Share on Facebook

Main News Page

ਭੰਗ ਤੇ ਸ਼ਰਾਬ ਪੀਣ ਵਾਲੇ ਮਹਾਕਾਲ ਕਾਲਕਾ ਦੇ ਉਪਾਸ਼ਕ, ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ ਅਖਵਾ ਸਕਦੇ : ਸ. ਸੁਰਿੰਦਰ ਸਿੰਘ ਫਰੀਦਾਬਾਦ

(14 ਮਾਰਚ 2011, ਬਸੰਤ ਕੌਰ : ਫਰੀਦਾਬਾਦ)
ਇਹ ਸ਼ਬਦ ਅੱਜ ਇਥੇ ਕਾਲਾ ਦਿਵਸ ਮੌਕੇ ਗੱਲ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਕੀਤੇ। ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਰਹਿਤ ਮਰਿਆਦਾ ਦਾ ਭੋਗ ਪਾਉਂਦੀ ਹੈ, ਕਿਉਂਕਿ ਇਸ ਵਿਚ ਨਸ਼ੇ ਕਰ ਕੇ ਪਰ ਇਸਤਰੀ ਪਰ ਪੁਰਸ਼ ਦੇ ਸੰਗ ਕਰਣ ਦੀ ਗੱਲ ਨੂੰ ਮਾਨਤਾ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ, ਨਿਹੰਗ ਸਿੱਖ ਜੱਥੇਬੰਦੀਆਂ ਇਕੱਤਰ ਹੋ ਕੇ ਜਿਥੇ ਖਾਲਸਾਈ ਖੇਡਾਂ ਵਿਚ ਸ਼ਾਮਲ ਹੁੰਦੀਆਂ ਹਨ, ਉਥੇ ਇਹ ਵੀ ਵੇਖਣ ਵਿਚ ਆਇਆ ਹੈ, ਕਿ ਇਸ ਦਿਨ ਹੌਲੀ ਦੇ ਕੱਚੇ ਰੰਗ ਇਕ ਦੂਜੇ ਉਤੇ ਸੁੱਟ ਕੇ ਭੰਗ ਵੀ ਵਰਤਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇੰਨ੍ਹਾਂ ਭੰਗ ਪੀਣ ਵਾਲਿਆਂ ਨੂੰ ਦਸਿਆ ਜਾਂਦਾ ਹੈ, ਕਿ ਨਸ਼ਿਆਂ ਦੀ ਸਿੱਖੀ ਵਿਚ ਮਨਾਹੀ ਹੈ, ਤਾਂ ਇਹ ਇਸ ਭੰਗ ਨੂੰ ਸ਼ਹੀਦੀ ਦੇਗ ਤੇ ਸੁਖ ਨਿਧਾਨ ਦਾ ਨਾਂ ਦੇ ਕੇ ਅਪਣਾ ਬਚਾਅ ਕਰਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਕਰਨ ਵਾਲੇ ਇਹ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ ਸਗੋਂ ਮਹਾਕਾਲ ਕਾਲਕਾ ਦੇ ਚੇਲੇ ਹਨ ਜਿਸ ਦੇ ਸਿੱਖ ਬਣਨ ਲਈ ਮਦਿਰਾ ਤੇ ਭੰਗ ਪੀਣੀ ਪੈਂਦੀ ਹੈ ਅਤੇ ਅਜਿਹੀ ਸਿੱਖਿਆ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿਚ ਥਾਂ ਥਾਂ ਦਰਜ਼ ਹੈ ਜਿਸ ਵਿਚ ਪੋਸਤ, ਅਫੀਮ, ਸ਼ਰਾਬ, ਭੰਗ ਆਦਿਕ ਨਸ਼ਿਆਂ ਨੂੰ ਪੀ ਕੇ ਪਰ ਇਸਤਰੀ ਜਾਂ ਪਰ ਪੁਰਸ਼ ਨਾਲ ਖੇਹ ਖਾਉਣ ਦੀ ਸਿੱਖਿਆਵਾਂ ਵੀ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਖਾਲਸੇ ਦੀ ਜਨਮ ਭੂਮੀ ਅਖਵਾਈ ਜਾਂਦੀ ਇਸ ਨਗਰੀ ਤਖ਼ਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਵਿਚ ਹੋ ਰਹੀ ਇਸ ਗੁਰਮਤਿ ਵਿਰੋਧੀ ਕਾਰਵਾਈ ਨੂੰ ਠੱਲ੍ਹ ਪਾਉਣ ਦੀ ਲੋੜ ਹੈ ਅਤੇ ਅਜਿਹੇ ਗੁਰਮਤਿ ਵਿਰੋਧੀ ਕਾਰਵਾਈ ਦੀ ਰੱਜ ਕੇ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਗੁਰਮਤਿ ਪ੍ਰਚਾਰ ਜੱਥਾ ਦੇ ਆਗੂ ਸ. ਬਲਦੇਵ ਸਿੰਘ ਦਿੱਲੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖੀ ਦਾ ਖੁਰਾ ਖੋਜ ਮਿਟਾਉਣ ਦੀਆਂ ਦੁਸ਼ਮਣਾਂ ਦੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋਈਆਂ ਪਰ ਅੱਜ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਸਾਬਤ ਕਰਣ ਲਈ ਅੜੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਨੇ ਸਿੱਖਾਂ ਨੂੰ ਗੁਮਰਾਹ ਕਰਣ ਲਈ ਬ੍ਰਾਹਮਣੀ ਗ੍ਰੰਥ ਉਤੇ ਦਸਮ ਗ੍ਰੰਥ ਲਿਖ ਕੇ ਸਿੱਖਾਂ ਵਿਚ ਹੀ ਵੰਡੀਆਂ ਪਾਉਣ ਦਾ ਵੱਡਾ ਕੰਮ ਸਿਰੇ ਚਾੜ ਲਿਆ ਹੈ ਤਾਹੀਓਂ ਤਾਂ ਅੱਜ ਸਿੱਖ ਮਿਲ ਬੈਠ ਕੇ ਅਖੌਤੀ ਦਸਮ ਗ੍ਰੰਥ ਦੇ ਮਸਲੇ ਨੂੰ ਸੁਲਝਾਉਣ ਦੀ ਥਾਂ, ਇੱਕ ਦੂਜੇ ’ਤੇ ਡਾਂਗਾਂ ਚੁੱਕ ਲੈਂਦੇ ਹਨ।

ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦਾ ਪੱਖ ਉਹ ਲੋਕ ਪੂਰ ਰਹੇ ਹਨ, ਜਿੰਨ੍ਹਾਂ ਨੇ ਅੱਜ ਤਕ ਅਖੌਤੀ ਦਸਮ ਗ੍ਰੰਥ ਵਿਚਲੀਆਂ ਰਚਨਾਵਾਂ ਨੂੰ ਪੜ੍ਹਿਆ ਤਕ ਨਹੀਂ, ਪਰ ਕਿਉਂਕਿ ਉਸ ਉਤੇ ਦਸਮ ਗ੍ਰੰਥ ਲਿਖਿਆ ਹੈ, ਇਸ ਲਈ ਇਹ ਉਨ੍ਹਾਂ ਨੂੰ ਪਿਆਰਾ ਹੈ, ਭਾਵੇਂ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਰੱਜ ਕੇ ਮਾਖੌਲ ਉਡਾਇਆ ਗਿਆ ਹੈ। ਅਖੌਤੀ ਦਸਮ ਗ੍ਰੰਥ ਦੀ ਸੱਚਾਈ ਤੋਂ ਜਾਣੂ ਕਰਾਉਣ ਲਈ ਕਾਲਾ ਦਿਵਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਵੱਲੋਂ ਸੰਗਤਾਂ ਵਿਚ ਹਰ ਮਹੀਨੇ ਛਪਦਾ ਅਖੌਤੀ ਦਸਮ ਗ੍ਰੰਥ ਦਾ ਪਾਜ ਉਘੇੜਨ ਵਾਲਾ ਇਸ਼ਤਿਹਾਰ ਵੀ ਵੰਡਿਆ ਜਿਸ ਦਾ ਸਿਰਲੇਖ - ਭੰਗ ਤੇ ਸ਼ਰਾਬ ਪੀਣ ਵਾਲੇ ਮਹਾਂਕਾਲ ਕਾਲਕਾ ਦੇ ਚੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਕਿਸ ਤਰ੍ਹਾਂ ਹੋ ਸਕਦੇ ਹਨ । ਇਸ ਮੌਕੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ ਅਤੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top