Share on Facebook

Main News Page

ਪੰਥਕ ਖਬਰ ਤਰਾਸ਼ੀ

1. ਪੰਜਾਬ ਵਿਚ ਪ੍ਰੈਸ ਆਜਾਦ ਹੈ: ਬਾਦਲ

ਟਿੱਪਣੀ:- ਜਾਣਦੇ ਬੁਝਦੇ ਬੇਸ਼ਰਮੀ ਵਿਚ ਆਸਾਨੀ ਨਾਲ ਕੋਰਾ ਝੂਠ ਬੋਲ ਦੇਣਾ, ਰਾਜਨੀਤਕਾਂ ਦੀ ਇਕ ਆਦਤ ਮੰਨਿਆ ਜਾਂਦਾ ਹੈ। ਪੰਜਾਬ ਵਿਚ ਉਹੀ ਪ੍ਰੈਸ ਆਜ਼ਾਦ ਹੈ, ਜੋ ਪੁਜਾਰੀਵਾਦ ਤੇ ਸਰਕਾਰ ਦੇ ਖਿਲਾਫ ਨਹੀਂ ਬੋਲਦੀ। ਵਰਨਾ ਇੱਥੇ ਤਾਂ ਪੁਜਾਰੀਆਂ ਦੇ ਕਹੇ ਵਿਚ ਆ ਕੇ ਪ੍ਰੈਸ ਦੀ ਆਜ਼ਾਦੀ ਖੋਹ ਲਈ ਜਾਂਦੀ ਹੈ। ਤਰਕਸ਼ੀਲ ਸਹਿਤ ਤੇ ਪਾਬੰਦੀ ਦੀਆਂ ਗੱਲਾਂ, ਰੋਜ਼ਾਨਾ ਸਪੋਕਸਮੈਨ ਵਿਰੁਧ ਪਾਬੰਦੀਆਂ, ਕੇਬਲ ’ਤੇ ‘ਚੜਦੀ ਕਲਾ ਟਾਈਮ ਟੀ. ਵੀ. ਚੈਨਲ’ ਨਾ ਆਉਣ ਦੀਆਂ ਖਬਰਾਂ ਬਾਦਲ ਜੀ ਦੇ ਇਸ ਦਾਅਵੇ ਦੀ ਫੂਕ ਕੱਢ ਦੇਂਦੀਆਂ ਹਨ।

2. ਅਕਾਲ ਤਖਤ ਦਾ ਲੈਟਰਪੈਡ ਵਰਤ ਕੇ ਨਾਗਪੁਰ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਦਾ ਕੀਰਤਨ ਸਮਾਗਮ ਰੁਕਵਾਉਣ ਦਾ ਜਤਨ: ਇਕ ਖਬਰ

ਟਿੱਪਣੀ:- ਪੁਜਾਰੀਆਂ ਨੇ ਅਕਾਲ ਤਖਤ ਨੂੰ ਖਿਡੌਣਾ ਬਣਾ ਕੇ ਰੱਖ ਦਿਤਾ ਹੈ, ਜਿਸ ਦੀ ਦੁਰਵਰਤੋਂ ਪੰਥ ਵਿਰੋਧੀ ਤਾਕਤਾਂ ਕਰਦੀਆਂ ਹੀ ਰਹਿੰਦੀਆਂ ਹਨ। ਅਖੌਤੀ ਜਥੇਦਾਰ ਅਪਣੇ ਬਹੁਤ ਨੇੜਲੇ ਰਿਸ਼ਤੇਦਾਰਾਂ (ਪੁੱਤ, ਜਵਾਈ ਆਦਿ) ਨੂੰ ਹੀ ਅਪਣਾ ਪੀ. ਏ. ਬਣਾ ਲੈਂਦੇ ਹਨ, ਜਿਨ੍ਹਾਂ ਵਲੋਂ ਬਾਅਦ ਵਿਚ ਲੈਟਰਪੈਡ ਦੀ ਦੁਰਵਰਤੋਂ ਖਬਰਾਂ ਦਾ ਹਿੱਸਾ ਬਣ ਜਾਂਦੀ ਹੈ। ‘ਦਸਮ ਗ੍ਰੰਥੀ’ ਧਿਰਾਂ ਵੀ ਤੱਤ ਗੁਰਮਤਿ ਨੂੰ ਸਮਰਪਿਤ ਧਿਰਾਂ ਦੇ ਸਮਾਗਮਾਂ ਨੂੰ ਰੁਕਵਾਉਣ ਲਈ ਐਸੇ ਕੋਝੇ ਹਥਕੰਡੇ ਵਰਤਦੀਆਂ ਹੀ ਰਹਿੰਦੀਆਂ ਹਨ। ਨਾਗਪੁਰ ਵਿਚ ਵੀ ਦਸਮ ਗ੍ਰੰਥੀ ਧਿਰਾਂ ਨੇ ਐਸਾ ਹੀ ਕੀਤਾ। ਪਰ ਨਾਗਪੂਰ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਦਾ ਕੀਰਤਨ ਸਮਾਗਮ, ਬਿਨਾਂ ਕਿਸੇ ਵਿਰੋਧ ਦੇ, ਸ਼ਾਨਦਾਰ ਢੰਗ ਨਾਲ ਸਿਰੇ ਚੜ੍ਹ ਜਾਣਾ ਦਰਸਾਉਂਦਾ ਹੈ ਕਿ ਦਸਮ ਗ੍ਰੰਥੀ ਧਿਰਾਂ ਦਾ ਜਨਤਕ ਤੌਰ ’ਤੇ ਆਧਾਰ ਘੱਟ ਰਿਹਾ ਹੈ, ਜਿਸ ਕਾਰਨ ਉਹ ਬੌਖਲਾ ਗਈਆਂ ਹਨ।

3. ‘ਉਚਾ ਦਰ ਬਾਬੇ ਨਾਨਕ ਦਾ’ ਲਈ ਹਰ ਸੱਚਾ ਸਿੱਖ ਘੱਟੋ-ਘੱਟ 2 ਬੋਰੀ ਸੀਮੰਟ ਅਤੇ 500 ਇੱਟਾਂ ਜ਼ਰੂਰ ਦਾਨ ਕਰੇ: ਸੰਪਾਦਕ ਸਪੋਕਸਮੈਨ

ਟਿੱਪਣੀ:- ਸਪੋਕਸਮੈਨ ਟ੍ਰਸਟ ਦੀ ਸਰਪ੍ਰਸਤੀ ਹੇਠ ਬਣ ਰਿਹਾ ਇਹ ਪ੍ਰਾਜੈਕਟ ਜਲਦੀ ਹੀ ਪੂਰਾ ਹੋਵੇ, ਬਹੁਤ ਚੰਗੀ ਗੱਲ ਹੈ। ਇਸ ਲਈ ‘ਦਾਨ’ ਮੰਗਨਾ ਵੀ ਕੋਈ ਗਲਤ ਨਹੀਂ ਹੈ। (ਬੇ)ਕਾਰਸੇਵਾ ਵਾਲੇ ਅਖੌਤੀ ਬਾਬੇ ਕਾਰਸੇਵਾ ਦੇ ਨਾਂ ’ਤੇ ਦਾਨ ਮੰਗ ਕੇ ਧਨ ਬਰਬਾਦ ਕਰਦੇ ਰਹੇ ਹਨ, ਉਸ ਨਾਲੋਂ ਤਾਂ ਇਹ ਪ੍ਰਾਜੈਕਟ ਕਾਫੀ ਚੰਗਾ ਹੈ। ਪਰ ਜੋਗਿੰਦਰ ਸਿੰਘ ਜੀ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਅਤੇ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਅਪਣਾ ਪੁਰਾਣਾ ਤੇ ਗਲਤ ਰਾਗ ਫੇਰ ਨਹੀਂ ਅਲਾਪਣਾ ਚਾਹੀਦਾ ਕਿ ਮੈਂ ਤਾਂ ਕਦੇ ਕਿਸੇ ਤੋਂ ਦਾਨ ਨਹੀਂ ਮੰਗਿਆ। ਐਸੇ ਗਲਤ ਦਾਅਵਿਆਂ ਕਾਰਨ ਪਿਛਲੇ ਸਮੇਂ ਵਿਚ ਉਨ੍ਹਾਂ ਦੀ ਵਿਸ਼ਵਸਨੀਅਤਾ ਨੂੰ ਸੱਟ ਪੁੱਜਦੀ ਰਹੀ ਹੈ।

4. ਨਵੰਬਰ 84 ਵਿਚ ਹੋਂਦ ਚਿੱਲਰ ਪਿੰਡ ਵਿਚ ਹੋਏ, ਸਿੱਖ ਕਤਲੇਆਮ ਦੀ ਜਾਂਚ ਕਰਵਾਈ ਜਾਵੇ: ਅਕਾਲੀ ਦਲ ਬਾਦਲ

ਟਿੱਪਣੀ:- ਭੇਖੀ ਅਕਾਲੀਓ! ਲਗਦਾ ਹੈ ਸੁਆਰਥਪੁਣੇ ਅਤੇ ਮੌਕਾ ਪ੍ਰਸਤੀ ਦੇ ਸਾਰੇ ਰਿਕਾਰਡ ਤੁਸੀਂ ਤੋੜਨਾ ਚਾਹੁੰਦੇ ਹੋ। ਹੁਣ ਚੋਣਾਂ ਸਾਹਮਣੇ ਆਈਆਂ ਤਾਂ ਤੁਹਾਨੂੰ ਪੰਥ (ਸਿੱਖ ਕਤਲੇਆਮ) ਛੇਤੇ ਆ ਗਿਆ। ਪਰ ਹੁਣ ਤੁਹਾਡੀਆਂ ‘ਲੂੰਬੜ ਚਾਲਾਂ’ ਨੂੰ ਲੋਕੀਂ ਸਮਝ ਚੁੱਕੇ ਹਨ। 84 ਤੋਂ ਬਾਅਦ ਪੰਜਾਬ ਵਿਚ ਕੀਤੀ ਗਈ ਸਿੱਖ ਨਸਲਕੂਸ਼ੀ ਦੀਆਂ ਕੌਸ਼ਿਸ਼ਾਂ ਬਾਰੇ ਸੱਚ ਸਾਹਮਣੇ ਲਿਆਉਣ ਲਈ ਜਦੋਂ ਕੁਝ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਆਪਣੇ ਤੌਰ ਤੇ ‘ਸੱਚ ਕਮਿਸ਼ਨ’ ਬਣਾਇਆ ਤਾਂ ਉਸ ਨੂੰ ਰੋਕਣ ਦਾ ਕਰਮ ਅਕਾਲੀ ਸਰਕਾਰ ਨੇ ਹੀ ਕੀਤਾ ਸੀ। ਕਾਸ਼! ਹਰ ਸਿੱਖ ਤੁਹਾਡੀ ਇਸ ਪੰਥ ਪ੍ਰਤੀ ਪਹੁੰਚ ਨੂੰ ਪਛਾਣ ਕੇ ਕੌਮ ਨੂੰ ਤੁਹਾਡੇ ਕਬਜ਼ੇ ਚੋਂ ਆਜ਼ਾਦ ਕਰਾਉਣ ਲਈ ਯਤਨ ਕਰੇ। ਆਪਣੇ ਲੋਕਾਂ ਨਾਲ ਜਿੰਨਾ ਵੱਡਾ ਵਿਸ਼ਵਾਸ਼ਘਾਤ ਅਕਾਲੀ ਸਰਕਾਰਾਂ ਨੇ ਕੀਤਾ ਹੈ, ਸ਼ਾਇਦ ਹੀ ਕਿਸੇ ਹੋਰ ਪਾਰਟੀ ਨੇ ਕੀਤਾ ਹੋਵੇ।

5. ਸਿੱਖ ਲਈ ਕੌਮ ਦੀ ਵੱਖਰੀ ਪਛਾਣ ਲਈ ਖਾਲਿਸਤਾਨ ਦੀ ਕਾਇਮੀ ਜ਼ਰੂਰੀ: ਸਿਮਰਨਜੀਤ ਸਿੰਘ ਮਾਨ

ਟਿੱਪਣੀ:- ਮਾਨ ਜੀ! ਹੁਣ ਤੁਹਾਡੇ ਐਸੇ ਬਿਆਨਾਂ ਦੀ ਕੋਈ ਬੁਕੱਤ ਨਹੀਂ। ਜ਼ਮੀਨੀ ਖਾਲਿਸਤਾਨੀ ਤੋਂ ਜ਼ਿਆਦਾ ਜ਼ਰੂਰੀ ਸਿੱਖ ਸਮਾਜ ਨੂੰ ਗੁਰਮਤਿ ਸਿਧਾਂਤ ਪੱਖੋਂ ‘ਖਾਲਸ’ (Pure) ਬਣਾਉਣਾ ਜ਼ਿਆਦਾ ਜ਼ਰੂਰੀ ਹੈ। ਪਰ ਅਫਸੋਸ! ਤੁਹਾਡੇ ਵਰਗੇ ਸਿਆਸਤਦਾਨ ਤਾਂ ਆਪ ‘ਗਊ ਰੱਖਿਆ’ ਜਿਹੇ ਬ੍ਰਾਹਮਣੀ ਟੀਚੇ ਨੂੰ ਅਪਨਾ ਰਹੇ ਹਨ ਅਤੇ ‘ਸਿਹੌੜੇ ਵਾਲੇ’ ਵਰਗੇ ਪੰਥ ਵਿਰੋਧੀ ਅਖੌਤੀ ਬਾਬਿਆਂ ਦੀ ਪੁਸ਼ਤਪਨਾਹੀ ਕਰ ਰਹੇ ਹਨ। ‘ਖਾਲਸਾ ਰਾਜ’ ਤਾਂ ਰਣਜੀਤ ਸਿੰਘ ਵੇਲੇ ਵੀ ਕਿਹਾ ਜਾਂਦਾ ਸੀ ਪਰ ਸਿਧਾਂਤਕ ਪੱਖੋਂ ਜੋ ਨਿਘਾਰ ਕੌਮ ਵਿਚ ਉਸ ਵੇਲੇ ਆਇਆ ਸੀ, ਉਸ ਬਾਰੇ ਹਰ ਸੁਚੇਤ ਸਿੱਖ ਜਾਣਦਾ ਹੈ।

6. ਸਾਨੂੰ ਸੋਧਾਂ ਕਰਨ ਦਾ ਹੱਕ ਹੈ: ਮਕੜ

ਟਿੱਪਣੀ:- ਮਕੜ ਜੀ! ਤੁਸੀਂ ਕੌਮ ਦਾ ਬੇੜਾਗਰਕ ਕਰਨ ਵਾਲੇ ਕੰਮਾਂ ਲਈ ਤਾਂ ਆਪਣਾ ‘ਹੱਕ’ ਬੜੇ ਜੋਸ਼ ਨਾਲ ਜਤਾ ਰਹੇ ਹੋ ਪਰ ਕੀ ਗੱਲ ਹੈ ਕਿ ਪੰਥ ਦੇ ਭਲੇ ਲਈ ਆਪਣੇ ‘ਫਰਜ਼’ ਨਿਭਾਉਣ ਲਈ ਤੁਹਾਡੀ ਜ਼ਮੀਰ ਤੁਹਾਨੂੰ ਕਦੀਂ ਹੁਲਾਰਾ ਨਹੀਂ ਦੇਂਦੀ। ਪੰਥਕ ਫਰਜ਼ਾਂ ਸਮੇਂ ਤੁਹਾਡਾ ਇਹ ਜੋਸ਼ ‘ਗੁਲਾਮੀ’ ਦੀ ਗੋਲੀ ਖਾ ਕੇ ਸ਼ਾਇਦ ਸੁੱਤਾ ਰਹਿੰਦਾ ਹੈ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top