Share on Facebook

Main News Page

ਨਵੇਂ ਸਾਲ ਦੀ ਆਮਦ ਮੌਕੇ, ਦਲ ਖ਼ਾਲਸਾ ਨੇ ਕੀਤਾ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ

ਅੰਮ੍ਰਿਤਸਰ, (13 ਮਾਰਚ, ਪੀ.ਐਸ.ਐਨ): ਦਲ ਖ਼ਾਲਸਾ ਨੇ ਸਿੱਖਾਂ ਦੀ ਆਜ਼ਾਦ ਹਸਤੀ ਤੇ ਅਡਰੀ ਹੋਂਦ ਦੇ ਪ੍ਰਤੀਕ 2003 ਵਾਲੇ ਨਾਨਕਸ਼ਾਹੀ ਕੈਲੰਡਰ ਵਿਚ ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ ਵਲੋਂ ਕੀਤੀਆਂ ਤਬਦੀਲੀਆਂ ਨੂੰ ਮੁਢੋ ਰੱਦ ਕਰਦਿਆਂ ਨਵੇਂ ਨਾਨਕਸ਼ਾਹੀ ਸਾਲ 543 ਮੌਕੇ ਨਾਨਕਸ਼ਾਹੀ ਸਾਲ ਦਾ ਕੈਲੰਡਰ ਅੱਜ ਪੰਥ ਨੂੰ ਸਮਰਪਤ ਕੀਤਾ। ਦਲ ਖ਼ਾਲਸਾ ਵਲੋਂ ਜਾਰੀ ਇਹ ਕੈਲੰਡਰ ਗੁਰਬਾਣੀ ਆਧਾਰਤ ਪੰਥ ਪ੍ਰਵਾਨਤ ਅਸਲ ਨਾਨਕਸ਼ਾਹੀ ਕੈਲੰਡਰ ਦਾ ਮੂਲ ਰੂਪ ਹੈ। ਇਸ ਮੌਕੇ ਦਲ ਖ਼ਾਲਸਾ ਨੇ ਇਕ ਆਵਾਜ਼ ਹੋ ਕੇ ਸ਼੍ਰੋਮਣੀ ਕਮੇਟੀ ਵਲੋਂ ਕੈਲੰਡਰ ਵਿਚ ਕੀਤੀਆਂ ਸੋਧਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਸੋਧਾਂ ਨਾਨਕਸ਼ਾਹੀ ਕੈਲੰਡਰ ਦਾ ਬਿਕਰਮੀਕਰਨ ਕਰਦੀਆਂ ਹਨ ।

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਹ ਕੈਲੰਡਰ ਜਾਰੀ ਕਰਨ ਤੋਂ ਬਾਅਦ ਇਸ ਅਸਲ ਨਾਨਕਸ਼ਾਹੀ ਕੈਲੰਡਰ ਦੀ ਇਕ ਕਾਪੀ ਅਤੇ ਯਾਦ ਪੱਤਰ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਿਆ। ਕੈਲੰਡਰ ਜਾਰੀ ਕਰਨ ਤੋਂ ਪਹਿਲਾਂ ਦਲ ਖ਼ਾਲਸਾ ਦੇ ਸਿੰਘਾਂ ਨੇ ਗੁਰਦਵਾਰਾ ਝੰਡੇ-ਬੁੰਗੇ ਵਿਖੇ ਅਰਦਾਸ ਕੀਤੀ ਅਤੇ ਕੈਲੰਡਰ ਦੀ ਪਹਿਲੀ ਕਾਪੀ ਜੂਨ 1984 ਨੂੰ ਦਰਬਾਰ ਸਾਹਿਬ ਦੇ ਫ਼ੌਜੀ ਹਮਲੇ ਮੌਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਭਾਈ ਅਜੀਤ ਸਿੰਘ ਠਰੂ ਦੇ ਸਪੁੱਤਰ ਸ. ਸਤਨਾਮ ਸਿੰਘ ਨੂੰ ਭੇਂਟ ਕੀਤੀ। ਇਸ ਮੌਕੇ ਤੇ ਦਲ ਖ਼ਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਨਾਲ ਮਿਲਗੋਭਾ ਕਰ ਕੇ ਸਿੱਖ ਕੌਮ ਦੇ ਵਖਰੇ ਕੈਲੰਡਰ ਨੂੰ ਬਣਾਉਣ ਦੀ ਭਾਵਨਾ ਹੀ ਮਾਰ ਦਿਤੀ ਹੈ। ਪੱਤਰ ਵਿਚ ਮੁੱਖ ਸੇਵਾਦਾਰ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਤੁਹਾਡੇ ਵਲੋਂ ਪ੍ਰਵਾਨ ਕੀਤੀਆਂ ‘ਸੋਧਾਂ‘ ਪ੍ਰਵਾਨ ਨਹੀਂ ਅਤੇ ਸਾਡੀ ਅਪੀਲ ਹੈ ਕਿ ਅਸਲ ਕੈਲੰਡਰ ਜੋ 2003 ਵਿਚ ਪੰਥ ਨੇ ਰਲ-ਮਿਲ ਕੇ ਬੜੀਆਂ ਰੀਝਾਂ ਨਾਲ ਲਾਗੂ ਕੀਤਾ ਸੀ, ਨੂੰ ਮੁੜ ਬਹਾਲ ਕੀਤਾ ਜਾਵੇ। ਇਸ ਮੌਕੇ ਦਲ ਖ਼ਾਲਸਾ ਨੇ ਨਾਨਕਸ਼ਾਹੀ ਕੈਲੰਡਰ ਦੀਆਂ ਕਾਪੀਆਂ ਅੱਜ ਦਰਬਾਰ ਸਾਹਿਬ ਵਿਚ ਵੀ ਵੰਡੀਆਂ।

ਬਾਅਦ ਵਿਚ ਪਾਰਟੀ ਦਫ਼ਤਰ ਵਿਖੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਸੀਨੀਅਰ ਆਗੂ ਸਤਨਾਮ ਸਿੰਘ ਪਾੳਂੁਟਾ ਸਾਹਿਬ ਤੇ ਕੰਵਰਪਾਲ ਸਿੰਘ ਦੇ ਨਾਲ ਪ¤੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਭਵਿੱਖ ਲਈ ਗੰਭੀਰ ਚਿੰਤਨ ਦੀ ਲੋੜ ਹੈ ਕਿਉਂਕਿ ਸਿੱਖ ਕੌਮ ਇਤਿਹਾਸ ਦੇ ਬੜੇ ਬਿਖੜੇ ਸਮੇਂ ਦਾ ਸਾਹਮਣਾ ਕਰ ਰਹੀ ਹੈ ਤੇ ਦੇਸ਼-ਵਿਦੇਸ਼ ਵਿਚ ਹਰ ਥਾਂ ਸਿੱਖ ਪਛਾਣ ਨੂੰ ਚੁਣੌਤੀ ਮਿਲ਼ ਰਹੀ ਹੈ। ਕੈਲੰਡਰ ਰਲੀਜ਼ ਕਰਨ ਮੌਕੇ ਪ੍ਰਮੁੱਖ ਤੌਰ 'ਤੇ ਸ਼੍ਰੋਮਣੀ ਪੰਥਕ ਕੌਂਸਲ ਦੇ ਸਕੱਤਰ ਸ. ਮਨਿੰਦਰ ਸਿੰਘ ਧੁੰਨਾ, ਦਲ ਖ਼ਾਲਸਾ ਦੇ ਸਕੱਤਰ ਸਰਬਜੀਤ ਸਿੰਘ ਘੁਮਾਣ, ਸੂਬੇਦਾਰ ਬਲਦੇਵ ਸਿੰਘ ਗ੍ਰੰਥਗੜ੍ਹ, ਡਾ. ਅਰਪਾਲ ਸਿੰਘ ਅਜਨਾਲਾ, ਕੁਲਦੀਪ ਸਿੰਘ ਰਜਧਾਨ, ਨਿਸ਼ਾਨ ਸਿੰਘ, ਨਾਨਕ ਸਿੰਘ, ਹਰਦੀਪ ਸਿੰਘ , ਗੁਰਦੀਪ ਸਿੰਘ ਕਾਲਕਟ, ਸਿੱਖ ਯੂਥ ਆਫ਼ ਪੰਜਾਬ ਦੇ ਨੌਜਵਾਨ ਤਰਜਿੰਦਰ ਸਿੰਘ ਸੋਹਲ, ਨੋਬਲਜੀਤ ਸਿੰਘ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top