Share on Facebook

Main News Page

ਨਿਊਜ਼ੀਲੈਂਡ ‘ਚ ਪੰਜਾਬੀ ਪਰਿਵਾਰਾਂ ਦਾ ਯਿਸੂ ਮਸੀਹ ਵਿਚ ਵਧਦਾ ਵਿਸ਼ਵਾਸ਼

 

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) - ਵਿਦੇਸ਼ਾਂ ਦੀ ਧਰਤੀ ‘ਤੇ ਪਹੁੰਚ ਜਿਥੇ ਉਥੋਂ ਦੀ ਚਮਕ-ਦਮਕ, ਰਹਿਣ-ਸਹਿਣ, ਖਾਣ-ਪੀਣ, ਸਭਿਆਚਾਰਕ ਪਰਿਵਰਤਨ ਆਮ ਲੋਕਾਂ ਵਿਚ ਆ ਜਾਣਾ ਸੁਭਾਵਿਕ ਹੈ, ਉਥੇ ਬਹੁਤ ਸਾਰੇ ਲੋਕ ਆਪਣੇ ਪੁਰਾਣੇ ਧਾਰਮਿਕ ਵਿਸ਼ਵਾਸ਼ ਨੂੰ ਵੀ ਬਦਲ ਜਾਂਦੇ ਹਨ, ਭਾਵੇਂ ਉਨ੍ਹਾਂ ਦਾ ਇਤਿਹਾਸ ਕਿੰਨਾ ਵੀ ਸੱਚਾ, ਕੁਰਬਾਨੀਆ ਭਰਿਆ ਜਾਂ ਪਵਿੱਤਰ ਰਿਹਾ ਹੋਵੇ। ਇਸ ਤੋਂ ਉਲਟ ਵਿਦੇਸ਼ ਦੇ ਵਿਚ ਅਜਿਹੇ ਗੋਰੇ ਲੋਕ ਵੀ ਹਨ, ਜੋ ਕਿ ਆਪਣੇ ਦੇਸ਼ ਅੰਦਰ ਹੁੰਦਿਆ ਹੋਇਆਂ ਵੀ ਦੂਜੇ ਧਰਮ ਵਿਚ ਵਿਸ਼ਵਾਸ਼ ਪ੍ਰਗਟ ਕਰਨ ਲਗਦੇ ਹਨ। ਅਮਰੀਕਾ, ਕੈਨੇਡਾ, ਜਰਮਨੀ ਤੇ ਇੰਗਲੈਂਡ ਸਮੇਤ ਕਈ ਹੋਰ ਦੇਸ਼ਾਂ ਵਿਚ ਇਸਾਈ ਲੋਕ ਸਿੱਖ ਧਰਮ ਦੇ ਵਿਚ ਵੀ ਅਥਾਹ ਰੁਚੀ ਵਿਖਾਉਂਦੇ ਹਨ ਅਤੇ ਸਾਬਤ ਸੂਰਤ ਹੋ ਉਦਾਹਰਣ ਪੇਸ਼ ਕਰ ਰਹੇ ਹਨ।

ਨਿਊਜ਼ੀਲੈਂਡ ਦੇ ਵਿਚ ਪੰਜਾਬੀ ਪਰਿਵਾਰਾਂ ਦੀ ਗੱਲ ਕਰੀਏ, ਤਾਂ ਇਥੇ ਵੀ ਉਨ੍ਹਾਂ ਆਪਣੇ ਇਸ਼ਟ ਤੇ ਪ੍ਰਭੂ-ਪ੍ਰਮੇਸ਼ਰ ਦਾ ਚਿੰਤਨ ਕਰਨ ਲਈ ਧਾਰਮਿਕ ਅਸਥਾਨ ਸਥਾਪਿਤ ਕੀਤੇ ਹਨ। ਇਸ ਤੋਂ ਇਲਾਵਾ ਕੁਝ ਅਜਿਹੇ ਪੰਜਾਬੀ ਪਰਿਵਾਰ ਵੀ ਹਨ, ਜਿਹੜੇ ਕਿ ਆਪਣੇ ਵਿਰਾਸਤੀ ਧਾਰਮਿਕ ਵਿਸ਼ਵਾਸ਼ ਨੂੰ ਤਿਲਾਂਜਲੀ ਦੇ ਕੇ ਹੁਣ ਕ੍ਰਿਸਚੀਅਨ ਮੱਤ ਦੇ ਧਾਰਨੀ ਹੋ ਗਏ ਹਨ।

ਇਹ ਵੀਡੀਓ ਭਾਂਵੇ ਇਸ ਖਬਰ ਨਾਲ ਸੰਬੰਧਤ ਨਹੀਂ ਹੈ, ਪਰ ਇਹ ਇਕ ਇਸ਼ਾਰਾ ਹੈ, ਕਿ ਸਾਡੀ ਨੌਜਵਾਨ ਪੀੜ੍ਹੀ ਕਿਸ ਰਾਹ 'ਤੇ ਜਾ ਰਹੀ ਹੈ, ਅਤੇ ਅਸੀਂ ਆਪਸ 'ਚ ਲੜੀ ਜਾ ਰਹੇ ਹਾਂ, ਕਦੇ ਕਿਸੇ ਮਸਲੇ 'ਤੇ, ਕਦੇ ਕਿਸੇ ਮਸਲੇ 'ਤੇ...

ਕੁਝ ਦਿਨਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਤੇ ਅੱਜ ‘ਇੰਡੀਅਨ ਕ੍ਰਿਸਚੀਅਨ ਲਾਈਫ਼ ਸੈਂਟਰ’ ਈਸਟ ਟਮਾਕੀ (ਆਕਲੈਂਡ) ਦੇ ਮੁੱਖ ਪਾਦਰੀ ਸ੍ਰੀ ਮੋਜਿਜ਼ ਸਿੰਘ ਅਤੇ ਟੀਮ ਲੀਡਰ ਸ੍ਰੀ ਜੱਗੀ ਸਿੰਘ ਰੰਧਾਵਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਵੇਲੇ ਆਕਲੈਂਡ ਖੇਤਰ ਵਿਚ 45 ਦੇ ਕਰੀਬ ਭਾਰਤੀ ਲੋਕਾਂ ਵੱਲੋਂ ਚਲਾਏ ਜਾ ਰਹੇ ਚਰਚ, ਲਾਈਫ ਸੈਂਟਰ ਜਾਂ ਪ੍ਰਾਰਥਨਾ ਸੈਂਟਰ ਹਨ। 1996 ਤੋਂ ਇਨ੍ਹਾਂ ਚਰਚਾਂ ਦਾ ਪ੍ਰਚਲਨ ਵਧਿਆ ਹੈ। ਲਗਪਗ 5000 ਤੋਂ ਵੱਧ ਭਾਰਤੀ ਤੇ ਫੀਜ਼ੀ ਭਾਰਤੀ ਲੋਕ ਕ੍ਰਿਸਚੀਅਨ ਲੋਕਾਂ ਵਾਂਗ ਭਗਵਾਨ ਯਿਸੂ ਮਸੀਹ ਵਿਚ ਆਪਣਾ ਪੱਕਾ ਵਿਸ਼ਵਾਸ਼ ਰੱਖਦੇ ਹਨ। ਇਕ ਅੰਦਾਜ਼ੇ ਮੁਤਾਬਿਕ 200 ਦੇ ਕਰੀਬ ਪੰਜਾਬੀ ਪਰਿਵਾਰ ਹੋਣਗੇ ਜਿਹੜੇ ਕਿ ਸਿੱਖ ਧਰਮ ਜਾਂ ਹਿੰਦੂ ਧਰਮ ਨੂੰ ਛੱਡ ਈਸਾਈ (ਮਸੀਹੀ) ਬਨਣ ਵਿਚ ਮਾਣ ਮਹਿਸੂਸ ਕਰਦੇ ਹਨ। ਇਸ ਵੇਲੇ ਕੁਝ ਚਰਚਾਂ ਵਿਚ ਮਸੀਹੀ ਵਿਚਾਰਧਾਰਾ ਦੀ ਅਗਵਾਈ ਕਰਨ ਵਾਲੇ ਕੁਝ ਮੁਖੀ ਨਿਊਜ਼ੀਲੈਂਡ ਵਿਚ ਪਹਿਲਾ ਗੁਰਦੁਆਰਾ ਉਸਾਰਨ ਵਾਲਿਆਂ ਵਿਚ ਮੋਢੀ ਰਹੇ ਹਨ ਅਤੇ ਕੀਰਤਨ ਤੇ ਪਾਠ ਕਰਨ ਦੀ ਸੇਵਾ ਵੀ ਕਰਦੇ ਰਹੇ ਹਨ, ਪਰ ਅੱਜ ਬਦਲੇ ਹੋਏ ਵਿਸ਼ਵਾਸ਼ ਨਾਲ ਲੋਕਾਂ ਦੀ ਅਗਵਾਈ ਕਰਦੇ ਹਨ।

ਇਸ ਸਬੰਧੀ ਜਦੋਂ ਇਕ ਸਿੱਖ ਸ. ਹਰਨੇਕ ਸਿੰਘ ਦੇ ਪਰਿਵਾਰ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜਿਹੜਾ ਸਕੂਨ ਉਨ੍ਹਾਂ ਨੂੰ ਮਸੀਹੀ ਤਰੀਕੇ ਨਾਲ ਹੁੰਦੀਆਂ ਪ੍ਰਾਰਥਨਾਵਾਂ ਵਿਚ ਮਿਲਿਆ ਹੈ, ਉਹ ਪਹਿਲਾਂ ਕਦੇ ਨਹੀਂ ਮਿਲਿਆ। ਇਕ ਹੋਰ ਪੰਜਾਬੀ ਬੀਬੀ ਸਿਸਟਰ ਟੋਨੀ ਸਿੰਘ ਨੇ ਕਿਹਾ, ਕਿ ਉਹ ਪਹਿਲਾਂ ਪ੍ਰਭੂ ਦੀ ਕ੍ਰਿਪਾ ਨਾਲ ਰੋਗ ਜਾਂ ਮਨੋਰੋਗ ਦੂਰ ਹੋ ਜਾਣਾ ਹੋਣਾ, ਜਾਂ ਕਿਸੇ ਦਾ ਦੁੱਖ ਕਿਸੀ ਦੀ ਕੀਤੀ ਅਰਦਾਸ ਨਾਲ ਹਟ ਜਾਣਾ, ਉਤੇ ਵਿਸ਼ਵਾਸ਼ ਨਹੀਂ ਸੀ ਕਰਦੀ, ਪਰ ਜਦੋਂ ਸੱਚਮੁੱਚ ਉਨ੍ਹਾਂ ਦੀਆਂ ਸਾਲਾਂ ਪੁਰਾਣੀ ਬਿਮਾਰੀਆਂ ਠੀਕ ਹੋਣੀਆਂ ਸ਼ੁਰੂ ਹੋਈਆਂ, ਤਾਂ ਉਨ੍ਹਾਂ ਦਾ ਵਿਸ਼ਵਾਸ਼ ਬੱਝਣ ਲੱਗਾ। ਉਨ੍ਹਾਂ ਆਪਣੇ ਧਰਮ ਪ੍ਰਤੀ ਆਪਣੇ ਵਿਚਾਰ ਦਸਦਿਆਂ ਕਿਹਾ, ਕਿ ਉਨ੍ਹਾਂ ਨੂੰ ਸਿੱਖ ਧਰਮ ਵਿਚ ਬੰਦਿਸ਼ਾ ਅਤੇ ਕਈ ਤਰ੍ਹਾਂ ਦੀਆਂ ਮਰਿਯਾਦਾਵਾਂ ਵਿਚ ਰਹਿ ਕੇ ਜੀਵਨ ਜੀਉਣਾ ਔਖਾ ਲਗਦਾ ਹੈ, ਅਤੇ ਕੋਈ ਧਾਰਮਿਕ ਆਗੂ ਆਤਮਿਕ ਗਿਆਨ ਦੀ ਪੂਰਤੀ ਕਰਨ ਵਾਲਾ ਨਹੀਂ ਮਿਲਿਆ, ਜਿਸ ਕਾਰਨ ਉਹ ਰਸਤਾ ਬਦਲਣ ਵਾਲੇ ਪਾਸੇ ਗਏ ਹਨ। ਜਦ ਕਿ ਈਸਾਈ ਮੱਤ ਵਿਚ ਧਾਰਮਿਕ ਆਗੂ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਵਿਚਾਰ ਲਈ ਇਕ ਦੂਜੇ ਦੇ ਘਰ ਆਉਣ-ਜਾਣ, ਪ੍ਰਾਰਥਨਾ ਕਰਨ ਤੇ ਸਿਖਿਅਤ ਕਰਨ ਲਈ ਉਤਾਵਲੇ ਰਹਿੰਦੇ ਹਨ। ਬਹੁਤ ਸਾਰੇ ਲੋਕ ਹਸਪਤਾਲਾਂ ਦੇ ਵਿਚ ਪਏ ਮਰੀਜਾਂ ਕੋਲ ਵੀ, ਮੰਗ ਅਨੁਸਾਰ ਜਾ ਕੇ ਉਨ੍ਹਾਂ ਦੇ ਰਾਜ਼ੀ ਹੋਣ ਲਈ ਪ੍ਰਾਰਥਨਾ ਕਰਦੇ ਹਨ। ਅੱਜ ਦੀ ਪ੍ਰਾਰਥਨਾ ਸਭਾ ਵਿਚ ਰੱਬ ਦਾ ਨਾਂਅ ਸੰਗੀਤ ਬੱਧ ਪੰਜਾਬੀ ਤੇ ਹਿੰਦੀ ਗੀਤਾਂ ਵਿਚ ਗਾਇਨ ਕੀਤਾ ਗਿਆ। ਜਿਸ ਵਿਚ ਸਾਮੋਆ ਦੇ ਕੁਝ ਲੋਕ ਵੀ ਸ਼ਾਮਿਲ ਸਨ। ਖਾਸ ਗੱਲ ਇਹ ਕਿ ਇਕ ਸਾਮੋਅਨ ਲੜਕੇ ਨੇ ਸੰਗੀਤ ਉਪਕਰਣ ਵਜਾਇਆ ਅਤੇ ਹਿੰਦੀ ਵਿਚ ਹੀ ਗਾਇਆ।

ਯਿਸੂ ਮਸੀਹ ਤੇ ਸਬੰਧਿਤ ਬਾਈਬਲ ਬਾਰੇ ਸੰਖੇਪ ਜਾਣਕਾਰੀ ਦਿੰਦਿਆ, ਪਾਦਰੀ ਮੋਜ਼ਿਸ ਸਿੰਘ ਨੇ ਦੱਸਿਆ ਕਿ ਬਾਈਬਲ ਇਕ ਧਾਰਮਿਕ ਕਿਤਾਬ ਹੈ, ਜੋ 2000 ਸਾਲ ਤੋਂ ਵੀ ਪਹਿਲਾਂ ਇਥੋਂ ਤੱਕ ਯਿਸੂ ਮਸੀਹ ਦੇ ਇਸ ਧਰਤੀ ‘ਤੇ ਆਉਣ ਤੋਂ ਵੀ ਪਹਿਲਾਂ ਲਿਖੀ ਗਈ ਹੈ। ਇਹ ਕੁੱਲ ਮਿਲਾ ਕੇ 66 ਕਿਤਾਬਾਂ ਦਾ ਸਮੂਹ ਹੈ। 39 ਕਿਤਾਬਾਂ ਪੁਰਾਣੇ ਨਿਯਮਾਂ ਦੇ ਅਧਾਰਤ ਹਨ ਅਤੇ 27 ਕਿਤਾਬਾਂ ਯਿਸੂ ਮਸੀਹ ਦੇ ਚੇਲਿਆਂ ਵੱਲੋਂ ਬਣਾਏ ਨਵੇਂ ਨਿਯਮਾਂ ਅਨੁਸਾਰ ਹਨ। ਯਿਸੂ ਮਸੀਹ ਨੇ ਇਕ ਕੁਆਰੀ ਔਰਤ (ਮਾਰੀਆ) ਦੇ ਪੇਟੋਂ ਜਨਮ ਲਿਆ ਸੀ, ਅਤੇ ਦੁਨੀਆ ਦੇ ਭਲੇ ਲਈ ਆਏ ਸਨ। 30 ਸਾਲ ਤੱਕ ਉਹ ਆਪਣੇ ਮਾਤਾ ਪਿਤਾ ਦੀ ਸੇਵਾ ਵਿਚ ਰਹੇ ਅਤੇ ਫਿਰ ਉਨ੍ਹਾਂ ਦਾ ਮਿਲਾਪ ਇਕ ਮਹਾਤਮਾ ਯੂਹੱਨਾ ਨਾਲ ਹੋਇਆ। ਇਸ ਤੋਂ ਬਾਅਦ ਯਿਸੂ ਮਸੀਹ ਨੇ ਵੀ ਪ੍ਰਭੂ ਦੇ ਪ੍ਰਚਾਰ ਵਿਚ ਹਿੱਸਾ ਪਾਉਣਾ ਸ਼ੁਰੂ ਕੀਤਾ। ਪੁਰਾਣੇ ਧਾਰਮਿਕ ਗ੍ਰੰਥਾ ਦੇ ਕਈ ਨਿਯਮਾਂ ਨੂੰ ਮਸੀਹ ਨੇ ਨਵੇਂ ਅਰਥ ਦਿੱਤੇ। ਇਸ ਦਰਮਿਆਨ ਯਿਸੂ ਮਸੀਹ ਦੇ 12 ਹੋਰ ਚੇਲੇ ਬਣ ਗਏ। ਯਿਸੂ ਮਸੀਹ ਆਪਣੇ ਆਪ ਨੂੰ ਪ੍ਰਭੂ ਦਾ ਪੁੱਤਰ ਮੰਨਦਾ ਸੀ ਤੇ ਕਹਿੰਦਾ ਸੀ ਕਿ ਅਮੀਰ ਲੋਕ ਜੋ ਗਰੀਬਾਂ ਦਾ ਖੂਨ ਚੂਸਦੇ ਹਨ, ਸਵਰਗ ਨਹੀਂ ਜਾ ਸਕਦੇ। ਇਸ ਤਰ੍ਹਾਂ ਦੀਆਂ ਕੁਝ ਗੱਲਾਂ ਨੇ ਯਿਸੂ ਮਸੀਹ ਦੇ ਵਿਰੋਧੀ ਪੈਦਾ ਕਰ ਦਿੱਤੇ ਅਤੇ ਇਕ ਦਿਨ ਇਨ੍ਹਾਂ ਨੂੰ ਯੂਰੋਸ਼ਲਮ ਵਿਖੇ ਫੜ ਲਿਆ ਗਿਆ ਅਤੇ ਕਰੂਸ ਉੱਪਰ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੀ ਕਹਾਣੀ ਵੀ ਕਾਫੀ ਲੰਬੀ ਹੈ ਜਿਸ ਨੂੰ ਥੋੜ੍ਹੇ ਸ਼ਬਦਾਂ ਵਿਚ ਨਹੀਂ ਲਿਖਿਆ ਜਾ ਸਕਦਾ।

ਅੰਤ ਇਸ ਲੇਖਨੁਮਾ ਖਬਰ ਲਿਖਣ ਦਾ ਮਤਲਬ ਇਹ ਹੈ, ਕਿ ਸਿੱਖ ਚਿੰਤਕ ਇਸ ਗੱਲ ਉਤੇ ਗੌਰ ਕਰਨ ਕਿ ਸਿੱਖ ਧਰਮ ਦੀ ਫਿਲਾਸਫੀ ਸਮਝਣ ਵਿਚ ਜਾਂ ਸਮਝਾਉਣ ਵਿਚ ਕਿਹੜੀ ਕਮੀ ਰਹਿ ਗਈ ਹੈ, ਜਿਸ ਕਾਰਨ ਕੁਝ ਸਿੱਖ ਪਰਿਵਾਰ ਆਪ ਅਤੇ ਨਵੇਂ ਪੁੰਗਰ ਰਹੇ ਪਰਿਵਾਰ ਨੂੰ ਮੁੱਢ ਤੋਂ ਹੀ ਈਸਾਈ ਮੱਤ ਵਿਚ ਵਿਸ਼ਵਾਸ਼ ਪ੍ਰਗਟ ਕਰਵਾਉਣ ਲਈ ਉਦਮ ਕਰ ਰਹੇ ਹਨ। ਕੀ ਸਿੱਖ ਸੰਸਥਾਵਾਂ ਕੋਈ ਅਜਿਹਾ ਉਪਰਾਲਾ ਜਾਂ ਅਜਿਹੇ ਪ੍ਰਚਾਰਕ ਸਾਹਮਣੇ ਲਿਆਉਣਗੀਆਂ, ਜਿਨ੍ਹਾਂ ਨੂੰ ਸੁਣ ਕੇ ਸਿੱਖ ਧਰਮ ਦੀ ਨਿਵੇਕਲੀ ਫਿਲਾਸਫ਼ੀ, ਇਤਿਹਾਸ, ਕੁੱਲ ਲੋਕਾਈ ਲਈ ਦਿੱਤੀਆਂ ਅਣਗਿਣਤ ਕੁਰਬਾਨੀਆਂ, ਜੀਵਨ ਜਾਚ ਅਤੇ ਪ੍ਰਭੂ ਭਗਤੀ ਅੱਗੇ ਕੋਈ ਹੋਰ ਫਿਲਾਸਫ਼ੀ ਫਿੱਕੀ ਨਜ਼ਰ ਆਉਂਦੀ ਦਿਸੇ।? ਕੀ ਕੋਈ ਅਜਿਹਾ ਪ੍ਰਬੰਧ ਜਾਂ ਸਹਾਇਤਾ ਸੰਪਰਕ ਹੋ ਸਕਦਾ ਹੈ, ਜਿਸ ਨਾਲ ਆਤਮਿਕ ਤ੍ਰਿਪਤੀ ਵਾਲੇ ਪ੍ਰਸ਼ਨਾਂ ਦੇ ਉੱਤਰ ਮੌਕੇ ‘ਤੇ ਮਿਲ ਸਕਣ? ਅਖੀਰ ਇਹ ਪ੍ਰਸ਼ਨ ਉਤਰ ਦੀ ਉਡੀਕ ਵਿਚ ਖੁੱਲ੍ਹਾ ਛਡਿਆ ਜਾਂਦਾ ਹੈ।

ਇਸ ਸਬੰਧੀ ਵੀਡੀਓ ਵੇਖਣ ਲਈ ‘ਪੰਜਾਬੀ ਹੈਰਲਡ’ ਵੀਡੀਓਜ਼ ਲਿੰਕ ‘ਤੇ ਕਲਿੱਕ ਕਰੋ ਜੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top