Share on Facebook

Main News Page

ਸ੍ਰੀ ਗੁਰੂ ਸਿੰਘ ਸਭਾ ਯੂ.ਕੇ. ਵਲੋਂ ਪ੍ਰੋ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਦੀ ਪੁਸਤਕ "ਵਿਰਲੇ ਕਿਨੈ ਵਿਚਾਰਿਆ" ਰੀਲੀਜ਼ ਕੀਤੀ ਗਈ

ਬਾਰਕਿੰਗ ਅਤੇ ਡੈਗਨਹੈਮ ਲੰਡਨ ਬਾਰਾਹ ਦੇ ਮੇਅਰ ਸਰਦਾਰ ਨਿਰਮਲ ਸਿੰਘ ਗਿਲ ਹੁਰਾਂ ਵਲੋਂ ਉਚੇਚੇ ਤੌਰ ਤੇ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦਾ ਸਨਮਾਨ ਕਰਦਿਆਂ, ਉਹਨਾਂ ਦੀ ਪੁਸਤਕ ਆਪਣੇ ਚੈਂਬਰ ਵਿੱਚ ਵਿਸ਼ੇਸ਼ ਹਸਤੀਆਂ ਦੀ ਹਾਜ਼ਰੀ ਵਿੱਚ ਰਿਲੀਜ ਕੀਤੀ ਗਈ। ਮੇਅਰ ਦੇ ਪਾਲਰ ਵਿੱਚ ਤਿੰਨ ਘੰਟੇ ਦੇ ਚਲੇ ਇਸ ਸਮਾਗਮ ਵਿੱਚ ਸਰਦਾਰ ਅਵਤਾਰ ਸਿੰਘ ਜੀ ਕੌਂਸਲਰ, ਵੀਰ ਸੇਵਾ ਸਿੰਘ ਜੀ ਸ੍ਰ. ਸੁਖਦੇਵ ਸਿੰਘ ਮਾਰਵਾ ਕੌਂਸਲਰ, ਸ੍ਰ. ਹਰਦਿਆਲ ਸਿੰਘ ਰਾਏ ਕੌਂਸਲਰ ਤੇ ਸਿੱਖ ਕੌਮ ਦੇ ਊਘੇ ਚਿੰਤਕ-ਲੇਖਕ ਸ੍ਰ, ਗੁਰਿੰਦਰ ਸਿੰਘ ਸਾਚਾ ਹੁਰਾਂ ਆਪਣੇ ਵਿਚਾਰ ਪੇਸ਼ ਕੀਤੇ। ਸਾਚਾ ਜੀ ਦੀ ਟਿੱਪਣੀ ਬਹੁਤ ਮਹੱਤਵ ਪੂਰਨ ਸੀ ਕਿ ਗੁਰਦੁਆਰਿਆਂ ਵਿੱਚ ਗੈਰਕੁਦਰਤੀ ਪਰਚਾਰ ਹੀ ਨਹੀਂ ਹੋ ਰਿਹਾ ਬਲ ਕੇ ਸਿੱਖ ਸਿਧਾਂਤ ਨੂੰ ਸਾਰਾ ਉਲਟਾਅ ਕੇ ਪੇਸ਼ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਗੁਰਬਾਣੀ ਦੇ ਅੱਖਰੀਂ ਤੇ ਭਾਵ ਅਰਥ ਪਹਿਲੀ ਵਾਰ ਸੁਣੇ ਹਨ। ਮੈਂ ਆਪਣੇ ਨਿਜੀ ਰੁਝੇਵੇਂ ਕਰਕੇ ਜਾਣਾ ਚਾਹੁੰਦਾ ਸੀ, ਪਰ ਸ਼ਬਦ ਦੀ ਵਿਚਾਰ ਸੁਣ ਕੇ ਮੈਂ ਆਪਣਾ ਮਨ ਬਦਲ ਲਿਆ ਹੈ ਕਿ ਸਾਰਾ ਸਮਾਗਮ ਸੁਣ ਕੇ ਹੀ ਜਾਵਾਂਗਾ। ਸਿੱਖ ਕੌਮ ਨੂੰ ਦਰਪੇਸ਼ ਚਨੌਤੀਆਂ ਦੀ ਵਿਚਾਰ ਕਰਦਿਆਂ ਸ੍ਰ. ਸੇਵਾ ਸਿੰਘ ਤੇ ਅਵਤਾਰ ਸਿੰਘ ਹੁਰਾਂ ਕਿਹਾ ਕਿ ਗੁਰੁ ਗ੍ਰੰਥ ਜੀ ਦੇ ਬਰਾਬਰ ਅਸ਼ਲੀਲ ਰਚਨਾਵਾਂ ਦਾ ਪ੍ਰਕਾਸ਼ ਹੋਣਾ ਗੁਰੁ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਘਟਾਉਣਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਏੱਥੋਂ ਤੀਕ ਨਿਘਰ ਗਏ ਹਾਂ ਕਿ ਗੁਰਬਿਲਾਸ ਵਰਗੀਆਂ ਪੁਸਤਕਾਂ ਨੂੰ ਦੁਬਾਰਾ ਛਾਪ ਕੇ ਸਿੱਖ ਸਿਧਾਂਤ ਦੀ ਆਪ ਜੜ੍ਹੀ ਤੇਲ ਦੇ ਰਹੇ ਹਾਂ। ਗਿਆਨੀ ਜਗਜੀਤ ਸਿੰਘ ਮਾਰਕੰਡਾ ਤੇ ਗਿਆਨੀ ਗੁਰਪ੍ਰੀਤ ਸਿੰਘ ਸਿੱਖ ਮਿਸ਼ਨਰੀ ਹੁਰਾਂ ਆਪਣੇ ਖਿਆਲ ਪੇਸ਼ ਕਰਦਿਆਂ ਕਿਹਾ ਕਿ ਜਿੱਥੇ ਅਸੀਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਚੋਂ ਵਿਦਿਆ ਪ੍ਰਾਪਤ ਕੀਤੀ ਹੈ ਓੱਥੇ ਸਾਨੂੰ ਅੱਜ ਮਾਣ ਹੈ ਕਿ ਅਸੀਂ ਆਪਣੇ ਆਧਿਆਪਕ ਗੁਰਬਚਨ ਸਿੰਘ ਜੀ ਥਾਈਲੈਂਡ ਹੁਰਾਂ ਵਲੋਂ ਦਿੱਤੀ ਸੇਧ ਦੁਆਰਾ ਪ੍ਰਦੇਸ਼ਾਂ ਵਿੱਚ ਗੁਰਸ਼ਬਦ ਦੀ ਵਿਚਾਰ ਕਰਨ ਦਾ ਸਾਨੂੰ ਮੌਕਾ ਬਣਿਆ ਹੈ।

ਲੱਗ-ਭਗ ਦੋ ਘੰਟੇ ਗੁਰਮਤ ਦੀਆਂ ਵਿਚਾਰਾਂ ਪ੍ਰੋ. ਗੁਰਬਚਨ ਸਿੰਘ ਜੀ ਹੁਰਾਂ ਨੇ ਰੱਖੀਆਂ। ਸਰੋਤਾ ਜਨਾਂ ਵਲੋਂ ਪੁਛੇ ਗਏ ਸਵਾਲਾਂ ਦੇ ਜੁਆਬ ਦਿੱਤੇ ਗਏ। ਸਿੰਘ ਸਭਾ ਕਨੇਡਾ, ਸਿੱਖ ਮਾਰਗ, ਖਾਲਸਾ ਨਿਊਜ਼, ਜਾਗੋ ਖਾਲਸਾ, ਤੱਤ ਗੁਰਮਤ, ਗੁਰੁ ਪੰਥ ਤੇ ਸਿੱਖ ਅਫਿਅਰ ਸਾਈਟਾਂ ਦੀ ਜਾਣਕਾਰੀ ਦਿੱਤੀ। ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੀ ਪੂਰੀ ਜਾਣਕਾਰੀ ਦੇਂਦਿਆ ਉਹਨਾਂ ਨੇ ਕਿਹਾ ਪੰਜਾਬ ਵਿੱਚ ਅੱਜ ਸਿਰਫ ਕੇਵਲ ਏਹੀ ਸੰਸਥਾ ਹੈ ਜੋ ਸਿੰਘ ਸਭਾ ਕਨੇਡਾ ਦੇ ਸਹਿਯੋਗ ਨਾਲ ਪੰਜਾਬ ਦੇ ਪਿੰਡਾਂ ਨੂੰ ਸੰਭਾਲਣ ਦਾ ਯਤਨ ਕਰ ਰਹੇ ਹਨ। ਡੇਰਾਵਾਦ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਪ੍ਰੋ. ਗੁਰਮੁਖ ਸਿੰਘ ਜੀ, ਗਿਆਨੀ ਦਿੱਤ ਸਿੰਘ, ਭਾਈ ਮਈਆ ਸਿੰਘ ਤੇ ਮੈਕਾਲਫ ਵਰਗਿਆਂ ਨੂੰ ਹਰ ਪਰਕਾਰ ਦੀ ਸਮੱਸਿਆ ਨਾਲ ਜੂਝਣਾ ਪਿਆ ਪਰ ਉਹਨਾਂ ਨੂੰ ਕੋਈ ਪੰਥ ਰਤਨ ਦਾ ਖਿਤਾਬ ਨਹੀਂ ਮਿਲਿਆ ਪਰ ਦੇਖੋ ਜੋ ਲਾਈਟਾਂ ਬੰਦ ਕਰਾ ਕੇ ਨਾਮ ਜਪਾਉਂਦੇ ਰਹੇ ਉਹਨਾਂ ਡੇਰਾਵਾਦੀਆਂ ਨੂੰ ਮਰਨ ਉਪਰੰਤ ਪੰਥ ਰਤਨ ਦੇ ਖਿਤਾਬ ਮਿਲਦੇ ਹਨ।

ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦਾ ਉਹਨਾਂ ਨੂੰ ਸੱਦਾ ਦਿੱਤਾ। ਵੀਰ ਜਗਰੂਪ ਸਿੰਘ ਜੀ ਨੇ ਸੀਡੀਜ਼ ਤੇ ਗੁਰਮਤ ਦੀਆਂ ਪੁਸਤਕਾਂ ਦਾ ਸਟਾਲ ਲਗਾਇਆ ਤੇ ਉਹਨਾਂ ਨੇ ਕਿਹਾ ਜਦੋਂ ਵੀ ਕਿਸੇ ਨੂੰ ਸੀਡੀਜ਼ ਦੀ ਲੋੜ ਹੋਵੇ ਸਾਨੂੰ ਦੱਸੋ ਅਸੀਂ ਗੁਰਮਤ ਦੇ ਪਰਚਾਰ ਲਈ ਤਤਪਰ ਹਾਂ। ਸਰਦਾਰ ਨਿਰਮਲ ਸਿੰਘ ਮੇਅਰ ਹੁਰਾਂ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।

ਅਰਵਿੰਦਰ ਸਿੰਘ, ਤੇਜਿੰਦਰ ਸਿੰਘ ਯੂ. ਕੇ.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top