Share on Facebook

Main News Page

ਹੋਂਦ (ਚਿੱਲੜ) ਕਾਂਡ ਨੂੰ ਉਜਾਗਰ ਕਰਨ ਵਾਲੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੇ ਘਰ ਦੀ ਭੰਨ ਤੋੜ

ਹੋਂਦ (ਚਿੱਲੜ) ਕਾਂਡ ਨੂੰ ਉਜਾਗਰ ਕਰਨ ਵਾਲੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੇ ਪਿਤਾ ਸ. ਗੁਰਮੇਲ ਸਿੰਘ ਖਾਲਸਾ ਤੇ ਮਾਤਾ ਸ੍ਰੀਮਤੀ ਜਿੰਦਰ ਕੌਰ ਜੀ ਅੱਜ ਹੋਂਦ ਦਾ ਪ੍ਰੋਗਰਾਮ ਨਿਪਟਾ ਅਤੇ ਪਵਿਤਰ ਮਿੱਟੀ ਨੂੰ ਜਲਪ੍ਰਵਾਹ ਕਰਨ ਤੋਂ ਬਾਅਦ ਆਪਣੇ ਜੱਦੀ ਘਰ ਗਿਆਸਪੁਰ (ਲੁਧਿਆਣਾ) ਪਹੁੰਚੇ, ਤਾਂ ਘਰ ਦੀ ਲੁੱਟ ਮਾਰ ਨੂੰ ਦੇਖ ਸੁੰਨ ਜਿਹੇ ਹੋ ਗਏ। ਉਨ੍ਹਾਂ ਦੇ ਨਾਲ਼ ਇਲਾਕੇ ਦੇ ਸੈਂਕੜੇ ਲੋਕ ਸਨ, ਸੱਭ ਨੇ ਹੀ ਇਸ ਲੁੱਟ-ਮਾਰ ਦੀ ਘਟਨਾ ਨੂੰ ਮੰਦਭਾਗੀ ਦੱਸਿਆ। ਇਲਾਕੇ ਦੇ ਕੌਂਸਲਰ ਸ. ਸਿਮਰਜੀਤ ਸਿੰਘ ਬੈਂਸ ਤੇ ਸ. ਜਗਬੀਰ ਸਿੰਘ ਸੋਖੀ ਵੀ ਉਚੇਚੇ ਤੌਰ ਤੇ ਘਰ ਦੇ ਹਾਲਾਤ ਦੇਖਣ ਪਹੁੰਚੇ। ਉਨ੍ਹਾਂ ਗੱਲਬਾਤ ਕਰਦੇ ਦੱਸਿਆ, ਕਿ ਪਹਿਲੀ ਨਜ਼ਰੇ ਤਾਂ ਚੋਰੀ ਦੀ ਘਟਨਾ ਹੀ ਲੱਗਦੀ ਹੈ, ਪਰ ਜਿਸ ਬੁਰੇ ਤਰੀਕੇ ਘਰ ਦੀ ਭੰਨ ਤੋੜ ਹੋਈ ਹੈ, ਉਸ ਨੂੰ ਦੇਖਦੇ ਸਾਜਿਸ਼ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸ. ਗਿਆਸਪੁਰਾ ਨੇ ਹੀ ਹੋਂਦ ਕਾਂਡ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ, ਸ਼ਾਇਦ ਉਨ੍ਹਾਂ ਦਾ ਹੌਸਲਾ ਤੋੜਨ ਲਈ ਕਾਰਵਾਈ ਕੀਤੀ ਗਈ ਹੋਵੇ।

ਉਨ੍ਹਾਂ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਕਰਕੇ ਉੱਚ ਪੱਧਰੀ ਜਾਂਚ ਦੀ ਵੀ ਗੱਲ ਕੀਤੀ। ਇਸ ਲੁੱਟ ਮਾਰ ਦੀ ਘਟਨਾ ਦਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਜਨਰਲ ਸੈਕਟਰੀ ਦਵਿੰਦਰ ਸਿੰਘ ਸੋਢੀ ਨੇ ਵੀ ਸਖਤ ਸਟੈਂਡ ਲੈਣ ਦੀ ਗੱਲ ਕਹੀ। ਸਿਖਸ ਫਾਰ ਜਸਟਿਸ ਦੇ ਚੀਫ ਸ. ਗੁਰਪਤਵੰਤ ਸਿੰਘ ਪੰਨੂੰ ਨੇ ਵੀ ਇਸ ਮੰਦਭਾਗੀ ਘਟਨਾ ਦੀ ਨਿੰਦਾ ਕੀਤੀ, ਤੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ, ਕਿ ਸਾਰਿਆਂ ਨੂੰ ਇਸ ਦਾ ਸਖਤ ਸਟੈਂਡ ਲੈਣਾ ਚਾਹੀਦਾ ਹੈ, ਤਾਂ ਜੋ ਸੱਚ ਦੀ ਆਵਾਜ਼ ਹਮੇਸ਼ਾਂ ਬੁਲੰਦ ਰਹੇ ।

ਜਿਕਰਯੋਗ ਹੈ ਕਿ ਸ. ਗਿਆਸਪੁਰਾ ਦੇ ਘਰ ਲੁੱਟਮਾਰ ਦੀ ਘਟਨਾ 3 ਮਾਰਚ ਦੀ ਰਾਤ ਨੂੰ ਹੋਈ ਸੀ, ਪਰ ਅਜੇ ਤੱਕ ਪੁਲਿਸ ਨੂੰ ਕੋਈ ਸੁਰਾਗ ਤੱਕ ਨਹੀਂ ਮਿਲਿਆ। ਅਗਰ ਮੀਡੀਆ ਨਾਲ਼ ਜੁੜੇ ਲੋਕ ਹੀ ਮਹਿਫੂਜ ਨਹੀਂ, ਤਾਂ ਆਮ ਲੋਕਾਂ ਦਾ ਕੀ ਬਣੇਗਾ। ਅੱਜ ਪੂਰਾ ਦਿਨ ਹੀ ਘਰ ਵਿੱਚ ਲੋਕਾਂ ਦਾ ਤਾਂਤਾ ਲੱਗਾ ਰਿਹਾ। ਹਜ਼ਾਰਾਂ ਲੋਕੀਂ ਘਰ ਦੇਖਣ ਪਹੁੰਚੇ ਜਿਨਾਂ ਵਿੱਚ ਲੋਕਲ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ, ਸਿੱਖ ਮਿਸ਼ਨਰੀ ਕਾਲਿਜ ਦੇ ਸ. ਹਰਿਭਜਨ ਸਿੰਘ, ਐਸ.ਜੀ.ਪੀ.ਸੀ. ਪ੍ਰਚਾਰਕ ਗੁਰਤੇਜ ਸਿੰਘ ਸੰਗਰੂਰ, ਸ. ਜਗਪਾਲ ਸਿੰਘ ਐਕਸੀਅਨ, ਹਰਬੰਸ ਸਿੰਘ ਜੀ.ਐਮ ਬੀ. ਐਸ ਐਨ ਐਨ (ਰਿਟਾ), ਕਰਨੈਲ ਸਿੰਘ, ਜਰਨੈਲ ਸਿੰਘ, ਸੂਬੇਦਾਰ ਰਾਮ ਸਿੰਘ, ਜਸਪਾਲ ਸਿੰਘ, ਲੰਬਰਦਾਰ ਸਿਕੰਦਰ ਸਿੰਘ, ਇੰਜੀ. ਜੈਲ ਸਿੰਘ (ਰਿਟਾ), ਕੁਲਵੰਤ ਸਿੰਘ ਕਾਂਤੀ ਪ੍ਰਧਾਨ ਯੂਥ ਫੈਡਰੇਸ਼ਨ, ਚਰਨਜੀਤ ਸਿੰਘ, ਬਲਬੀਰ ਸਿੰਘ, ਅਮਰਪਾਲ ਸਿੰਘ, ਤ੍ਰਿਲੋਚਨ ਸਿੰਘ ਐਸ.ਡੀ.ਓ., ਸ. ਗਿਆਸਪੁਰਾ ਦੇ ਸੱਜਣ ਮਿਤਰ ਸ਼ਾਮਿਲ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top