Share on Facebook

Main News Page

ਸ਼ਰੀਰ ਦੇ ਨਾਲ-ਨਾਲ ਸੁਰਤ ਨੂੰ ਸਿੱਖ ਬਣਾਉਣਾ ਸਮੇਂ ਦੀ ਮੁੱਖ ਲੋੜ: ਪ੍ਰੋ. ਸਰਬਜੀਤ ਸਿੰਘ ਧੂੰਦਾ

ਔਕਲੈਂਡ 6 ਮਾਰਚ 2011 ( ਗੁਰਿੰਦਰ ਸਿੰਘ ਸ਼ਾਦੀਪੁਰ ) ਕਰਮਕਾਂਡੀ ਦਲਦਲ ਵਿੱਚ ਫਸੇ ਸਿੱਖੀ ਦੇ ਬੇੜੇ ਨੂੰ ਉਭਾਰਨ ਲਈ ਸਰੀਰ ਦੇ ਨਾਲ-ਨਾਲ ਸੁਰਤ ਨੂੰ ਸਿੱਖ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਨਿਊਜ਼ੀਲੈਂਡ ਦੀ ਪ੍ਰਚਾਰ ਫੇਰੀ ਤੇ ਪਹੁੰਚੇ ਪ੍ਰੋ ਸਰਬਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਰਲੀ ਰੋਡ ਔਕਲੈਂਡ ਵਿਖੇ ਕਥਾ-ਵਿਚਾਰ ਦੌਰਾਨ ਕੀਤਾ। ਉਨਾਂ ਨੇ ਗੁਰਬਾਣੀ ਵਿਚੋਂ ਪ੍ਰਮਾਣ ਦਿੰਦਿਆਂ ਕਿਹਾ ਕਿ ਮਨ ਕਰਕੇ ਗੁਰੂ ਉਪਦੇਸ਼ ਨੂੰ ਸੁਰਤ ਵਿੱਚ ਵਸਾਉਣ ਵਾਲਾ ਸਿੱਖ ਹੀ ਗੁਰੂ ਦੇ ਸਨਮੁੱਖ ਕਿਹਾ ਜਾ ਸਕਦਾ ਹੈ।

ਪਰ ਅੱਜ ਹਾਲਾਤ ਇਹ ਬਣ ਗਏ ਹਨ ਕਿ ਸਿੱਖ ਦਾ ਸਾਰਾ ਜੋਰ ਸਰੀਰ ਨੂੰ ਸਿੱਖ ਬਣਾਉਣ ਤੇ ਹੀ ਲੱਗ ਗਿਆ ਹੈ, ਜੋ ਕਿ ਸਾਡੀ ਕੌਮ ਦੀ ਅਜੋਕੀ ਅਧੋਗਤੀ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ। ਬਹੁਤਾਤ ਉਪਰੋਂ-ਉਪਰੋਂ ਦੇਖਣ ਨੂੰ ਸਿੱਖੀ ਨਜਰ ਆ ਰਹੀ ਹੈ, ਪਰ ਕਰਤੂਤਾਂ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਤਾਂ ਦੇ ਨੇੜੇ-ਤੇੜੇ ਵੀ ਨਹੀਂ ਹੈ। ਇਸ ਦਾ ਮੁੱਖ ਕਾਰਨ ਵੀ ਉਨਾਂ ਸਾਡੇ ਪ੍ਰਚਾਰਕਾਂ ਅਤੇ ਸਾਧ-ਲਾਣੇ ਦੀ ਮਿਹਰਬਾਨੀ ਸਦਕਾ ਮਿਲਾਵਟ ਵਾਲਾ, ਬ੍ਰਾਹਮਣੀ ਮੱਤ ਦੇ ਨਜਰੀਏ ਤੋਂ ਕੀਤੀ ਗਈ ਗੁਰਬਾਣੀ ਵਿਆਖਿਆ ਹੀ ਦੱਸਿਆ। ਅਜਿਹਾ ਕਰਨ ਵਾਲਿਆਂ ਨੂੰ ਪੰਥ ਦੇ ਮਹਾਨ ਸੇਵਾਦਾਰਾਂ ਦੀਆਂ ਉਪਾਧੀਆਂ ਬਖਸ਼ੀਆਂ ਜਾ ਰਹੀਆਂ ਹਨ। ਦੂਜੇ ਪਾਸੇ ਇਨਾਂ ਦਾ ਪਾਜ ਉਘੇੜਨ ਵਾਲਿਆਂ ਨੂੰ ਅਤੇ ਗੁਰੂ ਦੀ ਸਿਧਾਂਤ ਦੀ ਗੱਲ ਕਰਨ ਵਾਲਿਆਂ ਨੂੰ ਨਿੰਦਕ ਅਤੇ ਪੰਥ ਵਿਰੋਧੀ ਕਿਹਾ ਜਾ ਰਿਹਾ ਹੈ।

ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਵੱਡੇ-ਵੱਡੇ ਅਖੌਤੀ ਪ੍ਰਚਾਰਕ ਵੀ ਲਾਲਚ ਅਧੀਨ ਗੁਰੂ-ਸਿਧਾਂਤ ਦੀ ਬਜਾਏ ਉਹ ਹੀ ਸੁਣਾ ਰਹੇ ਹਨ, ਜੋ ਲੋਕ ਸੁਣਨਾ ਪਸੰਦ ਕਰ ਰਹੇ ਹਨ, ਤੇ ਜਾਂ ਜਿਸ ਰਾਂਹੀਂ ਲੋਕਾਂ ਦੀਆਂ ਜੇਬਾਂ ਵਿੱਚੋਂ ਵੱਧ ਤੋਂ ਵੱਧ ਮਾਇਆ ਕਢਵਾਈ ਜਾਏ। ਜਿਸ ਦਾ ਨਤੀਜਾ ਇਹ ਹੈ ਆਮ ਮਨੁੱਖ ਤੱਤ ਗੁਰਮਤਿ ਤੋਂ ਵਾਂਝਾ ਰਹਿ ਕੇ ਆਪਣਾ ਸੁਧਾਰ ਕਰਨ ਦੀ ਬਜਾਏ ਪਖੰਡੀ ਬਣਦਾ ਜਾ ਰਿਹਾ ਹੈ। ਜਦ ਕਿ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਵਿੱਚ ਪਖੰਡ ਅਤੇ ਕਰਮ-ਕਾਂਡ ਦਾ ਕੋਈ ਸਥਾਨ ਨਹੀਂ ਹੈ। ਇਸ ਲਈ ਅੱਜ ਲੋੜ ਹੈ ਕਿ ਹਰ ਸਿੱਖ ਆਪ ਗੁਰਬਾਣੀ ਦਾ ਅਧਿਐਨ ਕਰਕੇ ਤੱਤ-ਗੁਰਮਤਿ ਨੂੰ ਸਮਝੇ ਤਾਂ ਕਿ ਇਨਾਂ ਪਖੰਡੀਆਂ ਦਾ ਭਾਂਡਾ ਭੰਨਿਆ ਜਾ ਸਕੇ, ਤੇ ਪੰਥ ਮੁੜ ਤੋਂ ਆਪਣੀਆਂ ਬੁਲੰਦੀਆਂ ਨੂੰ ਛੁਹੇ। ਪ੍ਰੋਗਰਾਮ ਦੇ ਅਖੀਰ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਮੁੱਖ ਬੁਲਾਰੇ ਗੁਰਿੰਦਰ ਸਿੰਘ ਸ਼ਾਦੀਪੁਰ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ, ਕਿ ਅੱਜ ਸਾਨੂੰ ਵੱਖ-ਵੱਖ ਸੰਪ੍ਰਦਾਵਾਂ ਤੇ ਡੇਰਿਆਂ ਦੇ ਸਿੱਖ ਬਣਨ ਦੀ ਦੀ ਬਜਾਏ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣਨ ਵੱਲ ਧਿਆਨ ਦੇਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top