Share on Facebook

Main News Page

ਨੰਨ੍ਹੀ ਛਾਂ ਹੇਠ, ’ਰਾਜ ਨਹੀਂ ਸੇਵਾ’ ਕਰਨ ਵਾਲਿਆਂ ਨੇ ਬੇਰੁਜ਼ਗਾਰ ਬੀਬੀਆਂ ਦੀ ਅੱਜ ਕੀਤੀ ਚੰਗੀ ਸੇਵਾ ਅਤੇ ਪੈਰਾਂ ਵਿੱਚ ਰੋਲੀ ਸਿੱਖਾਂ ਦੀ ਪੱਗ

ਬਠਿੰਡਾ, 17 ਮਾਰਚ (ਕਿਰਪਾਲ ਸਿੰਘ): ਨੰਨ੍ਹੀ ਛਾਂ ਬੀਬੀ ਹਰ ਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਦੀ ਹਾਜ਼ਰੀ ਵਿਚ ਅੱਜ ਸ਼ਾਮ ਨੂੰ ’ਰਾਜ ਨਹੀਂ ਸੇਵਾ’ ਕਰਨ ਵਾਲੇ ਅਕਾਲੀਆਂ ਨੇ ਬੇਰੁਜ਼ਗਾਰ ਬੀਬੀਆਂ ਦੀ ਅਜਿਹੀ ਸੇਵਾ ਕੀਤੀ ਕਿ ਸ਼ਾਇਦ ਇਨ੍ਹਾਂ ਦੇ ਰਹਿੰਦੇ ਰਾਜ ਕਾਲ ਦੌਰਾਨ ਉਨ੍ਹਾਂ ਨੂੰ ਮੁੜ ਸੇਵਾ ਕਰਾਉਣ ਦੀ ਲੋੜ ਨਾ ਪਵੇ। ਪਰ ਜਿਨ੍ਹਾਂ ਨੂੰ ਸੇਵਾ ਕਰਵਾਉਣ ਦਾ ਸੁਆਦ ਪੈ ਜਾਵੇ ੳਨ੍ਹਾਂ ਨੂੰ ਵੀ ਇੱਕ ਦਿਨ ਦੀ ਸੇਵਾ ਨਾਲ ਨਹੀਂ ਸਰਦਾ ਕਿਉਂਕਿ ’ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ’ ਦੀ ਕਹਾਵਤ ਵਾਂਗ ਬੇਰੁਜ਼ਗਾਰ, ਬਿਨਾ ਰੋਟੀ ਤੋਂ ਇਕੱਲੀ ਸੇਵਾ ਨਾਲ ਭਲਾਂ ਕਿਸ ਤਰ੍ਹਾਂ ਗੁਜ਼ਾਰਾ ਕਰ ਸਕਦੇ ਹਨ, ਇਸ ਲਈ ਸ਼ਾਇਦ 9 ਕੁ ਮਹੀਨੇ ਹੋਰ ਉਨ੍ਹਾਂ ਦੀ ਸਮੇਂ ਸਮੇਂ ਸਿਰ ਅਜਿਹੀ ਸੇਵਾ ਹੁੰਦੀ ਰਹੇਗੀ।

ਹੋਇਆ ਇੰਝ ਕਿ ਅੱਜ ਸ਼ਾਮੀ ਬੀਬੀ ਹਰਮਿਰਤ ਕੌਰ ਬਾਦਲ, ਮੈਂਬਰ ਪਾਰਲੀਮੈਂਟ ਹਲਕਾ ਬਠਿੰਡਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਹਾਜੀ ਰਤਨ ਬਠਿੰਡਾ ਦੇ ਨਜ਼ਦੀਕ ਖੋਲ੍ਹੇ ਜਾਣ ਵਾਲੇ ਦਸ਼ਮੇਸ਼ ਖਾਲਸਾ ਪਬਲਿਕ ਸਕੂਲ ਅਤੇ ਦਸਮੇਸ਼ ਸਕੂਲ ਫਾਰ Differently Abled Children ਦਾ ਨੀਂਹ ਪੱਥਰ ਰੱਖਣ ਲਈ ਪਹੁੰਚੀ ਹੋਈ ਸੀ ਆਮ ਦੀ ਤਰ੍ਹਾਂ, ਸੀ ਆਈ ਟੀ ਬੇਰੁਜ਼ਗਾਰ ਯੂਨੀਅਨ ਵੀ ਆਪਣੀਆਂ ਮੰਗਾਂ ਦੀ ਸੂਚੀ ਲੈ ਕੇ ਉੱਥੇ ਪਹੁੰਚ ਗਈ। ਉਨ੍ਹਾਂ ਮੰਗ ਕੀਤੀ ਕਿ ਬੀਬੀ ਬਾਦਲ ਉਨ੍ਹਾਂ ਦੀ ਗੱਲ ਸੁਣਨ ਲਈ ਸਮਾਂ ਦੇਵੇ। ਉਸ ਨੇ ਸਮਾਂ ਦੇ ਵੀ ਦਿੱਤਾ ਅਤੇ ਸ਼ਾਤੀ ਪੂਰਬਕ ਢੰਗ ਨਾਲ ਗੱਲ ਬਾਤ ਵੀ ਹੋ ਰਹੀ ਸੀ। ਪਰ ਕਿਉਂਕਿ ਉਹ ਅਕਾਲੀ ਸਰਕਾਰ ਵਲੋਂ ਕੀਤੇ ਗਏ ਉਹ ਵਾਅਦੇ ਮੁੜ ਮੁੜ ਚੇਤੇ ਕਰਵਾ ਰਹੇ ਸਨ ਜਿਹੜੇ ਕਿ ਉਨ੍ਹਾਂ ਨੇ ਪੂਰੇ ਨਹੀਂ ਕੀਤੇ। ਅਜਿਹੇ ਅਣਸੁਖਾਵੇਂ ਸੁਆਲਾਂ ਨਾਲ ਆਪਣੀ ਬੀਬੀ ਨੂੰ ਸ਼ਰਮਸ਼ਾਰ ਹੁੰਦੇ ਭਲਾਂ ਅਕਾਲੀ ਜਰਨੈਲ ਆਪਣੀਆਂ ਅੱਖਾਂ ਦੇ ਸਾਹਮਣੇ ਕਿਵੇਂ ਜਰ ਸਕਦੇ ਸਨ? ਇਸ ਲਈ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਤੁਰੰਤ ਆਪਣੇ ਵਰਕਰਾਂ ਨੂੰ ਉਨ੍ਹਾਂ ਦੀ ਸੇਵਾ ਕਰਨ ਦੇ ਸਿਰਫ ਹੁਕਮ ਹੀ ਨਹੀਂ ਚਾੜ੍ਹੇ ਸਗੋਂ ਖ਼ੁਦ ਵੀ ਚੰਗਾ ਹੱਥ ਖੋਲ੍ਹ ਕੇ ਆਪਣੀ ਬਹਾਦਰੀ ਦੇ ਨੰਬਰ ਬਣਾਏ ਤੇ ਬੇਰੁਜ਼ਗਾਰ ਬੀਬੀਆਂ ਦੀਆਂ ਚੁੰਨੀਆਂ ਲਾਹੀਆਂ ਲਾਹ ਕੇ ਉਨ੍ਹਾਂ ਦੀਆਂ ਗੁੱਤਾਂ ਫੜ ਕੇ ਖ਼ੂਬ ਘੜੀਸੀਆਂ ਤੇ ਸਿੱਖ ਬੇਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਪੈਰਾਂ ਵਿੱਚ ਰੋਲ ਕੇ ਖ਼ੂਬ ਕੁਟਾਪਾ ਚਾੜ੍ਹਿਆ।

ਹਾਲੀ ਕੱਲ੍ਹ ਹੀ ਲੋਕ ਸਭਾ ਵਿੱਚ ਸਿੱਖਾਂ ਦੀ ਪੱਗ ਦੇ ਮਸਲੇ ’ਤੇ ਜ਼ਜ਼ਬਾਤੀ ਭਾਸ਼ਣ ਦੇਣ ਵਾਲੀ ਬੀਬੀ ਹਰਸਿਮਰਤ ਕੌਰ ਅਤੇ ਕੇਂਦਰ ਸਰਕਾਰ ਨੂੰ ਹਰ ਤੀਜੇ ਦਿਨ ਕੋਸ ਕੇ ਵਿਦੇਸ਼ਾਂ ਵਿੱਚ ਸਿੱਖਾਂ ਦੀ ਦਸਤਾਰ ਦੀ ਹੋ ਰਹੀ ਬੇਪਤੀ ’ਤੇ ਗਹਿਰੀ ਚਿੰਤਾ ਪ੍ਰਗਟ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਮੂਕ ਦਰਸ਼ਕ ਬਣ ਕੇ ਵੇਖ ਰਹੇ ਸਨ। ਬਠਿੰਡਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦੀ ਟਿਕਟ ਦੇ ਦਾਅਵੇਦਾਰ ਆਤਮਾ ਸਿੰਘ ਚਹਿਲ ਨੇ ਉਨ੍ਹਾਂ ਦੇ ਸਾਹਮਣੇ ਆਪਣੇ ਜੌਹਰ ਵਿਖਾ ਕੇ ਆਪਣੀ ਟਿਕਟ ਪੱਕੀ ਕਰਨ ਦੀ ਪੂਰੀ ਵਾਹ ਲਾਈ। ਅਖੀਰ ਪੁਲਿਸ ਨੂੰ ਹੀ ਬੇਰੁਜ਼ਗਾਰਾਂ ਨੂੰ ਅਕਾਲੀ ਯੋਧਿਆਂ ਦੇ ਗੁੱਸੇ ਤੋਂ ਬਚਾਉਣ ਲਈ ਅੱਗੇ ਆਉਣਾ ਪਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top