Share on Facebook

Main News Page

ਅੱਜ ਦਾ ਨੌਜਵਾਨ ਮਜਾਜੀ ਇਸ਼ਕ ਦੀ ਭੇਂਟ ਚੱੜ੍ਹਿਆ: ਪ੍ਰੋ. ਸਰਬਜੀਤ ਸਿੰਘ ਧੂੰਦਾ

ਔਕਲੈਂਡ (ਗੁਰਿੰਦਰ ਸਿੰਘ ਸ਼ਾਦੀਪੁਰ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਿਆਈ ਦਿਵਸ ਦੇ ਸਬੰਧ ਵਿੱਚ ਦਿਵਾਨ ਸਜਾਏ ਗਏ, ਜਿਸ ਵਿੱਚ ਸਭ ਤੋਂ ਪਹਿਲਾਂ ਭਾਈ ਗੁਰਵਿੰਦਰ ਸਿੰਘ ਦਦੇਹਰ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਦਾ ਸੁਣਾਕੇ ਨਿਹਾਲ ਕੀਤਾ। ਉਸ ਤੋਂ ਬਾਅਦ ਪੰਜਾਬ ਤੋਂ ਪਹੁੰਚੇ ਪੰਥ ਪ੍ਰਸਿਧ ਵਿਦਵਾਨ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਤੋਂ ਜਾਣੂੰ ਕਰਵਾਇਆ।

ਉਨਾਂ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਤੇ ਚਾਨਣਾਂ ਪਾਉਦਿਆਂ ਹੋਇਆਂ ਕਿਹਾ, ਕਿ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ 1630 ਈ: ਨੂੰ ਕੀਰਤਪੁਰ ਵਿਖੇ ਹੋਇਆ ਅਤੇ 1644 ਈ: ਨੂੰ ਉਹਨਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਿਆਈ ਬਖਸ਼ ਦਿੱਤੀ। ਪ੍ਰੋ: ਧੂੰਦਾ ਨੇ ਕਿਹਾ ਕਿ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਤੋਂ ਸਾਡੇ ਨੌਜਵਾਨਾਂ ਨੂੰ ਸਿਖਿਆ ਲੈਣੀ ਚਾਹੀਦੀ ਹੈ, ਕਿ ਕੇਵਲ ਉਹਨਾਂ ਦੀ ਉਮਰ 14 ਸਾਲ ਦੀ ਹੈ, ਜਦੋਂ ਉਹ ਕੌਮ ਦੀ ਅਗਵਾਈ ਕਰਦਿਆਂ ਹੋਇਆਂ ਗੁਰਿਆਈ ਦੀ ਬਖਸ਼ਸ਼ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਵਾਸਤੇ, ਕੌਮ ਦੀ ਜੁੰਮੇਵਾਰੀ ਆਪਣਿਆਂ ਮੋਢਿਆਂ ਤੇ ਚੁੱਕਣਾਂ ਤਾਂ ਦੂਰ ਦੀ ਗੱਲ ਰਹੀ, ਆਪਣੀਆਂ ਪਰਵਾਰਿਕ ਜੁੰਮੇਵਾਰੀਆਂ ਤੋਂ ਵੀ ਦੂਰ ਭੱਜ ਰਹੇ ਹਨ ਅਤੇ ਕਈ ਪ੍ਰਕਾਰ ਦੇ ਨਸ਼ਿਆਂ ਦੇ ਆਦੀ ਹੋ, ਮਜਾਜੀ ਇਸ਼ਕ ਦੀ ਭੇਂਟ ਚੜਦੇ ਜਾ ਰਹੇ ਹਨ, ਸਮਾਜ ਦਾ ਬੋਝ੍ਹ ਹੱਲਕਾ ਕਰਨ ਦੀ ਜਗ੍ਹਾ, ਆਪਣੇਂ ਮਾਤਾ ਪਿਤਾ ਤੇ ਬੋਝ ਬਣਦੇ ਜਾ ਰਹੇ ਹਨ। ਉਨ੍ਹਾਂ ਕਿਹਾ ਜਿਹੜਾ ਮਨੁੱਖ ਸਮਾਜ ਦੀ ਗੰਦਗੀ ਸਾਫ ਨਹੀਂ ਕਰ ਸਕਦਾ, ਉਸ ਨੂੰ ਸਮਾਜ ਵਿੱਚ ਹੋਰ ਗੰਦਗੀ ਖਿਲਾਰਣ ਦਾ ਕੋਈ ਹੱਕ ਨਹੀਂ। ਉਨ੍ਹਾਂ ਦੱਸਿਆ ਕਿ ਗੁਰੂ ਜੀ ਨੇ ਕਿਵੇਂ ਸਮਾਜ ਭਲਾਈ ਦੇ ਕੰਮ ਕਰਕੇ, ਮਨੁੱਖਤਾ ਨੂੰ ਜਿੰਦਗੀ ਜਿਊਣ ਦਾ ਢੰਗ ਦੱਸਿਆ, ਜੋ ਅੱਜ ਸਾਡੇ ਕੋਲੋਂ ਕੀਮਤੀ ਸਰਮਾਇਆ ਅਲੋਪ ਹੁੰਦਾ ਜਾ ਰਿਹਾ ਹੈ, ਉਸ ਨੂੰ ਸੰਭਾਲਣ ਦੀ ਲੋੜ ਹੈ।

ਉਨ੍ਹਾਂ ਵਿਦੇਸ਼ਾਂ ਵਿੱਚ ਵੱਸਦੇ ਪਰਿਵਾਰਾਂ ਅਤੇ ਪੰਜਾਬ ਤੋਂ ਗਏ ਹੋਏ ਨੌਜਵਾਨਾਂ ਨੂੰ ਹਲੂਣਾਂ ਦੇਦਿਆਂ ਕਿਹਾ, ਕਿ ਆਪਣਿਆਂ ਪਰਿਵਾਰਾਂ ਨੂੰ ਪਾਲਣ ਲਈ ਪੈਸਾ ਜਰੂਰ ਕਮਾਉ, ਪਰ ਗੁਰੂ ਜੀ ਦੇ ਉਪਦੇਸਾਂ ਨੂੰ ਨਾ ਵਿਸਾਰ ਦਿਉ। ਇਸ ਲਈ ਹਰੇਕ ਪਰਵਾਰ ਦੇ ਨੌਜਵਾਨ ਦਾ ਫਰਜ਼ ਬਣਦਾ ਹੈ, ਕਿ ਆਪਣੇ ਗੁਰੂ ਦੇ ਉਪਦੇਸ ਨੂੰ ਸਮਝਣ ਲਈ ਥੋੜਾ ਸਮਾਂ ਕੱਢਕੇ, ਗੁਰਬਾਣੀ ਇਤਿਹਾਸ ਦੀ ਸਟੱਡੀ ਕਰਨੀ ਚਾਹੀਦੀ ਹੈ, ਤਾਂ ਕਿ ਗੁਰੂ ਜੀ ਦੇ ਸੱਚੇ ਅਤੇ ਸਾਦੇ ਅਸੂਲਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ, ਸਮਾਜ ਨੂੰ ਸੁੰਦਰ ਬਨਾਉਣ ਵਿੱਚ ਆਪਣਾਂ ਯੋਗਦਾਨ ਪਾ ਸਕੀਏ। ੳਨ੍ਹਾਂ ਨੇ ਅਖੀਰ ਵਿੱਚ ਵਿਦੇਸ ਵਸਦੇ ਪਰਿਵਾਰਾਂ ਨੂੰ ਕਿਹਾ, ਕਿ ਸਾਨੂੰ ਆਪਣੀ ਹੱਢ ਭੰਨਵੀ ਮਿਹਨਤ ਵਿਹਲੜ ਬਾਬਿਆਂ ਨੂੰ ਦੇਣ ਦੀ ਬਜਾਏ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਤੇ ਖਰਚ ਕਰਨੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top