Share on Facebook

Main News Page

ਨਿਹੰਗ ਧਰਮ ਸਿੰਘ ਨੇ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ ਸਮੇਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਦਾਅਵਿਆਂ ਨੂੰ ਕੀਤਾ ਪੂਰੀ ਤਰ੍ਹਾਂ ਰੱਦ

* ਗੁਰੂ ਅਰਜਨ ਦੇਵ ਜੀ ਨੇ ਕਿਸੇ ਗ੍ਰੰਥ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਨਹੀਂ ਕਰਵਾਇਆ, ਪ੍ਰਕਾਸ਼ ਤੋਂ ਉਨ੍ਹਾਂ ਨੇ ਲੈਣਾ ਹੀ ਕੀ ਸੀ?
* ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬੀੜ ਨਹੀ ਲਿਖਵਾਈ ਅਤੇ ਨਾ ਹੀ ਹਜ਼ੂਰ ਸਾਹਿਬ ਵਿਖੇ ਕਿਸੇ ਗ੍ਰੰਥ ਨੂੰ ਗੁਰਗੱਦੀ ਦਿੱਤੀ ਹੈ, ਉਨ੍ਹਾਂ ਕੋਲ ਉਸ ਸਮੇਂ ਕੋਈ ਗ੍ਰੰਥ ਹੈ ਹੀ ਨਹੀਂ ਸੀ
* ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਛੱਡਣ ਤੋਂ ਦੋ ਦਿਨ ਪਹਿਲਾˆ ਮਾਤਾ ਸਾਹਿਬ ਕੌਰ ਜੀ ਦਾ ਰੱਥ ਦਸਮ ਗ੍ਰੰਥ ਦੀਆ ਪੋਥੀਆਂ ਸਮੇਤ ਪਹਿਲਾਂ ਭੇਜ ਦਿੱਤਾ ਸੀ ਅਤੇ ਮਾਤਾ ਗੂਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ 18 ਘੰਟੇ ਪਹਿਲਾਂ ਰੱਥ ਵਿੱਚ ਭੇਜ ਦਿੱਤੇ ਸਨ
* ਗੁਰੂ ਗ੍ਰੰਥ ਸਾਹਿਬ ਨਸ਼ਿਆਂ ਦੇ ਖਿਲਾਫ ਨਹੀਂ ਕਹਿੰਦੇ। ਜੋ ਲੋਕ ਨਸ਼ਿਆਂ ਖਿਲਾਫ ਬੋਲਦੇ ਹਨ ਇਹ ਸਭ ਸਨਾਤਨੀ ਹਨ: ਧਰਮ ਸਿੰਘ ਨਿਹੰਗ
* ਜੇ ਦਸਮ ਗ੍ਰੰਥ ਪਹਿਲਾਂ ਹੀ ਮਾਤਾ ਜੀ ਕੋਲ ਸੀ ਤਾਂ ਉਨ੍ਹਾਂ ਨੂੰ ਚਿੱਠੀ ਲਿਖਣ ਦੀ ਕੀ ਲੋੜ ਪਈ:
* ਸਾਡੇ ਧਾਰਮਿਕ ਜੱਜ ਤਾਂ ਹਨ ਪੰਜਾਂ ਤਖ਼ਤਾਂ ਦੇ ਜਥੇਦਾਰ ਜਿਹੜੇ ਖ਼ੁਦ ਹੀ ਇਸ ਗ੍ਰੰਥ ਨੂੰ ਗੁਰੂ ਮੰਨਦੇ ਹਨ ਤੇ ਪਜਾਮਾਂ ਲਾਹ ਕੇ ਮੱਥਾ ਟੇਕਦੇ ਹਨ, ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਸਹੀ ਫੈਸਲਾ ਕਰਨਗੇ: ਕਾਲਰ ਨੰਬਰ 1
* ਜਿਹੜਾ ਕੰਮ ਅਕਾਲ ਤਖ਼ਤ ’ਤੇ ਬੈਠੇ ਜਥੇਦਾਰ ਨਾ ਕਰ ਸਕੇ ਉਹ ਸ਼ੇਰੇ ਪੰਜਾਬ ਰੇਡੀਓ ਨੇ ਕਰ ਵਿਖਾਇਆ, ਦਸਮ ਗੰ੍ਰਥੀਆਂ ਦੀ ਬਿੱਲੀ ਕੱਢੀ ਥੈਲੇ ਤੋਂ ਬਾਹਰ: ਕਾਲਰ ਨੰ: 2
* ਜਿਹੜੇ ਸੂਰਬੀਰ, ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਯੁੱਧ ਲੜਦੇ ਰਹੇ ਉਨ੍ਹਾਂ ਦੀ ਕਹਾਣੀ ਤਾਂ ਗੁਰੂ ਸਾਹਿਬ ਨੇ ਲਿਖੀ ਨਹੀਂ ਫਿਰ ਰਾਜੇ ਰਾਣੀਆਂ ਤੇ ਔਰਤਾਂ ਦੀਆਂ ਕਹਾਣੀਆਂ ਲਿਖਣ ਦੀ ਉਨ੍ਹਾਂ ਨੂੰ ਕੀ ਲੋੜ ਪੈ ਗਈ?
* ਜਿਹੜਾ ਬਚਿੱਤਰ ਨਾਟਕ ਦੀ ਕਿਸੇ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧ ਕਰਦਾ ਹੈ ਉਹ ਮੈਥੋਂ 5 ਕਰੋੜ ਰੁਪਏ ਦਾ ਇਨਾਮ ਲਵੇ: ਜਸਬਿੰਦਰ ਸਿਘ
* ਜਿਹੜਾ ਬੰਦਾ ਆਪਣੀ ਵੈੱਬ ਸਾਈਟ’ਤੇ ਕਹਿ ਰਿਹਾ ਹੈ ਕਿ ਦਸਮ ਗ੍ਰੰਥ ਵਿਦਵਾਨਾਂ ਦਾ ਵਿਸ਼ਾ ਨਹੀਂ ਇਹ ਧਰਮੀ ਬੰਦਿਆਂ ਦਾ/ ਗੁਰਮੁਖਾਂ ਦਾ ਵਿਸ਼ਾ ਹੈ, ਹੁਣ ਉਹੀ ਬੰਦਾ ਲਿਖ ਕੇ ਭੇਜ ਰਿਹਾ ਹੈ ਕਿ ਫੈਸਲਾ ਹਾਈ ਕੋਰਟ ਦੇ ਜੱਜਾਂ ਤੋਂ ਕਰਵਾਇਆ ਜਾਵੇ। ਕੀ ਹੁਣ ਇਸ ਨੂੰ ਜੱਜ ਸਿੱਖ ਧਰਮ ਦੇ ਬਾਨੀ ਦਿੱਸਣ ਲੱਗ ਪਏ: ਗੁਰਪਾਲ ਸਿੰਘ
* ਹੁਣ ਵੇਖਦੇ ਹਾਂ ਕਿ ਤਖ਼ਤਾਂ ਦੇ ਜਥੇਦਾਰ ਆਪਣੇ ਆਪ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਦੇ ਹਨ ਜਾਂ ਕਿਸੇ ਵਲੋਂ ਸ਼ਿਕਾਇਤ ਦੀ ਉਡੀਕ ਕਰਨਗੇ:
ਜਥੇਦਾਰ ਅੱਜ ਦੀ ਟਾਕ ਸ਼ੋ ਦੀ ਰੀਕਾਰਡਿੰਗ ਜਰੂਰ ਸੁਣਨ ਤੇ ਜਿਸ ਨੇ ਗੁਰੂ ਗ੍ਰੰਥ ਸਾਹਿਬ ’ਤੇ ਏਡਾ ਵੱਡਾ ਹਮਲਾ ਕੀਤਾ ਹੈ ਉਸ ਵਿਰੁੱਧ ਕਾਰਵਾਈ ਜਰੂਰ ਕਰਨ। ਡਾ. ਕੰਗ
* ਧਰਮ ਸਿੰਘ ਸੱਚ ਖੋਜ ਅਕੈਡਮੀ ਚਲਾ ਰਿਹਾ ਹੈ, ਪਰ ਹੁਣ ਇਸ ਨੂੰ ਇਸ ਦਾ ਨਾਮ ਬਦਲ ਕੇ ਕੂੜ ਖੋਜ ਅਕੈਡਮੀ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਿਹੜੇ ਗ੍ਰੰਥ ਦੇ ਇਹ ਉਪਾਸ਼ਕ ਹਨ ਉਸ ਵਿੱਚੋਂ ਸੱਚ ਤਾਂ ਕਿਧਰੇ ਲੱਭਦਾ ਨਹੀਂ ਕੂੜ ਹੀ ਕੂੜ ਨਜ਼ਰ ਆਉਂਦਾ ਹੈ: ਲੁਧਿਆਣੇ ਤੋਂ ਇੱਕ ਕਾਲਰ

ਬਠਿੰਡਾ, 4 ਮਾਰਚ (ਕਿਰਪਾਲ ਸਿੰਘ): ਜੇ ਕਿਸੇ ਸਿੱਖ ਦਾ ਦਿਲ ਧੜਕਦਾ ਹੈ ਤਾਂ ਜਰਾ ਦਿਲ ’ਤੇ ਹੱਥ ਰੱਖ ਕੇ ਦਿਲ ਦਹਿਲਾ ਦੇਣ ਵਾਲੀ ਕਥਾ ਸੁਣੋ! ਗੁਰੂ ਅਰਜਨ ਦੇਵ ਜੀ ਨੇ ਕਿਸੇ ਗ੍ਰੰਥ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਨਹੀ ਕਰਵਾਇਆ, ਪ੍ਰਕਾਸ਼ ਤੋˆ ਉਨ੍ਹਾਂ ਲੈਣਾ ਹੀ ਕੀ ਸੀ, ਪ੍ਰਕਾਸ਼ ਦੀ ਉਨ੍ਹਾਂ ਨੂੰ ਲੋੜ ਹੀ ਕੀ ਸੀ? ਜਿਹੜੇ ਕਹਿੰਦੇ ਹਨ ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਵਿੱਚ ਆਦਿ ਬੀੜ ਦਾ ਪ੍ਰਕਾਸ਼ ਕਰਵਾਇਆ ਉਹ ਦੱਸਣ ਕਿ ਗੁਰੂ ਸਾਹਿਬ ਆਪ ਕਿੱਥੇ ਬੈਠਦੇ ਸਨ ਤੇ ਕੀ ਕਰਦੇ ਸਨ, ਉਹ ਤਾਬਿਆ ਬੈਠਦੇ ਸਨ ਜਾਂ ਸਾਈਡ ’ਤੇ ਬੈਠਦੇ ਸਨ, ਕੀ ਉਹ ਇਸ ਵਿੱਚੋਂ ਪੜ੍ਹ ਕੇ ਕਥਾ ਕਰਿਆ ਕਰਦੇ ਸਨ? ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਲਿਖੀ ਬੀੜ ਕਹਿਣਾ ਵੀ ਸਭ ਝੂਠ ਹੈ। ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬੀੜ ਲਖਵਾਈ ਹੀ ਨਹੀਂ। ਅਸਲ ਵਿੱਚ ਗੁਰੂ ਸਾਹਿਬ ਉੱਥੇ ਬੱਚਿਆਂ ਨੂੰ ਪਾਠ ਸਿਖਾਉਂਦੇ ਸਨ ਤੇ ਪ੍ਰੈਕਟਿਸ ਵਜੋਂ ਉਨ੍ਹਾਂ ਤੋਂ ਇੱਕ ਇੱਕ ਪੰਨਾ ਲਿਖਵਾ ਲੈਂਦੇ ਸਨ ਤੇ ਉਨ੍ਹਾਂ ਪੰਨਿਆਂ ਨੂੰ ਇਕੱਠੇ ਕਰਕੇ ਬੀੜ ਬਣਾ ਲੈਂਦੇ ਸਨ। ਧਨਾਡ ਬੰਦੇ ਭੇਟਾ ਵਜੋਂ ਕੁਝ ਪੈਸੇ ਦੇ ਦਿੰਦੇ ਸਨ ਤੇ ਉਹ ਬੀੜ ਲੈ ਜਾਂਦੇ ਸਨ ਇਸ ਤਰ੍ਹਾਂ ਉਨ੍ਹਾਂ ਦਾ ਗੁਜਾਰਾ ਚਲਦਾ ਰਹਿੰਦਾ ਸੀ। ਜਿਸ ਨੂੰ ਸ਼੍ਰੋਮਣੀ ਕਮੇਟੀ ਵਾਲੇ ਅੱਜ ਦਮਦਮੀ ਬੀੜ ਕਹਿੰਦੇ ਹਨ ਇਹ ਤਾਂ ਦਮਦਮੇ ਦੇ ਸਿੱਖਾਂ ਨੇ ਲਿਖੀ ਹੈ ਇਸ ਨੂੰ ਭਾਈ ਮਨੀ ਸਿੰਘ ਦੀ ਲਿਖੀ ਕਹਿਣਾ ਬਿਲਕੁਲ ਝੂਠ ਹੈ। ਸ਼੍ਰੋਮਣੀ ਕਮੇਟੀ ’ਤੇ ਇਸ ਝੂਠ ਕਰਕੇ 1964 ਵਿੱਚ ਕੇਸ ਕੀਤਾ, ਮੈਂ ਉਸ ਵੇਲੇ ਨਾਲ ਸੀ। ਅਸਲ ਵਿੱਚ ਸ਼੍ਰੋਮਣੀ ਕਮੇਟੀ ਵਾਲੇ ਸਮਝਦੇ ਹਨ ਗੱਲ ਹੋ ਗਈ 50 ਸਾਲ ਪੁਰਾਣੀ ਲੋਕ ਗਏ ਭੁੱਲ, ਇਸ ਲਈ ਕੀ ਫਰਕ ਪੈਂਦਾ ਹੈ ਇੱਕ ਨਵਾਂ ਝੂਠ ਹੋਰ ਮਾਰ ਦਿਓ। ਇਹ ਸਮਝਦੇ ਐ ਲੋਕ ਗਏ ਮਰ ਪਰ ਮੈਂ ਤਾਂ ਹਾਲੀ ਜਿਉਂਦਾ ਹਾਂ। ਹਜ਼ੂਰ ਸਾਹਿਬ ਵਿਖੇ ਕਿਸੇ ਗ੍ਰੰਥ ਨੂੰ ਗੁਰਗੱਦੀ ਨਹੀਂ ਦਿੱਤੀ, ਉਨ੍ਹਾਂ ਕੋਲ ਉਸ ਸਮੇਂ ਕੋਈ ਗ੍ਰੰਥ ਹੈ ਹੀ ਨਹੀਂ ਸੀ, ਨਾ ਹੀ ਉਨ੍ਹਾਂ ਨੂੰ ਕੋਈ ਲੋੜ ਸੀ, ਉਨ੍ਹਾਂ ਗੁਰੂ ਗ੍ਰੰਥ ਸਾਹਿਬ ਤੋਂ ਕਰਾਉਣਾ ਹੀ ਕੀ ਸੀ? ਦਸਮ ਗ੍ਰੰਥ ਦੀ ਪ੍ਰਮਾਣਿਕਤਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਦਾ ਕਿਲਾ ਛੱਡਣ ਤੋˆ ਦੋ ਦਿਨ ਪਹਿਲਾˆ ਮਾਤਾ ਸਾਹਿਬ ਕੌਰ ਜੀ ਦਾ ਰੱਥ ਦਸਮ ਗ੍ਰੰਥ ਦੀਆਂ ਪੋਥੀਆਂ ਸਮੇਤ ਪਹਿਲਾਂ ਭੇਜ ਦਿੱਤਾ ਸੀ ਅਤੇ ਮਾਤਾ ਗੂਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ 18 ਘੰਟੇ ਪਹਿਲਾਂ ਰੱਥ ਵਿੱਚ ਭੇਜ ਦਿੱਤੇ ਸਨ। ਗੁਰੂ ਗ੍ਰੰਥ ਸਾਹਿਬ ਨਸ਼ਿਆ ਦੇ ਖਿਲਾਫ ਨਹੀ ਕਹਿੰਦੇ।

ਮੈਨੂੰ ਵਿਖਾਓ ਇਸ ਵਿੱਚ ਨੱਸ਼ਿਆਂ ਦੇ ਖਿਲਾਫ਼ ਕਿਥੇ ਲਿਖਿਆ ਹੈ? ਜੋ ਲੋਕ ਨਸ਼ਿਆਂ ਖਿਲਾਫ ਬੋਲਦੇ ਹਨ ਇਹ ਸਭ ਸਨਾਤਨੀ ਹਨ। ਧਿਆਨ ਨਾਲ ਸੁਣੋ ਇਹ ਕਹਿਣ ਵਾਲਾ ਕਿਸੇ ਬਾਹਰੀ ਏਜੰਸੀ ਦਾ ਬੰਦਾ ਨਹੀਂ ਬਲਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਦਾ ਜਥੇਦਾਰ ਧਰਮ ਸਿੰਘ ਨਿਹੰਗ ਹੈ ਜੋ ਖੰਨਾ ਵਿਖੇ ਸੱਚ ਖੋਜ ਅਕੈਡਮੀ ਚਲਾ ਰਿਹਾ ਹੈ ਅਤੇ ਉਸ ਦੇ ਇਹ ਸ਼ਬਦ ਉਸ ਵਲੋਂ ਆਪ ਹੀ ਰੀਕਾਰਡ ਕਰਵਾ ਕੇ ਸ਼ੇਰੇ ਪੰਜਾਬ ਰੇਡੀਓ ਕੈਨੇਡਾ ਸਮੇਤ ਵੱਖ ਵੱਖ ਜਥੇਬੰਦੀਆਂ, ਵਿਅਕਤੀਆਂ ਤੇ ਮੀਡੀਏ ਨੂੰ ਆਡੀਓ, ਈ-ਮੇਲ ਰਾਹੀਂ ਭੇਜੀ ਗਈ ਸੀ, ਤੇ ਜੋ ਹੁਣ ਵੀ ਉਨ੍ਹਾਂ ਦੀ ਅਕੈਡਮੀ ਦੇ ਬਲਾਗ ਲਿੰਕ ’ਤੇ ਸੁਣੀ ਜਾ ਸਕਦੀ ਹੈ। ਇਹ ਦੱਸਣ ਯੋਗ ਹੈ ਕਿ ਦੋ ਹਫਤੇ ਪਹਿਲਾਂ ਸ਼ੇਰੇ ਪੰਜਾਬ ਰੇਡੀਓ ’ਤੇ ਦਿਲਾਂ ਦੀ ਸਾਂਝ ਪ੍ਰੋਗਰਾਮ ਵਿੱਚ ਇਕ ਲਾਈਵ ਟਾਕ ਸ਼ੋਅ ਕਰਵਾਇਆ ਗਿਆ ਸੀ ਜਿਸ ਵਿੱਚ ਦਸਮ ਗ੍ਰੰਥ ਦੇ ਪੱਖ ਵਿੱਚ ਬੋਲਣ ਵਾਲਿਆਂ ਵਿੱਚੋਂ ਕਸ਼ਮੀਰ ਸਿੰਘ ਪਟਿਆਲਾ ਅਤੇ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਨੇ ਭਾਗ ਲਿਆ, ਅਤੇ ਦੇਸ਼ ਵਿਦੇਸ਼ ਵਿੱਚੋਂ ਇੱਕ ਦਰਜ਼ਨ ਦੇ ਕਰੀਬ ਕਾਲਰਾਂ ਨੇ ਉਨ੍ਹਾਂ ਤੋਂ ਲਗਪੱਗ 20-25 ਸਵਾਲ ਪੁੱਛੇ ਸਨ ਪਰ ਉਹ ਕਿਸੇ ਇੱਕ ਵੀ ਸਵਾਲ ਦਾ ਜਵਾਬ ਨਾ ਦੇ ਸਕੇ।

ਪਿਛਲੇ ਹਫਤੇ ਦਸਮਗ੍ਰੰਥ ਪੱਖੀ ਇਕ ਵਿਅਕਤੀ ਨੇ ਸੱਚ ਖੋਜ ਅਕੈਡਮੀ ਦੇ ਸੰਚਾਲਕ ਧਰਮ ਸਿੰਘ ਨਿਹੰਗ ਕੋਲ ਉਸ ਟਾਕ ਸ਼ੋਅ ਦਾ ਜ਼ਿਕਰ ਕਰਕੇ, ਉਨ੍ਹਾਂ ਨੂੰ ਦੱਸਿਆ ਕਿ ਦਸਮ ਗ੍ਰੰਥ ਪੱਖੀ ਵਿਦਵਾਨ, ਵਿਰੋਧੀਆਂ ਵਲੋਂ ਪੁੱਛੇ ਗਏ 20-25 ਸਵਾਲਾਂ ਵਿੱਚੋਂ ਕਿਸੇ ਇੱਕ ਦਾ ਵੀ ਜਵਾਬ ਨਹੀਂ ਦੇ ਸਕੇ, ਜਿਸ ਕਾਰਣ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਵਿੱਚ ਦੁਬਿਧਾ ਫੈਲ ਸਕਦੀ ਹੈ। ਉਨ੍ਹਾਂ ਪੁੱਛਿਆ ਕੀ ਸੰਗਤਾਂ ਦੀ ਦੁਬਿਧਾ ਦੂਰ ਕਰਨ ਲਈ, ਜੇ ਤੁਹਾਥੋਂ ਉਹ ਸਵਾਲ ਪੁੱਛੇ ਜਾਣ ਤਾਂ ਤੁਸੀਂ ਉਨ੍ਹਾਂ ਦੇ ਜਵਾਬ ਦੇ ਸਕਦੇ ਹੋ? ਧਰਮ ਸਿੰਘ ਨੇ ਬੜੇ ਦਾਅਵੇ ਨਾਲ ਹਾਂ ਵਿੱਚ ਉੱਤਰ ਦੇਣ ’ਤੇ ਉਸ ਨੇ ਇੱਕ ਇੱਕ ਕਰਕੇ ਉਹ ਸਾਰੇ ਸਵਾਲ ਪੁੱਛੇ ਤੇ ਧਰਮ ਸਿੰਘ ਨਾਲ ਹੋਈ ਸਾਰੀ ਗੱਲਬਾਤ ਦੀ ਰੀਕਾਰਡਿੰਗ ਕਰਕੇ, ਇਹ ਆਡੀਓ ਈ ਮੇਲ ਰਾਹੀਂ 9 ਮਾਰਚ ਨੂੰ ਭੇਜ ਕਿ ਸ਼ੇਰੇ ਪੰਜਾਬ ਰੇਡੀਓ ਨੂੰ ਖੁਲ੍ਹੀ ਚੁਣੌਤੀ ਦਿੱਤੀ, ਕਿ ਇਹ ਦਸਮ ਬਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਪਣੀ ਬਾਣੀ ਹੈ, ਜਿਸ ਨੂੰ ਸ਼ੱਕ ਹੈ ਉਹ ਉਨ੍ਹਾਂ ਨਾਲ ਬਹਿਸ ਕਰ ਸਕਦਾ ਹੈ।

ਉਸ ਆਡੀਓ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਧਰਮ ਦੇ ਵਿਸ਼ੇ ’ਤੇ ਸਿਰਫ ਧਾਰਮਿਕ ਵਿਅਕਤੀਆਂ ਨੂੰ ਹੀ ਬਹਿਸ ਕਰਨੀ ਚਾਹੀਦੀ ਹੈ ਇਹ ਗੁਰਮੁਖਾਂ ਦਾ ਵਿਸ਼ਾ ਹੈ ਵਿਦਵਾਨਾਂ ਦਾ ਵਿਸ਼ਾ ਹੀ ਨਹੀਂ। ਹੁਣ ਜੇ ਇਸ ਨਹਿੰਗ ਦੀ ਮੰਨੀਏ ਤਾਂ ਇਸ ਨੇ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ, ਸ਼੍ਰੋਮਣੀ ਕਮੇਟੀ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਸਮੇਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਇਤਿਹਾਸਕ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਦਮਦਮੀ ਟਕਸਾਲ ਦੇ ਸਬਕਾ ਮੁਖੀ ਸੰਤ ਜਰਨੈਲ ਸਿੰਘ ਬੜੇ ਦਾਅਵੇ ਨਾਲ ਕਹਿੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ 9 ਮਹੀਨੇ 9 ਦਿਨ 9 ਘੜੀਆਂ 9 ਪਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਪਣੇ ਠਹਿਰਾਉ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਸਪੂਰਨ ਬੀੜ ਜ਼ਬਾਨੀ ਬੋਲ ਕੇ ਭਾਈ ਮਨੀ ਸਿੰਘ ਤੋਂ ਲਿਖਵਾਈ ਸੀ ਤੇ ਉਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ਼ ਕਰਵਾਈ ਸੀ। ਅਤੇ ਇਸੇ ਬੀੜ ਨੂੰ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਦੇ ਕੇ ਜੋਤੀ ਜੋਤ ਸਮਾ ਗਏ ਸਨ। ਹੁਣ ਵੇਖਦੇ ਹਾਂ ਸਾਰੀਆਂ ਜਥੇਬੰਦੀਆਂ ਨੂੰ ਝੂਠਲਾਉਣ ਸਦਕਾ ਕਿਹੜੀ ਕਿਹੜੀ ਜਥੇਬੰਦੀ ਇਸ ਸੁੱਖਾ ਪੀਣੇ ਨਿਹੰਗ ਵਿਰੁੱਧ ਕਾਰਵਾਈ ਕਰਦੀ ਹੈ ਜਾਂ ਉਨ੍ਹਾਂ ਦੇ ਦਸਮ ਗ੍ਰੰਥ ਪਿਆਰ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ ਸਨਮਾਨਤ ਕਰਦੀ ਹੈ ਕਿਉਂਕਿ ਇਨ੍ਹਾਂ ਦੀ ਰਵਾਇਤ ਹੈ ਕਿ ਜਿਹੜਾ ਵੀ ਦਸਮ ਗ੍ਰੰਥ ਦੀ ਹਮਾਇਤ ਕਰਦਾ ਹੈ ਉਸ ਨੂੰ ਸਭ ਗੁਨਾਹ ਮੁਆਫ਼ ਕਰਦੇ ਹਨ ਤੇ ਸਿਰਫ ਗਲ ਵਿੱਚ ਫ਼ਾਹੀ ਉਨ੍ਹਾਂ ਦੇ ਪਾਉਂਦੇ ਹਨ ਜਿਹੜੇ ਇਸ ਦਾ ਵਿਰੋਧ ਕਰਦੇ ਹਨ।

ਸ਼ੇਰੇ ਪੰਜਾਬ ਰੇਡੀਓ ਦੇ ਸੰਚਾਲਕ ਸ: ਕੁਲਦੀਪ ਸਿੰਘ ਨੇ ਉਨ੍ਹਾਂ ਦੀ ਚੁਣੌਤੀ ਪ੍ਰਵਾਨ ਕਰ ਕੇ 13 ਮਾਰਚ ਨੂੰ ਕੈਨੇਡਾ ਦੇ ਸਮੇਂ ਅਨੁਸਾਰ ਸਵੇਰੇ 8 ਤੋਂ 10 ਵਜੇ ਤੱਕ (ਭਾਰਤੀ ਸਮੇਂ ਅਨੁਸਾਰ ਰਾਤੀ 9.30 ਤੋਂ 11.30 ਵਜੇ ਤੱਕ) ਦਾ ਸਮਾਂ ਦੇ ਦਿੱਤਾ। ਪਰ ਹੈਰਾਨੀ ਹੈ ਕਿ ਬਹਿਸ ਲਈ ਲਲਕਾਰਾ ਮਾਰਨ ਪਿੱਛੋਂ ਉਹ ਇਸ ਵਿਚ ਭਾਗ ਲੈਣ ਤੋਂ ਭੱਜ ਗਿਆ ਤੇ ਉਨ੍ਹਾਂ ਦੇ ਪ੍ਰਤੀਨਿਧ ਵਜੋਂ ਗੁਰਜੀਤ ਸਿੰਘ ਆਸਟ੍ਰੇਲੀਆ ਦਾ ਨਾਮ ਲਿਆ ਗਿਆ। ਅਖੀਰ ਗੁਰਜੀਤ ਸਿੰਘ ਵੀ ਔਨ ਲਾਈਨ ਫ਼ੋਨ ’ਤੇ ਆਉਣ ਦੀ ਹਿੰਮਤ ਨਾ ਵਿਖਾ ਸਕੇ ਤੇ ਟਾਕ ਸ਼ੋਅ ਸ਼ੁਰੂ ਹੋਣ ਤੋਂ ਠੀਕ 9 ਮਿੰਟ ਪਹਿਲਾਂ ਧਰਮ ਸਿੰਘ ਦਾ ਸੰਦੇਸ਼ ਈ-ਮੇਲ ਰਾਹੀਂ ਭੇਜ ਕੇ ਬੇਨਤੀ ਕੀਤੀ ਕਿ ਉਨ੍ਹਾਂ ਦਾ ਇਹ ਸੰਦੇਸ਼ ਰੇਡੀਓ ਤੋਂ ਪੜ੍ਹ ਕੇ ਸੁਣਾਇਆ ਜਾਵੇ। ਧਰਮ ਸਿੰਘ ਦੀ ਆਵਾਜ਼ ਵਿੱਚ ਰੀਕਾਰਡਡ ਆਡੀਓ ਵਿਚੋਂ ਉਨ੍ਹਾਂ ਦੇ ਉਕਤ ਕਥਨ ਦੀਆਂ ਕੁਝ ਕਲਿਪਿੰਗ ਸਣਾਉਣ ਉਪਰੰਤ ਟਾਕ ਸ਼ੋਅ ਵਿੱਚ ਭਾਗ ਲੈਣ ਲਈ ਵਿਸ਼ੇਸ਼ ਤੌਰ ’ਤੇ ਬੁਲਾਏ ਗਏ ਡਾ: ਰਮਿੰਦਰ ਸਿੰਘ ਕੰਗ ਨੂੰ ਧਰਮ ਸਿੰਘ ਦੇ ਕਥਨਾਂ ’ਤੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਬਾਹਰੀ ਦੁਸ਼ਮਣ ਤੋਂ ਬਚਣ ਲਈ ਬੜਾ ਸੁਚੇਤ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਤੋਂ ਡਰਨ ਦੀ ਇੰਨੀ ਲੋੜ ਨਹੀਂ ਕਿਉਂਕਿ ਉਨ੍ਹਾਂ ਦੀ ਤਾਂ ਪਛਾਣ ਹੋਈ ਹੈ ਪਰ ਜਿਸ ਦਾ ਚਿਹਰ ਮੋਹਰਾ ਸਾਡੇ ਵਰਗਾ ਹੀ ਹੈ, ਇਨ੍ਹਾਂ ਨੂੰ ਜਿੰਨਾ ਪਹਿਚਾਨਣਾ ਜਿੰਨਾਂ ਮੁਸ਼ਕਲ ਹੈ ਉਤਨਾ ਹੀ ਇਹ ਵੱਧ ਨੁਕਸਾਨ ਕਰ ਰਹੇ ਹਨ, ਇਸ ਲਈ ਇਨ੍ਹਾਂ ਤੋਂ ਬਚਣ ਲਈ ਵੱਧ ਸੁਚੇਤ ਹੋਣ ਦੀ ਲੋੜ ਹੈ। ਇਸ ਉਪਰੰਤ ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਧਰਮ ਸਿੰਘ ਦਾ ਸੰਦੇਸ਼ ਹੂਬਹੂ ਪੜ੍ਹ ਕੇ ਸੁਣਾਇਆ ਜਿਸ ਦਾ ਤੱਤ ਸਾਰ ਇਹ ਸੀ:-

ਚੁਣੌਤੀ ਦੇਣ ਸਮੇਂ ਅਸੀਂ ਤੁਹਾਡੇ ਅੱਗੇ ਤਿੰਨ ਸ਼ਰਤਾਂ ਰੱਖੀਆਂ ਸਨ: 1. ਚਰਚਾ ਸੁਪ੍ਰੀਮ ਕੋਰਟ ਜਾਂ ਹਾਈ ਕੋਰਟ ਦੇ ਤਿੰਨ ਜੱਜਾਂ ਦੀ ਹਾਜ਼ਰੀ ਵਿਚ ਹੋਵੇ, 2. ਜੇ ਦਸਮ ਗ੍ਰੰਥ ਦੇ ਵਿਰੋਧੀ ਚਰਚਾ ਵਿਚ ਹਾਰ ਜਾਣ ਤਾਂ ਉਹ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਹੁਣ ਤੱਕ ਦਸਮ ਗ੍ਰੰਥ ਦਾ ਵਿਰੋਧ ਕੀਤੇ ਜਾਣ ਦਾ ਪਸਚਾਤਾਪ ਕਰਦ ਹੋਏ ਜਥੇਦਾਰ ਕੋਲੋਂ ਤਨਖ਼ਾਹ ਲਵਾਉਣ, 3. ਤੁਸੀਂ ਆਪਣੀ ਨਿਰਪੱਖਤਾ ਸਿੱਧ ਕਰੋ ਕਿਉਂਕਿ ਮੀਡੀਆ ਵਿਰੋਧੀਆਂ ਦੇ ਹੱਥ ਵਿੱਚ ਹੋਣ ਕਰਕੇ ਉਹ ਸਾਡਾ ਪੱਖ ਸੁਣਨ ਲਈ ਪੂਰਾ ਸਮਾਂ ਨਹੀਂ ਦਿੰਦਾ ਇਸ ਲਈ ਤੁਸੀਂ ਸਾਨੂੰ ਯਕੀਨ ਦਿਵਾਓ ਕਿ ਚਰਚਾ ਦੌਰਾਨ ਕੋਈ ਬੇਈਮਾਨੀ ਨਹੀਂ ਕਰੋਗੇ। ਕਿਉਂਕਿ ਤੁਸੀਂ ਸਾਡੇ ਨਾਲ ਗੱਲਬਾਤ ਕੀਤੇ ਬਿਨਾ ਹੀ ਸਮਾ ਨਿਸਚਤ ਕਰ ਲਿਆ ਹੈ ਇਸ ਲਈ ਅਸੀਂ ਅਜਿਹੀ ਚਰਚਾ ਵਿੱਚ ਭਾਗ ਨਹੀਂ ਲੈ ਸਕਦੇ।

ਡਾ: ਕੰਗ ਨੇ ਕਿਹਾ ਇਹ ਧਾਰਮਿਕ ਮਸਲਾ ਹੈ ਤੇ ਸੁਪ੍ਰੀਮ ਕੋਰਟ ਦੇ ਜੱਜਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆੳਦਾ ਤੇ ਨਾ ਹੀ ਧਾਰਮਿਕ ਵਿਸ਼ੇ ਤੇ ਚਰਚਾ ਹਾਰ-ਜਿੱਤ ਨੂੰ ਮੁੱਖ ਰੱਖ ਕੇ ਹੋਣੀ ਚਾਹੀਦੀ ਹੈ, ਸਗੋਂ ਸੁਹਿਰਦਤਾ ਇਹ ਹੋਵੇ ਕਿ ਦਲੀਲਾਂ ਨਾਲ ਇੱਕ ਦੂਜੇ ਨੂੰ ਕਾਇਲ ਕਰਕੇ ਇੱਕ ਮੱਤ ਹੋਇਆ ਜਾਵੇ। ਰੇਡੀਓ ਹੋਸਟ ਨੇ ਵਾਰ ਵਾਰ ਐਲਾਨ ਕੀਤਾ ਕਿ ਗੁਰਜੀਤ ਸਿੰਘ ਨੂੰ 6 ਵਾਰ ਟੈਲੀਫ਼ੋਨ ਕੀਤਾ ਹੈ ਉਹ ਚੁੱਕ ਨਹੀਂ ਰਹੇ, ਧਰਮ ਸਿੰਘ ਨੂੰ ਵੀ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿਅਕਤੀ ਨੇ ਵੱਡੀ ਗਿਣਤੀ ਵਿੱਚ ਇਹ ਚੁਣੌਤੀ ਦੇਣ ਵਾਲੀਆਂ ਆਡੀਓ ਸੀਡੀਜ਼ ਵੰਡੀਆਂ ’ਤੇ ਈ-ਮੇਲ ਰਾਹੀਂ ਭੇਜੀਆਂ ਉਹ ਵੀ ਸੰਪਰਕ ਵਿੱਚ ਨਹੀਂ ਆ ਰਹੇ। ਜੇ ਉਹ ਸੁਣਦੇ ਹੋਣ ਤਾਂ ਫ਼ੋਨ ਕਰਕੇ ਆਪਣਾ ਪੱਖ ਪੇਸ਼ ਕਰ ਸਕਦੇ ਹਨ। ਪਰ ਕੋਈ ਵੀ ਹਿੰਮਤ ਨਾ ਵਿਖਾ ਸਕਿਆ। ਕੈਲੇਫ਼ੋਰਨੀਆਂ ਤੋਂ ਕਾਲਰ ਨੰ: 1 ਨੇ ਕਿਹਾ ਕਿ ਭੇਜੀ ਗਈ ਆਡੀਓ ਵਿੱਚ ਧਰਮ ਸਿੰਘ ਨੇ ਕਿਹਾ ਕਿ ਦਸਮ ਗ੍ਰੰਥ ਦੀਆਂ ਪੋਥੀਆਂ, ਮਾਤਾ ਜੀ, ਗੁਰੂ ਕੇ ਮਹਿਲ ਤੇ ਛੋਟੇ ਸਾਹਿਬਜ਼ਾਦੇ 18 ਘੰਟੇ ਪਹਿਲਾਂ ਹੀ ਰੱਥ ’ਤੇ ਬਿਠਾ ਕੇ ਬਾਹਰ ਕੱਢ ਦਿੱਤੇ। ਬੇਸ਼ੱਕ ਇਹ ਗੱਲ ਮੰਨਣਯੋਗ ਨਹੀਂ ਹੈ ਪਰ ਡਾ: ਹਰਿਭਜਨ ਸਿੰਘ ਦੀ ਪੁਸਤਕ ’ਕਰਤਾ ਦਸਮ ਗ੍ਰੰਥ-ਪੁਨਰ ਸਮੀਖਿਆ’ ਜਿਹੜੀ ਕਸ਼ਮੀਰ ਸਿੰਘ ਨੇ ਹੀ ਛਪਾ ਕੇ ਰੀਲੀਜ਼ ਕੀਤੀ ਹੈ ਉਸ ਦੇ ਪੰਨਾ ਨੰ: 27 ’ਤੇ ਲਿਖਿਆ ਹੈ ਕਿ 1716 ਈਸਵੀ ਨੂੰ ਮਾਤਾ ਸਾਹਿਬ ਕੌਰ ਨੇ ਭਾਈ ਮਨੀ ਸਿੰਘ ਨੂੰ ਚਿੱਠੀ ਲਿਖੀ ਕਿ ਦਸਮ ਗ੍ਰੰਥ ਦੀਆਂ ਪੋਥੀਆਂ ਇਕੱਤਰ ਬੀੜ ਤਿਆਰ ਕੀਤੀ ਜਾਵੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਦਸਮ ਗ੍ਰੰਥ ਪਹਿਲਾਂ ਹੀ ਮਾਤਾ ਜੀ ਕੋਲ ਸੀ ਤਾਂ ਉਨ੍ਹਾਂ ਨੂੰ ਚਿੱਠੀ ਲਿਖਣ ਦੀ ਕੀ ਲੋੜ ਪਈ। ਭਾਈ ਮਨੀ ਸਿੰਘ ਨੇ ਮੋੜਵੀ ਚਿਠੀ ਲਿਖੀ ਕਿ ਹਾਲੀ ਤੱਕ ਉਸ ਨੂੰ ਸਿਰਫ 303 ਚਰਿਤਰ ਮਿਲੇ ਹਨ, ਸ਼ਸਤਰਨਾਮਾਲਾ ਵਗੈਰਾ ਵਗੈਰਾ ਉਨ੍ਹਾਂ ਨੂੰ ਨਹੀਂ ਮਿਲੀਆਂ। ਦੂਸਰੀ ਗੱਲ ਜੋ ਇਨ੍ਹਾਂ ਨੇ ਸੁਪ੍ਰੀਮ ਕੋਰਟ ਦੇ ਜੱਜਾਂ ਬਾਰੇ ਲਿਖੀ ਹੈ, ਇਹ ਠੀਕ ਹੈ ਕਿ ਸਾਰੇ ਹੀ ਜੱਜ ਸਾਡੇ ਲਈ ਸਤਿਕਾਰਯੋਗ ਹੈ ਪਰ ਸਾਡੇ ਧਾਰਮਿਕ ਜੱਜ ਤਾਂ ਹਨ ਪੰਜਾਂ ਤਖ਼ਤਾਂ ਦੇ ਜਥੇਦਾਰ ਜਿਹੜੇ ਖ਼ੁਦ ਹੀ ਇਸ ਗ੍ਰੰਥ ਨੂੰ ਗੁਰੂ ਮੰਨਦੇ ਹਨ ਤੇ ਪਜਾਮਾਂ ਲਾਹ ਕੇ ਮੱਥਾ ਟੇਕਦੇ ਹਨ, ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਸਹੀ ਫੈਸਲਾ ਕਰਨਗੇ। ਇਸ ਲਈ ਇਹ ਤਾਂ ਤੁਸੀਂ ਹੀ ਸੰਗਤਾਂ ਨੂੰ ਜਾਗਰੂਕ ਕਰੋ ਫਿਰ ਬੇਸ਼ਕ ਇਨ੍ਹਾਂ ਤੋਂ ਕੁਝ ਬਚਾ ਹੋ ਸਕੇ ਨਹੀਂ ਇਹ ਤਾਂ ਸਾਡੇ ਇਤਿਹਾਸ ਤੇ ਸਿਧਾਂਤ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ।

ਨਿਊਯਾਰਕ ਤੋਂ ਕਾਲਰ ਨੰਬਰ ਦੋ ਨੇ ਕਿਹਾ ਕਿ ਤੁਹਾਡੇ ਰੇਡੀਓ ਰਾਹੀਂ ਆਡੀਓ ਕਲਿਪ ਸੁਣ ਕੇ ਸਮਝ ਆ ਗਈ ਹੈ ਕਿ ਹੁਣ ਬਿੱਲੀ ਪੂਰੀ ਤਰ੍ਹਾਂ ਥੈਲਿਓਂ ਬਾਹਰ ਆ ਗਈ ਹੈ ਤੇ ਇਹ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸਥਾਪਨ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸਿੱਖ ਆਤਮਕ ਤੌਰ ’ਤੇ ਪੂਰੀ ਤਰ੍ਹਾਂ ਮਰ ਚੁੱਕੇ ਹਨ ਇਸ ਲਈ ਪਹਿਲਾਂ ਇਨ੍ਹਾਂ ਨੇ ਇਤਿਹਾਸਕ ਨਿਸ਼ਾਨੀਆਂ ਢਾਹੀਆਂ, ਸਿੱਖ ਚੁੱਪ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕੀਤੇ ਗਏ, ਸਿੱਖ ਚੁੱਪ ਰਹੇ ਤੇ ਹੁਣ ਇਹ ਜੋ ਸਿੰਘ ਕਹਾਉਣ ਦੇ ਤਾਂ ਹੱਕਦਾਰ ਹੈ ਨਹੀਂ, ਧਰਮੇ ਵਰਗੇ ਪਤਾ ਨਹੀਂ ਕਿੰਨੇ ਹੋਰ ਹਨ ਜਿਹੜੇ ਸਾਡੇ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਇਤਿਹਾਸ ਨੂੰ ਮਲੀਆਮੇਟ ਕਰਨ ’ਤੇ ਤੁਲੇ ਹੋਏ ਹਨ। ਤੁਸੀਂ ਵਧਾਈ ਦੇ ਪਤਾਰ ਹੋ ਜਿਨ੍ਹਾਂ ਨੇ ਇਨ੍ਹਾਂ ਦੇ ਮੰਦ ਇਰਾਦੇ ਜੱਗ ਜ਼ਾਹਰ ਕੀਤੇ। ਹੁਣ ਸਿੱਖ ਕਹਾਉਣ ਵਾਲੇ ਸਾਡੇ ਆਗੂ, ਜਥੇਦਾਰ ਤੇ ਮੀਡੀਏ ਵਾਲਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਤੇ ਸਿਧਾਂਤ ਬਚਾਉਣ ਲਈ ਆਪਣਾ ਰੋਲ ਕਿਸ ਤਰ੍ਹਾਂ ਨਿਭਾਉਂਦੇ ਹਨ ਤੇ ਇਹ ਵੇਖਣ ਕਿ ਧਰਮੇ ਵਰਗਿਆਂ ਦੇ ਪਿਛੇ ਕੌਣ ਕੌਣ ਬੋਲ ਰਿਹਾ ਹੈ। ਹੋਸਟ ਕੁਲਦੀਪ ਸਿੰਘ ਨੇ ਡਾ: ਕੰਗ ਨੂੰ ਪੁੱਛਿਆ ਕਿ ਇਹ ਜਿੰਮੇਵਾਰੀ ਤਾ ਬਣਦੀ ਸੀ ਧਾਰਮਕ ਸੰਸਥਾਵਾਂ ਤੇ ਸੰਪ੍ਰਦਾਵਾਂ ਦੀ ਪਰ ਮੀਡੀਏ ਨੂੰ ਇਹ ਜਿੰਮੇਵਾਰੀ ਕਿਉਂ ਨਿਭਾਉਣੀ ਪੈ ਰਹੀ ਹੈ? ਡਾ: ਕੰਗ ਨੇ ਕਿਹਾ ਕਿ ਮੀਡੀਏ ਨੇ ਵੀ ਆਪਣੀਆਂ ਜਿੰਮੇਵਾਰੀਆਂ ਤਹਿ ਕਰਨੀਆਂ ਤੇ ਨਿਭਾਉਣੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਸਿੱਖ ਧਰਮ ਸਾਰੀ ਮਨੁਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਇਸ ਲਈ ਮੀਡੀਏ ਨਾਲ ਜੁੜੇ ਸਿੱਖਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੇਖੇ ਕਿ ਕਿਥੇ ਕਿਥੇ ਦੁਸ਼ਵਾਰੀਆਂ ਪੈਦਾ ਹੋ ਰਹੀਆਂ ਹਨ ਤੇ ਉਨ੍ਹਾਂ ਨੂੰ ਜੱਗ ਜ਼ਾਹਰ ਕਰਕੇ ਮਨੁਖਤਾ ਦਾ ਭਲਾ ਕੀਤਾ ਜਾਵੇ। ਇਸ ਪੱਖੋਂ ਸ਼ੇਰੇ ਪੰਜਾਬ ਦੀ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ ਕਿ ਇਹ ਆਪਣੀਆਂ ਜਿੰਮੇਵਾਰੀਆਂ ਠੀਕ ਢੰਗ ਨਾਲ ਨਿਭਾ ਰਹੀ ਹੈ।

ਦੁਗਰੀ ਲੁਧਿਆਣਾ ਤੋਂ ਇੱਕ ਕਾਲਰ ਸਤਪਾਲ ਸਿੰਘ ਨੇ ਕਿਹਾ ਕਿ ਦਸਮ ਗ੍ਰੰਥ ਦੇ ਸਮਰਥਕ ਇਸ ਦਾ ਸਿਧਾਂਤ ਆਪਣੇ ਘਰ ਤੋਂ ਹੀ ਲਾਗੂ ਕਰਨ ਤਾਂ ਇਨ੍ਹਾਂ ਨੂੰ ਪਤਾ ਲਗ ਜਾਵੇਗਾ ਕਿ ਇਸ ਦੀ ਸਿਖਿਆ ਨਾਲ ਘਰ ਦਾ ਮਹੌਲ ਕਿਸ ਤਰ੍ਹਾਂ ਦਾ ਬਣਦਾ ਹੈ। ਇੱਕ ਹੋਰ ਕਾਲਰ ਗੁਰਚਰਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮਕਾਲੀ ਕਵੀ ਭਾਈ ਨੰਦ ਲਾਲ ਜੀ ਦੀਆਂ ਦੋ ਪੁਸਤਕਾਂ ਰਹਿਤਨਾਮਾ ਤੇ ਤਨਖ਼ਾਹਨਾਮਾ ਦਾ ਹਵਾਲਾ ਦੇ ਕੇ ਦੱਸਿਆ ਕਿ ਤਨਖ਼ਾਹਨਾਮਾ 1699 ਤੋਂ ਪਿਛੋਂ ਲਿਖਿਆ ਗਿਆ ਹੈ ਕਿਉਂਕਿ ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਸਿੰਘ ਸ਼ਬਦ ਵਰਤਿਆ ਗਿਆ ਹੈ, ਇਨ੍ਹਾਂ ਦੋਵਾਂ ਵਿੱਚ ਕਿਧਰੇ ਵੀ ਦਸਮ ਗ੍ਰੰਥ ਦਾ ਜ਼ਿਕਰ ਤੱਕ ਨਹੀਂ ਹੈ। ਸੈਨਾਪਤੀ ਗੁਰ ਸੋਭਾ ਗੰਥ 1711 ਵਿੱਚ, ਪਰਚੀਆਂ ਸੇਵਾਦਾਸ 1850 ਤੋਂ 1860 ਦੇ ਵਿਚਕਾਰ ਲਿਖੀਆਂ ਮੰਨੀਆਂ ਗਈਆਂ ਹਨ, ਇਨ੍ਹਾਂ ਵਿੱਚ ਵੀ ਜ਼ਿਕਰ ਨਹੀਂ ਹੈ। ਦਸਮ ਗ੍ਰੰਥ ਦਾ ਪਹਿਲੀ ਵਾਰ ਗਿਆਨੀ ਗਿਆਨ ਸਿੰਘ ਵਲੋਂ 1880 ਵਿੱਚ ਲਿਖੇ ਗ੍ਰੰਥ ਵਿੱਚ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਭਾਈ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਨੇ ’ਸੰਤਨ ਕੀ ਸੁਣਿ ਸਾਚੀ ਸਾਖੀ ॥ ਸੋ ਬੋਲਹਿ ਜੋ ਪੇਖਹਿ ਆਖੀ ॥’ ਦਾ ਹਵਾਲਾ ਦੇ ਕੇ ਕਿਹਾ ਸੀ ਗੁਰੂ ਸਾਹਿਬ ਨੇ ਉਹ ਹੀ ਲਿਖਿਆ ਜੋ ਉਨ੍ਹਾਂ ਆਪਣੀ ਅੱਖੀਂ ਵੇਖਿਆ। ਬਹੁਤ ਸਾਰੇ ਚਰਿੱਤ੍ਰ ਐਸੇ ਹਨ ਜਿਨਾਂ ਦਾ ਵੇਰਵਾ ਉਹ ਦੱਸ ਨਹੀਂ ਸਕਦੇ ਪਰ ਇੱਕ ਚਰਿਤਰ ਵਿੱਚ ਲਿਖਿਆ ਹੈ, ਤੇਜ ਉਸਤਰੇ ਨਾਲ ਝਾਂਡਾਂ ਮੁੰਨੀਆਂ। ਉਨ੍ਹਾਂ ਕਿਹਾ ਗੁਰਪ੍ਰੀਤ ਸਿੰਘ ਅਨੁਸਾਰ ਕੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਕੋਲ ਬੈਠੇ ਸਨ। ਡਾ: ਕੰਗ ਨੇ ਕਿਹਾ ਕਿ ਦਸਮ ਗ੍ਰੰਥ ਦੇ ਹਮਾਇਤੀ ਕਹਿ ਰਹੇ ਹਨ ਕਿ ਗੁਰੂ ਸਾਹਿਬ ਨੇ ਸੈਕਸ ਸਿਖਿਆ ਦੇਣ ਲਈ ਇਹ ਚਰਿਤਰ ਲਿਖੇ ਹਨ। ਉਨ੍ਹਾਂ ਕਿਹਾ ਮੰਨ ਲੈਂਦੇ ਹਾਂ ਕਿ ਸਿੱਖ ਧਰਮ ਇੱਕ ਨਵੇਂ ਯੁਗ ਦਾ ਧਰਮ ਹੋਣ ਕਰਕੇ ਉਸ ਵੇਲੇ ਸੈਕਸ ਸਿਖਿਆ ਦੇਣ ਵਾਸਤੇ ਹੀ ਲਿਖੇ ਹੋਣ ਪਰ ਇਸ ਵਿੱਚ ਵਰਤੀ ਗਈ ਭਾਸ਼ਾ ਬਹੁਤ ਹੀ ਅਸਭਿਅਕ ਹੈ ਜਿਹੜੀ ਕਿ ਗੁਰੂ ਸਾਹਿਬ ਨਹੀਂ ਵਰਤ ਸਕਦੇ। ਉਨ੍ਹਾਂ ਕਿਹਾ ਕਿ ਗਾਲਾਂ ਕੱਢਣ ਵੇਲੇ ਸ਼ਬਦ ਹੋਰ ਵਰਤੇ ਜਾਂਦੇ ਹਨ ਪਰ ਮੈਡੀਕਲ ਸਾਇੰਸ ਦੀ ਸਿਖਿਆ ਦੇਣ ਵੇਲੇ ਹੋਰ। ਗੁਰੂ ਗੋਬਿੰਦ ਸਿੰਘ ਜੀ ਜਿਹੜੇ ਚੋਟੀ ਦੇ ਵਿਦਵਾਨ ਸਨ ਉਨ੍ਹਾਂ ਕੋਲ ਸ਼ਬਦ ਭੰਡਾਰ ਦੀ ਕੋਈ ਕਮੀ ਨਹੀਂ ਸੀ ਕਿ ਇਸ ਤਰ੍ਹਾਂ ਦੀ ਹਲਕੀ ਤੇ ਅਸਿਭਿਅਕ ਸ਼ਬਦਾਵਲੀ ਉਨ੍ਹਾਂ ਨੇ ਵਰਤੀ ਹੋਵੇ।

ਸ: ਕੁਲਦੀਪ ਸਿੰਘ ਨੇ ਡਾ: ਕੰਗ ਤੋਂ ਪੁੱਛਿਆ ਕਿ ਕੀ ਇਹ ਗੱਲ ਜਚਦੀ ਹੈ ਕਿ 18 ਘੰਟੇ ਪਹਿਲਾਂ ਦਸਮ ਗ੍ਰੰਥ ਦੀਆਂ ਪੋਥੀਆਂ, ਮਾਤਾ ਜੀ, ਛੋਟੇ ਸਾਹਿਬਜ਼ਾਦੇ ਇੱਕ ਰੱਥ ਰਾਹੀਂ ਬਾਹਰ ਕੱਢ ਦਿੱਤੇ ਹੋਣ? ਡਾ: ਕੰਗ ਨੇ ਕਿਹਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਨਾ ਸਿੱਖ ਇਤਿਹਾਸ ਦੀ ਇੱਕ ਅਹਿਮ ਘਟਨਾ ਹੈ ਜਿਸ ਵਿੱਚ ਕਿਧਰੇ ਵੀ 18 ਘੰਟੇ ਪਹਿਲਾਂ ਕੱਢਣ ਦਾ ਜ਼ਿਕਰ ਤੱਕ ਨਹੀਂ ਹੈ। ਜੇ ਇਹ ਮੰਨ ਲਿਆ ਜਾਵੇ ਤਾਂ ਸਾਡਾ ਸਾਰਾ ਹੀ ਇਤਿਹਾਸ ਗਲਤ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇ ਕੱਲ੍ਹ ਨੂੰ ਇਹ ਦਾਅਵਾ ਕਰ ਦੇਣ ਕਿ ਸਾਡੇ ਘਰੋਂ ਹੀ ਸਬੂਤ ਮਿਲੇ ਹਨ ਕਿ ਸਾਡੇ ਵੱਡ ਵਡੇਰੇ ਹੀ ਉਸ ਰੱਥ ਨੂੰ ਹੱਕ ਕੇ ਲਿਆਏ ਸਨ। ਕੁਲਦੀਪ ਸਿੰਘ ਨੇ ਕਿਹਾ ਕਿ ਮੁਗਲ ਫੌਜ ਵਿੱਚ ਵੀ ਇਨ੍ਹਾਂ ਦੇ ਵੱਡ ਵਡੇਰੇ ਹੀ ਹੋਣਗੇ ਜਿਨ੍ਹਾਂ ਨੇ ਕਿਹਾ ਹੋਵੇਗਾ ਕਿ ਦਸਮ ਗ੍ਰੰਥ ਤਾਂ ਸੁਰੱਖਿਅਤ ਕੱਢ ਕੇ ਲੈ ਜਾਵੋ ਤੇ ਬਾਕੀ ਅਸੀਂ ਸਭ ਕੁਝ ਅਸੀਂ ਰੋੜ ਦੇਣਾ ਹੈ।

’ਦਸਮ ਗ੍ਰੰਥ ਦਾ ਲਿਖਾਰੀ ਕੌਣ’ ਪੁਸਤਕ ਦੇ ਲਿਖਾਰੀ ਜਸਬਿੰਦਰ ਸਿੰਘ ਦੁਬਈ ਨੂੰ ਲਾਈਨ ’ਤੇ ਲਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਨਹੀਂ ਹੈ ਇਹ ਰਾਮ, ਸ਼ਾਮ, ਕਾਲ, ਸੂਮ, ਕ੍ਰਿਸ਼ਨ ਆਦਿਕ ਸਾਕਤਮਤੀ ਕਵੀਆਂ ਦੀ ਸਾਂਝੀ ਕ੍ਰਿਤ ਹੈ ਜਿਹੜੀ ਗੁਰੂ ਸਾਹਿਬ ਦੇ ਨਾਮ ’ਤੇ ਧੱਕੇ ਨਾਲ ਮੜੀ ਦਿੱਤੀ ਹੈ ਤਾ ਕਿ ਸਿੱਖਾਂ ਵਿੱਚ ਵਿਭਚਾਰ, ਨਸ਼ਾ ਪਾਣੀ ਤੇ ਹੋਰ ਕੁਕਰਮ ਵਧਾਏ ਜਾ ਸਕਣ। ਉਨ੍ਹਾਂ ਥੋਹੜੇ ਹੀ ਸ਼ਬਦਾਂ ਵਿੱਚ ਤ੍ਰਿਆ ਚਰਿਤ੍ਰਾਂ ਦੀ ਅਸਲੀਅਤ ਪ੍ਰਗਟ ਕਰਦਿਆਂ ਕਿਹਾ ਕਿ ਗੈਰਇਖਲਾਕੀ ਪੈਦਾ ਕਰਨ ਲਈ ਇਸ ਦੇ ਚਰਿਤਰ ਨੰਬਰ 19, 166, 259, 295 ਵਿੱਚ ਮਾਂ ਦੇ ਪੁੱਤ ਨਾਲ ਨਜਾਇਜ਼ ਸਬੰਧ/ਸੰਭੋਗ। 60, 119, 212, 208, 371 ਵਿੱਚ ਭੈਣ ਭਰਾ ਅਤੇ 183 ਵਿੱਚ ਪਿਉ ਧੀ ਦੇ ਸੰਭੋਗ ਦਾ ਜ਼ਿਕਰ ਹੈ। ਪਰਾਈ ਔਰਤ ਅਤੇ ਪਰਾਏ ਮਰਦ ਦੇ ਸੰਬੰਧਾਂ ਦਾ ਤਾਂ ਸਾਰੇ ਹੀ ਚਰਿੱਤਰਾਂ ਵਿੱਚ ਜ਼ਿਕਰ ਹੈ। ਚਰਿਤਰ ਨੰਬਰ 2, 10, 11, 12, 13, 16, 17, 18, 19, 20, 21, 24, 25, 30, 40, 50 ਵਿੱਚ ਔਰਤ ਜਾਤ ਦਾ ਰੱਜ ਕੇ ਅਪਮਾਨ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦਾ 21, 22, 23 ਅਤੇ 71 ਵਿੱਚ ਘੋਰ ਅਪਮਾਨ ਕੀਤਾ ਗਿਆ ਹੈ। 49 ਨੰਬਰ ਵਿੱਚ ਗੁਰਸਿੱਖਾਂ ਦਾ ਅਪਮਾਨ ਕੀਤਾ ਗਿਆ ਹੈ। ਪੰਜਾਂ ਪਿਆਰਿਆਂ ਨੂੰ 364 ਨੰਬਰ ਵਿੱਚ ਰਗੜੇ ਲਾਏ ਗਏ ਹਨ। 62 ਨੰਬਰ ਵਿੱਚ ਰਾਜਾ ਮਹਾਂ ਸਿੰਘ ਨੂੰ ਚੋਰਾਂ ਦਾ ਸਰਦਾਰ ਦੱਸਿਆ ਗਿਆ ਹੈ। 93 ਨੰਬਰ ਵਿੱਚ ਜੁਲਾਹੇ ਦਾ ਰੱਜ ਕੇ ਅਪਮਾਨ ਕਰਦਿਆਂ ਉਸ ਦੇ ਸਿਰ ਵਿੱਚ 10000 ਜੁੱਤੀਆਂ ਪੈਂਦੀਆਂ ਵਿਖਾਇਆ ਗਿਆ ਹੈ। 78 ਵਿੱਚ ਤਰਖਾਣਾਂ ਦਾ, 89 ਵਿੱਚ ਜੱਟਾਂ ਦਾ, 90 ਵਿੱਚ ਸੁਨਿਆਰ ਅਤੇ 94 ਵਿੱਚ ਬ੍ਰਹਮਣ ਦਾ ਰੱਜ ਕੇ ਅਪਮਾਨ ਕੀਤਾ ਗਿਆ ਹੈ। ਸਿੱਖ ਧਰਮ ਵਿੱਚ ਕੇਸ ਕੱਟਣ ਦੀ ਸਖਤ ਮਨਾਹੀ ਹੈ ਪਰ ਚਰਿਤਰ ਨੰਬਰ 134, 138, 190, 276, 290, 349, 352, 377 ਵਿੱਚ ਵਾਲ ਸਫ਼ਾ ਲਾ ਕੇ ਵਾਲ ਉਤਾਰਨ ਤੇ ਵਿਭਚਾਰ ਕਰਨ ਦੀ ਸਿਖਿਆ ਦਿੱਤੀ ਗਈ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਸਮੇਂ ਚਾਰ ਬੱਜਰ ਕੁਰਹਿਤਾਂ ਤੋਂ ਬਚਣ ਦਾ ਉਪਦੇਸ਼ ਦਿਤਾ ਹੈ ਪਰ ਇਸ ਗ੍ਰੰਥ ਵਿਚ ਇਹ ਕੁਰਹਿਤਾਂ ਤੇ ਨਸ਼ੇ ਵਰਤਣ ਦੇ ਢੰਗ ਦੱਸੇ ਗਏ ਹਨ।

ਉਨ੍ਹਾਂ ਕਿਹਾ ਦੁਨੀਆਂ ਵਿੱਚ ਹੈ ਕੋਈ ਐਸਾ ਵਿਆਕਤੀ ਜਿਹੜਾ ਇਨ੍ਹਾਂ ਦਸਮ ਗ੍ਰੰਥ ਸਮਰਥਕਾਂ ਨੂੰ ਸਮਝਾਏ ਕਿ ਚਾਰ ਬੱਜਰ ਕੁਰਹਿਤਾਂ ਤੋਂ ਬਚਣ ਦਾ ਉਪਦੇਸ਼ ਦੇਣ ਸਮੇਂ ਗੁਰੂ ਸਾਹਿਬ ਝੂਠ ਬੋਲਦੇ ਸਨ ਜਾਂ ਇਸ ਦਸਮ ਗ੍ਰੰਥ ਵਿਚ ਇਹ ਕੁਰਹਿਤਾਂ ਕਰਨ ਦਾ ਉਪਦੇਸ਼ ਦੇਣ ਦਾ ਝੂਠ ਲਿਖਿਆ ਹੈ। ਭਾਈ ਜਸਬਿੰਦਰ ਸਿੰਘ ਨੇ ਕਿਹਾ ਕਿ ਜਹਾਂਗੀਰ ਤੇ ਨੂਰ ਜਹਾਂ 48 ਨੰਬਰ ਚਰਿਤਰ, ਰਾਧਾ ਤੇ ਕ੍ਰਿਸ਼ਨ ਦੀ ਪ੍ਰੇਮ ਕਹਾਣੀ 80, ਜਹਾਂਗੀਰ ਦੇ ਪੁੱਤਰ ਸ਼ਾਹ ਜਹਾਂ ਦੀ ਕਹਾਣੀ 82, ਵੈਰਮ ਖਾਂ ਦੀ 86, ਰਾਜਾ ਰਸਾਲੂ ਦੀ ਕਹਾਣੀ 97, ਹੀਰ ਰਾਂਝਾ ਦੀ 98, ਸੋਹਣੀ ਮਹੀਵਾਲ 101, ਰਾਜਾ ਦਸਰਥ ਤੇ ਕਕਈ 102, ਸ਼ਾਹ ਜਲਾਲ ਤੇ ਬੂਬਨਾ 103, ਸੱਸੀ ਪੰਨੂ ਦੀ ਕਹਾਣੀ, ਕਪਿਲ ਮੁਨੀ ਦਾ ਬੀਰਜ ਧਰਤੀ ’ਤੇ ਡਿੱਗਾ 108,109, ਗੌਤਮ ਤੇ ਅਹਿਲਿਆ ਦੀ ਕਹਾਣੀ 115, ਸਾਰਿੰਗ ਮੁਨੀ ਦੀ 114, ਸ਼ੁਕਰਾਚਾਰਯ 117, ਰਾਮ ਰਾਵਣ ਦੀ ਲੜਾਈ 125, ਮਿਰਜ਼ਾ ਸਾਹਿਬਾਂ 129, ਕੌਰਵ ਪਾਂਡਵ ਦੀ ਲੜਾਈ 137 ਸੈਨ ਖਾਂ ਤੇ ਖੇਰੀ ਦੀ ਲੜਾਈ 147, ਅਕਬਰ ਜੁਤੀਆਂ ਨਾਲ ਕੁੱਟਿਆ ਗਿਆ 185, 122, ਚਿਤੌੜਗੜ੍ਹ ਦੇ ਰਾਜੇ ਦੀ ਜੈਨਾਲਾਵਾਦੀ ਨਾਲ ਲੜਾਈ 199, ਸ਼ੇਰ ਸ਼ਾਹ ਸੂਰੀ ਦੇ ਘੋੜੇ ਚੋਰੀ 246, ਕ੍ਰਿਸ਼ਨ ਤੇ ਰੁਕਮਨੀ ਦੀ ਕਹਾਣੀ 320, ਅੰਗਰੇਜ਼ਾਂ ਨਾਲ ਲੜਾਈ 331, ਮਨੀਕਰਨ ਦੀ ਕਹਾਣੀ 337 ਨੰਬਰ ਚਰਿਤਰ ਵਿੱਚ ਬੜੇ ਵਿਸਥਾਰ ਨਾਲ ਦਰਜ਼ ਹੈ। ਭਾਈ ਜਸਬਿੰਦਰ ਸਿੰਘ ਨੇ ਪੁੱਛਿਆ ਕਿ ਜਿਹੜੇ ਸੂਰਬੀਰ, ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਯੁੱਧ ਲੜਦੇ ਰਹੇ ਉਨ੍ਹਾਂ ਦੀ ਕਹਾਣੀ ਤਾਂ ਗੁਰੂ ਸਾਹਿਬ ਨੇ ਲਿਖੀ ਨਹੀਂ ਫਿਰ ਉਕਤ ਕਹਾਣੀਆਂ ਲਿਖਣ ਦੀ ਉਨ੍ਹਾਂ ਨੂੰ ਕੀ ਲੋੜ ਪੈ ਗਈ ਸੀ? ਡਾ: ਕੰਗ ਨੇ ਭਾਈ ਜਸਬਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੰਨੀ ਬਰੀਕੀ ਨਾਲ ਤੁਸੀਂ ਦਸਮ ਗ੍ਰੰਥ ਦਾ ਅਧਿਐਨ ਕੀਤਾ ਹੈ ਸ਼ਾਇਦ ਇੰਨਾਂ ਇਸ ਨੂੰ ਮੰਨਣ ਵਾਲਿਆਂ ਨੇ ਵੀ ਨਾ ਕੀਤਾ ਹੋਵੇ। ਉਨ੍ਹਾਂ ਪੁੱਛਿਆ ਕਿ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧ ਕਰਨ ਵਾਲਿਆਂ ਲਈ ਅੱਜ ਦੀ ਤਰੀਖ ਵਿੱਚ ਤੁਸੀਂ ਕਿੰਨਾ ਇਨਾਮ ਰੱਖਿਆ ਹੈ, ਉਹ ਦੱਸ ਦੇਣਾ ਸ਼ਾਇਦ ਇਨਾਮ ਨੂੰ ਸੁਣ ਕੇ ਹੀ ਕੋਈ ਇੱਥੇ ਆ ਜਾਵੇ। ਸ: ਜਸਬਿੰਦਰ ਸਿੰਘ ਨੇ ਕਿਹਾ ਕਿ ਸ਼ੁਰੂ ਵਿੱਚ ਉਨ੍ਹਾਂ 10 ਲੱਖ ਇਨਾਮ ਰੱਖਿਆ ਸੀ। ਫਿਰ ਵਧਾ ਕੇ 50 ਲੱਖ, ਫਿਰ ਇੱਕ ਕਰੋੜ, ਫਿਰ 2 ਕਰੋੜ ਅਤੇ ਹੁਣ ਵਧਾ ਕੇ 5 ਕਰੋੜ ਦਾ ਇਨਾਮ ਰੱਖ ਦਿੱਤਾ ਹੈ ਪਰ ਕੋਈ ਮਾਈ ਦਾ ਲਾਲ, ਕੋਈ ਵਿਦਵਾਨ ਉਨ੍ਹਾਂ ਦੀ ਚੁਣੌਤੀ ਕਬੂਲਣ ਲਈ ਨਹੀਂ ਆਇਅ। ਡਾ: ਕੰਗ ਨੇ ਹੋਸਟ ਕੁਲਦੀਪ ਸਿੰਘ ਨੂੰ ਸੰਬੋਧਨ ਹੁੰਦੇ ਕਿਹਾ ਕਿ ਇਨਾਮ ਦੀ ਰਾਸ਼ੀ ਦਾ ਲਗਾਤਾਰ ਵਧਣਾ ਦਸਦਾ ਹੈ ਕਿ ਇਨ੍ਹਾਂ ਨੇ ਜਿੰਨੀ ਵਾਰ ਦਸਮ ਗ੍ਰੰਥ ਪੜ੍ਹਿਆ ਹੋਵੇਗਾ ਇਨ੍ਹਾਂ ਵਿੱਚ ਹੋਰ ਪ੍ਰਪੱਕਤਾ ਆਈ ਹੋਵੇਗੀ ਕਿ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ ਇਸੇ ਲਈ ਇਨਾਮ ਦੀ ਰਾਸ਼ੀ ਵਧਾ ਰਹੇ ਹਨ।

ਮੰਡੀ ਗੋਬਿੰਦਗੜ੍ਹ ਤੋਂ ਇਕ ਕਾਲਰ ਸੁਖਵਿੰਦਰ ਸਿੰਘ ਨੇ ਕਿਹਾ ਮੈਂ ਪਿਛਲੇ ਤਿੰਨ ਚਾਰ ਸਾਲ ਤੋਂ ਦਸਮ ਗ੍ਰੰਥ ਦੇ ਵਿਰੋਧੀਆਂ ਤੇ ਸਮਰਥਕਾਂ ਦੀ ਗੱਲ ਸੁਣ ਰਿਹਾ ਹਾਂ ਪਰ ਅੱਜ ਤੱਕ ਕਿਸੇ ਇੱਕ ਵੀ ਸਿੱਖ ਨੇ ਵਿਰੋਧੀਆਂ ਦੀ ਗੱਲ ਸੁਣ ਕੇ ਚੌਪਈ ਦਾ ਪਾਠ ਕਰਨਾ ਨਹੀਂ ਛੱਡਿਆ। ਇਸ ਦੇ ਵਿੱਚ ਹੀ ਚੌਪਈ ਹੈ, ਇਸ ਦੇ ਵਿੱਚ ਹੀ ਜਾਪੁ ਸਾਹਿਬ, ਸਵੱਯੇ ਅਕਾਲ ਉਸਤਤਿ ਅਤੇ ਜ਼ਫ਼ਰਨਾਮਾ ਹੈ। ਜੇ 10 ਕੁਇੰਟਲ ਦੁੱਧ ਵਿੱਚ ਮੱਖੀ ਡਿਗ ਪਵੇ ਤਾਂ ਮੱਖੀ ਕੱਢ ਕੇ ਬਾਹਰ ਸੁੱਟਣੀ ਹੈ ਜਾਂ 10 ਕੁਇੰਟਲ ਦੁੱਧ ਸੁਟਣਾ ਹੈ। ਹੋਸਟ ਕੁਲਦੀਪ ਸਿੰਘ ਨੇ ਕਿਹਾ ਕਿ ਜਿਹੜੀਆਂ ਬਾਣੀਆਂ ਵਿਦਵਾਨਾਂ ਵਲੋਂ ਪ੍ਰਵਾਨ ਕਰਕੇ ਸਿੱਖ ਰਹਿਤ ਮਰਿਆਦਾ ਵਿੱਚ ਦਰਜ਼ ਕਰ ਦਿੱਤੀਆਂ ਹਨ ਅਸੀਂ ਉਨ੍ਹਾਂ ਦੀ ਗੱਲ ਨਹੀਂ ਕਰ ਰਹੇ ਬਾਕੀ ਤ੍ਰਿਆ ਚਰਿਤਰਾਂ ਬਾਰੇ ਤੁਹਾਡਾ ਕੀ ਖਿਆਲ ਹੈ। ਅਸਲੀ ਸਵਾਲ ਨੂੰ ਟਾਲਣ ਲਈ ਸੁਖਵਿੰਦਰ ਸਿੰਘ ਨੇ ਕਿਹਾ ਚਰਿੱਤਰਾਂ ਦੀ ਗੱਲ ਫਿਰ ਕਰਾਂਗੇ ਪਹਿਲਾਂ ਚੌਪਈ ਬਾਰੇ ਦੱਸੋ। ਕੁਲਦੀਪ ਸਿੰਘ ਨੇ ਕਿਹਾ ਅਸੀਂ ਦੁੱਧ ਸੁੱਟਣ ਦੀ ਗੱਲ ਨਹੀਂ ਕਰ ਰਹੇ ਮੱਖੀ ਕੱਢ ਕੇ ਸੁੱਟਣ ਦੀ ਗੱਲ ਹੀ ਕਰ ਰਹੇ ਹਾਂ ਨਿਤਨੇਮ ਦੀਆਂ 5 ਬਾਣੀਆਂ ’ਚੋਂ ਤਿੰਨ ਬਾਣੀਆਂ ’ਤੇ ਕੋਈ ਕਿੰਤੂ ਨਹੀਂ ਹੈ। ਡਾ: ਕੰਗ ਨੇ ਵੀ ਸ: ਕੁਲਦੀਪ ਸਿੰਘ ਦੀ ਤਾਈਦ ਕਰਦੇ ਹੋਏ ਕਿਹਾ ਕਿ ਵਿਦਵਾਨਾਂ ਨੇ ਕੁਝ ਹਿੱਸੇ ਨੂੰ ਪ੍ਰਵਾਨ ਕਰ ਲਿਆ ਹੈ ਜਿਸ ਵਿੱਚ ਨਿਤਨੇਮ ਦੀਆਂ ਤਿੰਨ ਬਾਣੀਆਂ ਸ਼ਾਮਲ ਹਨ ਉਨ੍ਹਾਂ ’ਤੇ ਸਾਡਾ ਕੋਈ ਇਤਰਾਜ਼ ਨਹੀਂ ਗੱਲ ਸਿਰਫ ਦੁੱਧ ਵਿੱਚੋਂ ਮੱਖੀ ਕੱਢ ਕੇ ਬਾਹਰ ਸੁੱਟਣ ਦੀ ਹੈ।

ਰਮਿੰਗਟਨ ਤੋਂ ਇੱਕ ਕਾਲਰ ਗੁਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਜਿਸ ਭਾਈ ਸਾਹਿਬ ਨੂੰ ਤੁਸੀਂ ਬੁਲਾਇਆ ਸੀ ਉਸ ਨੂੰ ਤਾਂ ਭਾਈ ਸਾਹਿਬ ਕਹਿਣਾ ਹੀ ਗਲਤ ਹੈ ਪਰ ਸਭਿਅਕ ਭਾਸ਼ਾ ਵਰਤਣੀ ਪੈ ਰਹੀ ਹੈ। ਹੁਣ ਤੱਕ ਤਾਂ ਅਸੀਂ ਇਹ ਹੀ ਸਮਝ ਰਹੇ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਕਰਨਾ ਚਾਹੁੰਦੇ ਹਨ ਪਰ ਹੁਣ ਇਸ ਧਰਮ ਸਿੰਘ ਨੂੰ ਸੁਣ ਕੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਨੇ ਆਪਣਾ ਮੁੱਦਾ ਬਦਲ ਲਿਆ ਹੈ ਕਿਉਂਕਿ ਇਨ੍ਹਾਂ ਦਾ ਇਹ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਹੀ ਨਹੀਂ ਦਿੱਤੀ ਇਹ ਸਾਬਤ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਤੋਂ ਲਾਹ ਕੇ ਬਚਿੱਤਰ ਨਾਟਕ ਨੂੰ ਗੱਦੀ ’ਤੇ ਸਥਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਬਾਰੇ ਇਸ ਧਰਮ ਸਿੰਘ ਨੂੰ ਕਿੰਨਾ ਕੁ ਗਿਆਨ ਹੈ ਉਹ ਇਨ੍ਹਾਂ ਦੀ ਵੈੱਬਸਾਈਟ ’ਤੇ ਜਾ ਕੇ ਵੇਖਿਆ ਜਾ ਸਕਦਾ ਹੈ, ਇਹ ਕਹਿੰਦਾ ਹੈ ਕੁਬੁੱਧ ਤੇ ਜ਼ੁਲਮ ਆਦਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦੇ ਹੀ ਨਹੀਂ ਇਹ ਸਿਰਫ ਦਸਮ ਗ੍ਰੰਥ ਵਿੱਚ ਹੀ ਆਉਂਦੇ ਹਨ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਘੱਟ ਤੋਂ ਘੱਟ 6-7 ਵਾਰੀ ਆਉਂਦੇ ਹਨ ਇਸ ਤੋਂ ਪਤਾ ਲਗਦਾ ਹੈ ਕਿ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਕੁ ਗਿਆਨ ਹੈ। ਜਿਹੜਾ ਬੰਦਾ ਆਪਣੀ ਵੈੱਬ ਸਾਈਟ’ਤੇ ਕਹਿ ਰਿਹਾ ਹੈ ਕਿ ਦਸਮ ਗ੍ਰੰਥ ਵਿਦਵਾਨਾਂ ਦਾ ਵਿਸ਼ਾ ਨਹੀਂ ਇਹ ਧਰਮੀ ਬੰਦਿਆਂ ਦਾ, ਗੁਰਮੁਖਾਂ ਦਾ ਵਿਸ਼ਾ ਹੈ ਹੁਣ ਉਹੀ ਬੰਦਾ ਲਿਖ ਕੇ ਭੇਜ ਰਿਹਾ ਹੈ ਕਿ ਫੈਸਲਾ ਹਾਈ ਕੋਰਟ ਦੇ ਜੱਜਾਂ ਤੋਂ ਕਰਵਾਇਆ ਜਾਵੇ। ਕੀ ਹੁਣ ਇਸ ਨੂੰ ਜੱਜ ਸਿੱਖ ਧਰਮ ਦੇ ਬਾਨੀ ਦਿੱਸਣ ਲੱਗ ਪਏ?

ਡਾ: ਕੰਗ ਨੇ ਕਿਹਾ ਕਿ ਅੱਜ ਦੀ ਗੱਲਬਾਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਲੋਕ ਹੁਣ ਸਿਰਫ ਦਸਮ ਗ੍ਰੰਥ ਨੂੰ ਮਾਣਤਾ ਦਿਵਾਉਣ ਤੱਕ ਹੀ ਸੀਮਤ ਨਹੀਂ ਰਹੇ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਗੁਰੂਤਾ ਨੂੰ ਰੱਦ ਕਰਨ ’ਤੇ ਤੁਲੇ ਹੋਏ ਹਨ ਇਹ ਸਿੱਖ ਧਰਮ ਲਈ ਇੱਕ ਵੱਡੀ ਚੁਣੌਤੀ ਹੈ। ਹੁਣ ਵੇਖਦੇ ਹਾਂ ਕਿ ਤਖ਼ਤਾਂ ਦੇ ਜਥੇਦਾਰ ਆਪਣੇ ਆਪ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਦੇ ਹਨ ਜਾਂ ਕਿਸੇ ਵਲੋਂ ਸ਼ਿਕਾਇਤ ਦੀ ਉਡੀਕ ਕਰਨਗੇ। ਦੁਨਿਆਵੀ ਅਦਾਲਤਾਂ ਵੀ ਆਪਣੇ ਤੌਰ ’ਤੇ ਕਿਸੇ ਵਿਰੁਧ ਕਰਵਾਈ ਕਰ ਸਕਦੇ ਹਨ ਇਹ ਤਾਂ ਧਾਰਮਕ ਅਦਾਲਤਾਂ ਹਨ ਇਸ ਲਈ ਜਦ ਗੁਰੂ ਗ੍ਰੰਥ ਸਾਹਿਬ ’ਤੇ ਏਡਾ ਵੱਡਾ ਹਮਲਾ ਕੀਤਾ ਜਾ ਰਿਹਾ ਹੈ ਤਾਂ ਜਥੇਦਾਰਾਂ ਨੂੰ ਕਿਸੇ ਸ਼ਿਕਾਇਤ ਦੀ ਉਡੀਕ ਨਹੀਂ ਕਰਨੀ ਚਾਹੀਦੀ ਆਪਣੇ ਆਪ ਧਰਮ ਸਿੰਘ ਵਰਗਿਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਹੋਸਟ ਸ: ਕੁਲਦੀਪ ਸਿੰਘ ਨੇ ਕਿਹਾ ਤੁਸੀਂ ਮੇਰੀ ਗੱਲ ਨੋਟ ਕਰ ਲਵੋ ਅਜਿਹੇ ਬੰਦਿਆਂ ਨੂੰ ਸਨਮਾਨਤ ਕਰਨਗੇ ਪੰਥ ਵਿੱਚੋਂ ਖ਼ਾਰਜ਼ ਨਹੀਂ ਕਰਨਗੇ।

ਇੱਕ ਕਾਲਰ ਨਿਰਮਲ ਸਿੰਘ ਨੇ ਕਿਹਾ ਗੁਰਬਾਣੀ ਦਾ ਬੜਾ ਸੁੰਦਰ ਫੁਰਮਾਨ ਹੈ: ’ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥’ ਇਸ ਮੁਤਾਬਕ ਜਿਨ੍ਹਾਂ ਨੇ ਤੁਹਾਨੂ ਚੁਣੌਤੀ ਦਿੱਤੀ ਸੀ ਉਨ੍ਹਾਂ ਦੀ ਅੰਤ੍ਰੀਵ ਵੇਦਨਾਂ ਵਿਦਵਾਨਾਂ ਦੇ ਸਾਹਮਣੇ ਉੱਘੜ ਆਈ ਹੈ। ਇਨ੍ਹਾਂ ਦਾ ਲੁਕਿਆ ਏਜੰਡਾ ਸਿਰਫ ਅੱਜ ਹੀ ਸਾਹਮਣੇ ਨਹੀਂ ਆਇਆ ਸਗੋਂ 300 ਸਾਲਾ ਗੁਰਤਾ ਸ਼ਤਬਦੀ ਮੌਕੇ ਹਜੂਰ ਸਾਹਿਬ ਵਿਖੇ ਬਚਿੱਤਰ ਨਾਟਕ ਨੂੰ ਗੁਰਗੱਦੀ ’ਤੇ ਸ਼ਸੋਭਤ ਕਰਨ ਦਾ ਏਜੰਡਾ ਸੀ, ਜਿਸ ਦੀ ਪ੍ਰੋ: ਦਰਸਨ ਸਿੰਘ ਨੂੰ ਸਮਝ ਆ ਗਈ ਸੀ ਇਸੇ ਲਈ ਉਨ੍ਹਾਂ ਨੇ ਆਵਾਜ਼ ਉਠਾਈ ਸੀ।

ਟਰਾਂਟੋ ਤੋਂ ਇੱਕ ਕਾਲਰ ਸੁਖਵਿੰਦਰ ਸਿੰਘ ਨੇ ਕਿਹਾ ਜਿਹੜੇ ਦਸਮ ਗ੍ਰੰਥ ਦਾ ਵਿਰੋਧ ਕਰਦੇ ਹਨ, ਉਹ ਇਸ ਦੇ ਹਮਾਇਤੀਆਂ ਨੂੰ ਆਰ.ਐੱਸ.ਐੱਸ ਦੇ ਬੰਦੇ ਕਹਿੰਦੇ ਹਨ, ਅਤੇ ਹੁਣ ਹਮਾਇਤੀਆਂ ਨੇ ਵਿਰੋਧੀਆਂ ਨੂੰ ਵੀ ਆਰ.ਐੱਸ.ਐੱਸ ਦੇ ਬੰਦੇ ਕਹਿਣਾ ਸ਼ੁਰੂ ਕਰ ਦਿੱਤਾ ਹੈ। ਲਗਦਾ ਹੈ ਕਿ ਧਰਮ ਸਿੰਘ ਦੋਵਾਂ ਦਾ ਹੀ ਬੰਦਾ ਹੈ। ਕਿਉਂਕਿ ਸਪੋਕਸਮੈਨ ਨੇ ਵੀ 2008 ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਗੱਦੀ ਗ੍ਰੰਥ ਨੂੰ ਨਹੀਂ ਪੰਥ ਨੂੰ ਦਿੱਤੀ ਸੀ। ਹੁਣ ਧਰਮ ਸਿੰਘ ਵੀ ਇਹੋ ਕਹਿ ਰਿਹਾ ਹੈ ਕਿ ਗੁਰੂ ਗ੍ਰੰਥ ਨੂੰ ਕੋਈ ਗੱਦੀ ਨਹੀਂ ਦਿੱਤੀ।

ਚੰਡੀਗੜ੍ਹ ਤੋਂ ਇੱਕ ਕਾਲਰ ਹਰਪ੍ਰੀਤ ਸਿੰਘ ਨੇ ਕਿਹਾ ਮੈਂ ਦਸਮ ਗ੍ਰੰਥ ਦਾ ਹਮਾਇਤੀ ਹਾਂ। ਤ੍ਰਿਆ ਚਰਿਤਰ ਪੜ੍ਹਨ ਸਮੇਂ ਸਾਡਾ ਨਜ਼ਰੀਆ ਕੀ ਹੈ, ਇਹ ਵੇਖਣ ਦੀ ਲੋੜ ਹੈ। ਦਸਮ ਗ੍ਰੰਥ ਦੇ ਵਿਰੋਧੀ ਇਸ ਵਿੱਚ ਵਰਤੇ ਗਏ ਸ਼ਬਦ ਪੋਸਤ ਭਾਂਗ ਅਫੀਮ ਤੇ ਸੈਕਸ ਤੇ ਇਤਰਾਜ਼ ਕਰਦੇ ਹਨ ਪਰ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਸਾਨੂੰ ਸਮਝਾਉਣ ਲਈ ਲਿਖੇ ਹਨ ਕਿ ਇਨ੍ਹਾਂ ਤੋਂ ਬਚ ਕੇ ਰਹਿਣਾ ਹੈ। ਡਾ: ਕੰਗ ਨੇ ਕਿਹਾ ਕਿ ਗੱਲ ਉਸ ਵਿਚ ਵਰਤੀ ਗਈ ਸ਼ਬਦਾਵਲੀ ਦੀ ਹੈ, ਕਿ ਜਿਹੜੇ ਸ਼ਬਦ ਉਸ ਵਿੱਚ ਵਰਤੇ ਗਏ ਹਨ ਉਹ ਗੈਰ ਪ੍ਰਸੰਗਕ ਹਨ ਤੇ ਇਹ ਸ਼ਬਦਾਵਲੀ ਗੁਰੂ ਸਾਹਿਬ ਨਹੀਂ ਵਰਤ ਸਕਦੇ। ਇੱਕ ਹੋਰ ਕਾਲਰ ਨੇ ਕਿਹਾ ਕਿ ਜਿਹੜੇ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਰਚਨਾ ਦਸਦੇ ਹਨ ਉਹ ਦੱਸਣ ਕਿ ਉਹ ਆਪਣੇ ਆਪ ਨੂੰ ਹਿੰਦੂ ਮੰਨਦੇ ਹਨ ਜਾਂ ਸਿੱਖ। ਕਿਉਂਕਿ ਇਸ ਦਾ ਕਰਤਾ ਇਸ ਦੇ ਸ਼ੁਰੂ ਵਿਚ ਲਿਖ ਰਿਹਾ ਹੈ ਕਿ ਅਸੀਂ ਲਵ ਕੁਸ਼ ਦੀ ਔਲਾਦ ਹਾਂ ਭਾਵ ਕੇਸਾਧਾਰੀ ਹਿੰਦੂ ਹਾਂ ਤੇ ਅਖੀਰ ’ਤੇ ਇਹ ਭਗਵਾਨ ਕ੍ਰਿਸ਼ਨ ਨੂੰ ਵੀ ਅਜੇਹੀ ਥਾਂ ਲਿਜਾ ਕੇ ਖੜ੍ਹਾ ਕਰ ਦਿੰਦੇ ਹਨ ਕਿ ਦੱਸਣਾ ਮੁਸ਼ਕਲ ਹੈ। ਜਿਸ ਨੇ ਆਪਣੇ ਭਗਵਾਨਾਂ ਨੂੰ ਵੀ ਨਹੀਂ ਬਖਸ਼ਿਆ ਉਸ ਨੂੰ ਅਸੀਂ ਕਿਹੜੀ ਸ਼੍ਰੇਣੀ ਵਿੱਚ ਰੱਖੀਏ।

ਇੱਕ ਕਾਲਰ ਨੇ ਕਿਹਾ ਕਿ ਧਰਮ ਸਿੰਘ ਨੂੰ ਅਸੀਂ ਸਿੱਖ ਨਾ ਕਹੀਏ, ਕਿਉਂਕਿ ਇਸ ਸਿੱਖ ਕਹਾਉਣ ਦੇ ਕਾਬਲ ਹੀ ਨਹੀਂ ਹੈ। ਇਹ ਸੋਧਾ ਲਾਉਣ ਦੇ ਕਾਬਲ ਹੈ, ਇਸ ਲਈ ਇਸ ਦਾ ਅਤਾ ਪਾ ਦੱਸਣਾ ਚਾਹੀਦਾ ਹੈ ਕਿ ਇਹ ਕਿਥੇ ਰਹਿੰਦਾ ਹੈ। ਲੁਧਿਆਣੇ ਤੋਂ ਇਕ ਕਾਲਰ ਨੇ ਕਿਹਾ ਕਿ ਵੀਰ ਜੀ ਨੇ ਧਰਮ ਸਿੰਘ ਦਾ ਅਤਾ ਪਤਾ ਪੁਛਿਆ ਹੈ, ਇਹ ਸੱਚ ਖੋਜ ਅਕੈਡਮੀ ਚਲਾ ਰਿਹਾ ਹੈ, ਪਰ ਹੁਣ ਇਸ ਨੂੰ ਇਸ ਦਾ ਨਾਮ ਬਦਲ ਕੇ ਕੂੜ ਖੋਜ ਅਕੈਡਮੀ ਕਰ ਦੇਣਾ ਚਾਹੀਦਾ ਹੈ, ਕਿਉਂਕਿ ਜਿਹੜੇ ਗ੍ਰੰਥ ਦੇ ਇਹ ਉਪਾਸ਼ਕ ਹਨ ਉਸ ਵਿੱਚੋਂ ਸੱਚ ਤਾਂ ਕਿਧਰੇ ਲੱਭਦਾ ਨਹੀਂ ਕੂੜ ਹੀ ਕੂੜ ਨਜ਼ਰ ਆਉਂਦਾ ਹੈ।

ਖ਼ਾਲਸਾ ਨਿਊਜ਼ ਤੋਂ ਇੱਕ ਕਾਲਰ ਨੇ ਕਿਹਾ ਕਿ ਦਸਮ ਗ੍ਰੰਥ ਦੇ ਹਮਾਇਤੀ ਕਹਿ ਰਹੇ ਹਨ ਕਿ ਇਹ ਸਾਰੀ ਦੀ ਸਾਰੀ ਗੁਰੂ ਸਾਹਿਬ ਜੀ ਦੀ ਕ੍ਰਿਤ ਹੈ, ਪਰ ਇਨ੍ਹਾਂ ਦਾ ਸਾਥੀ ਹਰਨਾਮ ਸਿੰਘ ਧੁੰਮਾਂ ਕਹਿ ਰਿਹਾ ਹੈ ਇਹ ਹਿੰਦੂ ਗ੍ਰੰਥਾਂ ਦਾ ਉਲੱਥਾ ਹੈ। ਪਰ ਉਲੱਥਾ ਕਦੀ ਵੀ ਗੁਰੂ ਸਾਹਿਬ ਦੀ ਕ੍ਰਿਤ ਨਹੀਂ ਹੋ ਸਕਦੀ।

ਇੱਕ ਹੋਰ ਕਾਲਰ ਨੇ ਕਿਹਾ ਕਿ ਕੀ ਬਾਕੀ ਸਾਰੇ ਗੁਰੂਆਂ ਨੇ ਆਪਣੇ ਵੱਖਰੇ ਵੱਖਰੇ ਗ੍ਰੰਥ ਬਣਾਏ ਹੈ? ਜੇ ਨਹੀਂ ਤਾਂ ਦਸਵੇਂ ਗੁਰੂ ਨੂੰ ਕੀ ਲੋੜ ਪੈ ਗਈ ਉਹ ਆਪਣਾ ਵੱਖਰਾ ਗ੍ਰੰਥ ਬਣਾਉਣ। ਉਨ੍ਹਾਂ ਕਿਹਾ ਅਸੀਂ ਕਿਉਂ ਝੰਝਟ ਵਿਚ ਪੈਂਦੇ ਹਾਂ ਜਿਹੜੀ ਬਾਣੀ ਨਾਨਕ ਛਾਪ ਹੇਠ ਨਹੀਂ ਹੈ ਉਸ ਨੂੰ ਸਾਨੂੰ ਨਹੀਂ ਮੰਨਣਾ ਚਾਹੀਦਾ। ਜਾਗੋ ਖ਼ਾਲਸਾ ਦੇ ਸ: ਕੁਲਦੀਪ ਸਿੰਘ ਨੇ ਕਿਹਾ ਕਿ ਜਿਹੜੀਆਂ ਬਾਣੀਆਂ ਸਿੱਖ ਰਹਿਤ ਮਰਿਆਦਾ ਵਿੱਚ ਪੰਥ ਪ੍ਰਵਾਨਤ ਹਨ ਉਥੇ ਕਿਧਰੇ ਵੀ ਦਸਮ ਗ੍ਰੰਥ ਦਾ ਨਾਮ ਨਹੀਂ ਲਿਖਿਆ ਹੋਇਆ। ਉਨ੍ਹਾਂ ਕਿਹਾ ਕਿ ਜੇ ਤ੍ਰਿਆ ਚਰਿਤਰ ਦੀ ਅਸ਼ਲੀਲਤਾ ਨੂੰ ਛੱਡ ਵੀ ਦੇਈਏ ਤਾਂ ਇਸ ਦੇ ਪੰਨਾ ਨੰਬਰ 56 ’ਤੇ ਲਿਖਿਆ ਹੈ: ਸਭ ਤੇ ਅਪਨਾ ਨਾਮ ਜਪਾਯੋ॥ ਸਤਿਨਾਮ ਕਾਹੂੰ ਨ ਦ੍ਰਿੜਾਯੋ॥’ ਇਸ ਦਾ ਭਾਵ ਹੈ ਕਿ ਬਚਿੱਤਰ ਨਾਟਕ ਦੇ ਹੇਮ ਕੁੰਟ ਵਾਲਾ ਜਿਹੜਾ ਆਪਣੀ ਕਥਾ ਵਖਾਨਦਾ ਹੈ ਉਹ ਗੁਰੂ ਨਾਨਕ ਤੋਂ ਪਹਿਲਾਂ ਹੋਇਆ ਹੈ ਕਿਉਂਕਿ ਗੁਰੂ ਨਾਨਕ ਨੇ ਤਾਂ ਸਤਿਨਾਮ ਦਾ ਨਾਮ ਹੀ ਜਪਾਇਆ ਸੀ ਇਸ ਲਈ ਜੇ ਇਹ ਸਾਡੇ ਗੁਰੂ ਗੋਬਿੰਦ ਸਿੰਘ ਹੁੰਦੇ ਤਾਂ ਉਨ੍ਹਾਂ ਇਹ ਨਹੀਂ ਸੀ ਲਿਖਣਾ। ਇਸ ਲਈ ਹੇਮ ਕੁੰਟ ਵਾਲੇ ਕਿਸੇ ਗੋਬਿੰਦ ਰਾਇ ਨਾਲ ਸਾਡਾ ਕੋਈ ਸਬੰਧ ਨਹੀਂ ਹੈ।

ਇਸ ਟਾਕ ਸ਼ੋਅ ਦੀ ਸਾਰੀ ਦੀ ਸਾਰੀ ਆਡੀਓ ਰੀਕਾਰਡਿੰਗ ਤੇ ਜਸਬਿੰਦਰ ਸਿੰਘ ਦੀ ਪੁਸਤਕ’ ਦਸਮ ਗ੍ਰੰਥ ਦਾ ਲਿਖਾਰੀ ਕੌਣ ਵੇਕ ਅੱਪ ਖ਼ਾਲਸਾ ਤੇ ਖਾਲਸਾ ਨਿਊਜ਼ ’ਤੇ ਪਾ ਦਿੱਤੀ ਗਈ ਹੈ। ਅਖੀਰ ’ਤੇ ਡਾ: ਕੰਗ ਨੇ ਕਿਹਾ ਕਿ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਅਕਾਲ ਤਖ਼ਤ ਨੂੰ ਬੇਹੱਦ ਜਾਗਰੂਕ ਹੋਣ ਦੀ ਲੋੜ ਹੈ, ਅੱਗੇ ਹੀ ਅਸੀਂ ਬਹੁਤ ਸਮਾਂ ਗੁਆ ਲਿਆ ਹੈ, ਹੁਣ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਅੱਜ ਦੀ ਟਾਕ ਸ਼ੋ ਦੀ ਰੀਕਾਰਡਿੰਗ ਜਰੂਰ ਸੁਣਨੀ ਚਾਹੀਦੀ ਹੈ, ਤੇ ਜਿਸ ਨੇ ਗੁਰੂ ਗ੍ਰੰਥ ਸਾਹਿਬ ’ਤੇ ਏਡਾ ਵੱਡਾ ਹਮਲਾ ਕੀਤਾ ਹੈ ਉਸ ਵਿਰੁਧ ਕਾਰਵਾਈ ਜਰੂਰ ਕਰਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top