Share on Facebook

Main News Page

ਮਸਲਾ ਬੀਬੀਆਂ ਦੇ ਹਰਿਮੰਦਰ ਸਾਹਿਬ ਵਿਖੇ ਕੀਰਤਨ ਕਰਨ ਤੇ ਸੇਵਾ ਨਿਭਾਉਣ ਦਾ
ਮਾਂਹਵਾਰੀ ਕਾਰਨ ਔਰਤ ਨੂੰ ਅਪਵਿੱਤ੍ਰ ਮੰਨਣਾ ਇੱਕ ਬਿਪਰਵਾਦੀ ਤੇ ਤਾਲਬਾਨੀ ਸੋਚ
ਸੰਸਾਰ ਦੇ ਧਾਰਮਿਕ ਇਤਿਹਾਸ ਵਿੱਚ ਮਾਨਵ-ਏਕਤਾ ਤੇ ਸਮਾਨਤਾ ਦੇ ਹਾਮੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ‘ ਮਹਾਰਾਜ ਵਿਖੇ ਪ੍ਰਕਾਸ਼ਮਾਨ ਗੁਰਮਤਿ ਵਿਚਾਰਧਾਰਾ ਅਤੇ ‘ਸਿੱਖ ਰਹਿਤ ਮਰਯਾਦਾ‘ ਤੋਂ ਛੁੱਟ ਲਗਭਗ ਸਾਰੇ ਹੀ ਕੌਮਾਂਤ੍ਰੀ ਮੱਤ-ਮੱਤਾਂਤਰਾਂ ਦੇ ਧਰਮ-ਗ੍ਰੰਥਾਂ ਤੇ ਉਨ੍ਹਾਂ ਦੀ ਮਜ਼ਹਬੀ ਮਰਯਾਦਾ ਅੰਦਰ ਕਿਸੇ-ਨ-ਕਿਸੇ ਬਹਾਨੇ ਔਰਤ ਨੂੰ ਅੱਪਵਿਤ੍ਰ ਤੇ ਪੁਰਸ਼ ਨਾਲੋਂ ਨੀਵਾਂ ਦਰਸਾਇਆ ਗਿਆ ਹੈ। ਕਿਉਂਕਿ, ਉਹ ਸਾਰੇ ਪੁਰਸ਼-ਪ੍ਰਧਾਨ ਸਮਾਜ ਦੇ ਸਿਰਜਕ ਤੇ ਹਮਾਇਤੀ ਹਨ।

ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਨੇ ਔਰਤ ਦੀ ਅਪਵਿੱਤ੍ਰਤਾ ਦਾ ਪਹਿਲਾ ਤੇ ਮੁਖ ਕਾਰਨ ਉਸ ਅੰਦਰਲੀ ਨੇਮਬੱਧ ਕੁਦਰਤੀ ਪ੍ਰਕਿਆ ‘ਮਹਾਂਵਾਰੀ‘ ਅਥਵਾ ‘ਮਾਸਿਕ ਧਰਮ-ਚੱਕਰ‘ (Monthly course, Menses) ਨੂੰ ਹੀ ਬਣਾਇਆ ਅਤੇ ਫਿਰ ਗਰਭ ਧਾਰਨ ਉਪਰੰਤ ਬੱਚੇ ਦੀ ਜਨਮ-ਪ੍ਰਕ੍ਰਿਆ ਨੂੰ ਵੀ ਇਸ ਨਾਲ ਸਬੰਧਤ ਕਰ ਲਿਆ। ਜਦੋਂ ਕਿ ਭਾਰਤੀ ਸਭਿਅਤਾ ਦੇ ਅਰੰਭਕ ਦੌਰ ਵਿੱਚ ਹੀ ਇਥੋਂ ਦੀ ਆਯੁਰਵੈਦਿਕ ਪ੍ਰਨਾਲੀ ਨੇ ਮਾਂਹਵਾਰੀ ਨੂੰ ਸੰਸਕ੍ਰਿਤ ਭਾਸ਼ਾ ਵਿੱਚ ‘ਰਿਤੁ‘ ਅਤੇ ‘ਰਜ‘ ਦੋ ਮੁੱਢਲੇ ਨਾਮ ਦੇ ਕੇ ਇਹ ਸਚਾਈ ਪ੍ਰਗਟ ਕਰ ਦਿੱਤੀ ਸੀ ਕਿ ਔਰਤ ਦੀ ਇਹ ਸ਼੍ਰੀਰਕ ਕ੍ਰਿਆ ਕੁਦਰਤ ਦੇ ਅਪ੍ਰਵਰਿਤਨਸ਼ੀਲ ਵਿਧਾਨ ਦਾ ਇੱਕ ਅੰਗ ਹੈ ਅਤੇ ਮਾਨਵੀ ਜਨਨਿ-ਪ੍ਰਕ੍ਰਿਆ ਵਿੱਚ ਇਸ ਦਾ ਓਹੀ ਮਹੱਤਵ ਹੈ, ਜਿਹੜਾ ਕਿ ਬਨਾਸਪਤੀ ਦੀ ਜਨਨਿ-ਪ੍ਰਕ੍ਰਿਆ ਵਿੱਚ ਬਸੰਤ ਰੁੱਤ ਤੇ ਫੁੱਲਾਂ ਦੇ ਪਰਾਗ ਦਾ। ਕਿਉਂਕਿ, ਜਿਵੇਂ ਫਲ ਲਗਣ ਉਪਰੰਤ ਫੁੱਲ ਆਪਣੇ ਆਪ ਝੜ ਜਾਂਦੇ ਹਨ। ਤਿਵੇਂ ਹੀ ਔਰਤ ਦੇ ਗਰਭ ਧਾਰਨ ਉਪਰੰਤ ਮਾਂਹਵਾਰੀ ਦਾ ਸਿਲਸਿਲਾ ਵੀ ਬੰਦ ਹੋ ਜਾਂਦਾ ਹੈ।

ਸੰਸਕ੍ਰਿਤ ਦੇ ‘ਰਿਤੁ‘ ਸ਼ਬਦ ਦਾ ਮੂਲਿਕ ਅਰਥ ਹੈ: ਨਾ-ਬਦਲਣਹਾਰ ਕੁਦਰਤੀ ਨਿਯਮ (The unchanging Law of nature), ਜਿਸ ਤੇ ਅਧਾਰਤ ਪੰਜਾਬੀ ਸ਼ਬਦ ਬਣਿਆ ਹੈ ਰੁੱਤ। ਜਿਵੇਂ, ਛੇ ਰੁਤਾਂ, ਕਿਉਂਕਿ, ਉਹ ਨਿਸ਼ਚਤ ਸਮੇਂ ਤੇ ਆਉਂਦੀਆਂ ਹਨ ਅਤੇ ‘ਰਜ‘ ਸ਼ਬਦ ਦਾ ਅਰਥ ਹੈ : ਫੁੱਲਾਂ ਦਾ ਪਰਾਗ (ਫੋਲਲੲਨ)। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਵੀ ‘ਰਜੁ‘ ਸ਼ਬਦ ‘ਪਰਾਗ‘ ਦੇ ਅਰਥ ਵਿੱਚ ਵਰਤਿਆ ਮਿਲਦਾ ਹੈ, ਜੋ ਕਿ ਬਨਾਸਪਤੀ ਦੀ ਫੁੱਲਾਂ ਦੁਆਰਾ ਹੋਣ ਵਾਲੀ ਜਨਨਿ ਪ੍ਰਕ੍ਰਿਆ ਦਾ ਮੁੱਖ ਅੰਗ ਹੈ। ਜਿਵੇਂ, ‘ਰਜ ਪੰਕਜ ਮਹਿ ਲੀਓ ਨਿਵਾਸ‘ ।। (ਪੰ 1162) ਪਰ, ਜਦੋਂ ਮਹਾਨ ਕੋਸ਼ (Encyclopaida of Sikh Literarure) ਦੇ ਕਰਤਾ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਇਨ੍ਹਾਂ ਦੋਹਾਂ ਸ਼ਬਦਾਂ ਨੂੰ ਮਾਂਹਵਾਰੀ ਦੇ ਪ੍ਰਕਰਣਿਕ ਦਿਸ਼੍ਰਟੀਕੋਨ ਤੋਂ ਅਰਥਾਇਆ ਹੈ ਤਾਂ ਉਨ੍ਹਾਂ ਨੇ ਤਰਤੀਬਵਾਰ ਅਰਥ ਕੀਤੇ ਹਨ : ਗਰਭ ਧਾਰਨ ਦੀ ਰੁੱਤ ਅਤੇ ਇਸਤ੍ਰੀ ਦਾ ਫੁੱਲ। ਸੋ ਇਸ ਲਈ ਸਾਹਿਤ ਦੀ ਕਲਾਤਮਿਕ ਭਾਸ਼ਾ ਵਿੱਚ ਵੀ ਕਿਹਾ ਜਾ ਸਕਦਾ ਹੈ ਕਿ ਜਿਵੇਂ ਬਹਾਰ ਦੇ ਮੌਸਮ ਵੇਲੇ ਬਨਾਸਪਤੀ ਨੂੰ ਪਹਿਲਾਂ ਫੁੱਲ ਲਗਦੇ ਹਨ ਅਤੇ ਫਿਰ ਫਲ। ਤਿਵੇਂ ਹੀ ‘ਮਹਾਂਵਾਰੀ‘ ਕੁਦਰਤ ਦੇ ਮਾਨਵੀ ਬਗੀਚੇ ਦੀ ਬਹਾਰ ਵੀ ਹੈ ਅਤੇ ਔਰਤ ਰੂਪ ਵੇਲ ਦਾ ਫੁੱਲ ਤੇ ਪਰਾਗ ਵੀ, ਜਿਸ ਉਪਰੰਤ ਗਰਭ ਧਾਰਨ ਦੇ ਰੂਪ ਵਿੱਚ ਉਸ ਨੂੰ ਸੰਤਾਨ ਰੂਪੀ ਫਲ ਲਗਦਾ ਹੈ।

ਅਧੁਨਿਕ ਡਾਕਟਰੀ ਵਿਗਿਆਨ ਵੀ ਇਸ ਸਿੱਟੇ ਤੇ ਪਹੁੰਚਾ ਹੈ ਕਿ ਮਹਾਂਵਾਰੀ ਮਾਨਵੀ ਜਨਨਿ-ਪ੍ਰਕ੍ਰਿਆ ਦਾ ਕੇਵਲ ਇੱਕ ਮੁੱਢਲਾ ਅੰਗ ਹੀ ਨਹੀ, ਜਿਹੜਾ ਕੇਵਲ ਕਿਸੇ ਜਨਨੀ ਨੂੰ ਗਰਭ ਧਾਰਨ ਦੇ ਯੋਗ ਹੀ ਬਣਾਉਂਦਾ ਹੋਵੇ। ਸਗੋਂ, ਇਹ ਤਾਂ ਔਰਤ ਦੀ ਬੱਚੇਦਾਨੀ ਨੂੰ ਸੰਭਾਵੀ ਬੀਮਾਰੀਆਂ ਦੀ ਲਾਗ ਲਗਣ ਤੋਂ ਵੀ ਬਚਾਉਂਦਾ ਹੈ। ਜਿਵੇਂ, ਇੰਡੀਆ ਦੇ ਪ੍ਰਸਿੱਧ ਡਾਕਟਰ ਅਤੇ ਲੇਖਕ ਸ੍ਰ.ਹਰਚੰਦ ਸਿੰਘ ਸਰਹਿੰਦੀ ਦਾ ਕਥਨ ਹੈ ਕਿ ਸੰਤਾਨ ਉਤਪਤੀ ਦੇ ਯੋਗ ਔਰਤ ਅੰਦਰ ਕੁਦਰਤੀ ਨਿਯਮ ਅਨੁਸਾਰ ‘‘ਹਰ ਮਹੀਨੇ ਬੱਚੇਦਾਨੀ ਨੂੰ ਖੂਨ ਦੀ ਸਪਲਾਈ ਵਧ ਜਾਂਦੀ ਹੈ। ਇਸ ਤਰ੍ਹਾਂ ਦੀ ਅਵਸਥਾ ਉਪਜਾਊ ਬਣੇ ਅੰਡੇ ਨੂੰ ਸਾਂਭਣ ਦੇ ਪ੍ਰਬੰਧ ਵਜੋਂ ਇੱਕ ਅਗੇਤ ਕਾਰਵਾਈ ਹੁੰਦੀ ਹੈ। ਪਰ, ਜਦੋਂ ਆਂਡਾ ਉਪਜਾਊ ਨਾ ਬਣ ਸਕੇ ਤਾਂ ਅਜਿਹਾ ਪ੍ਰਬੰਧ ਬੇਲੋੜਾ ਹੋ ਕੇ ਰਹਿ ਜਾਂਦਾ ਹੈ। ਲਹੂ ਦਾ ਭੰਡਾਰ, ਜੋ ਹੁਣ ਮਹੱਤਵਪੂਰਨ ਬਣ ਚੁੱਕਾ ਹੁੰਦਾ ਹੈ, ਬੱਚੇਦਾਨੀ ਦੀ ਦੀਵਾਰ ਦੀ ਉਪਰਲੀ ਨਾਜ਼ੁਕ ਝਿਲੀ ਟੁੱਟਣ ਨਾਲ ਵਗਣ ਲਗਦਾ ਹੈ‘‘। ਨਿਊਯਾਰਕ ਦੀ ਇੱਕ ਪ੍ਰਸਿੱਧ ਲੇਡੀ ਡਾਕਟਰ (ਮਿਸਜ਼) ਸਲੂਜਾ ਕਹਿੰਦੀ ਹੈ ਕਿ ‘‘ਇਸਤ੍ਰੀਆਂ ਦੀ ਓਵਰੀ (ਅੰਡਕੋਸ਼), ਜਿਸ ਵਿੱਚ ਮਦੀਨ ਸੈਕਸ ਹਾਰਮੋਨ ਆਸਟ੍ਰੋਜਨ ਦਾ ਉਤਪਾਦਨ ਹੰਦਾ ਹੈ, ਤੋਂ ਬੱਚੇਦਾਨੀ ਤੱਕ ਅੰਡੇ (ਗਰਭ ਬੀਜ) ਮਹਾਂਵਾਰੀ ਦੀ ਪ੍ਰਕ੍ਰਿਆ ਸਹਾਰੇ ਹੀ ਪਹੁੰਚਦੇ ਹਨ‘‘।

ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਦੇ ਬਰਕਿਲੇਅ ਸਥਿਤ ਵਿਗਿਆਨੀ ਪ੍ਰੋ. (ਮਿਸਜ਼) ਮਾਰਗੀ ਪ੍ਰੋਫੈਟ ਨੇ ਸਤੰਬਰ 1993 ਵਿਖੇ ਅਮਰੀਕਾ ਦੇ ਪ੍ਰਸਿੱਧ ਵਿਗਿਆਨਕ ਰਸਾਲੇ ‘ਰੀਵਿਊ ਆਫ਼ ਬਾਈਆਲੋਜੀ‘ ਵਿੱਚ ਆਪਣੀ ਖੋਜ ਤੇ ਅਧਾਰਿਤ ਵਿਚਾਰ ਪੇਸ਼ ਕੀਤਾ ਹੈ ਕਿ ‘‘ਸ਼ੁਕਰਾਣੂਆਂ ਦੇ ਕੰਧੇੜੇ ਚੜ੍ਹ ਕੇ ਕਈ ਪ੍ਰਕਾਰ ਦੇ ਰੋਗਾਣੂ ਬੱਚੇਦਾਨੀ ਅਤੇ ਔਰਤ ਦੇ ਅੰਦਰੂਨੀ ਜਣਨ ਅੰਗਾਂ ਵਿੱਚ ਦਾਖਲ ਹੋ ਜਾਂਦੇ ਹਨ। ਬਸ, ਇਨ੍ਹਾਂ ਨੁਕਸਾਨਦੇਹ ਰੋਗਾਣੂਆਂ ਤੋਂ ਬੱਚੇਦਾਨੀ ਅਤੇ ਫੈਲੋਪੀਅਨ ਨਲੀਕਾਵਾਂ ਨੂੰ ਸੁਰੱਖਿਅਤ ਰਖਣ ਦੀ ਕਾਰਜ ਵਿਧੀ ਵਜੋਂ ਇਸ ਕਿਰਿਆ ਦਾ ਵਿਕਾਸ ਹੋਇਆ ਹੈ‘‘।

ਸਪਸ਼ਟ ਹੈ ਕਿ ‘ਮਹਾਂਵਾਰੀ‘ ਰੱਬੀ ਨਿਯਮ ਅਧੀਨ ਕੁਦਰਤ ਦੇ ਹੋਰ ਕਾਰਜਾਂ ਵਾਂਗ ਮਾਨਵੀ ਜਨਨਿ-ਪ੍ਰਕ੍ਰਿਆ ਦਾ ਇੱਕ ਮੁੱਢਲਾ ਤੇ ਮਹੱਤਵਪੂਰਨ ਸੁਰਖਿਆਤਮਕ ਅੰਗ ਹੈ। ਅਤੇ ਇਹ ਇਤਨਾ ਰਹਸਮਈ ਹੈ ਕਿ ਇਸ ਦੇ ਕਈ ਪਹਿਲੂ ਅਜੇ ਵੀ ਵਿਗਿਆਨੀਆਂ ਦੀ ਪਕੜ ਤੋਂ ਬਾਹਰ ਹਨ। ਪਰ, ਦੁੱਖ ਦੀ ਗੱਲ ਹੈ ਕਿ ਰੱਬ ਦੇ ਨਾਮ ਤੇ ਪਲਣ ਵਾਲਾ ਪੂਜਾਰੀ ਵਰਗ, ਮਾਂਹਵਾਰੀ ਦੇ ਰਹਸ ਨੂੰ ਸਮਝ ਕੇ ਵਿਸਮਾਦਤ ਹੁੰਦਿਆਂ ਗੁਰੂ ਨਾਨਕ ਸਾਹਿਬ ਜੀ ਵਾਂਗ ‘‘ਵੇਖ ਵਿਡਾਣ ਰਹਿਆ ਵਿਸਮਾਦੁ‘‘ ਵਰਗਾ ਇਲਾਹੀ ਗੀਤ ਗਾ ਕੇ ਰੱਬ ਤੋਂ ਬਲਿਹਾਰ ਹੋਣ ਦੀ ਥਾਂ ਅਜਿਹੀ ਮਹਤਵਪੂਰਨ ਕੁਦਰਤੀ ਕਿਰਿਆ ਨੂੰ ਔਰਤ ਦੀ ਅਪਵਿੱਤ੍ਰਤਾ ਨਾਲ ਸਬੰਧਤ ਕਰ ਰਿਹਾ ਹੈ। ਸੂਝਵਾਨ ਸਜਣਾਂ ਦਾ ਵਿਚਾਰ ਹੈ ਕਿ ਪੂਜਾਰੀ ਵਰਗ ਦੀ ਇਸ ਨੀਤੀ ਪਿੱਛੇ, ਭਾਵੇਂ, ਪੁਰਸ਼ ਪ੍ਰਧਾਨ ਸਮਾਜ ਦੀ ਸਿਰਜਨਾ ਦੀ ਕੁਟਲਤਾ ਹੀ ਜਾਪਦੀ ਹੈ। ਪਰ, ਇਸ ਦੁਆਰਾ ਉਸ ਦੀ ਅਗਿਆਨਤਾ ਤੇ ਉਹ ਸੁਆਰਥ ਵੀ ਪ੍ਰਗਟ ਹੋ ਰਿਹਾ ਹੈ, ਜਿਸ ਦੇ ਅਧੀਨ ਉਸ ਨੇ ਮਾਨਵੀ ਜਨਨਿ-ਪ੍ਰਕ੍ਰਿਆ ਨੂੰ ਅਪਵਿੱਤ੍ਰ ਕਰਾਰ ਦਿੰਦਿਆਂ ਪਹਿਲਾਂ ਔਰਤਾਂ ਪਾਸੋਂ ਇਨ੍ਹਾਂ ਅਵਸਥਾਵਾਂ ਵਿੱਚ ਧਾਰਮਿਕ ਅਸਥਾਨਾਂ ਵਿਖੇ ਜਾਣ, ਧਰਮ ਗ੍ਰੰਥਾਂ ਨੂੰ ਛੋਹਣ ਤੇ ਪੂਜਾ-ਪਾਠ ਦੇ ਹੋਰ ਮਜ਼ਹਬੀ ਨੇਮ ਨਿਭਾਉਣ ਦੇ ਮੁੱਢਲੇ ਮਾਨਵੀ-ਹੱਕ ਖੋਹੇ ਅਤੇ ਫਿਰ ਸੁਆਰਥ ਵੱਸ ਆਪ ਹੀ ਔਰਤ-ਸ਼ੁਧੀ ਦੇ ਨਿਯਮ ਘੜ ਕੇ ਸਮਾਜ ਭਾਈਚਾਰੇ ਨੂੰ ਲੁੱਟਣਾ ਵੀ ਸ਼ੁਰੂ ਕਰ ਦਿੱਤਾ।

ਜਿਵੇਂ, ਬ੍ਰਾਹਮਣੀ ਮੱਤ ਨੇ ਆਮ ਅਵਸਥਾ ਵਿੱਚ ਤਾਂ ਮਹਾਂਵਾਰੀ ਦੀ ਅਪਵਿੱਤ੍ਰਤਾ ਨੂੰ ਦੂਰ ਕਰਨ ਲਈ ਸਿਰ ਨਾਵ੍ਹਣ (ਕੇਸ਼ੀ ਇਸਨਾਨ) ਦਾ ਵਿਧਾਨ ਕਾਇਮ ਕੀਤਾ। ਜਿਸ ਕਰਕੇ ਭਾਰਤੀ ਭਾਈਚਾਰੇ ਵਿੱਚ ਇਸ ਕ੍ਰਿਆ ਨੂੰ ‘ਸਿਰਨ੍ਹਾਵਣੀ‘ ਵੀ ਕਿਹਾ ਜਾਣ ਲਗਾ। ਪਰ, ਖ਼ਾਸ ਹਾਲਤਾਂ ਲਈ ਬਣਾਇਆ ਵਿਧਾਨ ਇਤਨਾ ਭੱਦਾ ਤੇ ਭਿਆਨਕ ਹੈ, ਜਿਸ ਨੂੰ ਪੜ੍ਹ ਸੁਣ ਕੇ ਤਾਂ ਇੱਕ ਵਾਰ ਮਨੁੱਖੀ ਹਿਰਦਾ ਕੰਬ ਜਾਂਦਾ ਹੈ। ਜਿਵੇਂ, ਇਨ੍ਹਾਂ ਦਿਨਾਂ ਵਿੱਚ ਕਿਸੇ ਇਸਤ੍ਰੀ ਦਾ ਪਤੀ ਮਰ ਜਾਵੇ ਤਾਂ ‘ਧਰਮਸਿੰਧੁ‘ ਨਾਮੀ ਗ੍ਰੰਥ ਆਖਦਾ ਹੈ ਕਿ ਜੇ ਕਰ ਮਾਸਿਕ ਧਰਮ (ਮਾਂਹਵਾਰੀ) ਦਾ ਤੀਸਰਾ ਦਿਨ ਹੋਵੇ ਤਾਂ ਉਹ ਇਸਤ੍ਰੀ ਮ੍ਰਿਤਕ ਪਤੀ ਨੂੰ ਇੱਕ ਰਾਤ ਰੱਖੇ। ਦਾਹ ਨਾ ਕਰੇ, ਤਾ ਕਿ ਅਗਲੇ ਦਿਨ ਮਾਸਿਕ ਧਰਮ ਤੋ ਨਿਵ੍ਰਤ ਹੋ ਕੇ ਉਹ ਸਤੀ ਹੋ ਸਕੇ। ਜੇ ਕਰ ਪਹਿਲਾ ਜਾਂ ਦੂਸਰਾ ਦਿਨ ਹੋਵੇ ਤਾਂ ਉਸ ਨੂੰ ਜਲਾ ਦਿੱਤਾ ਜਾਵੇ। ਪਰ, ਜੇ ਇਸਤ੍ਰੀ ਉਸੇ ਦਿਨ ਆਪਣੇ ਪਤੀ ਦੇ ਸ਼ਵ (ਲੋਥ) ਨਾਲ ਸਤੀ ਹੋਣਾ ਚਾਹੇ ਤਾਂ ਉਹ ਇਕ ਦ੍ਰੋਣ (32 ਸੇਰ ਕੱਚੇ ਦਾ ਇੱਕ ਵਿਸ਼ੇਸ਼ ਤੋਲ) ਧਾਨ ਕੁੱਟੇ, ਤਾ ਕਿ ਜ਼ੋਰ ਲਗਣ ਦੁਆਰਾ ਸਾਰਾ ਖ਼ੂਨ ਉਸ ਵੇਲੇ ਹੀ ਨਿਕਲ ਜਾਵੇ। ਫਿਰ, ਉਹ ਪੰਜ ਕਿਸਮ ਦੀਆਂ ਮਿੱਟੀਆਂ ਮਲ ਕੇ ਸਿਰ ਸਮੇਤ ਨ੍ਹਾ ਕੇ ਸ਼ੁਧ ਹੋਵੇ ਅਤੇ ਗਊਆਂ ਦਾਨ ਕਰੇ। ਜੇ ਕਰ ਮਾਸਿਕ ਧਰਮ ਦਾ ਪਹਿਲਾ ਦਿਨ ਹੋਵੇ ਤਾਂ 30, ਦੂਸਰਾ ਦਿਨ ਹੋਵੇ ਤਾਂ 20 ਅਤੇ ਤੀਸਰਾ ਦਿਨ ਹੋਵੇ ਤਾਂ 10 ਗਊਆਂ ਦਾਨ ਦੇਵੇ। ਅਜਿਹਾ ਹੋਣ ਉਪਰੰਤ ਬ੍ਰਾਹਮਣ ਉਸ ਨੂੰ ਸ਼ੁਧ ਘੋਸ਼ਿਤ ਕਰੇਗਾ। ਧਰਮਸਿੰਧੁ : ਤ੍ਰੀਤ ਪਰਿਚਛੇਦ, ਉਤਰਾਰਧ

ਬਾਈਬਲ ਸੁਸਾਇਟੀ ਆਫ਼ ਇੰਡੀਆ ਵਲੋਂ ਬੰਗਲੌਰ ਤੋਂ ਪ੍ਰਕਾਸ਼ਿਤ ਪਵਿਤ੍ਰ ਬਾਈਬਲ ਦੇ ਪੰਜਾਬੀ ਅਨੁਵਾਦ ਵਿਖੇ ਪੰਨਾ 154 ‘ਤੇ ਅੰਕਤ ਹੈ ਕਿ ‘‘ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇਸਰਾਈਲੀ ਲੋਕਾਂ ਨੂੰ ਦੱਸ ਕਿ ਜੇਕਰ ਕੋਈ ਔਰਤ ਗਰਭਵਤੀ ਹੋਵੇ ਅਤੇ ਉਹ ਮੁੰਡੇ ਨੂੰ ਜਨਮ ਦੇਵੇ ਤਾਂ ਉਹ ਮੁੰਡੇ ਦੇ ਜਨਮ ਪਿਛੋਂ ਸੱਤ ਦਿਨ ਤੱਕ ਉਸੇ ਤਰ੍ਹਾਂ ਅਸ਼ੁਧ ਸਮਝੀ ਜਾਵੇ, ਜਿਸ ਤਰ੍ਹਾਂ ਉਹ ਮਾਹਵਾਰੀ ਦੇ ਦਿਨਾਂ ਵਿੱਚ ਸਮਝੀ ਜਾਂਦੀ ਹੈ। ਪਰ, ਜੇਕਰ ਉਸ ਔਰਤ ਨੇ ਲੜਕੀ ਨੂੰ ਜਨਮ ਦਿੱਤਾ ਹੈ ਤਾਂ ਉਸ ਨੂੰ ਪੰਦਰਾਂ ਦਿਨਾਂ ਤਕ ਅਸ਼ੁਧ ਸਮਝਿਆ ਜਾਵੇ। ਫਿਰ ਜਦੋਂ ਉਸ ਔਰਤ ਦੇ ਮੁੰਡੇ ਜਾਂ ਕੁੜੀ ਦੇ ਜਨਮ ਪਿਛੋਂ ਸ਼ੁਧੀ ਦੇ ਦਿਨ ਪੂਰੇ ਹੋ ਜਾਣ ਤਾਂ ਉਹ ਪਾਪ ਬਲੀ ਵਲੋਂ ਇੱਕ ਸਾਲ ਦਾ ਲੇਲਾ ਅਤੇ ਹੋਮ ਬਲੀ ਲਈ ਇੱਕ ਜਵਾਨ ਕਬੂਤਰ ਜਾਂ ਘੁੱਗੀ ਲੈ ਕੇ ਪੁਰਹਿਤ ਕੋਲ ਸੰਗਤ ਦੇ ਤੰਬੂ ਦੇ ਬੂਹੇ ਕੋਲ ਆਵੇ‘‘।

ਯਹੂਦੀ ਪ੍ਰੋਹਤਾਂ ਦੀ ਇਹ ਅਨਿਆਪੂਰਵਕ ਨੀਤੀ, ਹਿੰਦੂ ਪ੍ਰੋਹਤਾਂ ਦੇ ਸੁਆਰਥੀ ਵਿਧਾਨ ਨਾਲ ਬਹੁਤ ਮੇਲ ਖਾਂਦੀ ਹੈ। ਕਿਉਂਕਿ, ਬਾਈਬਲ ਵਾਂਗ ‘ਅਤ੍ਰਿ ਸਿਮ੍ਰਤੀ‘ ਆਖਦੀ ਹੈ ਕਿ ਜੇਕਰ ਕਿਸੇ ਘਰ ਵਿੱਚ ਕੋਈ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਘਰ ਵਿੱਚ ਸੂਤਕ (ਪ੍ਰਸੂਤ ਸਮੇਂ ਪੈਦਾ ਹੋਣ ਵਾਲੀ ਅਸ਼ੁਧੀ) ਪੈਦਾ ਹੋ ਜਾਂਦਾ ਹੈ। ਪਰ, ਵਿਤਕਰੇ ਭਰਪੂਰ ਗੱਲ ਤਾਂ ਇਹ ਹੈ ਕਿ ਜੇ ਉਹ ਬ੍ਰਾਹਮਣ ਦਾ ਘਰ ਹੈ ਤਾਂ ਸੂਤਕ-ਅਸ਼ੂਧੀ 11 ਦਿਨ, ਜੇ ਛਤ੍ਰੀ ਹੋਵੇ ਤਾਂ 13 ਦਿਨ, ਵੈਸ਼ ਹੋਵੇ ਤਾਂ 17 ਦਿਨ ਅਤੇ ਜੇ ਕਰ ਉਹ ਵਿਅਕਤੀ ਵਿਚਾਰਾ ਸ਼ੂਦਰ ਹੋਵੇ ਤਾਂ ਇਹ ਸੂਤਕ-ਅਸ਼ੂਧੀ 30 ਦਿਨ ਬਣੀ ਰਹਿੰਦੀ ਹੈ।

ਪੰਜਾਬੀ ਇਸਲਾਮਿਕ ਪਬਲੀਕੇਸ਼ਨਜ਼ ਮਲੇਰਕੋਟਲਾ ਵਲੋਂ ਪ੍ਰਕਾਸ਼ਿਤ ‘ਕੁਰਾਨ ਮਜੀਦ‘ ਦੇ ਪੰਜਾਬੀ ਅਨੁਵਾਦ ਵਿਖੇ ਪੰਨਾਂ 67 ‘ਤੇ ਲਿਖਿਆ ਹੈ ‘‘ (ਲੋਕ) ਪੁੱਛਦੇ ਹਨ ਕਿ ਮਾਸਿਕ ਧਰਮ ਬਾਰੇ ਕੀ ਹੁਕਮ ਹੈ? ਆਖ ਦਿਉ ਕਿ ਉਹ ਇੱਕ ਗੰਦਗੀ ਦੀ ਹਾਲਤ ਹੈ। ਉਸ ਵਿੱਚ ਇਸਤ੍ਰੀਆਂ ਤੋਂ ਵੱਖ ਰਹੋ ਅਤੇ ਉਨ੍ਹਾਂ ਦੇ ਲਾਗੇ ਨਾ ਜਾਉ ਜਦੋਂ ਤੀਕ ਉਹ ਪਾਕ-ਸਾਫ਼ ਨਾ ਹੋ ਜਾਣ‘‘। ਵੈਸੇ ਤਾਂ ਵੈਦਿਕ ਤੇ ਡਾਕਟਰੀ ਨੁਕਤਾ-ਨਿਗਾਹ ਤੋਂ ਵੀ ਇਸ ਸਮੇਂ ਭਾਵੇਂ ਪੁਰਸ਼ ਅਤੇ ਇਸਤ੍ਰੀ ਨੂੰ ਸ੍ਰੀਰਕ ਸੰਜੋਗ ਕਰਨ ਤੋਂ ਕੁਝ ਸੰਕੋਚ ਕਰਨ ਦੀ ਹੀ ਹਦਾਇਤ ਕੀਤੀ ਜਾਂਦੀ ਹੈ। ਪਰ, ਡਾਕਟਰ ਐਸਾ ਮੰਨਣ ਲਈ ਤਿਆਰ ਨਹੀ ਹਨ ਕਿ ਇਸ ਅਵਸਥਾ ਨੂੰ ਗੰਦਗੀ ਦੀ ਹਾਲਤ ਕਿਹਾ ਜਾਵੇ। ਕਿਉਂਕਿ, ਜਨਨੀ ਦੇ ਜਨਨਿ ਅੰਗ ਤੋਂ ਵਗਣ ਵਾਲਾ ਖ਼ੂਨ ਬਿਲਕੁਲ ਓਸਾ ਹੀ ਹੁੰਦਾ ਹੈ, ਜੈਸਾ ਕਿ ਸਰੀਰ ਦਾ ਕੋਈ ਹੋਰ ਅੰਗ ਕੱਟੇ ਜਾਣ ‘ਤੇ ਵਗਦਾ ਹੈ। ਐਸਾ ਜਾਪਦਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਜੀ ਨੇ ਤਾਂ ਭਾਵੇਂ ਅਨਪੜ ਜਨਤਾ ਨੂੰ ਆਪਣੇ ਢੰਗ ਨਾਲ ਕੇਵਲ ਸਰੀਰਕ ਸੰਜੋਗ ਤੋਂ ਹੀ ਰੋਕਿਆ ਹੋਵੇ। ਪਰ, ਉਨ੍ਹਾਂ ਦੀ ਸ਼ਬਦਾਵਲੀ ਦਾ ਲਾਭ ਉਠਾਦਿਆਂ ਮੁਲਾਣਿਆਂ ਨੇ ਔਰਤ ਪਾਸੋਂ ਨਮਾਜ਼ ਤੇ ਰੋਜ਼ੇ ਦਾ ਹੱਕ ਵੀ ਖੋਹ ਲਿਆ। ਜਿਵੇਂ, ਅਯਮਨ ਪਬਲੀਕੇਸ਼ਨ ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ਇਸਲਾਮੀ ਸ਼ਰ੍ਹਾ ਦੀ ਕਿਤਾਬ ‘ਹਿਦਾਤੁਲ ਮੁਸਲੇਮੀਨ‘ ਵਿਖੇ ਪੰਨਾ 35 ‘ਤੇ ਸਪਸ਼ਟ ਲਿਖਿਆ ਹੈ ਕਿ ਔਰਤ ‘‘ ਹੈਜ (ਮਾਂਹਵਾਰੀ) ਔਰ ਨਿਫ਼ਾਸ ਮੇਂ ਨਮਾਜ਼ ਨਾ ਪਢੇ ਔਰ ਰੋਜ਼ਾ ਨਾ ਰੱਖੇ‘‘।

ਕੁਝ ਇਹੀ ਕਾਰਨ ਸਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇਸਤ੍ਰੀ ਸ਼੍ਰੇਣੀ ਨੂੰ ਭੰਡਣ ਵਾਲਿਆਂ ਦਾ ਮੂੰਹ ਭੰਨਣ ਲਈ ਮਾਨਵੀ ਜਨਨਿ-ਪ੍ਰਕ੍ਰਿਆ ਨੂੰ ਹੀ ਅਧਾਰ ਬਣਾਇਆ ਤੇ ਆਖਿਆ ਕਿ ਜੇ ਤੁਸੀਂ ਬੱਚੇ ਦੇ ਨਿੰਮਣ ਅਤੇ ਜੰਮਣ ਦੀਆਂ ਕੁਦਰਤੀ ਪ੍ਰਕ੍ਰਿਆਵਾਂ, ਜਿਨ੍ਹਾਂ ਵਿਚ ਨਰ ਤੇ ਮਦੀਨ ਦਾ ਸਰੀਰਕ ਸੰਜੋਗ ਅਤੇ ਮਹਾਂਵਾਰੀ ਵੀ ਸ਼ਾਮਲ ਹੈ, ਨੂੰ ਅਪਵਿੱਤ੍ਰ ਮੰਨ ਕੇ ਜਨਨੀ ਨੂੰ ਮੰਦਾ ਆਖਦੇ ਹੋ ਤਾਂ ਤੁਸੀਂ ਆਪ ਕਿਵੇ ਚੰਗੇ ਅਖਵਾ ਸਕਦੇ ਹੋ? ਜੇ ਤੁਹਾਡੀ ਜਨਮ ਦਾਤੀ ਅਪਵਿੱਤ੍ਰ ਹੈ ਤਾਂ ਤੁਸੀਂ ਕਿਵੇਂ ਪਵਿਤ੍ਰ ਹੋ ਸਕਦੇ ਹੋ ? ਰਾਜਿਆਂ ਨੂੰ ਤੁਸੀਂ ਨਿਹਕਲੰਕ (ਨਿਰਦੋਸ਼ ਤੇ ਪਾਪ-ਰਹਤ) ਮੰਨਦੇ ਹੋ। ਤੇ ਜੇ ਰਾਜੇ ਨਿਹਕਲੰਕ ਹਨ ਤਾਂ ਫਿਰ ਉਨ੍ਹਾਂ ਨੂੰ ਜੰਮਣ ਵਾਲੀ ਮਾਂ ਨੂੰ ਮੰਦਾ ਕਿਵੇਂ ਕਿਹਾ ਜਾ ਸਕਦਾ ਹੈ? ਜਿਹੜੀ ਜਨਮ ਦਾਤੀ ਹੋਣ ਕਰਕੇ ਸਾਰੇ ਸਮਾਜਿਕ ਰਿਸ਼ਤਿਆਂ ਤੇ ਪਤਨੀ ਦੇ ਰੂਪ ਵਿੱਚ ਪੁਰਸ਼ ਦੇ ਆਚਰਣਕ ਬੰਧੇਜ ਦਾ ਕਾਰਣ ਬਣਦੀ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸਤਿਗੁਰੂ ਜੀ ਨੇ ਅਜਿਹੇ ਬਚਨ ਕਰਦਿਆਂ ਬ੍ਰਾਹਮਣੀ ਖ਼ਿਆਲ ਦੇ ਉਲਟ ਇਸਤ੍ਰੀ ਨੂੰ ਸੰਤਾਨ ਉਤਪੰਨ ਕਰਨ ਵਾਲਾ ਸਰੀਰ ਰੂਪ ਸ਼ੁਭ ਪਾਤ੍ਰ ਅ੍ਰਥਾਤ ਪਵਿੱਤ੍ਰ ਭਾਂਡਾ ਮੰਨ ਕੇ ‘ਭੰਡੁ‘ ਸ਼ਬਦ ਦੀ ਵਰਤੋਂ ਕੀਤੀ ਹੈ। ਕਿਉਂਕਿ, ਸੰਸਕ੍ਰਿਤ ਵਿੱਚ ਭਾਂਡੇ ਨੂੰ ‘ਭਾਂਡ‘ ਆਖਿਆ ਜਾਂਦਾ ਹੈ।ਜਿਵੇਂ, ਸ਼ਲੋਕ ਹੈ:

ਮਃ1।। ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ।। ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ।। ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ।। ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। ਗੁ.ਗ੍ਰੰ.ਪੰਨਾ 473

ਅਰਥ :-ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ । ਇਸਤ੍ਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ । ਇਸਤ੍ਰੀ ਦੀ ਰਾਹੀਂ (ਹੋਰ ਲੋਕਾਂ ਨਾਲ) ਸੰਬੰਧ ਬਣਦਾ ਹੈ । ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ । ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ) ਰਿਸ਼ਤੇਦਾਰੀ ਬਣਦੀ ਹੈ । ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ।

‘ਹੋਮਿਓਪੈਥਿਕ ਮੈਟੀਰੀਆ ਮੈਡਿਕਾ ਅਤੇ ਰਿਪਟਰੀ‘ ਦੇ ਲੇਖਕ ਡਾ. ਲਸ਼ਕਰ ਸਿੰਘ ਨਿਊਯਾਰਕ ਵਾਲਿਆਂ ਦਾ ਕਹਿਣਾ ਹੈ ਕਿ ਜਿਵੇਂ ਬ੍ਰਾਹਮਣਾਂ ਦੇ ਸਤਾਏ ਹੋਏ ਭਗਤ ਕਬੀਰ ਜੀ ਨੇ ਕਿਸੇ ਹੰਕਾਰੀ ਬ੍ਰਾਹਮਣ ਨੂੰ ਆਖਿਆ ਸੀ ਕਿ ‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ।। ਤਉ ਆਨ ਬਾਟ ਕਾਹੇ ਨਹੀ ਆਇਆ‘ ।। ਤਿਵੇਂ ਹੀ ਅੱਜ ਮੈਂ ਦੁਖੀ ਹਿਰਦੇ ਨਾਲ ਆਖਦਾ ਹਾਂ, ‘‘ਮਹਾਂਵਾਰੀ ਕਾਰਨ ਮਾਂ ਨੂੰ ਮਲੀਨ ਤੇ ਮੰਦਾ ਕਹਿਣ ਵਾਲਿਓ! ਹੁਣ ਫਿਰ ਆਪਣੇ ਜੰਮਣ ਦਾ ਕੋਈ ਹੋਰ ਰਸਤਾ ਲੱਭੋ‘‘। ਨਿਊਯਾਰਕ ਦੀ ਇੱਕ ਪ੍ਰਸਿੱਧ ਸਮਾਜ ਸੇਵਕ ਤੇ ‘ਵਿਸ਼ਵ ਸ਼ਾਂਤੀ ਦੂਤ‘ ਦੇ ਅਵਾਰਡ ਨਾਲ ਸਨਮਾਨਤ ਬੀਬੀ ਰਾਜਹਰਬੰਸ ਸਿੰਘ ਦਾ ਕਹਿਣਾ ਹੈ ਕਿ ਗੁਰਸਿੱਖੀ ਦੀ ਇਹੀ ਵਿਸ਼ੇਸ਼ਤਾ ਹੈ ਕਿ ਇਹ ਰੰਗ, ਨਸਲ, ਜ਼ਾਤ-ਪਾਤ ਤੇ ਲਿੰਗ ਭੇਦ ਦੇ ਵਿਤਕਿਰਆਂ ਤੋਂ ਰਹਿਤ ਹੈ। ਗੁਰਸਿੱਖ ਸਫ਼ਾਈ ਪਸੰਦ ਤੇ ਆਪਣੇ ਸਤਿਗੁਰੂ ਦੇ ਅਦਬ ਪਿਆਰ ਵਿੱਚ ਜੀਊਣ ਵਾਲੀ ਕੌਮ ਹੈ। ਐਸਾ ਕਦੇ ਨਹੀ ਹੋ ਸਕਦਾ ਕਿ ਕੋਈ ਗੁਰਸਿੱਖ, ਭਾਵੇਂ ਉਹ ਪੁਰਸ਼ ਹੈ ਜਾਂ ਇਸਤ੍ਰੀ, ਜੇਕਰ ਉਹ ਸਰ੍ਰੀਰਕ ਤੌਰ ਤੇ ਕਿਸੇ ਪੱਖੋਂ ਸਾਫ਼ ਨਾ ਹੋਵੇ ਤਾਂ ਉਹ ਕੀਰਤਨ ਕਰੇ, ਸੁਣੇ ਜਾਂ ਸਤਿਗੁਰੂ ਜੀ ਦੇ ਦਰਬਾਰ ਜਾਏ। ਪਰ, ਵਿਸ਼ੇਸ਼ ਤੌਰ ਤੇ ਮਾਂਹਵਾਰੀ ਦਾ ਬਹਾਨਾ ਬਣਾ ਕੇ ਕੇਵਲ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਕਰਨ ਤੇ ਹੋਰ ਪਾਲਕੀ ਆਦਿਕ ਦੀ ਸੇਵਾ ਤੋਂ ਰੋਕਣਾ, ਸਮੁੱਚੀ ਔਰਤ ਸ਼੍ਰੇਣੀ ਅਤੇ ਗੁਰਸਿੱਖੀ ਦੀ ਤੌਹੀਨ ਹੈ। ਕੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਹੋਰ ਹੈ‘‘?

ਸੋ, ਕੰਪਿਊਟਰ-ਯੁੱਗ ਵਿੱਚ ਵਿਸ਼ਵ ਦੇ 90% ਲੋਕ ਸੁਸਿਖਿਅਤ (Educated) ਹੋਣ ਕਰਕੇ, ਭਾਵੇਂ, ਮਜ਼ਹਬੀ ਗ੍ਰੰਥਾਂ ਵਿਚਲੀਆਂ ਉਪਰੋਕਤ ਕਿਸਮ ਦੀਆਂ ਕਟੜਵਾਦੀ ਤੇ ਮਲੀਨ ਮਜ਼ਹਬੀ ਪਾਬੰਦੀਆਂ, ਜੋ ਮਾਨਵਤਾ ਦੇ ਸਰਬ-ਪੱਖੀ ਵਿਕਾਸ ਦੇ ਰਾਹ ਵਿੱਚ ਰੋੜਾ ਬਣ ਰਹੀਆਂ ਹਨ, ਦੀ ਪਰਵਾਹ ਨਹੀ ਕਰ ਰਹੇ। ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਨਵ-ਜਨਮੇ ਧਰਮ ਐਸੀਆਂ ਗੱਲਾਂ ਤੋਂ ਬਿਲਕੁਲ ਰਹਿਤ ਹੋ ਰਹੇ ਹਨ। ਪਰ, ਅਜੇ ਵੀ ਪੁਰਾਤਨ ਮਜ਼ਹਬਾਂ ਵਿੱਚ 10% ਲੋਕ ਐਸੇ ਹਨ, ਜਿਹੜੇ ਅਗਿਆਨਤਾ, ਅੰਧਵਿਸ਼ਵਾਸ਼ ਅਤੇ ਮਜ਼ਹਬੀ ਕਟੜਤਾ ਦੇ ਅਧੀਨ ਉਪਰੋਕਤ ਕਿਸਮ ਦੀਆਂ ਵਿਚਾਰਾਂ ਦੇ ਹਾਮੀ ਬਣੇ ਬੈਠੇ ਹਨ। ਕਿਉਂਕਿ, ਉਨ੍ਹਾਂ ਦੇ ਮਜ਼੍ਹਬੀ ਗ੍ਰੰਥਾਂ ਵਿੱਚ ਐਸੇ ਅੰਸ਼ ਮਜੂਦ ਹਨ।

ਪ੍ਰੰਤੂ, ਇਹ ਬੜਾ ਹਾਸੋਹੀਣਾ ਤੇ ਅਤਿ ਦੁਖਦਾਈ ਪੱਖ ਹੈ ਕਿ ਅੱਜ ਤੋਂ ਪੰਜ ਸਦੀਆਂ ਪਹਿਲਾਂ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ‘ ਦਾ ਹੋਕਾ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਸੇਵਕ ਸਿੱਖ, ਜਿਹੜੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਨਾਨਕ ਜੋਤਿ-ਸਰੂਪ ਜਾਣਦੇ ਹੋਏ ਆਪਣਾ ਇਸ਼ਟ ਗੁਰਦੇਵ ਮੰਨ ਕੇ ਸੀਸ ਝਕਾਉਂਦੇ ਹਨ ਅਤੇ ਜਿਸ ਵਿਖੇ ‘ਜੋ ਤੁਧੁ ਭਾਵੈ ਸਾਈ ਭਲੀ ਕਾਰ‘ ਦੇ ਸਿਧਾਂਤ ਅਧੀਨ ਰੱਬੀ-ਰਜ਼ਾ ਵਿੱਚ ਜੀਊਂਦਿਆਂ ਸਚਿਆਰ ਹੋਣ ਦਾ ਸਾਇੰਟੇਫ਼ਿਕ ਉਪਦੇਸ਼ ਹੋਣ ਕਰਕੇ ਮਹਾਂਵਾਰੀ ਵਰਗੇ ਕਿਸੇ ਵੀ ਕੁਦਰਤੀ ਨਿਯਮ ਦੀ ਨਾ ਵਿਰੋਧਤਾ ਹੈ ਤੇ ਨਾ ਹੀ ਕਿਸੇ ਨੂੰ ਅਪਵਿਤ੍ਰ ਆਖਿਆ ਗਿਆ ਹੈ, ਉਨ੍ਹਾਂ ਵਿਚੋਂ ਵੀ ਕੁਝ ਲੋਕ ਐਸੇ ਮਿਲ ਰਹੇ ਹਨ, ਜਿਹੜੇ ਅੱਜ ਦੇ ਸਪੇਸ ਯੁੱਗ ਵਿੱਚ ਵੀ ਹਜ਼ਾਰਾਂ ਵਰ੍ਹੇ ਪਹਿਲਾਂ ਦੀਆਂ ਬਿਪਰਵਾਦੀ ਤੇ ਤਾਲਬਾਨੀ ਪਿਛਾਂਹ-ਖਿਚੂ ਵਿਚਾਰਾਂ ਦੀ ਪ੍ਰੋੜਤਾ ਕਰ ਰਹੇ ਹਨ।

ਜਿਵੇਂ, ਕੁਝ ਸਮਾਂ ਪਹਿਲਾਂ ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਧਰਮ ਪ੍ਰਚਾਰ ਕਮੇਟੀ ਤੇ ਸਿੱਖ ਵਿਦਵਾਨਾਂ ਦੇ ਨਵ-ਗਠਿਤ ਧਰਮ ਪ੍ਰਚਾਰ ਬੋਰਡ ਦੀ ਸਲਾਹ ਅਤੇ ਸ੍ਰਬੱਤ ਗੁਰਦੁਆਰਿਆਂ ਦੇ ਵਰਤਾਰੇ ਮੁਤਾਬਿਕ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵੀ ਗੁਰਸਿੱਖ ਬੀਬੀਆਂ ਨੂੰ ਕੀਰਤਨ ਕਰਨ ਅਤੇ ਪਾਲਕੀ ਆਦਿਕ ਦੀਆਂ ਅੰਤਰੀਵ ਸੇਵਾਵਾਂ ਵਿੱਚ ਮੁੜ ਸ਼ਾਮਲ ਕਰਨ ਦਾ ਗੁਰਮਤੀ ਫੈਸਲਾ ਕੀਤਾ ਹੈ, ਜਿਨ੍ਹਾਂ ਤੋਂ ਉਹ ਬਿਪਰਵਾਦੀ ਮਹੰਤਕਾਲ ਤੋਂ ਵਾਂਝੀਆਂ ਚਲ ਰਹੀਆਂ ਸਨ, ਤਦੋਂ ਤੋਂ ਸੰਪਰਦਾਇਕ ਸੰਕੀਰਣ ਸੋਚ ਰਖਣ ਵਾਲੇ ਕੁੱਝ ਸਿੱਖ-ਨੁਮਾ-ਡੇਰੇਦਾਰਾਂ ਵਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬਦਕਿਸਮਤੀ ਨਾਲ ਇਸ ਵਿੱਚ ਸਭ ਤੋਂ ਵਧੇਰੇ ਰੌਲਾ ਅੰਮ੍ਰਿਤ ਛਕਾਣ ਵੇਲੇ ਪੰਜ ਪਿਆਰਿਆਂ ਵਿੱਚ ਬੀਬੀਆਂ ਦੀ ਸ਼ਮੂਲੀਅਤ ਨੂੰ ਲੈ ਕੇ ਪਾਇਆ ਜਾ ਰਿਹਾ ਹੈ, ਜਿਸ ਦੀ ਪੰਥ ਪ੍ਰਵਾਨਿਤ ‘ਸਿੱਖ ਰਹਿਤ ਮਰਯਾਦਾ‘ ਵਿੱਚ ਪਹਿਲਾਂ ਹੀ ਆਗਿਆ ਦਿੱਤੀ ਹੋਈ ਹੈ।

ਇਸ ਦਾ ਕਾਰਨ ਮੈਨੂੰ ਇਹ ਜਾਪਦਾ ਹੈ ਕਿ ਐਸੇ ਲੋਕਾਂ ਨੂੰ ਅਜੇ ਵੀ ਕਿਸੇ-ਨ-ਕਿਸੇ ਪਾਸਿਓਂ ਕੋਈ ਬਿਪਰਵਾਦੀ ਪ੍ਰੇਰਨਾ ਮਿਲ ਰਹੀ ਹੈ। ਕਿਉਂਕਿ, ਇੱਕ ਤਾਂ ‘ਜਿਸ ਕਾ ਰਾਜੁ ਤਿਸੈ ਕਾ ਸੁਪਨਾ‘ (ਪੰ.179) ਗੁਰਵਾਕ ਮੁਤਾਬਿਕ ਲੋਕ ਬਿਪਰਵਾਦੀ ਭਾਰਤੀ ਰਾਜ-ਸੱਤਾ ਦਾ ਪ੍ਰਭਾਵ ਕਬੂਲ ਰਹੇ ਹਨ ਅਤੇ ਇਸ ਰਾਜਸੀ ਦਬਦਬੇ ਦਾ ਲਾਭ ਉਠਾ ਕੇ ਸਰਕਾਰੀ ਸ੍ਰਪ੍ਰਸਤੀ ਦੁਆਰਾ ਚਲਣ ਵਾਲੀਆਂ ਅਨਮਤੀ ਜਥੇਬੰਦੀਆਂ ਵੀ ਨਿਰਮਲ ਤੇ ਨਿਆਰੇ ਗੁਰਮਤਿ ਸਿਧਾਂਤਾਂ ਨੂੰ ਮਿਲਗੋਭਾ ਬਨਾਉਣ ਲਈ ਯਤਨਸ਼ੀਲ ਰਹਿੰਦੀਆਂ ਹਨ। ਉਨ੍ਹਾਂ ਦਾ ਇੱਕੋ ਮਨੋਰਥ ਹੈ ਕਿ ਕਿਸੇ ਤਰ੍ਹਾਂ ਸਿੱਖੀ ਦੇ ਨਿਰਮਲ ਤੇ ਨਿਆਰੇਪਣ ਨੂੰ ਮਿਟਾ ਕੇ ਆਪਣੇ ਵਿੱਚ ਜਜ਼ਬ ਕਰ ਲਿਆ ਜਾਏ। ਦੂਜੇ, ਸਿੱਖੀ ਦੀਆਂ ਸੰਪਰਦਾਇਕ ਟਕਸਾਲਾਂ ਦੇ ਮੁਖੀ ਵੀ ਵਧੇਰੇ ਕਰਕੇ ਬਿਪਰਵਾਦੀ ਨਿਰਮਲਿਆਂ ਤੇ ਉਦਾਸੀਆਂ ਦੇ ਵਿਦਿਆਰਥੀ ਹੀ ਬਣਦੇ ਰਹੇ ਹਨ। ਜਿਸ ਕਰਕੇ ਉਨ੍ਹਾਂ ਦੇ ਸਿਖਿਆਰਥੀ ਵੀ ਹੁਣ ਤੱਕ ਗੁਰਬਾਣੀ ਨੂੰ ਗੁਰਮਤਿ ਦ੍ਰਿਸ਼ਟੀਕੋਨ ਤੋਂ ਵਿਚਾਰਨ ਦੀ ਥਾਂ ਬਿਪਰਵਾਦੀ ਨਜ਼ਰੀਏ ਤੋਂ ਹੀ ਵਿਚਾਰੀ ਤੇ ਪ੍ਰਚਾਰੀ ਜਾ ਰਹੇ ਹਨ। ਪਰ, ਸੰਪਰਦਾਈ ਹੱਠ ਵਿੱਚ ਇਸ ਕੌੜੇ ਸੱਚ ਨੂੰ ਮੰਨਣ ਲਈ ਅਜੇ ਵੀ ਉਹ ਤਿਆਰ ਨਹੀ ਹਨ।

ਸ਼ਾਇਦ ਕੁਝ ਇਹੀ ਕਾਰਨ ਹਨ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਕੁਝ ਗ੍ਰੰਥੀ ਸਾਹਿਬਾਨ ਅਤੇ ਤਖ਼ਤਾਂ ਦੇ ਜਥੇਦਾਰ ਵੀ ਸ਼੍ਰੋਮਣੀ ਕਮੇਟੀ ਦੇ ਬੀਬੀਆਂ ਪ੍ਰਤੀ ਲਏ ਗਏ ਗੁਰਮਤੀ ਫੈਸਲੇ ਨੂੰ ਪ੍ਰਵਾਨ ਕਰਨ ਤੋਂ ਝਿਜਕਦੇ ਹੋਏ ਕਮੇਟੀਆਂ ਦੀ ਆੜ ਹੇਠ ਟਾਲ-ਮਟੋਲਾ ਕਰੀ ਜਾ ਰਹੇ ਹਨ। ਪਰ, ਇਸ ਸਦੰਰਭ ਵਿਖੇ ਉਨ੍ਹਾਂ ਵਲੋਂ ਸਿੱਖ ਰਹਿਤ ਮਰਯਾਦਾ ਦਾ ਉਲੰਘਣ ਕਰਦਿਆਂ ਅੰਮ੍ਰਿਤ ਸੰਚਾਰ ਸਮੇਂ ਪੰਜ ਪਿਆਰਿਆਂ ਵਿੱਚ ਬੀਬੀਆਂ ਦੀ ਸ਼ਮੂਲੀਅਤ ਰੋਕਣ ਦਾ ਆਦੇਸ਼ ਜਾਰੀ ਕਰਨਾ ਸਭ ਤੋਂ ਹਾਨੀਕਾਰਕ ਘਟਨਾ ਹੈ। ਕਿਉਂਕਿ, ਉਨ੍ਹਾਂ ਦਾ ਇਹ ਫੈਸਲਾ ਸੰਸਾਰ ਦੇ ਮਤ-ਮਤਾਂਤਰਾਂ ਵਿਚ ਸਿੱਖੀ ਦੀ ਵਿਸ਼ੇਸ਼ਤਾ ਤੇ ਨਿਆਰੇਪਨ ਨੂੰ ਮਿਟਾਉਣ ਵਾਲਾ ਹੈ ਅਤੇ ਅਜਿਹਾ ਕਰਨ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀ ਹੈ।

ਪਰ, ਕੁਝ ਵੀ ਹੋਵੇ ਸਾਨੂੰ ਪੂਰਨ ਆਸ ਹੈ ਕਿ ਖ਼ਾਲਸਾ ਪੰਥ ਜਾਗੇ ਗਾ ਅਤੇ ਆਪਣੇ ਜਥੇਬੰਦਕ ਕੇਂਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਮਤਿ ਸਿਧਾਂਤਾਂ ਦੇ ਵਿਪਰੀਤ ਕੋਈ ਫ਼ੈਸਲਾ ਨਹੀ ਹੋਣ ਦੇਵੇਗਾ। ਕਿਉਂਕਿ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਰੱਬੀ ਰਜ਼ਾ ਵਿੱਚ ਹੋਣ ਵਾਲੀਆਂ ਸਰੀਰ ਦੀਆਂ ਕੁਦਰਤੀ ਕ੍ਰਿਆਵਾਂ ਕਾਰਨ ਕੋਈ ਵਿਅਕਤੀ (ਪੁਰਸ਼ ਜਾਂ ਇਸਤ੍ਰੀ) ਮਲੀਨ ਨਹੀ ਮੰਨਿਆ ਜਾਂਦਾ। ਸਗੋਂ ਮਲੀਨ ਤਾਂ ਉਹ ਹੈ, ਜਿਹੜਾ ਰੱਬ ਨੂੰ ਵਿਸਾਰ ਕੇ ਜਿਊਂਦਾ ਹੈ ਅਤੇ ਅਗਿਆਨਤਾ ਵਸ ਆਪਣੇ ਆਪ ਨੂੰ ਕੋਈ ਵੱਡੀ ਹਸਤੀ ਸਮਝ ਕੇ ਸਭ ਕੁਝ ਕਰਨ ਦੇ ਸਮਰਥ ਪ੍ਰਭੂ ਨੂੰ ਕੁਝ ਨਹੀ ਸਮਝਦਾ। ਗੁਰਵਾਕ ਹੈ:

ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ।। ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ ।। ਗੁ.ਗ੍ਰੰ. ਪੰਨਾ: 813Ò

ਜਗਤਾਰ ਸਿੰਘ ਜਾਚਕ

ਸਾਬਕਾ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਅਤੇ ਆਨਰੇਰੀ ਇੰਟਰਨੇਸ਼ਨਲ ਸਿੱਖ ਮਿਸ਼ਨਰੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top