Share on Facebook

Main News Page

ਅਖੌਤੀ ਪੰਥਕ ਸਰਕਾਰ ਦੇ ਰਾਜ ਵਿੱਚ - ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਸੰਮਨ
Thursday, 17 March 2011 21:49

ਖੰਨਾ (17 ਮਾਰਚ, ਪੀ.ਐਸ.ਐਨ): ਨਜ਼ਦੀਕੀ ਪਿੰਡ ਰ੍ਯੌਣੀ ਵਿਖੇ ਦੋ ਧਿਰਾਂ ਵਿਚਕਾਰ ਗੁਰਦਵਾਰਾ ਸਾਹਿਬ ਦੀ ਨਵੀਂ ਬਿਲਡਿੰਗ ਬਣਾਉਣ ਨੂੰ ਲੈ ਕੇ ਟਕਰਾਅ ਚੱਲ ਰਿਹਾ ਹੈ। ਇਸ ਦੇ ਸਿੱਟੇ ਵਜੋਂ ਗੁਰਦਵਾਰਾ ਸਾਹਿਬ ਵਿਖੇ ਗੁਰਮੀਤ ਟਿਵਾਣਾ ਸੀ.ਜੇ. ਜੇ.ਡੀ. ਸਿਵਲ ਕੋਰਟ ਖੰਨਾ ਵਲੋਂ ਇਕ ਰਜਿਸਟਰਡ ਚਿੱਠੀ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਗੁਰਦਵਾਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਿੰਡ ਰੌਣੀ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦੇ ਨਾਂ ਆਈ। ਇਸ ਚਿੱਠੀ ਵਿਚ ਉਨ੍ਹਾਂ ਨੂੰ 17-3-11 ਨੂੰ ਕੋਰਟ ਵਿਚ ਪੇਸ਼ ਹੋਣ ਲਈ ਸੰਮਨ ਸਨ। ਇਸ ਘਟਨਾ ਦੀ ਖ਼ਬਰ ਮਿਲਦੇ ਸਾਰ ਹੀ ਪੂਰੇ ਇਲਾਕੇ ਦੀ ਸਿੱਖ ਸੰਗਤ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਨੂੰ ਠੇਸ ਪਹੁੰਚੀ ਹੈ।

ਇਸ ਸਬੰਧੀ ਜਦੋਂ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਰੌਣੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਸੁਰਜੀਤ ਸਿੰਘ ਤੇ ਉਸ ਦੇ ਸਾਥੀ ਗੁਰਦਵਾਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਵਿਚ ਰੁਕਾਵਟਾਂ ਪਾ ਰਹੇ ਹਨ, ਇਸ ਕਰ ਕੇ ਉਨ੍ਹਾਂ ਖੰਨਾ ਕੋਰਟ ਵਿਚ ਇਹ ਕੇਸ ਪਾ ਦਿਤਾ ਹੈ। ਇਸ ਕਰ ਕੇ ਜੁਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਮਨ ਆਏ ਹਨ ਤੇ ਉਹ ਇਸ ਘਟਨਾ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਧਿਆਨ ਵਿਚ ਵੀ ਲਿਆਉਣ ਜਾ ਰਹੇ ਹਨ।

ਦੂਜੇ ਪਾਸੇ ਜਦੋਂ ਦੂਜੀ ਧਿਰ ਸੁਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਕੇਸ ਕਿਸੇ ਮੰਦੀ ਭਾਵਨਾਂ ਨਾਲ ਨਹੀਂ ਕੀਤਾ ਸਗੋਂ ਗੁਰਦਵਾਰਾ ਸਾਹਿਬ ਦੀ ਬਿਲਡਿੰਗ ਅਜੇ ਬਹੁਤ ਵਧੀਆ ਹੈ ਤੇ ਨਵੀਂ ਬਿਲਡਿੰਗ ਦੀ ਅਜੇ ਜ਼ਰੂਰਤ ਨਹੀਂ। ਦੂਜਾ ਸਾਡੇ ਵਿਰੋਧੀ ਇਸ ਕੰਮ ਨੂੰ ਕਾਰ ਸੇਵਾ ਵਾਲਿਆਂ ਦੇ ਹੱਥਾਂ ਵਿਚ ਦੇਣਾ ਚਾਹੁੰਦੇ ਹਨ ਜੋ ਸਾਨੂੰ ਮਨਜ਼ੂਰ ਨਹੀਂ ਕਿਉਂਕਿ ਉਹ ਕੰਮ ਨੂੰ 5-7 ਸਾਲ ਤਕ ਲਟਕਾ ਦਿੰਦੇ ਹਨ। ਜਦ ਸੁਰਜੀਤ ਸਿੰਘ ਨੂੰ ਅੱਜ ਦੀ ਕੋਰਟ ਵਿਚ ਪੇਸ਼ੀ ਬਾਰੇ ਪੁਛਿਆ ਕਿ ਕੋਰਟ ਵਿਚ ਆਵਾਜ਼ ਕਿਸ ਨਾਮ ਨਾਲ ਪਈ ਤਾਂ ਉਨ੍ਹਾਂ ਟਾਲ-ਮਟੋਲ ਕਰਦਿਆਂ ਕਿਹਾ ਕਿ ਉਹ ਕੋਰਟ ਵਿਚ ਦੇਰ ਨਾਲ ਪਹੁੰਚੇ ਸਨ, ਇਸ ਲਈ ਉਨ੍ਹਾਂ ਨੂੰ ਇਸ ਬਾਰੇ ਕੁੱਝ ਨਹੀਂ ਪਤਾ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top