Share on Facebook

Main News Page

ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਵਿੱਚ ‘ਗੁਰਦੁਆਰਾ’ ਸ਼ਬਦ ਹੀ ਨਹੀਂ ਮਿਲਦਾ: ਗਿਆਨੀ ਜਾਚਕ

ਸਿਡਨੀ 16 ਮਾਰਚ (ਕਿਰਪਾਲ ਸਿੰਘ) – ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ‘ਗੁਰੂ ਮਾਨੀਓ ਗ੍ਰੰਥ’ ਦੇ ਆਖਰੀ ਹੁਕਮ ਅਤੇ ਪੰਥਕ ਵਿਧਾਨ ਸਿੱਖ ਰਹਿਤ ਮਰਯਾਦਾ ਦਾ ਉਲੰਘਣ ਕਰਦਿਆਂ, ਜਿਹੜੀ ਪੁਸਤਕ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦਾ ਤਖ਼ਤ ਸ੍ਰੀ ਪਟਨਾ ਤੇ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰ ਦਿੱਤਾ ਗਿਆ ਹੈ, ਉਸ ਵਿੱਚ ਗੁਰਦੁਆਰੇ ਤੋਂ ਸੋਝੀ ਪ੍ਰਾਪਤ ਕਰਨ ਦੀ ਪ੍ਰੇਰਨਾ ਤਾਂ ਕੀ, ‘ਗੁਰਦੁਆਰਾ’ ਸ਼ਬਦ ਹੀ ਨਹੀਂ ਲਭਦਾ । ਕਿਉਂਕਿ, ਉਸ ਦੇ ਤਾਂਤਰਿਕ-ਮੱਤੀ ਰਾਮ ਤੇ ਸ਼ਿਆਮ ਆਦਿਕ ਕਾਵਿਕ ਲਿਖਾਰੀਆਂ ਦਾ ਮਕਸਦ ਲੋਕਾਂ ਨੂੰ ਗੁਰੂ ਪ੍ਰਮੇਸ਼ਰ ਨਾਲ ਜੋੜ ਕੇ ਸੁਧਾਰਨਾ ਨਹੀਂ, ਸਗੋਂ ਸਮਾਜ, ਸਿੱਖ ਭਾਈਚਾਰੇ ਨੂੰ ਨਸ਼ਿਆਂ ਤੇ ਵਿਭਚਾਰ ਵਿੱਚ ਲਗਾ ਕੇ ਸ਼ਰੀਰਕ, ਮਾਨਸਿਕ ਤੇ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਹੈ । ਇਸ ਲਈ ਕਿਸੇ ਅਜਿਹੀ ਪੁਸਤਕ ਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਨਾਮ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ? ਇਹ ਸ਼ਬਦ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਸਿਡਨੀ ਦੇ ਮੁਖ ਗੁਰਦੁਆਰੇ ਗਲੈਨਵੁਡ ਵਿੱਚ “ਗੁਰੂ ਦੁਆਰੈ ਹੋਇ ਕੈ” ਗੁਰਸ਼ਬਦ ਦੀ ਵਿਆਖਿਆ ਕਰਦਿਆਂ ਕਹੇ।

ਉਨ੍ਹਾਂ ਗੁਰਦੁਆਰਾ ਸ਼ਬਦ ਦੀ ਪ੍ਰੀਭਾਸ਼ਾ ਕਰਦਿਆਂ ਸਿੱਖ ਰਹਿਤ ਮਰਯਾਦਾ ’ਤੇ ਅਧਾਰਿਤ, ਇਹ ਵੀ ਦੱਸਿਆ ਕਿ ਗੁਰਸਿੱਖਾਂ ਨੇ ਗੁਰਦੁਆਰੇ ਵਿਖੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਣਾ ਹੈ, ਨਿਸ਼ਾਨ ਸਾਹਿਬ ਤੇ ਇਮਾਰਤ ਦੀਆਂ ਪਉੜੀਆਂ ਤੇ ਥੜਿਆਂ ਆਦਿਕ ਉਪਰ ਨਹੀਂ। ਉਨ੍ਹਾਂ ਭਰੇ ਗਲੇ ਨਾਲ ਕਿਹਾ ਕਿ ਸਿੱਖੀ ਦਾ ਚਲਦਾ ਫਿਰਦਾ ਨਿਸ਼ਾਨ ਤਾਂ ਕੇਸ਼ ਹਨ, ਉਸ ਨੂੰ ਸੰਭਾਲਿਆ ਨਹੀਂ ਜਾ ਰਿਹਾ । ਦੀਵਾਨ ਦੀ ਸਮਾਪਤੀ ਉਪਰੰਤ ਦਸਮ ਗ੍ਰੰਥ ਅਤੇ ਹੋਰ ਪੰਥਕ ਮਸਲਿਆਂ ਬਾਰੇ ਸਵਾਲ ਜਵਾਬ ਵੀ ਹੋਏ, ਜਿਨ੍ਹਾਂ ਦੇ ਜਾਚਕ ਜੀ ਵਲੋਂ ਤਸੱਲੀ ਬਖਸ਼ ਉੱਤਰ ਦਿੱਤੇ ਗਏ। ਉਨ੍ਹਾਂ ਅਪੀਲ ਕੀਤੀ, ਕਿ ਪੰਜਾਬ ਅਤੇ ਸਿੱਖੀ ਨੂੰ ਬਚਾਉਣ ਲਈ ਵਿਦੇਸ਼ੀ ਵੀਰ ਅੱਗੇ ਆਉਣ ਅਤੇ ਆਪਣੇ ਇਲਾਕਿਆਂ ਨੂੰ ਸੰਭਾਲਣ ਦੀ ਜ਼ਿਮੇਂਵਾਰੀ ਚੁੱਕਣ। ਕਿਉਂੁਕਿ, ਪੰਜਾਬ ਸਰਕਾਰ ਤੇ ਗੁਰਦੁਆਰਿਆਂ ’ਤੇ ਕਾਬਜ਼ ਸਿੱਖ ਆਗੂਆਂ ਤੋਂ ਅਜਿਹੀ ਆਸ ਪੂਰੀ ਹੁੰਦੀ ਨਹੀਂ ਦਿਸਦੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top