Share on Facebook

Main News Page

ਜੇ ਪ੍ਰਚਾਰਕ ਗੋਲਕਾਂ ’ਤੇ ਪਲ ਰਹੇ ਹਨ ਤਾਂ ਕਲਮ ਚਲਾਉਣ ਵਾਲੇ ਕਿਹੜਾ ਹਲ ਵਾਹ ਰਹੇ ਹਨ: ਗਿਆਨੀ ਅਲਵਰ

ਬਠਿੰਡਾ, 10 ਮਾਰਚ (ਅਵਤਾਰ ਸਿੰਘ ਤੁੰਗਵਾਲੀਆ): ਜੇ ਪ੍ਰਚਾਰਕ ਗੋਲਕਾਂ ’ਤੇ ਪਲ ਰਹੇ ਹਨ, ਤਾਂ ਕਲਮ ਚਲਾਉਣ ਵਾਲੇ ਕਿਹੜਾ ਹਲ ਵਾਹ ਰਹੇ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ, ਗੁਰੂ ਗੰ੍ਰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ, ਆਸਾ ਜੀ ਦੀ ਵਾਰ ਵਿਚੋਂ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ "ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥" ਦੀ ਵਿਆਖਿਆ ਕਰਦਿਆਂ ਪ੍ਰਸਿੱਧ ਕਥਾਵਾਚਕ ਗਿਆਨੀ ਗਿਆਨੀ ਹਰਿੰਦਰ ਸਿੰਘ ਅਲਵਰ ਨੇ, ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਰਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਭਰਮ ਭੁਲੇਖੇ ਪੈਦਾ ਕਰਨ ਵਾਲਿਆਂ ਦਾ ਅਸਲੀ ਮਨੋਰਥ ਇਹ ਹੁੰਦਾ ਹੈ, ਕਿ ਰੁਜ਼ਗਾਰ ਲੋਕਾਂ ਦੇ ਭਰਮ ਭੁਲੇਖਿਆਂ ਨਾਲ ਜੁੜਿਆ ਹੁੰਦਾ ਹੈ। ਲੋਕਾਂ ਵਿੱਚ ਜਿਤਨੇ ਭਰਮ ਵੱਧ ਹੋਣਗੇ ਉਤਨੀ ਹੀ ਭਰਮ ਪੈਦਾ ਕਰਨ ਤੇ ਉਨ੍ਹਾਂ ਦਾ ਇਲਾਜ਼ ਦੱਸਣ ਵਾਲਿਆਂ ਦੀ ਆਮਦਨ ਵੱਧ ਹੋਵੇਗੀ। ਆਪਣੀ ਇਸ ਆਮਦਨ ਦੇ ਸਾਧਨ ਵਜੋਂ ਵਰਤਣ ਲਈ ਹੀ ਬ੍ਰਾਹਮਣ ਨੇ ਸੂਤਕ ਅਤੇ ਪਾਤਕ ਦਾ ਭਰਮ ਪੈਦਾ ਕਰ ਦਿੱਤਾ, ਕਿ ਜਦ ਕਿਸੇ ਦੇ ਘਰ ਬੱਚਾ ਜਨਮ ਲੈਂਦਾ ਹੈ ਤਾਂ ਉਸ ਘਰ ਸੂਤਕ ਅਤੇ ਪ੍ਰਾਣੀ ਦੇ ਮਰ ਜਾਣ ਨਾਲ ਪਾਤਕ ਨਾਲ ਘਰ ਅਪਵਿਤਰ ਹੋ ਜਾਂਦਾ ਹੈ। ਇਸ ਅਪਵਿਤਰਤਾ ਨੂੰ ਪੁਜਾਰੀ ਪੰਡਿਤ ਸ਼ੁੱਧੀਕਰਣ ਦੇ ਕਰਮ ਕਾਂਡ ਰਾਹੀਂ ਦੂਰ ਕਰਦਾ ਹੈ। ਕਰਮ ਕਾਂਡ ਕਰਨ ਦੇ ਉਸ ਨੂੰ ਪੈਸੇ ਮਿਲਦੇ ਹਨ, ਜਿਸ ਕਾਰਣ ਉਸ ਦੀ ਆਮਦਨ ਵਧਦੀ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਦਾ ਇਹ ਭਰਮ ਦੂਰ ਕਰਨ ਲਈ, ਇਸ ਸਲੋਕ ਰਾਹੀਂ ਸਮਝਾਇਆ ਕਿ ਜੇ ਕਰ ਸੂਤਕ ਮੰਨਿਆ ਜਾਵੇ ਤਾਂ ਹਰ ਥਾਂ ਹੀ ਸੂਤਕ ਹੈ, ਕਿਉਂਕਿ ਗੋਹੇ ਅਤੇ ਲਕੜੀ ਜਿਸ ਦੀ ਬਾਲਣ ਦੇ ਤੌਰ ’ਤੇ ਰਸੋਈ ਵਿੱਚ ਵਰਤੋਂ ਹੁੰਦੀ ਹੈ, ਅੰਨ ਦੇ ਦਾਣਿਆਂ ਅਤੇ ਪਾਣੀ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਸਭਨਾ ਵਿਚ ਹੀ ਜਾਨ ਹੈ, ਫਿਰ ਤਾਂ ਫਿਰ ਤਾਂ ਹਮੇਸ਼ਾਂ ਹੀ ਭੋਜਨ ਬਣਾਉਣ ਸਮੇਂ ਰਸੋਈ ਵਿੱਚ ਸੂਤਕ ਪਾਤਕ ਬਣਿਆ ਰਹਿੰਦਾ ਹੈ, ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਗੁਰੂ ਸਾਹਿਬ ਨੇ ਸੂਤਕ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਦੱਸਿਆ ਹੈ, ਕਿ ਇਸ ਨੂ ਗਿਆਨ ਰਾਹੀਂ ਹੀ ਧੋਤਾ ਜਾ ਸਕਦਾ ਹੈ, ਭਾਵ ਗਿਆਨ ਦੁਆਰਾ ਹੀ ਪਵਿਤ੍ਰਤਾ ਹੋ ਸਕਦੀ ਹੈ। ਸੂਤਕ ਦੂਰ ਕਰਨ ਲਈ ਗਿਆਨ ਅਗਲੇ ਸਲੋਕ ਵਿਚ ਇਹ ਦੱਸਿਆ ਹੈ, ਕਿ ਘਰ ਵਿੱਚ ਬੱਚਾ ਪੈਦਾ ਹੋਣ ਨਾਲ ਸੂਤਕ ਨਹੀਂ ਹੁੰਦਾ, ਬਲਕਿ ਮਨ ਵਿੱਚ ਸੂਤਕ ਉਸ ਸਮੇਂ ਪੈਦਾ ਹੁੰਦਾ ਹੈ, ਜਦੋਂ ਮਨ ਵਿੱਚ ਲੋਭ ਪੈਦਾ ਹੋ ਜਾਵੇ, ਜੀਭ ਨਾਲ ਝੂਠ ਬੋਲਣਾ, ਅੱਖਾਂ ਨਾਲ ਪਰਾਏ ਧਨ ਤੇ ਪਰਾਈ ਇਸਤਰੀ ਨੂੰ ਲਾਲਚ ਵੱਸ ਜਾਂ ਵਿਕਾਰੀ ਦ੍ਰਿਸ਼ਟੀ ਨਾਲ ਤੱਕਣਾ, ਕੰਨਾਂ ਨਾਲ ਪਰਾਈ ਨਿੰਦਾ ਚੁਗਲੀ ਸੁਣਨੀ ਸੂਤਕ ਹੈ, ਤੇ ਇਸ ਸੂਤਕ ਕਾਰਣ ਹੰਸਾਂ ਵਰਗਾ ਆਦਮੀ ਜਮਾਂ ਦੀ ਮਾਰ ਸਹਿੰਦਾ ਹੈ। ਇਸ ਤੋਂ ਅਗਲੇ ਤੀਜੇ ਸਲੋਕ ਵਿੱਚ ਸਮਝਾਇਆ ਹੈ, ਕਿ ਜੰਮਣਾ ਮਰਨਾ ਤਾਂ ਅਕਾਲ ਪੁਰਖ਼ ਦੇ ਹੁਕਮ ਵਿੱਚ ਹੋਣ ਕਰਕੇ, ਜੰਮਣ ਮਰਨ ਦਾ ਸੂਤਕ ਨਿਰੋਲ ਭਰਮ ਹੈ, ਇਸ ਲਈ ਜਨਮ ਜਾਂ ਮਰਗ ਵਾਲੇ ਘਰਾਂ ਵਿੱਚ ਖਾਣਾ ਪੀਣਾ ਸਭ ਪਵਿੱਤਰ ਹੈ, ਕਿਉਂਕਿ ਇਹ ਉਸ ਅਕਾਲ ਪੁਰਖ਼ ਨੇ ਹੀ ਸਭਨਾ ਦੇ ਨਿਰਵਾਹ ਲਈ ਦਿੱਤੀਆਂ ਹਨ। ਜਿਨ੍ਹਾਂ ਨੇ ਇਹ ਗਿਆਨ ਦੀ ਗੱਲ ਗੁਰੂ ਦੀ ਸ਼ਰਨ ਵਿੱਚ ਆ ਕੇ, ਸਮਝ ਲਈ ਉਨ੍ਹਾਂ ਨੂੰ ਜਨਮ ਮਰਨ ਦਾ ਕੋਈ ਸੂਤਕ ਪਾਤਕ ਨਹੀਂ ਹੈ।

ਗਿਆਨੀ ਅਲਵਰ ਨੇ ਕਿਹਾ ਕਿ ਸਿਰਫ ਪੰਡਿਤ ਹੀ ਨਹੀਂ ਜਿਹੜਾ ਵੀ ਵਿਅਕਤੀ ਜਾਂ ਸੰਸਥਾ ਆਪਣੀ ਆਮਦਨ ਦਾ ਸਾਧਨ ਵਧਾਉਣ ਲਈ ਭਰਮ ਭੁਲੇਖੇ ਪੈਦਾ ਕਰਦਾ ਹੈ, ਉਸ ਨੂੰ ਗਲਤ ਕਿਹਾ ਜਾ ਸਕਦਾ ਹੈ, ਅਤੇ ਕਹਿਣਾ ਵੀ ਚਾਹੀਦਾ ਹੈ ਪਰ ਜਿਹੜਾ ਪ੍ਰਚਾਰਕ ਇਹ ਭਰਮ ਭੁਲੇਖੇ ਦੂਰ ਕਰਨ ਲਈ ਪ੍ਰਚਾਰ ਕਰਦਾ ਹੈ, ਉਸ ਦੀ ਰੋਜ਼ੀ ਦਾ ਸਾਧਨ ਬੇਸ਼ੱਕ ਗੋਲਕ ਹੀ ਹੈ, ਉਸ ਨੂੰ ਗੋਲਕ ’ਤੇ ਪਲਣ ਦੇ ਤਾਹਨੇ ਮਾਰਨ ਵਾਲੇ ਜਰਾ ਸੋਚਣ, ਕਿ ਉਨ੍ਹਾਂ ਦਾ ਆਪਣਾ ਕਿਰਦਾਰ ਕੀ ਹੈ? ਉਨ੍ਹਾਂ ਕਿਹਾ ਕਿ ਹਰ ਪ੍ਰਚਾਰਕ ਨੂੰ ਗੋਲਕ ’ਤੇ ਪਲਣ ਦਾ ਤਾਹਨਾ ਮਾਰਨ ਦੀਆਂ ਖ਼ਬਰਾਂ ਲਿਖਣ ਅਤੇ ਛਾਪਣ ਵਾਲੇ ਅਖ਼ਬਾਰਾਂ ਦੇ ਸੰਪਾਦਕ ਤੇ ਪੱਤਰਕਾਰ ਜਰਾ ਸੋਚਣ, ਕਿ ਉਹ ਕਿਹੜਾ ਹਲ ਵਾਹ ਰਹੇ ਹਨ, ਉਹ ਕਿਹੜੀ ਕਹੀ ਤੇ ਬੇਲਚਾ ਚਲਾ ਰਹੇ ਹਨ। ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਿਹਾ ਕਿ ਉਨ੍ਹਾਂ ਦੀ ਰੋਟੀ ਦਾ ਸਾਧਨ ਵੀ ਤਾਂ ਖ਼ਬਰਾਂ ਤੇ ਇਸ਼ਤਿਹਾਰ ਛਾਪਣਾ ਹੀ ਹੈ। ਜੇ ਇਹ ਲੋਕਾਂ ਦੇ ਭਰਮ ਭੁਲੇਖੇ ਦੂਰ ਕਰਨ ਲਈ ਖ਼ਬਰਾਂ ਤੇ ਲੇਖ ਛਾਪ ਕੇ ਅਤੇ ਸਹੀ ਸੂਚਨਾਵਾਂ ਦੇਣ ਬਦਲੇ ਇਸ਼ਤਿਹਾਰ ਛਾਪ ਕੇ ਪੈਸੇ ਲੈਂਦੇ ਹਨ, ਤਾਂ ਇਨ੍ਹਾਂ ਦੀ ਕਮਾਈ ਦਸਾਂ ਨਹੁੰਆਂ ਦੀ ਕਮਾਈ ਹੈ, ਪਰ ਜੇ ਭਰਮ ਭੁਲੇਖੇ ਪਾਉਣ ਵਾਲੀਆਂ ਖ਼ਬਰਾਂ ਤੇ ਇਸ਼ਤਿਹਾਰ ਛਾਪਦੇ ਹਨ, ਤਾਂ ਮਤ ਸਮਝਣ ਕਿ ਉਨ੍ਹਾਂ ਨੂੰ ਮਿਲਣ ਵਾਲੇ ਇਸ਼ਤਿਹਾਰ ਉਨ੍ਹਾਂ ਦੀ ਹੱਕ ਸੱਚ ਦੀ ਕਮਾਈ ਹੈ, ਇਹ ਵੀ ਗੋਲਕਾਂ ’ਤੇ ਪਲਣ ਵਾਲਿਆਂ ਤੋਂ ਕਿਸੇ ਵੀ ਸੂਰਤ ਵਿੱਚ ਚੰਗੇ ਕਹਾਉਣ ਦੇ ਹੱਕਦਾਰ ਨਹੀਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top