Share on Facebook

Main News Page

ਗੁਰੂ ਗ੍ਰੰਥ ਦਾ ਪੰਥ, ਚੜ੍ਹਦੀ ਕਲਾ ਵੱਲ ਵਧਦਾ ਹੋਇਆ

(ਅਵਤਾਰ ਸਿੰਘ ਮਿਸ਼ਨਰੀ) ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕੈਲੇਫੋਰਨੀਆ ਦੇ ਗੁਰਦੁਆਰਾ ਸਿੰਘ ਸਭਾ ਫਰੈਜ਼ਨੋ, ਗੁਰਦੁਆਰਾ ਸਿੱਖ ਸੈਂਟਰ ਸੇਲਮਾ ਅਤੇ ਗੁਰਦੁਆਰਾ ਪੈਸੇਫਿਕ ਕੋਸਟ ਕਾਰੂਥਰਜ਼ ਵਿੱਚ ਕੀਰਤਨ ਵਖਿਆਨ ਕਰਦੇ ਸਮੇ ਇਸ ਸ਼ਬਦ - ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ ॥ ਗਾਵਹੁ ਤ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ ॥ ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ ॥ ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ ॥ ਕਹੈ ਨਾਨਕੁ ਸਚੁ ਸੋਹਿਲਾ ਸਚੈ ਘਰਿ ਗਾਵਹੇ ॥39॥ {ਪੰਨਾ 922}ਦਾ ਗਾਇਨ ਕੀਤਾ। ਉਨ੍ਹਾਂ ਨੇ "ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥" ਦਾ ਪ੍ਰਮਾਣ ਦਿੰਦੇ ਹੋਏ ਕਿਹਾ ਕਿ ਸੱਚ ਨੂੰ ਉਹੋ ਹੀ ਜਾਣ ਸਕਦਾ ਹੈ, ਜਿਹੜਾ ਸੱਚ ਨਾਲ ਜੁੜਿਆ ਹੋਵੇ, ਸੱਚੇ ਗੁਰੂ ਨਾਲ ਸਬੰਧ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਕੁੱਝ ਭੁਲੜ ਵੀਰ ਸੱਚ ਨੂੰ ਛੱਡ ਕੂੜ ਵਾਲੇ ਪਾਸੇ ਜਾ ਰਹੇ ਹਨ, ਅਤੇ ਸੱਚੇ ਦੀ ਬਾਣੀ ਨੂੰ ਛੱਡ, ਹੋਰ ਹੋਰ ਗ੍ਰੰਥਾਂ ਦੇ ਮਗਰ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਇਹ ਦੁਖਾਂਤ ਅਜ ਦਾ ਨਹੀਂ, ਬਹੁਤ ਵਰ੍ਹੇ ਪਹਿਲਾਂ ਦਾ ਹੈ, 400 ਸਾਲ ਪਹਿਲਾਂ ਵੀ ਇਹ ਹਾਲਾਤ ਸਨ। "ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥" ਦਾ ਪ੍ਰਮਾਣ ਦਿੰਦੇ ਹੋਏ ਕਿਹਾ, ਕਿ ਇਹ ਹਾਲਾਤ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਦੇ ਨੇ। ਗੁਰੂ ਨਾਲ ਸਬੰਧ ਰੱਖਣ ਵਾਲਾ ਵੀ ਕਦੇ ਝੂਠੀ ਬਾਣੀ ਜਾਂ ਝੂਠ ਦਾ ਸਹਾਰਾ ਨਹੀਂ ਲੈਂਦਾ। ਉਨ੍ਹਾਂ ਅਖੌਤੀ ਦਸਮ ਗ੍ਰੰਥ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ਕਿ ਇਸ ਗ੍ਰੰਥ ਦਾ ਨਾਮ ਬਚਿੱਤ੍ਰ ਨਾਟਕ ਸੀ, ਜਿਸ ਨੂੰ ਬਾਰ ਬਾਰ ਬਦਲ ਕੇ, ਦਸਮ ਗ੍ਰੰਥ, ਗੁਰੂ ਦਸਮ ਗ੍ਰੰਥ ਅਤੇ ਹੁਣ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਜਾਣ ਲੱਗ ਪਿਆ ਹੈ। ਦਸਮ ਨਾਮ, ਹਿੰਦੂਆˆ ਦੇ ਭਗਵਤ ਪੁਰਾਣ ਦੇ ਦਸਮ ਸਕੰਦ ਦੇ ਨਾਮ ਤੋਂ ਪਿਆ, ਜਿਸ ਕਰਕੇ ਇਸ ਨੂੰ ਦਸਮ ਗ੍ਰੰਥ ਕਿਹਾ ਜਾਣ ਲੱਗ ਪਿਆ, ਜਿਸ ਨਾਲ ਇਹ ਭੁਲੇਖਾ ਪੈਣ ਲਗੇ ਕਿ ਇਹ ਗ੍ਰੰਥ, ਸੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਜਿਹੜੇ ਵੀਰ ਬਾਹਰ ਰੌਲ਼ਾ ਪਾ ਰਹੇ ਨੇ, ਉਨ੍ਹਾਂ ਦੇ ਹੀ ਟਕਸਾਲ ਦੇ ਧੁੰਮਾ ਸਾਬ ਨੇ ਦੋ ਕੁ ਸਾਲ ਪਹਿਲਾਂ ਕਿਹਾ ਸੀ ਕਿ ਇਸ ਗ੍ਰੰਥ ਦੇ 1180 ਸਫੇ ਹਿੰਦੂ ਮਿਥਿਹਾਸਕ ਗ੍ਰੰਥਾਂ ਦਾ ਉਲੱਥਾ ਹੈ, ਇਸ ਨੂੰ ਰੱਚਣ ਵਾਲਾ ਕਵੀ ਰਾਮ ਸ਼ਾਮ ਨੇ ਆਪਣਾ ਨਾਮ ਵਰਤਿਆ, ਤੇ ਕਦੀ ਉਲੱਥਾ ਵੀ ਆਪਣੀ ਰਚਨਾ ਹੁੰਦੀ ਹੈ?

ਰਾਮ ਕਥਾ ਜੁੱਗ ਜੁੱਗ ਅਟਲ ਕਹਿਣ ਵਾਲੇ ਦੱਸਣ ਕਿ ਹੁਣ ਸਿੱਖ ਇਨ੍ਹਾਂ ਦੇਵੀ ਦੇਵਤਿਆਂ ਦਾ ਸਿੱਖ ਬਣੇ? ਉਨ੍ਹਾਂ ਕੁੱਝ ਸਾਲ ਪਹਿਲਾਂ ਫਰੀਮਾਂਟ ‘ਚ ਸੰਤ ਮੱਖਣ ਸਿੰਘ ਸੱਤੋਵਾਲੀ ਗਲੀ ਨਾਲ ਬਿਤਿਆ ਇੱਕ ਵਾਕਿਆ ਸੁਣਾਇਆ। ਸੰਤ ਮੱਖਣ ਸਿੰਘ ਨੇ ਕਿਹਾ ਕਿ, ਪ੍ਰੋ. ਸਾਹਿਬ ਕਦੀਂ ਤਾਂ ਸਾਡਾ ਖਹਿੜਾ ਛੱਡ ਦਿਆ ਕਰੋ, ਅਸੀਂ ਇਨ੍ਹਾਂ ਲਾਈਨਾਂ ਦਾ ਮਤਲਬ ਦਿੰਦੇ ਹਾਂ, ਪਰ ਛੱਡ ਨਹੀਂ ਸਕਦੇ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ‘ਚ ਵੀ ਸਿੱਖਾਂ ਨੂੰ ਗੀਤਾ, ਰਾਮਾਇਣ ਆਦਿ ‘ਤੇ ਨਿਸ਼ਚੈ ਰੱਖਣ ਤੋਂ ਮਨਾਹੀ ਕੀਤੀ ਹੈ। ਇਸ ਕਰਕੇ ਬ੍ਰਾਹਮਣ ਨੇ ਬੜੀ ਚਲਾਕੀ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਭੁਲੇਖਾ ਖੜਾ ਕਰਦਿਆਂ, ਇਹ ਅਖੌਤੀ ਦਸਮ ਗ੍ਰੰਥ ਬਣਾਇਆ। ਸਾਰੀ ਬਾਣੀ ‘ਚ ਪਾਤਸ਼ਾਹੀ ਨਹੀਂ ਲਿਖਿਆ, ਗੁਰੂ ਸਾਹਿਬ ਨੇ ਵੀ ਮਹਲਾ ਸ਼ਬਦ ਵਰਤਿਆ, ਇਹੋ ਜਿਹਿਆਂ ਗਲਾਂ ਗੁਰੂ ਨਹੀਂ ਕਰਦਾ, "ਕਿਰਪਾ ਕਰੀ ਹਮ ਪਰ ਜਗਮਾਤਾ" ਗੁਰਬਾਣੀ ‘ਚ ਨਾਨਕ ਨਾਮ ਦੀ ਮੋਹਰ ਲਗੀ, ਪਰ ਪਾਤਸ਼ਾਹੀ ਨਹੀਂ ਵਰਤਿਆ ਗਿਆ, ਮਹਲਾ ਵਰਤਿਆ ਗਿਆ। ਇਸ ਗ੍ਰੰਥ ਦੀ ਵੀਚਾਰਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਵਖਰੀ ਹੈ। ਇਸ ਗ੍ਰੰਥ ਨਾਲ ਸਿੱਖ ਨੂੰ ਮਹਾਕਾਲ ਦਾ ਪੁਜਾਰੀ ਬਨਾਉਣ ਦੀ ਸਾਜਿਸ਼ ਹੈ। ਦੇਵੀ ਦੇਵਤਿਆਂ ਦੀ ਪੂਜਾ ਕਰਨੀ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਪਾਣੀ ਰਿੜਕਣਾ, ਰੱਬੀ ਰਹਿਮਤ ਨਹੀਂ ਪ੍ਰਾਪਤ ਨਹੀਂ ਹੋ ਸਕਦੀ।

ਬਾਹਰ ਪ੍ਰਦਰਸ਼ਨ ਕਰਦੇ ਦਸਮ ਗ੍ਰੰਥੀ ਵੀਰਾਂ ਨੂੰ ਬੇਨਤੀ ਕਰਦਿਆਂ ਕਿਹਾ, ਕਿ ਵੀਰੋ ਅੰਦਰ ਆਓ, ਅਤੇ ਗੁਰੂ ਨੂੰ ਪਛਾਣੋ, ਇਸ ਗ੍ਰੰਥ ਨੂੰ ਗੁਰੂ ਨਾਲੋਂ ਜੋੜਨ ਤੋਂ ਪਹਿਲਾਂ ਸੋਚੋ, ਕਿ ਇਹ ਮੇਰਾ ਗੁਰੂ ਕਹਿ ਸਕਦਾ ਹੈ? ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨੂੰ ਇਸ ਗ੍ਰੰਥ ਦੇ ਕਾਰਣ ਦੁਸ਼ਟਦਮਨ ਕਿਹਾ ਜਾਣ ਲੱਗ ਪਿਆ। ਅਖੌਤੀ ਦਸਮ ਗ੍ਰੰਥ ਦੇ ਅਨੁਸਾਰ ਜਦੋਂ ਦੁਰਗਾ ਨੇ ਦੈਂਤਾਂ ਦਾ ਨਾਸ਼ ਕਰਨਾ ਸੀ, ਤਾਂ ਉਸਨੇ ਸਮਾਧ ਰਿਸ਼ੀ ਨੂੰ ਜਗਾਇਆ, ਜਿਹੜਾ ਕਿ ਸੇਰ ਦੀ ਖੱਲ ‘ਤੇ ਬੈਠਾ ਹੋਇਆ ਸੀ। ਜਦੋਂ ਉਸ ਬ੍ਰਾਹਮਣ ਨੇ ਉਹ ਖੱਲ ਝਾੜੀ ਤਾਂ, ਉਸ ਵਿੱਚੋਂ  ਦੁਸਟ ਦਮਨ ਪੈਦਾ ਹੋਇਆ, ਇਸ ਕਰਕੇ ਹੀ ਸਿੱਖਾਂ ਨੂੰ ਸਿੰਘ ਕਿਹਾ ਜਾਣ ਲੱਗ ਪਿਆ, ਕਿਉਂਕਿ ਉਹ ਸ਼ੇਰ ਦੀ ਖੱਲ ਵਿੱਚੋਂ ਨਿਕਲੇ। ਦੁਸ਼ਟਦਮਨ ਨੇ ਸਾਰੇ ਰਾਖਸ਼ ਮਾਰ ਦਿੱਤੇ, ਤਾਂ ਦੁਰਗਾ ਨੇ ਕਿਹਾ ਕਿ ਹੁਣ ਤੁਸੀਂ ਧਰਤੀ ‘ਤੇ ਜਾਓ, ਮੈ ਤੇਰੇ ਨਾਲ ਹੀ ਆਵਾਂਗੀ, ਤੇ ਉਹ ਦੁਰਗਾ ਮਾਤਾ, ਸਾਹਿਬ ਕੌਰ ਦੇ ਨਾਮ ਨਾਲ ਧਰਤੀ ਉਤੇ ਆਈ। ਸਿੱਖ ਆਪਣੀ ਧਰਮ ਮਾਤਾ, ਮਾਤਾ ਸਾਹਿਬ ਕੌਰ ਨੂੰ ਮੰਨਦੇ ਹਨ, ਬ੍ਰਾਹਮਣ ਨੇ ਉਹ ਮਾਤਾ, ਦੁਰਗਾ ਦੇਵੀ ਨੂੰ ਬਣਾ ਦਿੱਤਾ, ਤੇ ਸਿੱਖ, ਮਾਤਾ ਦੁਰਗਾ ਦੇ ਸਿੱਖ ਹੋਏ, ਇਸ ਗ੍ਰੰਥ ਅਨੁਸਾਰ।

ਪ੍ਰੋ. ਦਰਸ਼ਨ ਸਿੰਘ ਨੇ ਕੁੱਝ ਦਿਨ ਪਹਿਲਾਂ ਸ਼ੇਰੇ ਪੰਜਾਬ ਰੇਡਿਓ ‘ਤੇ ਹੋਏ ਟਾਕ ਸ਼ੋ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ, ਇੱਕ ਕਾਲਰ ਨੇ ਜਦੋਂ ਪੁਛਿਆ ਕਿ ਇਸ ਗ੍ਰੰਥ ‘ਚ ਭੰਗਾਣੀ ਦੇ ਯੁੱਧ ਦਾ ਤਾਂ ਜ਼ਿਕਰ ਹੈ, ਪਰ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਤਾਂ ਹੈ ਨਹੀਂ, ਤਾਂ ਇਕ ਦਸਮ ਗ੍ਰੰਥੀ ਨੇ ਇਹ ਜਵਾਬ ਦਿੱਤਾ ਕਿ ਗੁਰੂ ਸਾਹਿਬ ਨੇ ੳਹੋ ਲਿਖਿਆ ਜੋ ਆਪਣੀ ਅਖੀਂ ਦੇਖਿਆ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ, ਫਿਰ ਖੰਡੇ ਬਾਟੇ ਦੀ ਪਾਹੁਲ ਤਾਂ ਗੁਰੂ ਸਾਹਿਬ ਨੇ ਆਪਣੇ ਹੱਥੀਂ ਦਿੱਤੀ, ਉਸ ਦਾ ਜ਼ਿਕਰ ਕਿਉਂ ਨਹੀਂ। ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੂੰ ਜਨਮ ਤੋਂ ਪਹਿਲਾਂ ਦੀ ਗੱਲ ਤਾਂ ਯਾਦ ਰਹਿੰਦੀ ਹੈ, ਪਰ ਇਸ ਜਨਮ ਦਾ ਸਭ ਤੋਂ ਮੱਹਤਵਪੂਰਨ ਕੰਮ, ਖੰਡੇ ਬਾਟੇ ਦੀ ਪਾਹੁਲ ਭੁਲ ਗਈ। ਜੇ ਇਹ ਗੁਰੂ ਸਾਹਿਬ ਨੇ ਆਪ ਅਖੀਂ  ਦੇਖਿਆ ਹਾਲ ਲਿਖਿਆ ਹੈ, ਤਾਂ ਫਿਰ ਚਰਿਤਰੋਪਾਖਿਆਨ ਦੀਆਂ ਸਾਰੀਆਂ ਕਹਾਣੀਆਂ ਵੀ ਦੇਖੀਆਂ? ਕੀ ਗੁਰੂ ਐਸਾ ਲਿਖ ਸਕਦਾ ਹੈ? ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਇਹ ਬ੍ਰਾਹਮਣ ਦੀ ਸ਼ਰਾਰਤ ਹੈ, ਗੁਰੂ ਸਾਹਿਬ ਦੀ ਕਿਰਤ ਨਹੀਂ।

ਬ੍ਰਾਹਮਣ ਅਧੀਨ ਹੀ ਇਹ ਨਿਰਮਲੇ ਅਤੇ ਉਦਾਸੀਆਂ ਨੇ ਸਾਰੀ ਖੇਡ ਰਚੀ, ਜਿਸ ਨਾਲ ਇਹ ਕਰਮਕਾਂਡ, ਡੇਰਿਆਂ ਰਾਹੀ ਫੈਲਾਇਆ, ਜੋ ਅਜ ਤੱਕ ਜਾਰੀ ਹੈ। ਇਨ੍ਹਾਂ ਨਿਰਮਲੇ-ਉਦਾਸੀਆਂ ਦੀ ਮਰਿਆਦਾ ਅਨੁਸਾਰ ਹੀ ਹਰੇ-ਲਾਲ ਰੰਗ ਦਾ ਕੱਪੜਾ ਪਾੳਣ ਦੀ ਮਨਾਹੀ ਕੀਤੀ ਗਈ। ਜੋ ਕਿ ਗੁਰਮਤਿ ਅਨਕੂਲ ਨਹੀਂ। ਇਨ੍ਹਾਂ ਨੇ ਮੂਲ ਮੰਤ੍ਰ ਵੀ ਨਾਨਕ ਹੋਸੀ ਭੀ ਸਚੁ ਕਰ ਦਿੱਤਾ, ਜੋ ਕਿ ਸਰਾਸਰ ਗਲਤ ਹੈ। ਇਹ ਕਹਿੰਦੇ ਹਨ ਕਿ ਸਾਡੇ ਮਹਾਂਪੁਰਖ ਤਾਂ ਇਹ ਕਹਿੰਦੇ ਨੇ ਕਿ ਮੂਲ ਮੰਤ੍ਰ ਹੋਸੀ ਭੀ ਸਚੁ ਤੱਕ ਹੈ, ਅਸੀ ਤਾਂ ਇਹੋ ਹੀ ਮੰਨਣਾ ਹੈ। ਗੁਰੂ ਦੀ ਗੱਲ ਨਹੀਂ ਮੰਨਣੀ, ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਦੀ ਬਾਣੀ ਸੱਚ ਹੈ, ਸੱਚ ਵਲੋਂ ਮੂੰਹ ਨਹੀਂ ਮੋੜਨਾ, ਸਿਧਾਂਤ ਵਲੋਂ ਮੂੰਹ ਨਹੀਂ ਮੋੜਨਾ, ਵਿਅਕਤੀ ਨਾਲ ਨਹੀਂ ਜੁੜਨਾ, ਗੁਰੂ ਨਾਲ ਜੁੜਨਾ ਹੈ।

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਕੀਤਾ ਆਪਣਾ ਸਪਸ਼ਟੀਕਰਨ ਵੀ ਪੜ੍ਹ ਕੇ ਸੁਣਾਇਆ। (ਜਿਸ ਨੂੰ ਇਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ) ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ‘ਚ ਸੰਗਤ ਖਚਾਖੱਚ ਭਰੀ ਹੋਈ ਸੀ ਅਤੇ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਵੀ ਹੋ ਰਿਹਾ ਸੀ, ਜਿਸ ਨਾਲ ਦੁਨੀਆ ਭਰ ‘ਚ ਬੈਠੇ ਸਿੱਖਾਂ ਨੇ ਇਹ ਸਮਾਗਮ ਦੇਖਿਆ।

ਜਿਉਂ-ਜਿਉਂ ਲੋਕਾਂ ਵਿੱਚ ਜਾਗਰਿਤੀ ਆ ਰਹੀ ਹੈ ਤਿਉਂ-ਤਿਉਂ ਲੋਕ ਤੱਤ ਗੁਰਮਿਤ ਲਹਿਰ ਨਾਲ ਜੁੜਦੇ ਜਾ ਰਹੇ ਹਨ। ਕੁਝ ਤੱਤ ਗੁਰਮਿਤ ਦੇ ਵਿਦਵਾਨਾਂ ਦੇ ਛੋਟੇ-ਛੋਟੇ ਵਖਰੇਵਿਆਂ ਦੇ ਬਾਵਜੂਦ ਇਹ ਲਹਿਰ ਲਗਾਤਾਰ ਤਰੱਕੀ ਕਰਦੀ ਜਾ ਰਹੀ ਹੈ। ਪਿਛਲੇ ਦਿਨੀ ਪ੍ਰੋ. ਦਰਸ਼ਨ ਸਿੰਘ ਦੇ ਫਰਿਜਨੋ (ਕੈਲੇਫੋਰਨੀਆ) ਵਿਖੇ ਕੀਰਤਨ ਸਮਾਗਮਾਂ ਦੌਰਾਨ ਸੰਗਤ ਦੀ ਭਰਵੀਂ ਹਾਜਰੀ ਇਸੇ ਗੱਲ ਦਾ ਸਬੂਤ ਸੀ। ਸੰਗਤਾਂ ਦੂਰੋਂ-ਦੂਰੋਂ ਕੀਰਤਨ ਸਮਾਗਮਾਂ ਵਿੱਚ ਪੁਜੀਆˆ ਸਨ। ਸ. ਤਰਲੋਚਨ ਸਿੰਘ ਦੁਪਾਲਪੁਰ ਨੇ ਸ਼ੰਗਤਾਂ ਨੂੰ ਸ਼ਰੋਮਣੀ ਕਮੇਟੀ ਅਤੇ ਅਕਾਲ ਤਖਤ ਦੀ ਹੋ ਰਹੀ ਦੁਰਵਰਤੋਂ ਤੋਂ ਜਾਣੂ ਕਰਵਾਉਦਿਆਂ ਨਾਨਕ ਸ਼ਾਹੀ ਕੈਲੰਡਰ ਨਾਲ ਹੋਈ ਬੀਤੀ ਸੁਣਾਈ।

ਸਰਬਜੀਤ ਸਿੰਘ ਸੈਕਰਾਮੈਂਟੋ ਨੇ ਵਿਸਥਾਰ ਨਾਲ ਨਾਨਕ ਸ਼ਾਹੀ ਕੈਲੰਡਰ (2003) ਦੇ ਬਣਨ ਤੋਂ ਇਸਦੀ ਰੂਹ ਦੇ ਕਤਲ ਹੋਣ ਤੱਕ ਦੀ ਕਹਾਣੀ ਸੂਰਜੀ ਅਤੇ ਚੰਦਰਮਾ ਅਧਾਰਿਤ ਕਲੰਡਰਾˆ ਦੇਫਰਕ ਨੂੰ ਸੰਗਤਾਂ ਨਾਲ ਸਾਂਝਾ ਕਰਦਿਆਂ ਦਸਿਆ ਕਿ ਨਾਨਕਸ਼ਾਹੀ ਕਲੰਡਰ (2003) ਹੀ ਅਜੋਕੇ ਸਮੇ ਤੇ ਭਵਿੱਖ ਦਾ ਸਭ ਤੋਂ ਵਧੀਆ ਤੇ ਗਿਣਤੀ-ਮਿਣਤੀ ਦਾ ਸਹੀ ਤੇ ਸ਼ੁੱਧ ਕੈਲੰਡਰ ਹੈ। ਪ੍ਰੋ. ਦਰਸ਼ਨ ਸਿੰਘ ਹੋਰਾਂ ਵੀ ਪੰਥ ਦੁਸ਼ਮਣਾਂ ਵਲੋਂ ਮੁੱਢ ਤੋਂ ਹੀ ਦੁਬਿਧਾ ਖੜੀ ਕਰਨ ਦੀ ਗੱਲ ਦੱਸਦਿਆˆ ਆਖਿਆ ਕਿ ਗੁਰੂ ਨਾਨਕ ਦੀ ਨਿਰਮਲ ਵਿਚਾਰ-ਧਾਰਾ ਨੂੰ ਗੰਧਲਾ ਕਰਨ ਲਈ ਕਿਵੇਂ ਸਿੱਖੀ ਵਿੱਚ ਕਿਸੇ ਹੋਰ ਗ੍ਰੰਥ ਦੀ ਵਿਚਾਰਧਾਰਾ ਰਲ਼ਗੱਡ ਕੀਤੀ ਗਈ। ਬਿਲਕੁਲ ਉਸੇ ਤਰ੍ਹਾਂ ਸੂਰਜੀ ਪ੍ਰਣਾਲੀ ਅਧਾਰਿਤ ਨਾਨਕਸ਼ਾਹੀ ਕੈਲੰਡਰ ਦੀ ਵੱਖਰੀ ਹੋˆਦ ਵਿੱਚ ਚੰਦ-ਬਿਕਰਮੀ ਨੂੰ ਘਸੋੜਿਆ ਗਿਆ ਤਾਂ ਕਿ ਸਿਖਾˆ ਨੂੰ ਕੁਝ ਵੀ ਸ਼ੁਧ ਹਾਲਤ ਵਿੱਚ ਨਾਂ ਮਿਲ ਸਕੇ ਅਤੇ ਇਹ ਸਦਾ ਦੁਬਿਧਾ ਵਿੱਚ ਫਸੇ ਰਹਿਣ। ਉਨ੍ਹਾਂ ਹਰ ਕੀਰਤਨ ਸਮਾਗਮ ਵਿੱਚ ਕੇਵਲ ਇੱਕ ਗੁਰੂ ਗੰਥ ਸਾਹਿਬ ਜੀ ਦੀ ਹੀ ਗੱਲ ਕੀਤੀ ਅਤੇ ਸੰਗਤਾਂ ਨੂੰ ਕੇਵਲ ਇੱਕ ਨਾਲ ਹੀ ਜੁੜਨ ਲਈ ਹੀ ਕਿਹਾ। ਗੋਰੀ ਤੋਂ ਸਿੰਘ ਸਜੀ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਵੀ ਕੀਰਤਨ ਸਮਾਗਮਾਂ ਵਿੱਚ ਗਟਾਰ ਨਾਲ ਸ਼ਬਦ ਗਾਇਨ ਕਰਕੇ ਹਾਜਰੀ ਭਰੀ। ਉਨ੍ਹਾਂ ਕੀਰਤਨ ਦੇ ਵਿਰੋਧ ਵਿੱਚ ਗੁਰਦਵਾਰੇ ਦੀ ਹੱਦ ਦੇ ਬਾਹਰ ਚੰਦ ਕੁ ਲੋਕਾਂ ਦੇ ਪਾਏ ਜਾਣ ਵਾਲੇ ਰੌਲੇ ਬਾਬਤ ਕਿਹਾ, ਕਿ ਇਹ ਲੋਗ ਗੁਰੂ ਦੇ ਸਿੱਖ ਹੀ ਨਹੀਂ ਹੋ ਸਕਦੇ, ਜੋ ਗੁਰਬਾਣੀ ਦੇ ਹੋ ਰਹੇ ਕੀਰਤਨ ਵਿੱਚ ਸ਼ੋਰ ਪਾਉਣਾ ਜਾਇਜ ਸਮਝ ਰਹੇ ਹੋਣ।

ਭਾਈ ਅਵਤਾਰ ਸਿੰਘ ਮਿਸ਼ਨਰੀ ਆਪਣੇ ਗਰੁੱਪ ਸਮੇਤ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਬੈਨਰ ਹੇਠ ਗੁਰਮਤਿ ਫਿਲਾਸਫੀ ਦੀਆਂ ਕਿਤਾਬਾਂ ਦੇ ਸਟਾਲ ਦੀ ਸੇਵਾ ਕਰਦੇ ਰਹੇ। Los Angeles ਤੋਂ ਸਿੰਘ ਸਭਾ ਯੂ ਐਸ ਏ ਡਾਟ ਕਾਮ ਵਾਲੇ ਵੀਰ ਗੁਰਮੀਤ ਸਿੰਘ ਵੀ ਆਪਣੇ ਗਰੁੱਪ ਸਮੇਤ ਆਏ ਹੋਏ ਸਨ। ਗੁਰਮੀਤ ਸਿੰਘ ਰਿਵਰਸਾਈਡ ਗੁਰਦਵਾਰੇ Los Angeles ਤੋਂ ਅਤੇ ਮਿਸ਼ਨਰੀ ਪਰਚਾਰਕ ਬਲਕਾਰ ਸਿੰਘ ਬੇਕਰਜ਼ਫੀਲਡ ਵੀ ਸਾਥੀਆˆ ਸਮੇਤ ਹਾਜਰ ਸਨ।

ਕਨੇਡਾ ਤੋਂ ਆਵਾਜ-ਏ-ਵਤਨ ਰੇਡੀਓ ਅਤੇ ਪੰਜਾਬੀ ਤਹਿਲਕਾ ਡਾਟ ਕਾਮ ਵਾਲੇ ਵੀਰ ਪ੍ਰਮਿੰਦਰ ਸਿੰਘ ਵੀ ਉਚੇਚੇ ਤੋਰ ਤੇ ਪੁੱਜੇ ਹੋਏ ਸਨ। ਉਨ੍ਹਾਂ ਕਨੇਡਾ ਵਿੱਚ ਹੋ ਰਹੇ ਜਾਅਲੀ ਵਿਆਹਾਂ ਦੋਰਾਨ ਗੁਰੂ ਦੀ ਹੋ ਰਹੀ ਬੇ-ਅਦਬੀ ਵੱਲ ਸੰਗਤ ਦਾ ਧਿਆਨ ਦਿਵਾਇਆ। ਉਨ੍ਹਾਂ ਦੱਸਿਆ ਕਿ ਇਕੱਲੇ ਕਨੇਡਾ ਵਿੱਚ ਹੀ ਅਜਿਹੇ 30.000 ਦੇ ਲੱਗ-ਭੱਗ ਕੇਸ ਹਨ। ਹਰ ਅਜਿਹੇ ਝੂਠੇ ਵਿਆਹ ਦੀ ਗੁਰੂ ਅੱਗੇ ਅਰਦਾਸ ਵੀ ਇਕ ਅੰਮ੍ਰਿਤਧਾਰੀ ਸਿੱਖ ਹੀ ਕਰ ਰਿਹਾ ਹੂੰਦਾ ਹੈ ਅਤੇ ਹਾਜਰ ਲੋਕ ਉਸ ਝੂਠ ਦੇ ਗਵਾਹ ਬਣ ਰਹੇ ਹੁੰਦੇ ਹਨ।

ਸੈਨਹੋਜ਼ੇ ਤੋਂ ਜਾਗਰੂਕ ਪੰਥਕ ਲਿਖਾਰੀ ਬਲਜੀਤ ਸਿੰਘ ਦੁਪਾਲਪੁਰ, ਕੁਲਵੰਤ ਸਿੰਘ ਮਿਸ਼ਨਰੀ, ਬਲਵਿੰਦਰ ਸਿੰਘ, ਡਾ ਗੁਰਮੀਤ ਸਿੰਘ ਬਰਸਾਲ ਪਰਮਿੰਦਰ ਸਿੰਘ ਰਾਏ ਅਤੇ ਖੁੰਡ ਚਰਚਾ ਡਾਟ ਕਾਮ ਵਾਲੇ ਚੰਨੇ ਹੋਰੀਂ ਵੀ ਸ਼ਾਮਲ ਸਨ। ਇੰਡਿਆਨਾ ਤੋਂ ਆਏ ਨੌਜਵਾਨ ਨਾਵਲਿਸ਼ਟ ਸ੍ਰ. ਅਮਰਦੀਪ ਸਿੰਘ ਅਮਰ ਅਤੇ ਰਣਜੀਤ ਸਿੰਘ ਮਸਕੀਨ ਹੋਰਾਂ ਪ੍ਰੋ. ਦਰਸ਼ਨ ਸਿੰਘ ਹੋਰਾਂ ਨਾਲ ਵਿਸ਼ੇਸ਼ ਇੰਟਰਵੀਊ ਕੀਤੀ। ਗੁਰਪ੍ਰੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਦਾ ਇਹ ਉੱਦਮ ਸਲਾਹੁਣ ਯੋਗ ਸੀ। ਪ੍ਰੋਗਰਾਮਾਂ ਦਾ ਸਾਰਾ ਰਿਲੇਅ ਨਾਲ ਦੀ ਨਾਲ ਵੇਕ ਅੱਪ ਖਾਲਸਾ ਅਤੇ ਆਵਾਜੇ ਵਤਨ ਰੇਡੀਓ ਤੇ ਸੁਣਾਇਆ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top