨ ਕਿ ਕਾਂਗਰਸੀ ਆਗੂਆਂ ਨੂੰ ਉਹਨਾਂ ਦੇ ਜ਼ੁਰਮਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ, ਜਦ ਕਿ ਜ਼ੁਰਮ ਕਰਨ ਵਾਲੇ ਅਤੇ ਸਿੱਖ ਵਿਰੋਧੀ ਲੋਕ ਸਿੱਖਾਂ ਨੂੰ ਸਭ ਕੁਝ ਭੁੱਲਣ ਦੀ ਸਲਾਹ ਦੇ ਰਹੇ ਹਨ, ਅਤੇ ਇਹਨਾਂ ਲੋਕਾਂ ਵਿਚ ਭਾਰਤ ਦੇ ਪ੍ਰਧਾਨ ਮੰਤ੍ਰੀ ਮਨਮੋਹਨ ਸਿੰਘ ਦਾ ਨਾਮ ਵੀ ਆਉਂਦਾ ਹੈ। ਉਹ ਭਾਰਤ ਲਈ ਭਾਵੇਂ ਲੱਖ ਇਮਾਨਦਾਰ ਹੋਵੇ, ਪਰ ਸਿੱਖਾਂ ਦੇ ਕਤਲੇਆਮ ਸਬੰਧੀ ਇਨਸਾਫ ਲਈ ਚਾਰਾਜੋਈ ਕਰਨ ਦੀ ਬਜਾਏ, ਆਪਣੀ ਸਿਆਸੀ ਚਮੜੀ ਬਚਾਉਣ ਲਈ ਅਗਰ ਉਹ ਸਿੱਖਾਂ ਨੂੰ ੲਨੇ ਵੱਡੇ ਕਤਲੇਆਮ ਨੂੰ ਭੁੱਲਣ ਦੀ ਸਲਾਹ ਦਿੰਦਾ ਹੈ, ਤਾਂ ਸਿੱਖ ਇਤਹਾਸ ਵਿਚ ਉਸ ਦਾ ਨਾਮ ਭਾਰਤ ਦਾ ਇੱਕ ਮੌਕਾਪ੍ਰਸਤ ਅਤੇ ਨਾਂ ਇਮਾਨਦਾਰ ਰਾਜਨੇਤਾ ਵਜੋਂ ਹੀ ਦਰਜ ਹੋਏਗਾ। ਸਿੱਖ ਕੌਮ ਕਿਸੇ ਵੀ ਕੀਮਤ ‘ਤੇ ਆਪਣੇ ਕਾਤਲਾਂ ਨੂੰ ਨਹੀਂ ਭੁੱਲੇਗੀ ਅਤੇ ਨਾਂ ਹੀ ਉਹਨਾਂ ਨੂੰ ਬਖਸ਼ੇਗੀ।

ਅਸੀਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਆਪਣੇ ਨਿੱਕੇ ਨਿੱਕੇ ਮਤਭੇਦਾਂ ਤੋਂ ਉਪਰ ਉਠ ਕੇ ਕੌਮ ‘ਤੇ ਹੋ ਰਹੇ ਜ਼ੁਲਮਾਂ ਨੂੰ ਰੋਕਿਆ ਜਾਵੇ। ਅਨੇਕਾਂ ਸਿੱਖਾਂ ਨੂੰ ਅੱਜ ਵੀ ਨਜ਼ਾਇਜ਼ ਜੇਲਾਂ ਵਿਚ ਡੱਕਿਆ ਗਿਆ ਹੈ ਅਤੇ ਪੁਲਿਸ ਕਸਟਡੀ ਵਿਚ ਸਿੱਖਾਂ ਦੀਆਂ ਮੌਤਾਂ ਹੋ ਰਹੀਆਂ ਹਨ। ਸ.ਸੋਹਣ ਸਿੰਘ ਜਿਹਲ ਵਿਚ ਹੀ ਖਤਮ ਹੋ ਚੁੱਕੇ ਹਨ । ਇੱਕ ਹੋਰ ਬਜ਼ੁਰਗ ਸਿੱਖ ਭਾਈ ਪਾਲ ਸਿੰਘ ਫਰਾਂਸ ‘ਤੇ ਵੀ ਲਗਾਤਾਰ ਤਸ਼ਦਦ ਜਾਰੀ ਹੈ ਅਤੇ ਉਥੇ ਕੋਈ ਅਪੀਲ ਦਲੀਲ ਕੰਮ ਨਹੀਂ ਆ ਰਹੀ। ਭਾਰਤ ਵਿਚ ਹਰ ਸਿੱਖ ਦਾ ਜੀਵਨ ਖਤਰੇ ਵਿਚ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top