Share on Facebook

Main News Page

‘ਤੱਤ ਗੁਰਮਤਿ ਪਰਿਵਾਰ ਵੱਲੋਂ ਦਿੱਤੇ ‘ਸਸ਼ਰਤ ਸਮਰਥਨ’ ਨਾਲ ਜੁੜੇ ਸਵਾਲ’

ਸਤਿਕਾਰ ਯੋਗ ਸੰਪਾਦਕ (ਤੱਤ ਗੁਰਮਤਿ ਪਰਿਵਾਰ) ਜੀਉ
ਸਤਿ ਸ਼੍ਰੀ ਅਕਾਲ !
ਆਪ ਜੀ ਦੇ 03.03.2011 ਦੇ ਪੱਤਰ ਰਾਹੀਂ ਪਰਿਵਾਰ ਵੱਲੋਂ ਦਿੱਲੀ ਵਿੱਖੇ ਹੋਈ ਇੱਕ ਮੀਟਿਂਗ ਵਿੱਚ ਪਰਿਵਾਰ ਵੱਲੋਂ ਪੇਸ਼ ਕੀਤੇ ਗਏ ‘ਲਿਖਤੀ ਪੱਖ’ ਦੇ ਮੂਲ ਪਾਠ ਨੂੰ ਪੜਨ ਦਾ ਮੋਕਾ ਮਿਲਿਆ ਜਿਸ ਤੋਂ ਇਹ  ਪਤਾ ਚਲਿਆ ਕਿ ਆਪ ਜੀ ਨੇ ਸੁਹਿਰਦਤਾ ਨਾਲ ਉਸ ਉਪਰਾਲੇ ਪ੍ਰਤੀ ਲਿਖਤੀ ਖੁਸ਼ੀ ਜ਼ਾਹਰ ਕਰਦੇ ਉਸ ਨੂੰ ਨੇਕ ਨੀਤੀ ਨਾਲ ਤਿਆਰ ਕੀਤੀ ਗਈ ਪਲਾਨਿੰਗ ਦਾ ਹਿੱਸਾ ਮੰਨਦੇ ਹੋਏ, ਨਾਨਕ ਵਿਚਾਰਧਾਰਾ ਦੀ ਰੌਸ਼ਨੀ ਵਿਚ ਮਨੁੱਖਤਾ ਦੀ ਪੁਨਰ-ਜਾਗ੍ਰਿਤੀ ਲਈ ਇਕ ਸਟਰੈਟਜੀ ਦੇ ਰੂਪ ਵਿਚ ਚੁੱਕੇ ਗਏ ਕਦਮ ਜਾਂ ਪਹਿਲਾ ਮੀਲ ਪੱਥਰ ਮੰਨਦਿਆਂ ਵਿਸ਼ਵਾਸ਼ ਦੁਆਉਂਦੇ ਲਿਖਿਆ ਸੀ ਕਿ:

“ਤੱਤ ਗੁਰਮਤਿ ਪਰਿਵਾਰ’ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਗੁਰਮਤਿ ਵਿਰੋਧੀ ਧਾਰਾਵਾਂ ਅਤੇ ਨੁਕਤਿਆਂ ਨੂੰ ਸਵੀਕਾਰ ਨਹੀਂ ਕਰਦਾ ਪਰ ਸਮੁੱਚੇ ਪੰਥ ਵਿਚ ਏਕਤਾ ਅਤੇ ਸਮਾਜ ਵਿਚ ਸਮਾਨਤਾ ਕਾਇਮ ਕਰਨ ਲਈ ਸੰਸਾਰ ਭਰ ਵਿਚੋਂ ਕਿਸੇ ਵੀ ਸਖਸ਼ੀਅਤ ਜਾਂ ਸੰਸਥਾ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਮੁੱਖ ਰੱਖਦਿਆਂ, ਇਨ੍ਹਾਂ ਉਪਰਾਲਿਆਂ ਨੂੰ ਨੇਕ ਨੀਤੀ ਨਾਲ ਤਿਆਰ ਕੀਤੀ ਗਈ ਪਲਾਨਿੰਗ ਦਾ ਹਿੱਸਾ ਮੰਨਦੇ ਹੋਏ, ਨਾਨਕ ਵਿਚਾਰਧਾਰਾ ਦੀ ਰੌਸ਼ਨੀ ਵਿਚ ਮਨੁੱਖਤਾ ਦੀ ਪੁਨਰ-ਜਾਗ੍ਰਿਤੀ ਲਈ ਇਕ ਸਟਰੈਟਜੀ ਦੇ ਰੂਪ ਵਿਚ ਚੁੱਕੇ ਗਏ ਕਦਮ ਜਾਂ ਪਹਿਲਾ ਮੀਲ ਪੱਥਰ ਮੰਨਦਿਆਂ ਵਿਸ਼ਵਾਸ਼ ਦੁਆਉਂਦਾ ਹੈ ਕਿ:

(1)  ‘ਪਰਿਵਾਰ’ ਵਰਤਮਾਨ ਰੂਪ ਵਿਚ ਪ੍ਰਚਾਰੀ ਜਾਂਦੀ ਰਹਿਤ ਮਰਿਯਾਦਾ ਦੇ ਹੱਕ/ਸਮਰਥਨ ਵਿਚ ਕੋਈ ਬਿਆਨ ਨਹੀਂ ਦੇਵੇਗਾ।
(2)  ਕਿਸੇ ਵੀ ਸੁਹਿਰਦ ਉਪਰਾਲੇ ਨੂੰ ਮੁੱਖ ਰੱਖਦਿਆਂ ਇਕ ਨਿਰਧਾਰਤ ਸਮੇਂ-ਸੀਮਾ ਤੱਕ ਇਸ ਦਾ ਵਿਰੋਧ ਨਹੀਂ ਕਰੇਗਾ।

‘ਤੱਤ ਗੁਰਮਤਿ ਪਰਿਵਾਰ’ ਕਿਸੇ ਵੀ ਵਿਚਾਰਧਾਰਕ ਜਾਂ ਸਿਧਾਂਤਕ ਮਸਲੇ ’ਤੇ ਆਪਣੀ ਗੱਲ ਜਾਂ ਰਾਏ ਨੂੰ ਅੰਤਿਮ ਨਹੀਂ ਮੰਨਦਾ ਅਤੇ ਕਿਸੇ ਵੀ ਨੁਕਤੇ/ਵਿਸ਼ੇ ਜਾਂ ਵਿਚਾਰ ’ਤੇ ਨਾਨਕ ਪਾਤਸ਼ਾਹ ਜੀ ਵੱਲੋਂ ਨਿਰਧਾਰਤ ਗੁਰਮਤਿ ਦੀ ਕਸੌਟੀ ’ਤੇ ਪਰਖ ਕੇ ਬਾ-ਦਲੀਲ ਨਕਾਰੇ ਜਾਣ ਉਪਰੰਤ ਆਪਣੇ ਵਿਚਾਰ ਬਦਲਣ ਤੋਂ ਸੰਕੋਚ ਨਹੀਂ ਕਰੇਗਾ” (ਤੱਤ ਗੁਰਮਤਿ ਪਰਿਵਾਰ,ਪੱਤਰ 03.03.2011)

ਇਨ੍ਹਾਂ ਮਹੱਤਵ ਪੂਰਣ ਸੁਹਿਰਦ ਸ਼ਬਦਾਂ ਦੀ ਪੜਚੋਲ ਕਰਨੀ ਬਣਦੀ ਹੈ। ਇਨਾਂ ਵਿੱਚ ਲਿਖੇ ਦੋ ਨੁੱਕਤੇ ਵਿਚਾਰਣਯੋਗ ਹਨ ਜੋ ਕਿ ਆਪ ਜੀ ਨੇ ਵਿਸ਼ਵਾਸ ਦਵਾਉਂਦੇ ਲਿਖੇ ਸਨ। ਪਹਿਲੇ ਨੁਕਤੇ ਵਿੱਚ ਇੱਕ ‘ਸਪਸ਼ਟ ਸ਼ਰਤ’ ਹੈ ਅਤੇ ਦੂਜੇ ਨੁਕਤੇ ਵਿੱਚ ਆਪ ਜੀ ਵਲੋਂ ਦਵਾਇਆ ਗਿਆ ‘ਸਪਸ਼ਟ ਵਿਸ਼ਵਾਸ’। ਯਾਨੀ ਕੁਲ ਮਿਲਾ ਕੇ ਦੋ ਨੁੱਕਤਿਆਂ ਵਿੱਚ ਇੱਕ ‘ਸਸ਼ਰਤ ਸਮਰਥਨ ਦਾ ਵਿਸ਼ਵਾਸ’।

ਪਹਿਲੇ ਨੁੱਕਤੇ ਵਿੱਚ ਸਪਸ਼ਟ ਹੈ ਕਿ ਆਪ ਜੀ ਦਾ ਉਸ ਉਪਰਾਲੇ ਪ੍ਰਤੀ ਸਮਰਥਨ ਸਸ਼ਰਤ (Conditional) ਸੀ, ਜਿਸ ਰਾਹੀਂ ਆਪ ਜੀ ਨੇ ਪ੍ਰਚਲਤ ਸਿੱਖ ਰਹਿਤ ਮਰਿਯਾਦਾ ਦੇ ਹੱਕ/ਸਮਰਥਨ ਵਿੱਚ ਕੋਈ ਵੀ ਬਿਆਨ ਨਾ ਦੇਣ ਦੀ ਗੱਲ ਲਿਖਤੀ ਰੂਪ ਵਿਚ ਕਹੀ ਸੀ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਆਪ ਜੀ ਨੇ ਕਦੇ ਉਸ ਮੀਟਿਂਗ ਵਿੱਚ ਸਿੱਖ ਰਹਿਤ ਮਰਿਯਾਦਾ ਦੇ ਹੱਕ ਵਿੱਚ ਕੋਈ ਬਿਆਨ ਦਿੱਤਾ ਸੀ। ਆਪ ਜੀ ਤਾਂ ਸਿੱਖ ਰਹਿਤ ਮਰਿਯਾਦਾ ਦੀ ਕਿਸੇ ਚੰਗੀ (ਗੁਰਮਤਿ ਅਨੁਸਾਰੀ) ਮੱਦ ਦੇ ਹੱਕ ਵਿੱਚ ਵੀ ਬਿਆਨ ਨਹੀਂ ਦਿੰਦੇ ਪ੍ਰਤੀਤ ਹੁੰਦੇ, ਜਿਵੇਂ ਕਿ ਉਹ ਸਰਾਸਰ ਮਨਮਤਿ ਦਾ ਪੁਲਿਂਦਾ ਹੋਵੇ। ਇਸ ਲਈ ਇਹ ਕਹਿਣਾ (ਜੇਕਰ ਕਿਸੇ ਨੇ ਕਿਹਾ ਹੈ) ਗਲਤ ਹੈ ਕਿ ਆਪ ਜੀ ਸਿੱਖ ਰਹਿਤ ਮਰਿਯਾਦਾ ਦੇ ਸਮਰਥਨ ਦੀ ਕੋਈ ਗੱਲ ਕੀਤੀ ਸੀ। ਇਹ ਕੇਵਲ ‘ਨਾ ਸਮਰਥਨ’- ‘ਨਾ ਵਿਰੋਧ’ (ਨਿਰਧਾਰਤ ਸਮੇਂ ਲਈ) ਦੇ ਦੋ ਨੁੱਕਤੇ ਸਨ ਜਿਨ੍ਹਾਂ ਤੇ ਉਸ ਦਿਨ ਆਪ ਜੀ ਲਿਖਤੀ ਰੂਪ ਵਿੱਚ ਵਿਸ਼ਵਾਸ ਦਵਾਉਂਦੇ ਖੜੇ ਸੀ। ਇਹ ਕੋਈ ਮਾੜੀ ਗੱਲ ਨਹੀਂ ਬਲਕਿ ਇੱਕਠੇ ਤੁਰਨ ਦੀ ਲੋੜ ਸੀ।

ਪਰ ਨਾਲ ਹੀ ਆਪ ਜੀ ਦੇ ਸ਼ਬਦਾਂ; “(2)  ਕਿਸੇ ਵੀ ਸੁਹਿਰਦ ਉਪਰਾਲੇ ਨੂੰ ਮੁੱਖ ਰੱਖਦਿਆਂ ਇਕ ਨਿਰਧਾਰਤ ਸਮੇਂ-ਸੀਮਾ ਤੱਕ ਇਸ ਦਾ ਵਿਰੋਧ ਨਹੀਂ ਕਰੇਗਾ” ਨੂੰ ਵਿਚਾਰੀਏ ਕਿਉਂਕਿ ਆਪ ਜੀ ਨੇ ਇਸ ਨੁੱਕਤੇ ਰਾਹੀਂ, ਆਪਣੇ ਇੱਕ ‘ਸਮਝੋਤਾਵਾਦੀ ਰੂਖ’ ਨੂੰ ਸਪਸ਼ਟ ਕਰਦੇ ਹੋਏ, ਇੱਕ ਨਿਰਧਾਰਤ ਸਮੇਂ ਸੀਮਾ ਤੱਕ “ਪ੍ਰਚਲਤ ਗੁਰਮਤਿ ਵਿਰੋਧੀ ਸਿੱਖ ਰਹਿਤ ਮਰਿਯਾਦਾ” ਦਾ ਵਿਰੋਧ ਨਾ ਕਰਨ ਦਾ ਲਿਖਤੀ ਵਿਸ਼ਵਾਸ ਦਵਾਇਆ ਸੀ। ਆਪ ਜੀ ਨੇ ਐਸੇ ਲਿਖਤੀ ਵਿਸ਼ਵਾਸ ਰਾਹੀਂ ਗੁਰਮਤਿ ਵਿਰੋਧੀ (ਆਪ ਜੀ ਅਨੁਸਾਰ) ਰਹਿਤ ਮਰਿਯਾਦਾ ਬਾਰੇ ਇਹ ਸਮਝੋਤਾਵਾਦੀ ਰੂਖ ਕਿਉਂ ਅਖ਼ਤਿਆਰ ਕੀਤਾ ਸੀ? ਆਪ ਜੀ ਕਹਿ ਸਕਦੇ ਹੋ ਕਿ ਇਹ ਇੱਕ ਨਿਰਧਾਰਤ ਸਮੇਂ ਸੀਮਾ ਲਈ ਕੀਤਾ ਜਾਣਾ ਸਮਝੋਤਾ ਸੀ। ਤਾਂ ਕਿਰਪਾਲਤਾ ਕਰਕੇ ਇਹ ਦੱਸੋ ਕਿ ਅਗਰ ਸਮੇਂ ਸੀਮਾ (ਸਾਲ, ਦੋ ਸਾਲ, ਚਾਰ ਸਾਲ ਆਦਿ) ਤੈਅ ਹੋ ਜਾਂਦੀ ਤਾਂ ਕਿ ਇਹ ਇੱਕ ਸਮਝੌਤਾਵਾਦੀ ਰੁਖ਼ ਨਹੀਂ ਹੁੰਦਾ? ਆਪ ਜੀ ਤਾਂ ਆਪਣੇ ਵੱਲੋਂ ਇਸ ਦੀ ਲਿਖਤੀ ਸਵਕ੍ਰਿਤੀ ਦੇ ਚੁੱਕੇ ਸੀ। ਕੀ ਇਹ ਸੱਚ ਨਹੀਂ? ਇਸ ਸੁਰਤ ਵਿੱਚ ਸਮੇਂ ਸੀਮਾ ਤੈਅ ਹੋਣ ਜਾਂ ਨਾ ਹੋਣ ਦੀ ਗੱਲ ਬੇਮਾਨੀ ਪ੍ਰਤੀਤ ਹੁੰਦੀ ਹੈ। ਨਿਰਸੰਦੇਹ ਆਪ ਜੀ ਨੇ ਉਸ ਦਿਨ ਸਮਝੌਤਾ ਕੀਤਾ ਸੀ ਕੀ ਆਪ ਜੀ “ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਗੁਰਮਤਿ ਵਿਰੋਧੀ ਧਾਰਾਵਾਂ ਅਤੇ ਨੁਕਤਿਆਂ” ਦਾ ਵਿਰੋਧ ਆਪਸੀ ਨਿਰਧਾਰਤ ਸਮੇਂ ਸੀਮਾ ਤਕ ਨਹੀਂ ਕਰੋਗੇ।

ਸੰਪਾਦਕ ਜੀਉ, ਜੇਕਰ ਆਪ ਸਮੇਂ ਦੀ ਲੋੜ ਅਨੁਸਾਰ ਸਮਝੌਤਾਵਾਦੀ ਰੁੱਖ਼ ਅਖ਼ਤਿਆਰ ਕਰ ਸਕਦੇ ਹੋ, ਤਾਂ ਆਪ ਦੂਜਿਆਂ ਤੋਂ ਇਸਦਾ ਗਿਲਾ ਕਿਵੇਂ ਕਰ ਸਕਦੇ ਹੋ? ਦਾਸ ਆਪ ਜੀ ਦੇ ਲਿਖਤੀ ਸਸ਼ਰਤ ਸਮਰਥਨ ਦਾ ਵਿਰੋਧ ਨਹੀਂ ਕਰ ਰਿਹਾ। ਨਾ ਹੀ ਐਸੀ ਕੋਈ ਮੰਸ਼ਾ ਹੈ ਕਿਉਂਕਿ ਆਪ ਜੀ ਨੇ ਸਮੇਂ ਦੀ ਲੋੜ ਅਨੁਸਾਰ ‘ਪੁਨਰ-ਜਾਗ੍ਰਿਤੀ ਲਈ ਇਕ ਸਟਰੈਟਜੀ ਦੇ ਰੂਪ ਵਿਚ ਚੁੱਕੇ ਗਏ ਕਦਮ ਜਾਂ ਪਹਿਲਾ ਮੀਲ ਪੱਥਰ ਮੰਨਦਿਆਂ’ ਹੋਈਆਂ ਇਸ ਨੂੰ ਸੁਹਿਰਦਤਾ ਨਾਲ ਦਿੱਤਾ ਸੀ। ਪਰ ਅੱਜ ਕੋਈ ਹੋਰ ਸੱਜਣ ਇਸ ਸਟਰੈਟਜੀ ਨੂੰ ਲੈ ਕੇ ਚੱਲ ਰਹੇ ਹੋਣ ਤਾਂ ਉਹ ਗਲਤ ਕਿਵੇਂ ਹੋ ਗਏ? ਅਗਰ ਉਹ ਸਾਰੇ ਸਮਝੌਤਾਵਾਦੀ ਹਨ, ਤਾਂ ਐਸਾ ਸਿਧਾਂਤਕ ਸਮਝੋਤਾ ਆਪ ਜੀ ਨੇ ਵੀ ਇੱਕ ਦਿਨ ਲਿਖਤੀ ਰੂਪ ਵਿੱਚ ਕੀਤਾ ਸੀ। ਫ਼ਰਕ ਕੇਵਲ ‘ਸਮੇਂ ਸੀਮਾ’ ਦਾ ਹੋ ਸਕਦਾ ਹੈ, ਜੋ ਕਿ ਐਸੇ ਸਾਮਇਕ ਸਮਝੌਤਾਵਾਦ ਵਿੱਚ ਜ਼ਿਆਦਾ ਮਾਇਨੇ ਨਹੀਂ ਰੱਖਦੀ। ਕੋਈ ਇੱਕ ਸਾਲ ਲਈ ਸਮਝੌਤਾ ਕਰੇ ਤੇ ਦੂਜਾ ਚਾਰ ਸਾਲ ਲਈ, ਕੋਈ ਫ਼ਰਕ ਨਹੀਂ ਪੈਂਦਾ। ਇਸ ਨੂੰ ਸਮਝਣ ਦੀ ਲੋੜ ਹੈ।

ਆਪ ਜੀ ਨਾਲ ਕੁੱਝ ਚਿਰ ਪਹਿਲਾਂ ਸਿੱਖ ਰਹਿਤ ਮਰਿਯਾਦਾ ਬਾਰੇ ਵਿਚਾਰਾਂ ਹੋਈਆਂ ਸਨ, ਜਿਨਾਂ ਦੇ ਪਰਿਪੇਖ ਵਿੱਚ ਸਿਧਾਂਤ ਅਤੇ ਕੌਮੀ ਰਹਿਤ ਵਿੱਚਲੇ ਸਬੰਧ ਅਤੇ ਅੰਤਰ ਬਾਰੇ ਕੁੱਝ ਸਵਾਲ ਅਜੇ ਜਵਾਬਾਂ ਦੀ ਭਾਲ ਵਿੱਚ ਹਨ। ਆਸ ਹੈ ਕਿ ਆਪ ਜੀ ਸਿਧਾਂਤਕ ਸਪਸ਼ਟਤਾ ਅਤੇ ਸਮਝੌਤਾਵਾਦ ਨੂੰ ਸਪਸ਼ਟ ਕਰੋਗੇ। ਜਿਗਿਆਸਾਵਸ, ਆਪ ਜੀ ਵਲੋਂ ਜਨਤਕ ਕੀਤੇ ਲਿਖਤੀ ਸਮਰਥਨ ਵਿੱਚ ਮੈਂ ਇਨ੍ਹਾਂ ਜਵਾਬਾਂ ਦੇ ਸ੍ਹਾਮਣੇ ਆਉਂਣ ਦੀ ਸੰਭਾਵਨਾ ਤਲਾਸ਼ ਰਿਹਾ ਹਾਂ।

ਕਿਸੇ ਵੀ ਭੁੱਲ-ਚੁਕ ਲਈ ਛਿਮਾ ਦਾ ਜਾਚਕ ਹਾਂ।

ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top