Share on Facebook

Main News Page

ਤੱਤ ਗੁਰਮਤਿ ਪਰਿਵਾਰ ਵੀ ਜੋਗਿੰਦਰ ਸਿੰਘ ਸਪੋਕਸਮੈਨ ਦੇ ਪਦ ਚਿਨ੍ਹਾਂ 'ਤੇ ਚੱਲਿਆ

ਸਾਨੂੰ ਇਹ ਲਿਖਣ ਲਈ ਮਜਬੂਰ ਹੋਣਾ ਪਿਆ, ਕਿਉਂਕਿ, ਹਰ ਕਿਸੇ ਚੀਜ਼ ਦੀ ਹੱਦ ਹੁੰਦੀ ਹੈ। ਪਰ ਕਈ ਲੋਕਾਂ ਦਾ ਇਹ ਕੰਮ ਹੁੰਦਾ ਹੈ, ਪੱਲੇ ਨਹੀਂ ਧੇਲਾ, ਤੇ ਕਰਦੀ ਮੇਲਾ ਮੇਲਾ। ਠੀਕ ਹੈ, ਕਿ ਤੱਤ ਗੁਰਮਤਿ ਵਾਲੇ ਬਹੁਤ ਸੂਝਵਾਨ ਹਨ, ਪਰ ਇਨ੍ਹਾਂ ਨੇ ਕੀ ਸਾਰਥਕ ਕੀਤਾ ਹੈ, ਸਿਵਾਏ ਲੇਖ ਲਿਖਣ ਤੋਂ, ਉਹ ਵੀ ਬਾਲ ਕੀ ਖਾਲ ਉਤਰਨ ਤੋਂ ਸਿਵਾਏ ਕੁੱਝ ਨਹੀਂ।

ਜਿਹੜੀ ਟਾਹਣੀ 'ਤੇ ਬੈਠੇ ਹਨ, ਉਸਨੂੰ ਹੀ ਵੱਡਣ ਲਗੇ ਹੋਏ ਹਨ। ਇਹਨਾਂ ਦਾ ਕੰਮ ਹੈ, ਲੱਤਾਂ ਖਿਚਣਾ। ਕੀ ਫਰਕ ਹੈ, ਅਖੌਤੀ ਦਸਮ ਗ੍ਰੰਥ ਦੇ ਹਮਾਇਤੀਆਂ ਅਤੇ ਤੱਤ ਗੁਰਮਤਿ ਵਾਲਿਆਂ 'ਚ। ਉਹ ਵੀ ਪ੍ਰੋ. ਦਰਸ਼ਨ ਸਿੰਘ ਦੇ ਵਿਰੋਧ 'ਚ ਹਨ, ਤੇ ਇਹ ਪਰਿਵਾਰ ਵਾਲੇ ਵੀ ਬੇ ਨਾਗਾ, ਲੇਖ ਤੇ ਲੇਖ ਲਿਖੀ ਤੁਰੀ ਜਾ ਰਹੇ ਹਨ, ਜਿਸ ਤਰ੍ਹਾਂ ਸਪੋਕਸਮੈਨ ਪਿਛਲੇ ਸਾਲ ਤੱਕ ਕਰ ਰਿਹਾ ਸੀ। ਸਪੋਕਸਮੈਨ ਹੱਟਿਆ ਤਾਂ ਪਰਿਵਾਰ ਵਾਲਿਆਂ ਨੇ ਇਹ ਕੰਮ ਫੜ ਲਿਆ।

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕੋਈ ਗਲਤੀ ਨਾ ਕੀਤੀ ਹੋਵੇ, ਤੱਤ ਗੁਰਮਤਿ ਵਾਲਿਆਂ ਨੇ ਕੋਈ ਗਲਤੀ ਨਾ ਕੀਤੀ ਹੋਵੇ, ਅਮਰਜੀਤ ਸਿੰਘ ਚੰਦੀ ਨੇ ਕੋਈ ਗਲਤੀ ਨਾ ਕੀਤੀ ਹੋਵੇ, ਕਿਰਪਾਲ ਸਿੰਘ ਬਠਿੰਡਾ ਨੇ ਕੋਈ ਗਲਤੀ ਨਾ ਕੀਤੀ ਹੋਵੇ.... ਇਹ ਮੁਮਕਿਨ ਨਹੀਂ। ਕੋਈ ਵੀ ਮੱਨੁਖ 100% ਪ੍ਰਤੀਸ਼ਤ ਪੂਰਾ ਨਹੀਂ, ਸਿਵਾਏ ਆਕਲਪੁਰਖ ਦੇ ਜਾਂ ਗੁਰੂ ਦੇ। ਹੁਣ ਜਦੋਂ ਹਰ ਜਾਗਰੂਕ ਕਹਾਉਣ ਵਾਲੇ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ, ਛੋਟੇ ਮੋਟੇ ਸ਼ਿਕਵੇ ਗਿਲੇ ਇੱਕ ਪਾਸੇ ਛੱਡ ਕੇ, ਇੱਕਠੇ ਹੋ ਜਾਓ, ਪਰ ਨਹੀਂ....

ਸਪੋਕਸਮੈਨ ਵੀ ਚਾਹੁੰਦਾ ਹੈ ਕਿ ਪ੍ਰੋ. ਦਰਸ਼ਨ ਸਿੰਘ, ਅਖੌਤੀ ਦਸਮ ਗ੍ਰੰਥ ਵਿਰੁੱਧ ਲਹਿਰ ਦੀ ਕਮਾਨ ਸੰਭਾਲਣ, ਤੱਤ ਗੁਰਮਤਿ ਵਾਲੇ ਵੀ ਸ਼ਾਇਦ ਅੱਧੇ ਪਚੱਧੇ ਮਾਨ ਨਾਲ ਇਹੀ ਚਾਹੁੰਦੇ ਹਨ, ਪਰ ਲੱਤ ਆਪਣੀ ਉਪਰ ਰੱਖਣੀ ਚਾਹੁੰਦੇ ਹਨ, ਕਿ ਪ੍ਰੋ. ਦਰਸ਼ਨ ਸਿੰਘ ਅੱਗੇ ਲੱਗਣ, ਪਰ ਗੱਲ ਸਾਡੀ ਮੰਨਣ।

ਅਸੀਂ ਇਕ ਗੱਲ ਸਾਫ ਕਰ ਦੇਣੀ ਚਾਹੁੰਦੇ ਹਾਂ ਕਿ, ਪ੍ਰੋ. ਦਰਸ਼ਨ ਸਿੰਘ, ਕੋਈ ਗੁਰੂ ਨਹੀਂ, ਜੋ ਕੋਈ ਗਲਤੀ ਨਾ ਕਰਣ। ਉਨ੍ਹਾਂ ਨੇ ਆਪਣੀ ਗਲਤੀ ਸੁਧਾਰੀ ਵੀ ਹੈ। ਜਿੰਨਾਂ ਸੰਘਰਸ਼ ਪ੍ਰੋ. ਦਰਸ਼ਨ ਸਿੰਘ ਨੇ ਸਿੱਖੀ ਲਈ ਕੀਤਾ ਹੈ, ਬਹੁਤ ਘੱਟ ਸਿੱਖ ਆਗੂ ਜਾਂ ਪ੍ਰਚਾਰਕਾਂ ਨੇ ਕੀਤਾ ਹੈ। ਦੁਨਿਆ ਦੇ ਹਰ ਕੋਨੇ 'ਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ, ਸਿੱਖੀ ਵਿਰੁੱਧ ਹੋ ਰਹੇ ਹਮਲਿਆਂ, ਕਰਮਕਾਂਡਾਂ ਵਿਰੁੱਧ, ਡੇਰਾਵਾਦ ਆਦਿ ਅਤੇ ਹੁਣ ਅਖੌਤੀ ਦਸਮ ਗ੍ਰੰਥ ਵਿਰੁੱਧ ਸਿੱਖਾਂ ਨੂੰ ਸੁਚੇਤ ਕੀਤਾ ਹੈ ਤੇ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲੱਗਣ ਲਈ ਪ੍ਰੇਰਿਆ ਹੈ। ਸਪੋਕਸਮੈਨ ਪਿਛਲੇ ਚੰਦ ਕੁ ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ, ਤੱਤ ਗੁਰਮਤਿ ਪਰਿਵਾਰ ਵਾਲੇ ਵੀ ਕੁੱਝ ਸਾਲਾਂ ਤੋਂ ਇਸ ਪਾਸੇ ਲੱਗੇ ਹਨ, ਚੰਗੀ ਗੱਲ ਹੈ, ਪਰ ਜੋ ਕੰਮ ਪ੍ਰੋ. ਦਰਸ਼ਨ ਸਿੰਘ ਨੇ ਸਿੱਖ ਸੰਗਤਾਂ 'ਚ ਵਿਚਰ ਕੇ, ਛੋਟੇ ਪਿੰਡਾਂ ਤੋਂ ਲੈਕੇ ਦੁਨਿਆਂ ਦੇ ਵੱਡੇ ਸ਼ਹਿਰਾਂ ਤੱਕ, ਜਿਥੇ ਵੀ ਕਿਸੇ ਨੇ ਬੁਲਾਇਆ, ਉਥੇ ਗਏ ਹਨ, ਪ੍ਰਚਾਰ ਕੀਤਾ ਹੈ, ਸਿੱਖ ਸੰਘਰਸ਼ ਦੌਰਾਨ, ਖੂਨੀ ਮਾਹੌਲ 'ਚ ਵੀ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਹੈ, ਹੁਣ ਕ੍ਰਿਪਾਨਾਂ, ਗੰਡਾਸਿਆਂ, ਸ਼ਰਾਰਤੀ ਅਨਸਰਾਂ ਦਾ ਸਾਹਮਣਾ ਵੀ ਕੀਤਾ ਹੈ, ਪਰ ਸਿੱਖੀ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ।

ਇਹ ਲੋਕ ਦੱਸਣ ਇਨ੍ਹਾਂ ਨੇ ਸਿਵਾਏ ਲੇਖ ਲਿਖਣ ਤੋਂ, ਕੀ ਕੀਤਾ ਹੈ? ਜ਼ਮੀਨੀ ਹਕੀਕਤ ਤੋਂ ਦੂਰ, ਸਿਰਫ ਹਵਾ 'ਚ ਹੀ ਤੀਰ ਚਲਾਏ ਨੇ। ਕਦੀ ਇਸ ਪਰਿਵਾਰ ਵਾਲੇ ਨੇ ਸ਼ੇਰ ਦੀ ਮਾਂਦ 'ਚ ਜਾ ਕੇ ਬੋਲਣ ਦੀ ਵੀ ਹਿੰਮਤ ਕੀਤੀ ਹੈ, ਪ੍ਰੋ. ਦਰਸ਼ਨ ਸਿੰਘ ਨੇ ਕੀਤੀ ਹੈ... ਸਿਰਫ ਗਲਾਂ ਨਹੀਂ, ਕੁੱਝ ਕਰਕੇ ਦਿਖਾਇਆ ਹੈ, ਇਸੇ ਲਈ ਸਿੱਖ ਸੰਗਤਾਂ, ਇਸ ਲਹਿਰ ਵਿੱਚ ਵੀ ਉਨ੍ਹਾਂ ਦੇ ਨਾਲ ਸੱਚ ਦਾ ਸਾਥ ਦੇ ਰਹੀਆਂ ਹਨ। ਇਹ ਕੋਈ ਸ਼ਖਸੀਅਤ ਪ੍ਰਸਤੀ ਨਹੀਂ, ਉਸ ਆਗੂ ਲਈ ਪਿਆਰ ਹੈ, ਸੱਚ ਦਾ ਸਾਥ ਦੇਣ ਹੀ ਹਿੰਮਤ ਹੈ, ਹੋਰ ਕੁੱਝ ਨਹੀਂ। ਜਿਹੜਾ ਆਗੂ ਆਪ ਮੈਦਾਨ 'ਚ ਆਕੇ ਖੁੱਦ ਟਾਕਰਾ ਕਰੇ, ਖੁੱਦ ਲੜੇ, ਉਹ ਹੀ ਆਗੂ ਹੈ, ਸਿਰਫ ਗੱਲਾਂ ਦਾ ਕੜ੍ਹਾ ਬਣਾ ਲੈਣ ਕੁੱਝ ਨਹੀਂ ਹੋਣਾ, ਕੁੱਝ ਕਰਨ ਨਾਲ ਹੋਣਾ ਹੈ।

ਤੇ ਜੇ ਕਦੇ ਕੁੱਝ ਹੋਇਆ ਹੈ, ਇਕੱਠੇ ਹੋ ਕੇ ਹੋਇਆ ਹੈ। ਜਿਸ ਤਰ੍ਹਾਂ ਪਹਿਲਾਂ ਵੀ ਲਿਖਿਆ ਸੀ ਕਿ ਜਾਗਰੂਕ ਕਹਾਉਣ ਵਾਲੀਆਂ ਧਿਰਾਂ ਤੋਂ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਚੰਗੇ ਨੇ, ਜਿਹੜੇ ਘੱਟੋ ਘੱਟ, ਭਾਂਵੇਂ ਗਲਤ ਪਾਸੇ ਸਹੀ, ਇੱਕ ਤਾਂ ਹਨ। ਜਾਗਰੂਕ ਕਹਾਉਣ ਵਾਲਿਆਂ ਦਾ ਹਸ਼ਰ ਦੇਖੋ, ਜਿਸ ਵਿਅਕਤੀ ਨੂੰ ਆਗੂ ਬਨਾਉਣਾ ਲੋਚਦੇ ਨੇ, ਉਸ ਨੂੰ ਪਹਿਲਾਂ ਆਪਣੀ ਲੱਤ ਥੱਲੇ ਰਖਣਾ ਚਾਹੁੰਦੇ ਨੇ, ਆਪਣੀ ਸੋਚ ਲੱਦਣਾ ਚਾਹੁੰਦੇ ਨੇ, ਫਿਰ ਪ੍ਰੋ. ਦਰਸ਼ਨ ਸਿੰਘ ਠੀਕ, ਨਹੀਂ ਤਾਂ ਉਨ੍ਹਾਂ ਦੀ ਦਸਮ ਗ੍ਰੰਥ ਸਬੰਧੀ ਪਹੁੰਚ ਗਲਤ। ਇਹ ਲੋਕ ਦੱਸਣ, ਕਿ ਜਦੋਂ ਦਾ ਇਹ ਮਾਮਲਾ ਪਿਛਲੇ ਸਾਲਾਂ 'ਚ ਭਖਿਆ ਹੈ, ਕਿਸਨੇ ਇਸ ਮਾਮਲੇ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਇਆ ਹੈ, ਕਿਮ ਨੇ ਅਖੌਤੀ ਦਸਮ ਗ੍ਰੰਥ ਦੀ ਅਸ਼ਲੀਲਤਾ ਪ੍ਰਤੀ ਸਿੱਖਾਂ ਨੂੰ ਜਾਗਰੂਕ ਕੀਤਾ ਹੈ, ਕਿਹੜਾ ਉਸ ਗ੍ਰੰਥ ਦੇ ਹਮਾਇਤੀਆਂ ਦੀ ਜ਼ਿਆਦਤੀ ਦਾ ਸ਼ਿਕਾਰ ਹੋਇਆ ਹੈ? ਤੁਸੀਂ ਤਾਂ ਲੇਖ ਲਿਖ ਛਡੇ, ਪਤਾ ਨਹੀਂ ਕੌਣ ਲਿਖ ਰਿਹਾ ਹੈ, ਕਿਸ ਨੂੰ ਕੀ ਪਤਾ, ਪਰ ਸੰਗਤਾਂ 'ਚ, ਥਾਂ ਥਾਂ 'ਤੇ ਜਾ ਕੇ ਖੁਦ ਪ੍ਰਚਾਰ ਪ੍ਰੋ. ਦਰਸ਼ਨ ਸਿੰਘ, ਪ੍ਰੋ. ਧੂੰਦਾ ਵਰਗੇ ਨਿਡਰ ਪ੍ਰਚਾਰਕਾਂ ਨੇ ਕੀਤਾ ਹੈ। ਅੱਜ ਗੂਗਲ 'ਤੇ, ਯੂ ਟਿਊਬ 'ਤੇ ਦਸਮ ਗ੍ਰੰਥ ਲਿਖੋ, ਤਾਂ ਵੀ ਪ੍ਰੋ. ਦਰਸ਼ਨ ਸਿੰਘ ਦੀਆਂ ਖਬਰਾਂ, ਤਸਵੀਰਾਂ ਜਾਂ ਵੀਡੀਓ ਸਾਹਮਣੇ ਆਂਉਦੀਆਂ ਹਨ। ਅਖੌਤੀ ਦਸਮ ਗ੍ਰੰਥ ਦਾ ਹਮਾਇਤੀ ਵੀ ਜਦੋਂ ਗਲ ਚਲੇ ਦਸਮ ਗ੍ਰੰਥ ਦੀ, ਉਸਨੂੰ ਛੱਡ ਪ੍ਰੋ. ਦਰਸ਼ਨ ਸਿੰਘ ਦੇ ਦੁਆਲੇ ਜ਼ਿਆਦਾ ਹੁੰਦੇ ਨੇ, ਭਾਂਵੇ ਉਹ ਲੇਖ ਲਿਖਣ, ਭਾਂਵੇ ਰੇਡੀਓ / ਟੀ.ਵੀ ਟਾਕ ਸ਼ੋ ਹੋਵੇ। ਬਿੱਲੀ ਵੀ ਸੱਤ ਘਰ ਛੱਡ ਦਿੰਦੀ ਹੈ, ਪਰ ਤੁਸੀਂ ਤਾਂ...

ਸਾਨੂੰ ਪਤਾ ਹੈ ਕਿ, ਇਸ ਛੋਟੇ ਜਿਹੇ ਲੇਖ ਦੀ ਵੀ ਤੱਤ ਗੁਰਮਤਿ ਵਾਲਿਆਂ ਨੇ ਚੀਰ ਫਾੜ ਕਰਨੀ ਹੈ, ਕਰ ਲੈਣ, ਆਪਣੀ ਰੂਹ ਰਾਜ਼ੀ ਕਰ ਲੈਣ। ਇਹ ਆਖਰੀ ਟਿੱਪਣੀ ਹੈ, ਤੱਤ ਗੁਰਮਤਿ ਪਰਿਵਾਰ ਦੇ ਰੱਵਈਏ ਪ੍ਰਤੀ। ਗੁਰੂ ਸੁਮੱਤ ਬਖਸ਼ੇ, ਏਕਾ - ਇਤੱਫਾਕ ਬਖਸ਼ੇ। 

ਸੰਪਾਦਕ ਖਾਲਸਾ ਨਿਊਜ਼

ਸਿਰਫ ਹੰਗਾਮਾ ਖੜਾ ਕਰਨਾ, ਮੇਰਾ ਮਕਸਦ ਨਹੀਂ
ਮੇਰੀ ਕੋਸ਼ਿਸ਼ ਹੈ, ਕਿ ਯੇ ਹਾਲਾਤ ਬਦਲਨੇ ਚਾਹੀਏ।
ਮੇਰੇ ਸੀਨੇ ਮੇਂ ਨਹੀਂ, ਤੋ ਤੇਰੇ ਸੀਨੇ ਮੇਂ ਹੀ ਸਹੀ
ਹੋ ਕਹੀਂ ਭੀ ਆਗ, ਲੇਕਿਨ ਚਿਰਾਗ ਜਲਨੇ ਚਾਹੀਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top