Share on Facebook

Main News Page

ਧੱਲੇਕੇ ਜਾਣ ਦੀ ਕੋਸ਼ਿਸ਼ ’ਚ ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ ਤੇ ਰਿਹਾਅ

ਬਠਿੰਡਾ (10 ਮਾਰਚ, ਪੀ.ਐਸ.ਐਨ) ਪਿਛਲੇ ਕਈ ਦਿਨਾਂ ਤੋਂ ਮੋਗਾ ਦੇ ਪਿੰਡ ਧਲੇਕਾ ਵਿਖੇ ਵਾਪਰਿਆ ਸਿੱਖਾਂ ਅਤੇ ਡੇਰਾ ਸੌਦਾ ਸਾਧ ਦੇ ਪ੍ਰੇਮੀਆਂ ਵਿਚਕਾਰ ਹਾਦਸਾ ਦਿਨੋਂ ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ ਤੇ ਗੁਰਦੁਆਰਾ ਸਾਹਿਬ ਤੇ ਡੇਰਾ ਸੌਦਾ ਸਾਧ ਦੇ ਚੇਲਿਆਂ ਵੱਲੋਂ ਕੀਤੇ ਗਏ ਹਮਲੇ ਕਾਰਨ ਸਿੱਖ ਸੰਗਤ ਵਿੱਚ ਵੀ ਭਾਰੀ ਰੋਸ ਪਾਇਟਾ ਜਾ ਰਿਹਾ ਹੈ ਤੇ ਮੋਗਾ ਕਾਂਡ ਦੀ ਦਹਿਸ਼ਤ ਨਾਲ ਜਿਲ੍ਹਾ ਬਠਿੰਡਾ ਵਿੱਚ ਵੀ ਮਾਹੋਲ ਤਨਾਵਪੂਰਣ ਰਿਹਾ ਜਿੱਥੇ ਪੁਲਿਸ ਪ੍ਰਸਾਸਨ ਵੱਲੋਂ ਸੌਦਾ ਸਾਧ ਦੇ ਡੇਰਿਆਂ ਦੀ ਸੁਰੱਖਿਆ ਵਧਾ ਦਿੱਤੀ ਉਥੇ ਹੀ ਗੁਰਦੁਆਰਾ ਜੰਡਾਲੀਸਰ ਤੋਂ ਮੋਗਾ ਵਿਖੇ ਹੋਏ ਸਿੱਖ ਸੰਗਤਾਂ ਦੇ ਰੋਸ ਇੱਕਠ ਵਿੱਚ ਜਾ ਰਹੇ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਡੀ ਐਸ ਪੀ ਤਲਵੰਡੀ ਸਾਬੋ ਸੁਰਿੰਦਰਪਾਲ ਸਿੰਘ , ਥਾਣਾ ਤਲਵੰਡੀ ਸਾਬੋ ਦੇ ਇੰਚਾਰਜ ਨਾਜਰ ਸਿੰਘ ਤੇ ਹੋਰ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਤੇ ਉਹਨਾ ਨੂੰ ਮੋਗਾ ਵੱਲ ਨਾ ਜਾਣ ਦਿੱਤਾ।

 

ਗ੍ਰਿਫਤਾਰੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਦੋਂ ਉਹਨਾਂ ਨੇ ਪੁਲਿਸ ਪ੍ਰਸਾਸਨ ਨੂੰ ਗ੍ਰਿਫਤਾਰ ਕਰਨ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਸਰਕਾਰ ਦੀ ਹਿਦਾਇਤ ਹੈ ਕਿ ਉਹਨਾਂ ਨੂੰ ਮੋਗਾ ਵਿਖੇ ਨਾ ਜਾਣ ਦਿੱਤਾ ਜਾਵੇ ਤੇ ਇਸੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਾਦੂਵਾਲ ਨੇ ਕਿਹਾ ਕਿ ਪੁਿਲਸ ਦੇ ਇਸ ਜਵਾਬ ਤੋਂ ਪੰਥ ਹਿਤੈਸ਼ੀ ਕਹਾਉਣ ਵਾਲੀ ਅਕਾਲੀ ਸਰਕਾਰ ਦਾ ਡੇਰਾ ਪ੍ਰੇਮ ਸਾਹਮਣੇ ਆਇਆ ਹੈ ਤੇ ਜੇਕਰ ਸਿੱਖ ਸੰਗਤਾਂ ਨੂੰ ਗੁਰੂ ਘਰਾਂ ਵਿੱਚ ਹੀ ਜਾਣ ਤੋਂ ਰੋਕਣਾ ਹੈ ਤਾਂ ਫਿਰ ਸਿੱਖ ਕੌਮ ਦੀ ਕੀ ਸੁਰੱਖਿਆ ਰਹਿ ਗਈ। ਉਹਨਾਂ ਕਿਹਾ ਪਿਛਲੇ ਪੰਜ ਦਿਨ ਤੋਂ ਪਿੰਡ ਧਲੇਕਾ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੇ ਗਏ ਹਮਲੇ ਦੌਰਾਨ ਇੱਟਾਂ, ਰੌੜੇ ਤੇ ਪੱਥਰ ਪਏ ਹਨ ਜਿਹਨਾਂ ਨੂੰ ਸੰਗਤ ਸਾਫ ਤੱਕ ਨਹੀਂ ਕਰ ਸਕੀ ਤੇ ਸਰਕਾਰ ਹਮਲਾਵਰਾਂ ਨੂੰ ਗ੍ਰਿਫਤਾਰ ਤੱਕ ਨਹੀਂ ਕਰ ਸਕੀ। ਦੱਸਣਯੋਗ ਹੈ ਕਿ ਅੱਜ ਪਿੰਡ ਧਲੇਕਾ ਵਿਖੇ ਸਿੱਖ ਸੰਗਤਾਂ ਵੱਲੋਂ ਭਾਰੀ ਇੱਕਠ ਕੀਤਾ ਗਿਆ ਸੀ ਜਿਸ ਵਿੱਚ ਸ਼ਾਮਲ ਹੋਣ ਲਈ ਸੰਤ ਦਾਦੂਵਾਲ 9 ਵਜੇ ਰਵਾਨਾਂ ਹੋ ਰਹੇ ਸਨ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਗੁਰਦੁਆਰਾ ਜੰਡਾਲੀਸਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਦੇਰ ਰਾਤ ਤੱਕ ਸੰਤ ਦਾਦੂਵਾਲ ਨੂੰ ਕਿੱਥੇ ਰੱਖਿਆ ਗਿਆ ਕੋਈ ਵੀ ਪੁਲਿਸ ਅਧਿਕਾਰੀ ਦੱਸਣ ਤੋਂ ਕਤਰਾਊਂਦੇ ਰਹੇ। ਸੰਤ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫਤਾਰੀ ਸਬੰਧੀ ਜਦੋਂ ਐਸ ਐਸ ਪੀ ਬਠਿੰਡਾ ਡਾ.ਸੁਖਚੈਨ ਸਿੰਘ ਗਿੱਲ ਨਾਲ ਉਹਨਾਂ ਦੇ ਮੋਬਾਇਲ ਤੇ ਸੰਪਰਕ ਕਰਨਾ ਚਾਹੀਆ ਤਾਂ ਉਹਨਾ ਮੋਬਾਇਲ ਤੇ ਵਾਰ ਵਾਰ ਘੰਟੀ ਜਾਣ ਦੇ ਬਾਵਜੁਦ ਵੀ ਫੋਨ ਨਾ ਚੁੱਕਿਆ ਜਿਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਮਾਮਲੇ ਤੇ ਪੁਲਿਸ ਪ੍ਰਸਾਸਨ ਵੀ ਮੁਸੀਬਤਾਂ ਵਿੱਚ ਘਿਰਿਆ ਹੋਇਆ ਹੈ ਤੇ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫਤਾਰੀ ਸਬੰਧੀ ਕੋਈ ਜਵਾਬ ਨਹੀਂ ਦੇ ਸਕਦਾ। ਮਾਹੌਲ ਸ਼ਾਂਤੀਪੂਰਵਕ ਬਣਾਈ ਰੱਖਣ ਲਈ ਡੀ ਐਸ ਪੀ ਤਲਵੰਡੀ ਸਾਬੋ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਇਲਾਕੇ ਵਿੱਚ ਫਲੈਗ ਮਾਰਚ ਵੀ ਕੀਤਾ ਗਿਆ।

ਬਾਦ ਵਿਚ ਮਿਲੀ ਜਾਣਕਾਰੀ ਮੁਤਾਬਕ ਸੂਹੀਆ ਏਜੰਸੀਆਂ ਅਤੇ ਪੁਲੀਸ ਵੱਲੋਂ ਰਾਤ ਤੋਂ ਹੀ ਗੁਰਦੁਆਰਾ ਜੰਡਾਲੀਸਰ ਸਾਹਿਬ ਕੋਟ ਸ਼ਮੀਰ ਉਪਰ ਨਿਗਾਹ ਰੱਖੀ ਜਾ ਰਹੀ ਸੀ। ਅੱਜ ਸਵੇਰੇ ਸੱਤ ਕੁ ਵਜੇ ਐਸ.ਪੀ. (ਡੀ) ਅਮਰਜੀਤ ਸਿੰਘ, ਡੀ.ਐਸ.ਪੀ. ਸੁਰਿੰਦਰਪਾਲ ਸਿੰਘ ਅਤੇ ਬਲਜੀਤ ਸਿੰਘ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਪਹੁੰਚੀ ਪੁਲੀਸ ਨੇ ਗੁਰਦੁਆਰਾ ਸਾਹਿਬ ਨੂੰ ਚੁਫੇਰਿਓਂ ਘੇਰਾ ਪਾ ਲਿਆ। ਇਸ ਮੌਕੇ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਦੰਗਾ ਰੋਕੂ ਗੱਡੀਆਂ ਵੀ ਪੁਲੀਸ ਸਮੇਤ ਤਾਇਨਾਤ ਕੀਤੀਆਂ ਗਈਆਂ ਸਨ। ਪੁਲੀਸ ਅਧਿਕਾਰੀਆਂ ਨੇ ਬਾਬਾ ਬਲਜੀਤ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪਿੰਡ ਧੱਲੇ ਕੇ ਨਾ ਜਾਣ ਲਈ ਕਿਹਾ ਪਰ ਉਹ ਜਾਣ ਲਈ ਅੜੇ ਰਹੇ। ਤਕਰੀਬਨ ਨੌਂ ਕੁ ਵਜੇ ਜਦੋਂ ਬਾਬਾ ਬਲਜੀਤ ਸਿੰਘ ਆਪਣੇ ਜਥੇ ਸਮੇਤ ਗੱਡੀਆਂ 'ਚ ਸਵਾਰ ਹੋ ਕੇ ਗੁਰਦੁਆਰਾ ਜੰਡਾਲੀਸਰ ਤੋਂ ਚੱਲ ਕੇ ਤਲਵੰਡੀ ਸਾਬੋ-ਬਠਿੰਡਾ ਮੁੱਖ ਸੜਕ ਮਾਰਗ 'ਤੇ ਚੜ੍ਹਨ ਲੱਗੇ ਤਾਂ ਉੱਥੇ ਤਾਇਨਾਤ ਭਾਰੀ ਪੁਲੀਸ ਫੋਰਸ ਨੇ ਅੱਗੇ ਗੱਡੀਆਂ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਪੁਲੀਸ ਨਾਲ ਬਾਬਾ ਦਾਦੂਵਾਲ ਨੇ ਧੱਲੇ ਕੇ ਜਾਣ ਲਈ ਕਾਫੀ ਬਹਿਸ ਵੀ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲੀਸ ਹਿਰਾਸਤ ਵਿਚ ਲੈਣ ਸਮੇਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੇ ਮਾਰਚ ਨੂੰ ਪਿੰਡ ਧੱਲੇ ਕੇ ਦੇ ਗੁਰਦੁਆਰਾ ਸੁੱਖ ਸਾਗਰ ਉਪਰ ਡੇਰਾ ਪ੍ਰੇਮੀਆਂ ਨੇ ਕਥਿਤ ਹਮਲਾ ਕਰਕੇ ਗੁਰੂ ਘਰ ਦੀ ਭੰਨ-ਤੋੜ ਕੀਤੀ। ਸੱਤ ਮਾਰਚ ਨੂੰ ਉਨ੍ਹਾਂ ਧੱਲੇ ਕੇ ਪਹੁੰਚ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਅਤੇ ਹੋਰ ਧਾਰਮਿਕ ਆਗੂਆਂ ਨਾਲ ਫੋਨ 'ਤੇ ਗੱਲਬਾਤ ਕਰਕੇ ਸਭ ਦੀ ਸਹਿਮਤੀ ਨਾਲ ਫੈਸਲਾ ਲਿਆ ਸੀ ਕਿ 8 ਤੇ 9 ਮਾਰਚ ਪ੍ਰਸ਼ਾਸਨ ਨੂੰ ਕਾਰਵਾਈ ਲਈ ਦਿੱਤੇ ਜਾਣ ਅਤੇ ਦਸ ਮਾਰਚ ਨੂੰ ਪੰਥ ਦਾ ਵੱਡਾ ਇਕੱਠ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇ।

ਬਠਿੰਡਾ : ਪੁਲੀਸ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਪਿੰਡ ਨੰਦਗੜ੍ਹ ਦੇ ਨਹਿਰੀ ਅਰਾਮ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਸੰਤ ਦਾਦੂਵਾਲ ਦੇ ਕਰੀਬ ਪੰਜ ਸਾਥੀਆਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਹੈ। ਦੇਰ ਸ਼ਾਮ ਤੱਕ ਸੰਤ ਦਾਦੂਵਾਲ ਤੇ ਸਾਥੀਆਂ ਨੂੰ ਨਹਿਰੀ ਅਰਾਮ ਘਰ 'ਚ ਹੀ ਰੱਖਿਆ ਗਿਆ। ਕਰੀਬ ਸੱਤ ਵਜੇ ਸ਼ਾਮੀਂ ਸੰਤ ਦਾਦੂਵਾਲ ਤੇ ਸਾਥੀਆਂ ਨੂੰ ਪੁਲੀਸ ਨੇ ਰਿਹਾਅ ਕਰ ਦਿੱਤਾ। ਪੁਲੀਸ ਸੂਤਰਾਂ ਨੇ ਦੱਸਿਆ ਕਿ ਸੰਤ ਦਾਦੂਵਾਲ 'ਤੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਅਤੇ ਕੇਵਲ ਟਕਰਾਅ ਟਾਲਣ ਵਾਸਤੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ।

ਅਫਸਰਾਂ ਨੇ ਕੀਤੀ ਆਓ ਭਗਤ

ਬਠਿੰਡਾ ਪੁਲੀਸ ਦੇ ਅਫਸਰਾਂ ਨੇ ਅੱਜ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਭਾਵੇਂ ਹਿਰਾਸਤ 'ਚ ਲੈ ਲਿਆ ਪਰ ਪੁਲੀਸ ਅਫਸਰਾਂ ਨੇ ਉਨ੍ਹਾਂ ਦੀ ਵੀ.ਆਈ.ਪੀ. ਆਓ ਭਗਤ ਕੀਤੀ। ਡੀ.ਐਸ.ਪੀ. ਖੁਦ ਸੰਤ ਦਾਦੂਵਾਲ ਦੀ ਪਜੈਰੋ ਗੱਡੀ ਚਲਾ ਕੇ ਲੈ ਕੇ ਆਇਆ। ਜਦੋਂ ਹਿਰਾਸਤ 'ਚੋਂ ਰਿਹਾਅ ਕੀਤਾ ਗਿਆ ਤਾਂ ਉਸੇ ਤਰ੍ਹਾਂ ਪੁਲੀਸ ਅਫਸਰਾਂ ਦੀ ਟੀਮ ਸੰਤ ਦਾਦੂਵਾਲ ਤੇ ਸਾਥੀਆਂ ਨੂੰ ਪਿੰਡ ਕੋਟਸ਼ਮੀਰ ਦੇ ਗੁਰਦਆਰਾ ਜੰਡਾਲੀਸਰ ਤੱਕ ਛੱਡ ਕੇ ਆਈ।

ਦਾਦੂਵਾਲ ਦੀ ਗ੍ਰਿਫ਼ਤਾਰੀ ਦੀ ਪੰਚ ਪ੍ਰਧਾਨੀ ਵਲੋਂ ਨਿੰਦਾ

ਫ਼ਤਿਹਗੜ੍ਹਸਾਹਿਬ, (10 ਮਾਰਚ,ਗੁਰਪ੍ਰੀਤ ਮਹਿਕ)ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫ਼ਤਾਰ ਕਰਨ ਅਤੇ ਬਾਬਾ ਅਵਤਾਰ ਸਿੰਘ ਸਾਧਾਂਵਾਲਾ ਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੂੰ ਨਜ਼ਰਬੰਦ ਕੀਤੇ ਜਾਣ ਦੀ ਪੰਜਾਬ ਸਰਕਾਰ ਦੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂਕਿਹਾ ਕਿ ਧਰਮ ਪ੍ਰਚਾਰਕਾਂ ਨੂੰ ਤਾਂ ਬਾਦਲ ਸਰਕਾਰ ਤੇ ਪੁਲਿਸ ਗ੍ਰਿਫ਼ਤਾਰ ਕਰਕੇ ਜ਼ਲੀਲ ਕਰ ਰਹੀ ਹੈ ਪਰ ਦੂਜੇ ਪਾਸੇ ਧਰਮ ਦਾ ਨਿਰਾਦਰ ਤੇ ਗੁਰਦੁਆਰਿਆਂ 'ਤੇ ਹਮਲੇ ਕਰਕੇ ਨਫ਼ਰਤ ਅਤੇ ਹਿੰਸਾ ਦਾ ਮਾਹੌਲ ਸਿਰਜਣ ਵਾਲੇ ਅਨਸਰਾਂ ਨੂੰ ਹਰ ਤਰਾਂ ਦੀ ਖੁੱਲ੍ਹ ਤੇ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਨ੍ਹਾਂਕਿਹਾ ਕਿ ਬਾਦਲ ਸਰਕਾਰ ਸੌਦਾ ਸਾਧ ਦੇ ਚੇਲਿਆਂ ਨੂੰ ਅਪਣੇ ਸਿੱਖ ਵਿਰੋਧੀ ਹੋਣ ਦਾ ਸਬੂਤ ਦੇਣਾ ਚਾਹੁੰਦੀ ਹੈ ਤਾਂ ਜੋ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਇਨ੍ਹਾਂ ਲੋਕਾਂ ਦੀਆਂ ਬਣਾਈਆਂ ਗਈਆਂ ਜਾਲ੍ਹੀ ਵੋਟਾਂ ਦਾ ਲਾਭ ਲਿਆ ਜਾ ਸਕੇ। ਇਸੇ ਮਕਸਦ ਲਈ ਸਰਕਾਰੀ ਮਸ਼ੀਨਰੀ ਨੂੰ ਇਨ੍ਹਾਂ ਲੋਕਾਂ ਦੇ ਹੱਕ ਵਿੱਚ ਭੁਗਤਾਇਆ ਜਾ ਰਿਹੈ ਅਤੇ ਪੰਜਾਬ ਦੀ ਧਰਤੀ 'ਤੇ ਪਸਰੇ ਲੋਟੂ ਪਾਖੰਡਵਾਦ ਦਾ ਪਰਦਾਫ਼ਾਸ ਕਰਨ ਵਾਲਿਆਂ ਨੂੰ ਕਾਨੂੰਨ ਦੀ ਦੁਰਵਰਤੋਂ ਕਰਕੇ ਜ਼ਲੀਲ ਕੀਤਾ ਜਾ ਰਿਹੈ। ਇਸ ਤੋਂ ਬਿਨਾਂ ਪੰਚ ਪ੍ਰਧਾਨੀ ਦੇ ਜਿਲ੍ਹਾ ਫ਼ਤਿਹਗੜ੍ਹਸਾਹਿਬ ਦੇ ਪ੍ਰਧਾਨ ਸਰਪੰਚ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਹਰਪ੍ਰੀਤ ਸਿੰਘ ਹੈਪੀ ਡਡਹੇੜੀ, ਹਰਪਾਲ ਸਿੰਘ ਸ਼ਹੀਦਗੜ•, ਭਗਵੰਤ ਸਿੰਘ ਮਹੱਦੀਆਂ, ਮਿਹਰ ਸਿੰਘ ਬਸੀ ਪਠਾਣਾਂ ਅਤੇ ਕਿਹਰ ਸਿੰਘ ਮਾਰਵਾ ਆਦਿ ਆਗੂਆਂ ਨੇ ਵੀ ਉਕਤ ਗ੍ਰਿਫ਼ਤਾਰੀਆਂ ਦੀ ਨਿੰਦਾ ਕੀਤੀ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top