Share on Facebook

Main News Page

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਘਪਲੇ ’ਚ ਇੰਚਾਰਜ ਬਰਖ਼ਾਸਤ

ਅਨੰਦਪੁਰ ਸਾਹਿਬ, 6 ਮਾਰਚ (ਸੁਰਿੰਦਰ ਸਿੰਘ ਸੋਨੀ, ਦਲਜੀਤ ਸਿੰਘ): ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠਾਂ ਦੇ ਇੰਚਾਰਜ ਨੂੰ ਕੀਤੇ ਇਕ ਘਪਲੇ ਕਾਰਨ ਬਰਖ਼ਾਸਤ ਕਰ ਦਿਤਾ ਗਿਆ ਹੈ। ਜਾਣਕਾਰੀ ਅਨੁਸਾਰ ਕੱਲ ਸਵੇਰੇ ਦਿੱਲੀ ਤੋਂ ਆਏ ਸ਼ਰਧਾਲੂਆਂ ਭਾਈ ਹਰਿੰਦਰਪਾਲ ਸਿੰਘ ਅਤੇ ਭਾਈ ਰਮਨਦੀਪ ਸਿੰਘ ਨੇ ਦਫ਼ਤਰ ਸ੍ਰੀ ਅਖੰਡ ਪਾਠ ਸਾਹਿਬ ਵਿਖੇ ਲੰਗਰ ਦੀ ਸੇਵਾ ਲਈ 11000 ਰੁਪਏ ਦਿਤੇ ਜਿਸ ਦੀ ਕੱਚੀ ਰਸੀਦ ਇੰਚਾਰਜ ਅਖੰਡ ਪਾਠਾਂ ਨੇ ਉਨ੍ਹਾਂ ਨੂੰ ਦੇ ਦਿਤੀ। ਇੰਚਾਰਜ ਨੇ ਚਲਾਕੀ ਖੇਡਦਿਆਂ ਰਸੀਦ ਦੇ ਥੱਲੇ ਕਾਰਬਨ ਕਾਪੀ ਨਾ ਰੱਖੀ।

ਸ਼ਰਧਾਲੂਆਂ ਨੂੰ ਸ਼ੱਕ ਹੋਣ ’ਤੇ ਅੱਜ ਸਵੇਰੇ ਉਨ੍ਹਾਂ ਦਫ਼ਤਰ ਪਹੁੰਚ ਕੇ ਪੁਛਗਿਛ ਕੀਤੀ ਤਾਂ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਰਜਿਸ਼ਟਰ ਵਿਚ ਉਨ੍ਹਾਂ ਦੇ ਨਾਮ ਦੀ ਕੋਈ ਵੀ ਰਸੀਦ ਨਹੀਂ ਚੜ੍ਹੀ ਹੋਈ ਸੀ, ਸਗੋਂ ਉਨ੍ਹਾਂ ਨੂੰ ਦਿਤੀ ਰਸੀਦ ਨੰਬਰ ਕਿਸੇ ਹੋਰ ਬੋਗਸ ਨਾਮ ’ਤੇ ਦਰਜ ਸੀ। ਉਸ ਰਸੀਦ ਨੰਬਰ ’ਤੇ 11000 ਦੀ ਜਗਾ ਕੇਵਲ 2100 ਰੁਪਏ ਦੀ ਹੀ ਰਾਸ਼ੀ ਦਰਜ ਕੀਤੀ ਗਈ ਸੀ। ਸ਼ਰਧਾਲੂਆਂ ਨੇ ਸਾਰਾ ਮਾਮਲਾ ਤਖ਼ਤ ਸਾਹਿਬ ਦੇ ਮੈਨੇਜਰ ਜਵਾਹਰ ਸਿੰਘ ਦੇ ਧਿਆਨ ਵਿਚ ਲਿਆਂਦਾ। ਮੈਨੇਜਰ ਨੇ ਜਾਂਚ ਉਪਰੰਤ ਇੰਚਾਰਜ ਅਖੰਡ ਪਾਠਾਂ ਨੂੰ ਸਸਪੈਂਡ ਕਰ ਦਿਤਾ। ਮੈਨੇਜਰ ਜਵਾਹਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਦੋਂ ਇਸ ਬਾਰੇ ਇੰਚਾਰਜ ਅਵਤਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਸੀਦ ਕੱਟਣ ਵੇਲੇ ਮੈਂ ਕਾਰਬਨ ਰਖਣਾ ਭੁਲ ਗਿਆ ਸੀ ਜਿਸ ਕਰ ਕੇ ਗ਼ਲਤੀ ਹੋ ਗਈ। ਸਾਰੇ ਸ਼ਹਿਰ ਵਿਚ ਇਸ ਘਟਨਾ ਦੀ ਚਰਚਾ ਹੋ ਰਹੀ ਹੈ।

Source: Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top